
ਹੁ ਣੇ-ਹੁਣੇ ਕਰਨਾਟਕ ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ, ਉਥੋਂ ਦੇ ਰਾਜਸੀ ਪਿੜ ਨੇ ਇਕ ਸ਼ਰਮਨਾਕ ਦ੍ਰਿਸ਼ ਸਾਹਮਣੇ ਲਿਆਂਦਾ ਹੈ। ਦੇਸ਼ ...
ਹੁ ਣੇ-ਹੁਣੇ ਕਰਨਾਟਕ ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ, ਉਥੋਂ ਦੇ ਰਾਜਸੀ ਪਿੜ ਨੇ ਇਕ ਸ਼ਰਮਨਾਕ ਦ੍ਰਿਸ਼ ਸਾਹਮਣੇ ਲਿਆਂਦਾ ਹੈ। ਦੇਸ਼ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਕਿਸ ਹੱਦ ਤਕ ਡਿਗ ਸਕਦੀਆਂ ਹਨ, ਇਸ ਦੀ ਪ੍ਰਤੱਖ ਮਿਸਾਲ ਕਰਨਾਟਕ ਹੈ। ਕਾਂਗਰਸ ਨੂੰ ਠਿੱਬੀ ਲਾਉਂਦੇ ਹੋਏ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 222 ਮੈਂਬਰਾਂ ਦੇ ਹਾਊਸ ਵਿਚ 104 ਸੀਟਾਂ ਦੀ ਪ੍ਰਾਪਤੀ ਕਰ ਕੇ ਰਾਜ ਵਿਚ ਸੱਤਾ ਤੇ ਹੱਕ ਜਤਾਇਆ।
ਉਧਰ ਕਾਂਗਰਸ ਅਤੇ ਜਨਤਾ ਦਲ (ਸੈਕੂਲਰ), ਜਿਨ੍ਹਾਂ ਨੇ ਚੋਣਾਂ ਦੌਰਾਨ ਰੱਜ ਕੇ ਇਕ ਦੂਜੇ ਵਿਰੁਧ ਸ਼ਬਦੀ ਜ਼ਹਿਰ ਘੋਲਿਆ, ਨਤੀਜਿਆਂ ਤੋਂ ਬਾਅਦ ਰਲਦੇ ਹੋਏ ਬਹੁਮਤ ਦਾ ਢੰਡੋਰਾ ਦਿਤਾ ਅਤੇ ਉਥੋਂ ਦੇ ਰਾਜਪਾਲ ਤੋਂ ਇਨ੍ਹਾਂ ਨੇ ਰਾਜ ਭਾਗ ਸੰਭਾਲਣ ਹਿਤ ਸੱਦਾ ਮੰਗਿਆ। ਇਥੋਂ ਹੀ ਸ਼ੁਰੂਆਤ ਹੋਈ ਰਾਜਨੀਤਕ ਨੀਵੇਂਪਣ ਦੀ।
ਭਾਜਪਾ ਬਾਰੇ ਇਹ ਇਕ ਭਰਮ ਬਣਿਆ ਹੋਇਆ ਸੀ ਕਿ ਇਹ ਇਕ ਅਸੂਲਪ੍ਰਸਤ ਪਾਰਟੀ ਹੈ।
ਪਰ ਇਸ ਦੇ ਸਿਧਾਂਤਾਂ ਦਾ ਖੋਖਲਾਪਣ ਉਦੋਂ ਜੱਗ ਜ਼ਾਹਰ ਹੋਇਆ ਜਦੋਂ ਗੋਆ ਅਤੇ ਮੇਘਾਲਿਆ ਵਿਚ, ਕਾਂਗਰਸ ਨਾਲੋਂ ਕਿਤੇ ਘੱਟ ਸੀਟਾਂ ਦੇ ਬਾਵਜੂਦ ਵੀ, ਬਾਕੀ ਛੋਟੀਆਂ ਪਾਰਟੀਆਂ ਨੂੰ ਨਾਲ ਲੈ ਕੇ ਰਾਜਸੱਤਾ ਗਵਰਨਰ ਦੀ ਰਜ਼ਾਮੰਦੀ ਨਾਲ ਹਥਿਆ ਲਈ ਗਈ। ਕਰਨਾਟਕ ਵਿਚ ਇਸ ਪਾਰਟੀ ਨੇ ਇਹ ਕਿਹਾ ਕਿ ਉਨ੍ਹਾਂ ਦੇ ਵਿਧਾਇਕਾਂ ਦੀ ਗਿਣਤੀ ਬਾਕੀ ਪਾਰਟੀਆਂ ਨਾਲੋਂ ਵੱਧ ਹੈ, ਇਸ ਲਈ ਰਾਜਭਾਗ ਸੰਭਾਲਣ ਲਈ, ਉਥੋਂ ਦੇ ਗਵਰਨਰ, ਇਸ ਪਾਰਟੀ ਨੂੰ ਸੱਦਾ ਪੱਤਰ ਦੇਣ।
ਇਸ ਸਟੈਂਡ ਅਤੇ ਮਿਆਰ ਵਿਚ ਦੋਗਲਾਪਣ ਸੀ। ਜੇ ਕਾਂਗਰਸ ਗੋਆ ਅਤੇ ਮੇਘਾਲਿਆ ਵਿਚ ਵੱਡੀ ਪਾਰਟੀ ਸੀ ਤਾਂ ਪਹਿਲਾਂ ਇਸ ਨੂੰ ਸੱਤਾ ਬਣਾਉਣ ਲਈ ਸੱਦਾ ਦੇਣਾ ਬਣਦਾ ਸੀ ਪਰ ਉਥੇ ਕਰਨਾਟਕ ਵਾਲਾ ਅਸੂਲ ਨਾ ਅਪਣਾਇਆ ਗਿਆ। ਕਰਨਾਟਕ ਦੇ ਰਾਜਪਾਲ ਨੇ ਭਾਜਪਾ ਨੂੰ ਰਾਜਭਾਗ ਬਣਾਉਣ ਅਤੇ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦੇ ਦਿਤਾ। ਕਾਂਗਰਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਕੇ ਸਾਰੀ ਰਾਤ ਜਿਰ੍ਹਾ ਕਰ ਕੇ ਅਦਾਲਤ ਤੋਂ ਆਦੇਸ਼ ਦਿਵਾਇਆ ਅਤੇ ਬਹੁਮਤ ਸਾਬਤ ਕਰਨ ਲਈ ਇਕ ਦਿਨ ਦਾ ਸਮਾਂ ਦਿਤਾ।
ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਦੇ ਵਿਧਾਇਕਾਂ ਨੂੰ ਤੇਲੰਗਾਨਾ ਵਿਚ ਇਕੱਠੇ ਕਰ ਕੇ ਰਖਿਆ ਗਿਆ ਤਾਕਿ ਭਾਜਪਾ ਉਨ੍ਹਾਂ ਦੀ ਖ਼ਰੀਦੋ-ਫ਼ਰੋਖ਼ਤ ਕਰਦਿਆਂ ਗ਼ਲਬਾ ਨਾ ਪਾ ਸਕੇ।ਦੇਸ਼ ਦੀ ਹਾਲਤ ਵੇਖੋ ਕਿ ਇਕ ਵੱਡੀ ਰਾਜਨੀਤਕ ਪਾਰਟੀ, ਗਵਰਨਰ ਰਾਹੀਂ ਰਾਜਸੱਤਾ ਉਤੇ ਪਿਛਲੇ ਦਰਵਾਜ਼ੇ ਤੋਂ ਆਉਣਾ ਲੋਚਦੀ ਹੈ। ਉਧਰੋਂ ਕਾਂਗਰਸ ਨੇ ਜਨਤਾ ਦਲ (ਸੈਕੂਲਰ) ਨਾਲ (ਪਹਿਲਾਂ ਆਪਸੀ ਕੱਟੜ ਵਿਰੋਧੀ ਰਹੇ) ਗਲਵਕੜੀ ਪਾ ਕੇ, ਸੱਭ ਅਸੂਲਾਂ ਦੀ ਬਲੀ ਦਿੰਦਿਆਂ ਰਾਜਸੱਤਾ ਲੈਣ ਲਈ, ਹਰ ਹਰਬਾ ਵਰਤਿਆ।
ਦੇਸ਼ ਦੇ ਵੋਟਰਾਂ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕਰਦਿਆਂ, ਇਨ੍ਹਾਂ ਰਾਜਨੀਤਕ ਪਾਰਟੀਆਂ ਨੇ, ਅਪਣੀ ਮਤਲਬੀ ਅਤੇ ਸੌੜੀ ਸੋਚ ਦਾ ਸ਼ਰੇਆਮ ਮੁਜ਼ਾਹਰਾ ਕੀਤਾ ਹੈ।ਭਾਜਪਾ ਨੇਤਾ ਯੇਦੀਯੁਰੱਪਾ, ਕੋਠੇ ਚੜ੍ਹ-ਚੜ੍ਹ ਬੋਲਦੇ ਰਹੇ ਕਿ ਉਨ੍ਹਾਂ ਦੀ ਪਾਰਟੀ ਕੋਲ ਬਹੁਮਤ ਹੈ। ਕਾਂਗਰਸ ਅਤੇ ਜਨਤਾ ਦਲ (ਐਸ) ਦੇ ਵਿਧਾਇਕਾਂ ਤੇ ਡੋਰੇ ਪਾਉਣ ਦੇ ਭਰਪੂਰ ਯਤਨ ਹੋਏ।
ਕਾਂਗਰਸੀ ਨੇਤਾ ਨੇ, ਸੁਪਰੀਮ ਕੋਰਟ ਦੇ ਜੱਜਾਂ ਨੂੰ ਸਾਰੀ ਰਾਤ ਜਾਗਦਾ ਰੱਖ ਕੇ ਰਾਜਸੀ ਡੈਡਲਾਕ ਬਾਰੇ ਫ਼ੈਸਲਾ ਕਰਨ ਲਈ ਮਜਬੂਰ ਕੀਤਾ। ਇਨ੍ਹਾਂ ਸਾਰਿਆਂ ਨੂੰ ਕੋਈ ਪੁੱਛੇ ਕਿ ਦੇਸ਼ ਵਿਚ ਰਾਜਨੀਤਕ ਭ੍ਰਿਸ਼ਟਾਚਾਰ, ਕੰਪਨੀਆਂ ਵਲੋਂ ਘੁਟਾਲੇ, ਫ਼ਿਰਕਾਪ੍ਰਸਤੀ, ਕਤਲ, ਬਲਾਤਕਾਰ ਦੀਆਂ ਅਣਮਨੁੱਖੀ ਘਟਨਾਵਾਂ ਅਤੇ ਅਤਿਅੰਤ ਦੀ ਬੇਰੁਜ਼ਗਾਰੀ ਬਾਰੇ ਕੀ ਕਿਸੇ ਨੂੰ ਕੋਈ ਚਿੰਤਾ ਹੈ? ਇਕ ਰਾਜ ਦੀ ਸੱਤਾ ਦੀ ਡੋਰੀ ਸੰਭਾਲਣ ਲਈ ਤਾਂ ਇਨ੍ਹਾਂ ਪਾਰਟੀਆਂ ਨੇ ਏਨਾ ਤਰੱਦਦ ਕੀਤਾ ਪਰ ਦੇਸ਼ ਦੇ ਸਾਹਮਣੇ ਗੰਭੀਰ ਸਮਸਿਆਵਾਂ ਬਾਰੇ ਤਾਂ ਕੋਈ ਡੂੰਘੀ ਸੋਚ ਅਤੇ ਜਲਦਬਾਜ਼ੀ ਨਾ ਵਿਖਾਈ ਗਈ।
ਭਾਜਪਾ 2014 ਵਿਚ ਕੇਂਦਰ ਦੀ ਰਾਜ ਸੱਤਾ ਤੇ ਆਈ ਕਿ ਦੇਸ਼ ਦੇ ਰਾਜਨੀਤਕ ਪ੍ਰਬੰਧਕੀ ਢਾਂਚੇ ਵਿਚ ਇਨਕਲਾਬੀ ਕਦਮ ਆਉਣਗੇ, ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਮਿਲੇਗਾ, ਬੇਰੁਜ਼ਗਾਰੀ ਦਾ ਹੱਲ ਕੀਤਾ ਜਾਵੇਗਾ ਅਤੇ ਕਾਲੇ ਧਨ ਨੂੰ ਬਾਹਰ ਲਿਆਇਆ ਜਾਵੇਗਾ ਆਦਿ। ਪਰ ਹੁਣ ਜੋ ਕੁੱਝ ਨਜ਼ਰ ਆਇਆ ਹੈ ਕਿ ਭ੍ਰਿਸ਼ਟਾਚਾਰ ਅਤੇ ਪੈਸੇ ਦੇ ਜ਼ੋਰ ਨਾਲ ਰਾਜ ਸੱਤਾ ਹਾਸਲ ਕਰਨ ਲਈ ਭਰਪੂਰ ਯਤਨ ਕੀਤੇ ਗਏ।
ਦੇਸ਼ ਵਿਚ ਇਸ ਪਾਰਟੀ ਵਲੋਂ ਵੀ ਬੇਅਸੂਲੇ ਹੁੰਦੇ ਹੋਏ ਸੰਗਠਨਾਂ ਨੂੰ ਤਰਜੀਹ ਦਿਤੀ ਗਈ। ਏਨੀ ਪੁਰਾਣੀ ਪਾਰਟੀ ਕਾਂਗਰਸ ਨੂੰ ਵੀ ਅਪਣੇ ਵਿਧਾਇਕਾਂ ਨੂੰ ਹੋਟਲਾਂ ਵਿਚ ਰੱਖ ਕੇ ਬਾਹਰੀ ਪੈਂਦੇ ਪ੍ਰਭਾਵ ਤੋਂ ਬਚਾਉਣਾ ਪਿਆ ਅਤੇ ਇਹ ਨਹੀਂ ਭਰੋਸਾ ਕਿ ਅਪਣੇ ਵਿਧਾਇਕਾਂ ਨੂੰ ਕਿਵੇਂ ਇਕੱਠਿਆਂ ਸੰਗਠਤ ਰਖਿਆ ਜਾ ਸਕਦਾ ਹੈ।
ਭਾਜਪਾ ਵੀ ਕਾਂਗਰਸ ਤੋਂ ਕਿਸੇ ਤਰ੍ਹਾਂ ਪਿਛੇ ਨਹੀਂ। ਦੋ ਦਿਨਾਂ ਲਈ ਬਣੇ ਮੁੱਖ ਮੰਤਰੀ ਯੇਦੀਯੁਰੱਪਾ ਵਲੋਂ ਅਪਣੇ ਸਾਥੀਆਂ ਬਿਲਰੀ ਭਰਾਵਾਂ ਅਤੇ ਪੈਸੇ ਦੇ ਲਾਲਚ ਨਾਲ ਹਰ ਹਥਕੰਡਾ ਵਰਤ ਕੇ, ਦੂਜੇ ਵਿਧਾਇਕਾਂ ਨੂੰ ਪ੍ਰੇਰਿਤ ਕਰਨ ਦੀ ਪੂਰੀ ਕੋਸ਼ਿਸ਼ ਵੀ ਨਾਕਾਮਯਾਬ ਰਹੀ।
ਭਾਜਪਾ ਮੁਖੀ ਅਮਿਤ ਸ਼ਾਹ ਦਾ ਇਕ ਬਿਆਨ ਆਇਆ ਹੈ ਕਿ ਅੱਜ ਵੀ ਕਾਂਗਰਸ ਅਤੇ ਜਨਤਾ ਦਲ ਦੇ ਵਿਧਾਇਕਾਂ ਨੂੰ ਜੇ ਖੁੱਲ੍ਹੀ ਛੁੱਟੀ ਦਿਤੀ ਜਾਵੇ ਤਾਂ ਉਹ ਭਾਜਪਾ ਵਲ ਆਉਣ ਨੂੰ ਤਿਆਰ ਹਨ। ਇਥੋਂ ਦੋ ਗੱਲਾਂ ਨਿਕਲਦੀਆਂ ਹਨ। ਇਕ ਤਾਂ ਇਹ ਕਿ ਭਾਜਪਾ ਵਰਗੀ ਵੱਡੀ ਪਾਰਟੀ, ਕਿਸੇ ਤਰ੍ਹਾਂ ਜੇ ਕੋਈ ਪਾਰਟੀ ਦੀ ਲੀਹ ਨੂੰ ਟਪਦਾ ਹੈ ਤਾਂ ਇਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਅਤੇ ਜੀ ਆਇਆਂ ਕਿਹਾ ਜਾਵੇਗਾ।
ਦੂਜੇ ਪਾਸੇ ਇਨ੍ਹਾਂ ਵਿਧਾਇਕਾਂ ਦੇ ਕਿਰਦਾਰ ਉਤੇ ਵੀ ਇਕ ਸਵਾਲੀਆ ਨਿਸ਼ਾਨ ਹੈ। ਇਹ ਸਾਰਾ ਕੁੱਝ ਅਫ਼ਸੋਸਜਨਕ ਅਤੇ ਸ਼ਰਮਸਾਰ ਕਰਨ ਵਾਲੀ ਸਥਿਤੀ ਹੈ। ਕਿਥੇ ਗਿਆ ਸਾਡਾ ਲੋਕਤੰਤਰ ਅਤੇ ਇਸ ਉਪਰ ਡੀਂਗਾਂ ਮਾਰਨ ਵਾਲਿਆਂ ਦੀਆਂ ਅਵਾਜ਼ਾਂ?ਦੇਸ਼ ਵਿਚ ਹੋਈਆਂ ਚੋਣਾਂ ਵਿਚ, ਪ੍ਰਚਾਰ ਕਰਨ ਵਾਲਿਆਂ ਦਾ ਮਿਆਰ ਏਨਾ ਡਿਗ ਗਿਆ ਹੈ ਕਿ ਉਸ ਦਾ ਵਰਣਨ ਕਰਨ ਲਗਿਆਂ ਵੀ ਸ਼ਰਮ ਮਹਿਸੂਸ ਹੁੰਦੀ ਹੈ। ਮਾਫ਼ ਕਰਨਾ, ਖ਼ੁਦ ਪ੍ਰਧਾਨ ਮੰਤਰੀ ਦੀ ਬੋਲ-ਬਾਣੀ ਕਿਸੇ ਛੋਟੇ ਲੋਕਲ ਲੀਡਰ ਵਰਗੀ ਹੋ ਗਈ ਹੈ।
ਦੂਜਿਆਂ ਦੀਆਂ ਨਕਲਾਂ ਲਾਉਣੀਆਂ, ਝੂਠ ਬੋਲਣੇ, ਤੱਥਾਂ ਤੋਂ ਪਰੇ ਦੀਆਂ ਗੱਲਾਂ ਕਰਨੀਆਂ, ਸੁਭਾਅ ਦਾ ਹਿੱਸਾ ਬਣ ਗਏ ਹਨ। ਭਾਸ਼ਨ ਦੇਂਦਿਆਂ ਚੁਸਕੀਆਂ ਲਈਆਂ ਜਾਂਦੀਆਂ ਹਨ। ਇਸ ਕਰ ਕੇ ਕਿ ਲੋਕ ਸੁਣ ਰਹੇ ਹਨ ਅਤੇ ਉਹ ਰਾਜਸੀ ਸੱਤਾ ਦੀ ਉੱਚੀ ਕੁਰਸੀ ਤੇ ਹਨ। ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੈ, ਨਿਰੀ ਇਕ ਪਾਰਟੀ ਦਾ ਨਹੀਂ। ਲੋਕ ਇਹ ਤਮਾਸ਼ਾ ਵੇਖ ਕੇ ਪ੍ਰਧਾਨ ਮੰਤਰੀ ਨੂੰ ਇਕ ਐਕਟਰ ਵਰਗੀ ਤੇ ਕਰਦੇ ਇੱਜ਼ਤ ਦਿੰਦੇ ਹਨ।
ਸਾਡੀ ਬਦਕਿਸਮਤੀ ਹੈ ਕਿ ਸਾਨੂੰ ਅਪਣੀ ਵੋਟ ਦੀ ਕੀਮਤ ਨਹੀਂ ਸਮਝ ਆਈ। ਅੱਜ ਵੀ ਫ਼ਿਰਕੂ ਭਾਵਨਾਵਾਂ ਨੂੰ ਉਤੇਜਿਤ ਕੀਤਾ ਜਾ ਰਿਹਾ ਹੈ। ਰਾਮ ਮੰਦਰ ਬਣਾ ਕੇ ਰਹਾਂਗੇ ਦੇ ਨਾਹਰਿਆਂ ਨਾਲ ਅਪਣੇ ਵੋਟ ਬੈਂਕ ਨੂੰ ਪੱਕਿਆਂ ਕਰਨ ਦੀਆਂ ਸਕੀਮਾਂ ਨੂੰ ਸਿਰੇ ਲਾਇਆ ਜਾ ਰਿਹਾ ਹੈ। ਗੱਲਾਂ ਕਰਨ ਨੂੰ ਤਾਂ ਇਹ ਸਿਆਸੀ ਲੋਕ ਉੱਚੀ-ਉੱਚੀ ਹੋ ਕੇ ਕਹਿੰਦੇ ਹਨ ਕਿ ਹੁਣ ਭਾਰਤ ਵੀ ਕੈਲੀਫ਼ੋਰਨੀਆ ਅਤੇ ਸ਼ੰਘਾਈ ਵਰਗਾ ਬਣਾਇਆ ਜਾਵੇਗਾ ਪਰ ਜਦੋਂ ਅਮਲਾਂ ਦੀ ਗੱਲ ਆਉਂਦੀ ਹੈ ਤਾਂ ਸਾਡੀ ਪ੍ਰਾਪਤੀ ਸਿਫ਼ਰ ਦੇ ਨਜ਼ਦੀਕ ਹੈ।
ਦੇਸ਼ ਅੰਦਰ ਆਜ਼ਾਦੀ ਤੋਂ ਤਕਰੀਬਨ 71 ਸਾਲ ਬਾਅਦ ਵੀ ਅੱਤ ਦੀ ਗ਼ਰੀਬੀ ਹੈ। ਰੇਲਵੇ ਸਟੇਸ਼ਨ ਦੀਆਂ ਲਾਈਨਾਂ ਦੇ ਨਾਲ ਨਾਲ ਬਣੀਆਂ ਝੂੱਗੀਆਂ-ਝੋਪੜੀਆਂ ਦੀਆਂ ਮੀਲਾਂ ਲੰਮੀਆਂ ਕਤਾਰਾਂ ਇਸ ਗੱਲ ਦਾ ਪ੍ਰਤੀਕ ਹਨ ਕਿ ਗ਼ਰੀਬ ਲਈ ਸਰਕਾਰਾਂ ਕੁੱਝ ਤਸੱਲੀਬਖ਼ਸ਼ ਨਹੀਂ ਕਰ ਰਹੀਆਂ। ਜੇ ਕਿਤੇ ਕਿਸੇ ਸਰਕਾਰ ਦੇ ਵਿਭਾਗ ਵਿਚ ਦੋ ਸੌ ਅਸਾਮੀਆਂ ਦੀਆਂ ਨੌਕਰੀਆਂ ਨਿਕਲਦੀਆਂ ਹਨ ਤਾਂ ਕਈ ਵਾਰੀ ਲੱਖ-ਲੱਖ ਪੜ੍ਹੇ ਲਿਖੇ ਉਨ੍ਹਾਂ ਛੋਟੀਆਂ ਨੌਕਰੀਆਂ ਦੀ ਪ੍ਰਾਪਤੀ ਲਈ ਦਰਖ਼ਾਸਤਾਂ ਦਿੰਦੇ ਹਨ। ਇਥੋਂ ਨਜ਼ਰ ਆਉਂਦੀ ਹੈ ਗ਼ਰੀਬੀ ਅਤੇ ਬੇਰੁਜ਼ਗਾਰੀ ਦੀ ਗੁੰਝਲਦਾਰ ਸਮੱਸਿਆ।
ਕੀ ਕਿਸੇ ਪਾਰਟੀ ਅਤੇ ਸਿਆਸਤਦਾਨ ਨੂੰ ਇਸ ਬਾਰੇ ਕੋਈ ਚਿੰਤਾ ਹੈ?ਹਰ ਕਾਂਗਰਸੀ, ਰਾਹੁਲ ਗਾਂਧੀ ਨੂੰ ਅਪਣਾ ਭਵਿੱਖ ਦਾ ਨੇਤਾ ਸਮਝਣ ਲੱਗ ਪਿਆ ਹੈ ਪਰ ਕੀ ਉਹ ਕਿਸੇ ਉੱਚੇ ਅਹੁਦੇ ਲਈ ਯੋਗ ਸਾਬਤ ਹੋਵੇਗਾ? ਭਾਜਪਾ ਦੇ ਵਰਕਰ ਅਤੇ ਹੋਰ ਕਰਮਚਾਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਮਸੀਹਾ ਗਰਦਾਨਣ ਲੱਗ ਪਿਆ ਹੈ। ਨਾਲ ਹੀ ਅਮਿਤ ਸ਼ਾਹ ਨੂੰ ਇਕ ਰਾਜਨੀਤਕ ਚਾਣਕੀਆ ਕਹਿਣ ਲਗਿਆਂ ਫ਼ਖ਼ਰ ਮਹਿਸੂਸ ਕਰਦਾ ਹੈ। ਵੇਖੋ ਸਾਡੀ ਸੋਚ ਅਤੇ ਸਮਝ।
ਕੀ ਹਰ ਗ਼ਲਤਬਿਆਨੀ ਅਤੇ ਗ਼ਲਤ ਕੰਮ ਦੀ ਸੋਚ ਰੱਖਣ ਵਾਲੇ ਨਾਂ ਤੇ ਕੰਮ ਕਰਨ ਵਾਲੇ ਨੂੰ ਚਾਣਕੀਆ ਕਹਿ ਸਕਦੇ ਹਾਂ? ਸਿਆਸਤਦਾਨ, ਦੇਸ਼ਵਾਸੀਆਂ ਲਈ ਸੇਵਾ ਪ੍ਰਦਾਨ ਕਰਨ ਵਾਲੇ ਹੋਣੇ ਚਾਹੀਦੇ ਹਨ। ਕਿਸੇ ਵੱਡੀ ਨਿਜੀ ਕੰਪਨੀ ਦਾ ਮੁੱਖ ਅਧਿਕਾਰੀ, ਜੇ ਸਥਾਪਤ ਆਸਾਂ ਉਤੇ ਖਰਾ ਨਹੀਂ ਉਤਰਦਾ ਤਾਂ ਉਸ ਨੂੰ ਨੌਕਰੀ ਤੋਂ ਲਾਂਭੇ ਕਰ ਦਿਤਾ ਜਾਂਦਾ ਹੈ। ਪਰ ਅਪਣੇ ਦੇਸ਼ ਵਿਚ ਸਿਆਸਤਦਾਨ ਇਨ੍ਹਾਂ ਉੱਚ ਮਿਆਰਾਂ ਦੇ ਲਾਗੇ ਚਾਗੇ ਵੀ ਨਹੀਂ ਪਰ ਫਿਰ ਵੀ ਰਾਜਸੀ ਗੱਦੀਆਂ ਤੇ ਬਣੇ ਰਹਿੰਦੇ ਹਨ।
Narendra Modi
ਭ੍ਰਿਸ਼ਟਾਚਾਰ ਅੱਜ ਤੋਂ 50 ਸਾਲ ਪਹਿਲਾਂ ਵੀ ਸੀ ਅਤੇ ਅੱਜ ਉਸ ਸਮੇਂ ਨਾਲੋਂ ਕਿਤੇ ਵੱਧ ਹੈ। ਸਾਲ 1947 ਵਿਚ ਹਿੰਦੂ ਅਤੇ ਮੁਸਲਮਾਨ ਆਪਸੀ ਨਫ਼ਰਤ ਵਿਚ ਸਨ ਅਤੇ ਸੋਚਣ ਵਾਲੀ ਗੱਲ ਹੈ ਕਿ ਅੱਜ ਇਹ ਨਫ਼ਰਤ ਅਤੇ ਖਿਚਾਅ ਕਿਸੇ ਗੱਲੋਂ ਅੱਗੇ ਤੋਂ ਵੱਧ ਰਹੇ ਹਨ। ਸਿਆਸਤਦਾਨਾਂ ਨੂੰ ਦੇਸ਼ ਅਤੇ ਇਸ ਦੇ ਸੰਦਰਭ ਵਿਚ ਜ਼ਰੂਰੀ ਮਸਲਿਆਂ ਦਾ ਫ਼ਿਕਰ ਨਹੀਂ। ਜੇ ਫ਼ਿਕਰ ਅਤੇ ਚਿੰਤਾ ਹੈ ਤਾਂ ਸਿਰਫ਼ ਸਿਆਸੀ ਦੌੜ ਵਿਚ ਅੱਗੇ ਵਧਣ ਦੀ, ਭਾਵੇਂ ਉਸ ਲਈ ਕੋਈ ਵੀ ਹਰਬਾ ਵਰਤਣਾ ਪਵੇ।
Kumara Swamy
ਲੋੜ ਹੈ ਅੱਜ ਦੇ ਵੋਟਰ ਨੂੰ ਬਹੁਤ ਸਿਆਣਾ ਅਤੇ ਸਮਝਦਾਰ ਬਣਨ ਦੀ। ਕਿਹੜਾ ਮਨੁੱਖ ਅਤੇ ਕਿਹੜੀ ਪਾਰਟੀ ਤੁਹਾਡੇ ਵੋਟ ਦੀ ਹੱਕਦਾਰ ਹੈ, ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਸਿਆਸਤਦਾਨਾਂ ਦੇ ਨਿਰੇ ਝੂਠੇ ਵਾਅਦੇ ਅਤੇ ਲੱਛੇਦਾਰ ਭਾਸ਼ਣਾਂ ਵਿਚ ਆਉਣ ਦੀ ਲੋੜ ਨਹੀਂ ਹੋਣੀ ਚਾਹੀਦੀ। ਇਸ ਦੇਸ਼ ਦਾ ਹਰ ਪੱਖੋਂ ਉਥਾਨ ਅਤੇ ਤਰੱਕੀ ਤਾਂ ਹੀ ਹੋਵੇਗੀ ਜੇ ਸਿਆਸਤਦਾਨ ਦੇਸ਼ਪ੍ਰਸਤ ਹੋਣਗੇ ਅਤੇ ਅਪਣੀ ਸਵਾਰਥੀ ਤੇ ਨਿਜੀ ਸੌੜੀ ਸੋਚ ਦਾ ਤਿਆਗ ਕਰਨਗੇ।
ਸੰਪਰਕ : 88720-06924