ਸਾਕਾ ਪੰਜਾ ਸਾਹਿਬ ਦੀ ਅਨੂਠੀ ਗਾਥਾ 
Published : Oct 29, 2022, 2:19 pm IST
Updated : Oct 29, 2022, 2:19 pm IST
SHARE ARTICLE
Saka Panja Sahib
Saka Panja Sahib

ਸਾਕਾ ਪੰਜਾ ਸਾਹਿਬ ਸਿੱਖਾਂ ਦੀ ਸਹਿਨਸ਼ੀਲਤਾ, ਸੂਰਬੀਰਤਾ ਅਤੇ ਪੂਰਨ ਕੁਰਬਾਨੀ ਦੀ ਇਕ ਉਦਾਹਰਨ ਹੈ 

ਪੰਜਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਅਟਕ (ਕੈਂਬਲਪੁਰ) ਜ਼ਿਲ੍ਹੇ ਵਿਚ ਇਕ ਮਹੱਤਵਪੂਰਨ ਗੁਰੂ-ਧਾਮ ਹੈ। ਇਹ ਰਾਹਵਿੰਡੀ ਤੋਂ ਪਿਸ਼ਾਵਰ ਜਾਣ ਵਾਲੀ ਰੇਲਵੇ ਲਾਈਨ ਉੱਤੇ 46 ਕਿ:ਮੀ ਦੀ ਦੂਰੀ ਉੱਤੇ ਸਥਿਤ ਹਸਨ-ਅਬਦਾਲ ਰੇਲਵੇ ਸਟੇਸ਼ਨ ਤੋਂ ਇਕ ਕਿਲੋਮੀਟਰ ਦੱਖਣ ਪੱਛਮ ਵਿਚ ਸਥਿਤ ਹੈ। ਇਤਿਹਾਸ ਮੁਤਾਬਿਕ ਇਹ ਕਿਹਾ ਜਾਂਦਾ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦੇ ਸੱਜੇ ਹੱਥ ਦੇ ਪੰਜੇ ਦਾ ਨਿਸ਼ਾਨ ਇਕ ਪੱਥਰ ਉੱਤੇ ਲੱਗਿਆ ਹੋਇਆ ਹੈ ਤੇ ਉਸ ਦੇ ਥੱਲੇ ਦੀ ਇਕ ਪਾਣੀ ਦੀ ਧਾਰਾ ਫੁੱਟਦੀ ਹੈ। 

ਸਾਕਾ ਪੰਜਾ ਸਾਹਿਬ ਸਿੱਖਾਂ ਦੀ ਸਹਿਨਸ਼ੀਲਤਾ, ਸੂਰਬੀਰਤਾ ਅਤੇ ਪੂਰਨ ਕੁਰਬਾਨੀ ਦੀ ਇਕ ਉਦਾਹਰਨ ਹੈ ਜੋ ਮਿਤੀ 30 ਅਕਤੂਬਰ 1922 ਦੀ ਸਵੇਰ 10 ਵਜੇ ਨੂੰ ਪੰਜਾ ਸਾਹਿਬ ਦੇ ਨੇੜੇ ਹਸਨ ਅਬਦਾਲ (ਪਾਕਿਸਤਾਨ) ਰੇਲਵੇ ਸਟੇਸ਼ਨ 'ਤੇ ਸਿੱਖਾਂ ਵੱਲੋਂ ਦੁਨੀਆਂ ਅੱਗੇ ਪੇਸ਼ ਕੀਤੀ ਗਈ ਸੀ। ਸਿੱਖਾਂ ਦੀ ਸੂਰਬੀਰਤਾ ਅਤੇ ਸੰਕਲਪ ਦ੍ਰਿੜਤਾ ਦੀ ਇਹ ਮਿਸਾਲ ਸੁਤੇ-ਸਿੱਧ ਹੀ ਇਕ ਲੋਕ ਗਾਥਾ ਦਾ ਰੂਪ ਧਾਰਨ ਕਰ ਗਈ। ਜ਼ਿਲ੍ਹਾ ਅੰਮ੍ਰਿਤਸਰ ਵਿਚ ਗੁਰਦੁਆਰਾ ਗੁਰੂ ਕਾ ਬਾਗ, ਆਪਸੀ ਸਮਝੌਤੇ ਮਗਰੋਂ , ਪੁਜਾਰੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿਚ ਆ ਗਿਆ ਸੀ।

ਇਸ ਗੁਰਦੁਆਰੇ ਦੇ ਨਾਂ ਲੱਗੀ ਜ਼ਮੀਨ ਤੋਂ ‘ਗੁਰੂ ਕਾ ਲੰਗਰ` ਲਈ ਲੱਕੜ ਲਿਆਉਣ ਵਾਸਤੇ ਦਰਖ਼ਤ ਕੱਟਣ ਦੇ ਅਧਿਕਾਰ ਨੂੰ ਦ੍ਰਿੜ੍ਹ ਕਰਾਉਣ ਹਿਤ 8 ਅਗਸਤ 1922 ਨੂੰ ਇਕ ਅਹਿੰਸਕ ਸੰਘਰਸ਼ ਸ਼ੁਰੂ ਹੋ ਚੁੱਕਾ ਸੀ। ਪਹਿਲਾਂ ਤਾਂ ਇਸ ਅੰਦੋਲਨ ਦੇ ਜਥੇ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਉੱਤੇ ਨਾਜਾਇਜ਼ ਦਖ਼ਲ ਦਾ ਮੁਕੱਦਮਾ ਚਲਾਇਆ ਗਿਆ ਪਰ 25 ਅਗਸਤ ਤੋਂ ਮਗਰੋਂ ਹਰ ਰੋਜ਼ ਆਉਣ ਵਾਲੇ ਸਿੱਖ ਜੱਥਿਆਂ ਦੀ ਪੁਲਿਸ ਨੇ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਇਹ ਸਭ ਕੁਝ 13 ਸਤੰਬਰ ਤਕ ਵਾਪਰਦਾ ਰਿਹਾ ।

ਫਿਰ ਗਵਰਨਰ ਪੰਜਾਬ ਦੇ ਦਖ਼ਲ ਦੇਣ 'ਤੇ ਕੁਟਾਈ ਬੰਦ ਹੋ ਗਈ ਅਤੇ ਮੁੜ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਬੰਦੀਆਂ ਵਿਰੁੱਧ ਅੰਮ੍ਰਿਤਸਰ ਵਿਚ ਸਰਸਰੀ ਸੁਣਵਾਈ ਵਾਲੇ ਮੁਕੱਦਮੇ ਚਲਾਉਣ ਉਪਰੰਤ ਰੇਲ ਗੱਡੀਆਂ ਰਾਹੀਂ ਉਹਨਾਂ ਨੂੰ ਦੂਰ-ਦੂਰ ਦੀਆਂ ਜੇਲ੍ਹਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ। 29 ਅਕਤੂਬਰ 1922 ਨੂੰ ਇਕ ਜਥਾ ਰੇਲ ਗੱਡੀ ਰਾਹੀਂ ਅਟਕ ਦੇ ਕਿਲ੍ਹੇ ਵੱਲ ਤੋਰਿਆ ਗਿਆ ਜਿਸ ਨੇ ਹਸਨ ਅਬਦਾਲ ਸਟੇਸ਼ਨ 'ਤੇ ਪੁੱਜਣਾ ਸੀ।

ਪੰਜਾ ਸਾਹਿਬ ਦੇ ਸਿੱਖਾਂ ਨੇ ਇਹਨਾਂ ਬੰਦੀਆਂ ਨੂੰ ਭੋਜਨ ਛਕਾਉਣ ਦਾ ਫ਼ੈਸਲਾ ਕੀਤਾ ਅਤੇ ਜਦੋਂ ਲਗਪਗ 200 ਸਿੱਖ ਲੰਗਰ ਲੈ ਕੇ ਰੇਲਵੇ ਸਟੇਸ਼ਨ ਪੁੱਜੇ ਤਾਂ ਸਟੇਸ਼ਨ ਮਾਸਟਰ ਨੇ ਦਸਿਆ ਕਿ ਇਸ ਗੱਡੀ ਨੂੰ ਇਸ ਸਟੇਸ਼ਨ 'ਤੇ ਰੋਕਣਾ ਅੱਜ ਦੀ ਸਮਾਂ ਸੂਚੀ ਵਿਚ ਸ਼ਾਮਲ ਨਹੀਂ ਹੈ। ਪੰਜਾ ਸਾਹਿਬ ਦੀ ਸੰਗਤ ਦੀਆਂ ਮਿੰਨਤਾਂ ਅਤੇ ਬੇਨਤੀਆਂ ਦਾ ਕਿ ਅਜਿਹੀਆਂ ਗੱਡੀਆਂ ਨੂੰ ਕੈਦੀਆਂ ਦੇ ਭੋਜਨ ਵਾਸਤੇ ਹੋਰਨਾਂ ਥਾਵਾਂ 'ਤੇ ਰੋਕਿਆ ਜਾਂਦਾ ਹੈ, ਕੋਈ ਅਸਰ ਨਹੀਂ ਹੋਇਆ।

ਇਹ ਦਲੀਲ ਵੀ ਕਾਰਗਰ ਸਿੱਧ ਨਾ ਹੋਈ ਕਿ ਅਜਿਹੀਆਂ ਗੱਡੀਆਂ ਹੋਰ ਕਈ ਥਾਵਾਂ 'ਤੇ ਲੰਗਰ ਛਕਾਉਣ ਲਈ ਰੋਕੀਆਂ ਸਨ। ਸੰਗਤ ਦੇ ਦੋ ਆਗੂਆਂ , ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਨੇ ਜਦੋਂ ਦੂਰੋਂ ਆਉਂਦੀ ਗੱਡੀ ਦੀ ਗੜ ਗੜ ਤੇ ਸੀਟੀਆਂ ਸੁਣੀਆਂ ਤਾਂ ਉਹ ਅੱਗੇ ਵਧ ਕੇ ਰੇਲ ਦੀ ਪਟੜੀ ਦੇ ਵਿਚਕਾਰ ਚੌਕੜੀ ਮਾਰ ਕੇ ਬੈਠ ਗਏ।

ਗੱਡੀ ਅਪਣੀ ਰਫ਼ਤਾਰ ਤੋਂ ਹੌਲੀ ਹੋ ਗਈ। ਉਹ ਹਾਰਨ ਮਾਰਦੀ ਆ ਰਹੀ ਸੀ। ਰੇਲ ਰੁਕਦੀ-ਰੁਕਦੀ ਪੱਟੜੀ ਤੇ ਬੈਠੇ ਸਿੰਘਾਂ ਨੂੰ ਲਿਤਾੜ ਕੇ ਅੱਗੇ ਜਾ ਕੇ ਰੁਕੀ। ਇਸ ਖ਼ੂਨੀ ਸਾਕੇ ਵਿਚ 11 ਸਿੰਘ ਮੌਕੇ ਉਤੇ ਸ਼ਹੀਦ ਹੋ ਗਏ। ਸਰਦਾਰ ਪ੍ਰਤਾਪ ਸਿੰਘ ਤੇ ਸਰਦਾਰ ਕਰਮ ਸਿੰਘ ਦੋ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੇ ਹਸਪਤਾਲ ਜਾ ਕੇ ਦੂਜੇ ਦਿਨ ਦਮ ਤੋੜ ਦਿਤਾ।

ਸਿੱਖਾਂ ਨੇ ਕੈਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ, ਫਿਰ ਗੱਡੀ ਨੂੰ ਅੱਗੇ ਜਾਣ ਦਿਤਾ ਗਿਆ। ਸਿੱਖਾਂ ਦੀਆਂ ਅਜਿਹੀਆਂ ਸ਼ਹੀਦੀਆਂ ਦੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ। ਸਿੱਖ ਧਰਮ ਸ਼ਹਾਦਤਾਂ ਦਾ ਭਰਿਆ ਹੋਇਆ ਧਰਮ ਹੈ। ਸਿੱਖ ਧਰਮ ਦੇ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀਆਂ ਦਾ ਅਜਿਹਾ ਮੁੱਢ ਬੰਨ੍ਹਿਆਂ ਕਿ ਅੱਜ ਵੀ ਗੁਰੂ ਜੀ ਦੇ ਸਿੰਘ ਸ਼ਹੀਦੀਆਂ ਪ੍ਰਾਪਤ ਕਰਨ ਲਈ ਤਿਆਰ ਰਹਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement