ਮਾਂ ਹੀ ਉਹ ਨ.ਖਰੇ ਅਤੇ ਅੜੀਆਂ ਪੁਗਾ ਸਕਦੀ ਸੀ
Published : Jul 30, 2018, 8:53 am IST
Updated : Jul 30, 2018, 8:53 am IST
SHARE ARTICLE
Mother giving Food to his Son
Mother giving Food to his Son

ਬਚਪਨ ਦੀਆਂ ਯਾਦਾਂ ਦੇ ਇਤਿਹਾਸ ਉਤੇ ਝਾਤ ਮਾਰਦਿਆਂ ਮਾਂ ਨਾਲ ਕੀਤੇ ਨਖ਼ਰੇ ਤੇ ਅੜੀਆਂ ਨੂੰ ਯਾਦ ਕਰ ਕੇ ਸੋਚਣ ਲੱਗ ਜਾਂਦੇ ਹਾਂ ਕਿ ਮਾਂ ਇਹ ਸਾਰਾ ਕੁੱਝ ਕਿਵੇਂ ਸਹਾਰ...

ਬਚਪਨ ਦੀਆਂ ਯਾਦਾਂ ਦੇ ਇਤਿਹਾਸ ਉਤੇ ਝਾਤ ਮਾਰਦਿਆਂ ਮਾਂ ਨਾਲ ਕੀਤੇ ਨਖ਼ਰੇ ਤੇ ਅੜੀਆਂ ਨੂੰ ਯਾਦ ਕਰ ਕੇ ਸੋਚਣ ਲੱਗ ਜਾਂਦੇ ਹਾਂ ਕਿ ਮਾਂ ਇਹ ਸਾਰਾ ਕੁੱਝ ਕਿਵੇਂ ਸਹਾਰ ਲੈਂਦੀ ਸੀ। ਉਸ ਦਾ ਕਿੰਨਾ ਵੱਡਾ ਜਿਗਰਾ ਸੀ। ਅੱਜ ਜਦੋਂ ਸਾਡੀ ਅਪਣੀ ਔਲਾਦ ਸਾਡੇ ਕੋਲੋਂ ਅਪਣੀ ਜ਼ਿੱਦ ਪੁਗਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਡੀ ਮਾਨਸਿਕ ਸਥਿਤੀ ਕਿਹੋ ਜਹੀ ਹੋ ਜਾਂਦੀ ਹੈ, ਇਸ ਬਾਰੇ ਅਸੀ ਸਾਰੇ ਭਲੀਭਾਂਤ ਜਾਣੂ ਹਾਂ। ਬਚਪਨ ਵਿਚ ਨੀਂਦ ਬਹੁਤ ਪਿਆਰੀ ਹੁੰਦੀ ਸੀ। ਜਦੋਂ ਅਸੀ ਸਕੂਲ ਜਾਣਾ ਹੁੰਦਾ ਸੀ ਤਾਂ ਮੰਜੇ ਤੋਂ ਉਠ ਕੇ ਸਾਨੂੰ ਸਮੇਂ ਸਿਰ ਤਿਆਰ ਕਰਨ ਦਾ ਫ਼ਿਕਰ ਸਿਰਫ਼ ਮਾਂ ਨੂੰ ਹੀ ਹੁੰਦਾ ਸੀ।

ਮੰਜੇ ਤੋਂ ਨਾ ਉਠਣਾ, ਮੰਜੇ ਉਤੇ ਪਿਸ਼ਾਬ ਕਰ ਦੇਣਾ, ਪਖ਼ਾਨੇ ਵਿਚ ਸੁੱਤੇ ਰਹਿਣਾ, ਮਾਂ ਦੀਆਂ ਹਾਕਾਂ ਪੈਣੀਆਂ, ਇਹ ਸਾਰਾ ਕੁੱਝ ਮਾਂ ਉਤੇ ਅਪਣਾ ਅਧਿਕਾਰ ਸਮਝ ਕੇ ਕਰਦੇ ਹੁੰਦੇ ਸੀ। ਕੀ ਖਾਣਾ, ਕੀ ਨਹੀਂ ਖਾਣਾ, ਸਕੂਲ ਨੂੰ ਜਾਣ ਲਗਿਆਂ ਦੇਰ ਹੋਣ ਲਈ ਮਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ, ਸਕੂਲ ਦੇ ਬਸਤੇ ਦਾ ਨਾ ਲਭਣਾ, ਮਾਂ ਦਾ ਸਕੂਲ ਨੂੰ ਨਹਾ ਕੇ ਭੇਜਣ ਦੀ ਜ਼ਿੱਦ ਕਰਨਾ, ਇਹ ਸਾਰਾ ਕੁੱਝ ਮਾਂ ਨੂੰ ਹੀ ਸਹਾਰਨਾ ਪੈਂਦਾ ਸੀ। ਸਕੂਲ ਦੀ ਵਰਦੀ, ਸਿਆਹੀ ਦਵਾਤ ਕਲਮ, ਕਿਤਾਬਾਂ ਕਾਪੀਆਂ ਦਾ ਧਿਆਨ ਰੱਖਣ ਲਈ ਮਾਂ ਤੇ ਇੰਜ ਰੋਹਬ ਪਾਈਦਾ ਸੀ ਕਿ ਜਿਵੇਂ ਅਸੀਂ ਨਹੀਂ, ਉਹ ਸਕੂਲ ਪੜ੍ਹਨ ਜਾਂਦੀ ਹੋਵੇ।

ਮਾਂ ਇਹ ਸੱਭ ਕੁੱਝ ਸਹਿ ਕੇ ਵੀ ਸਾਨੂੰ ਚੁੰਮਦੀ ਸਾਹ ਨਹੀਂ ਸੀ ਲੈਂਦੀ। ਉਸ ਦੇ ਮੂੰਹੋਂ ਨਿਕਲੇ ਸ਼ਬਦ ਅੱਜ ਵੀ ਯਾਦ ਆਉਂਦੇ ਹਨ, ''ਮੇਰਾ ਕਾਮਾ ਪੁੱਤਰ, ਮੇਰਾ ਲਾਡਲਾ, ਲੱਡੂ, ਰਾਜਾ, ਮੇਰਾ ਸੋਹਣਾ।'' ਉਸ ਦੀ ਗੋਦੀ ਵਿਚ ਬੈਠ, ਅਪਣੀ ਗੱਲ ਮਨਾਉਣ ਲਈ ਉਸ ਦੇ ਵਾਲ ਪੁੱਟ ਦੇਂਦੇ ਸੀ, ਉਸ ਨੂੰ ਕੁੱਟ ਸੁਟਦੇ ਸੀ। ਸਾਡੀ ਇਸ ਗੁਸਤਾਖ਼ੀ ਤੇ ਉਸ ਨੂੰ ਗੁੱਸਾ ਨਹੀਂ ਸਗੋਂ ਪਿਆਰ ਆਉਂਦਾ ਸੀ। ਉਹ ਅੱਗੋਂ ਆਖਦੀ ਹੁੰਦੀ ਸੀ, ''ਨਾ ਮੇਰਾ ਸ਼ੇਰ ਪੁੱਤਰ, ਏਦਾਂ ਨਹੀਂ ਕਰੀਦਾ, ਜੇ ਮਾਂ ਮਰ ਗਈ ਤਾਂ ਕਿਥੋਂ ਲਵੇਂਗਾ?'' ਉਹ ਸਾਡੇ ਨਾਲ ਰੁੱਸਣ ਦੀ ਬਜਾਏ ਸਾਨੂੰ ਘੁੱਟ-ਘੁੱਟ ਜੱਫ਼ੀਆਂ ਪਾਉਂਦੀ ਸੀ।

ਰੋਟੀ ਨਾਲ ਸਾਨੂੰ ਕਿਹੜੀ ਸਬਜ਼ੀ ਪਸੰਦ ਹੈ ਤੇ ਕਿਹੜੀ ਪਸੰਦ ਨਹੀਂ, ਇਸ ਦਾ ਫ਼ਿਕਰ ਵੀ ਉਸ ਨੂੰ ਹੀ ਹੁੰਦਾ ਸੀ। ਜੇਕਰ ਸਾਡੇ ਪਸੰਦ ਦੀ ਸਬਜ਼ੀ ਨਾ ਬਣੀ ਹੋਣੀ ਤਾਂ ਅਸੀ ਰੁੱਸ-ਰੁੱਸ ਬੈਠ ਜਾਂਦੇ ਸੀ। ਭੁੱਖੇ ਸੌਂ ਜਾਈਦਾ ਸੀ। ਮਾਂ ਉਠਾ-ਉਠਾ ਕੇ ਰੋਟੀ ਖੁਆਉਂਦੀ ਸੀ। ਅਸੀ ਭਾਂਡੇ ਭੰਨ ਸੁਟਦੇ। ਸਾਰੇ ਦਿਨ ਦੇ ਥੱਕੇ ਹਾਰੇ ਜੇਕਰ ਸੁਵਖਤੇ ਸੌਂ ਜਾਣਾ ਤਾਂ ਉਠਾ ਕੇ ਸਾਨੂੰ ਰੋਟੀ ਖੁਆਉਣ ਦੀ ਜ਼ਿੰਮੇਵਾਰੀ ਵੀ ਮਾਂ ਦੀ ਹੁੰਦੀ ਸੀ। ਦੁੱਧ ਪਿਲਾਉਣ ਲਈ ਸੁੱਤਿਆਂ ਨੂੰ ਉਠਾਉਣ ਦਾ ਕੰਮ ਮਾਂ ਦਾ ਹੀ ਹੁੰਦਾ ਸੀ।

ਅੜੀ ਜਾਂ ਜ਼ਿੱਦ ਪੁਗਾਉਣ ਲਈ ਜਦੋਂ ਅਸੀ ਉੱਚੀ-ਉੱਚੀ ਰੋਣਾ, ਧਰਤੀ ਤੇ ਲਿਟਣਾ ਤਾਂ ਪਿਤਾ ਜੀ ਨੇ ਗੁੱਸੇ ਵਿਚ ਕਹਿਣਾ, ''ਇਸ ਨੂੰ ਮੇਰੇ ਕੋਲ ਲਿਆ ਫੜ ਕੇ, ਇਸ ਦਾ ਦਿਮਾਗ਼ ਲਿਆਵਾਂ ਟਿਕਾਣੇ ਉਤੇ।'' ਪਰ ਮਾਂ ਮਨਾਉਣ ਲਈ ਹਾੜੇ ਕਢਦੀ ਹੁੰਦੀ ਸੀ। ਰੋਦੇ ਹੋਏ ਨੂੰ ਛਾਤੀ ਨਾਲ ਲਗਾ ਲੈਂਦੀ ਸੀ। ਕੰਨ ਵਿਚ ਕਹਿੰਦੀ ਹੁੰਦੀ ਸੀ, ''ਚੁੱਪ ਕਰ, ਤੂੰ ਮੇਰਾ ਸੋਹਣਾ ਪੁੱਤਰ ਹੈਂ।'' ਪਿਤਾ ਜੀ ਅੱਗੋਂ ਕਹਿੰਦੇ ਹੁੰਦੇ ਸੀ, ''ਇਹ ਤੂੰ ਐਵੇਂ ਸਿਰ ਚੜ੍ਹਾਇਆ ਹੋਇਐ।'' ਜਿਸ ਦਿਨ ਸਕੂਲੋਂ ਛੁੱਟੀ ਹੋਣੀ, ਸੂਰਜ ਸਿਰ ਉਤੇ ਚੜ੍ਹ ਆਉਂਦਾ ਸੀ ਪਰ ਸੁੱਤੇ ਨਹੀਂ ਸੀ ਉਠਦੇ, ਬਿਨਾਂ ਨਹਾਏ ਧੋਏ ਰੋਟੀ ਮੰਗਣੀ।

ਸਾਰੇ ਭੈਣ ਭਰਾਵਾਂ ਨੇ ਆਪਸ ਵਿਚ ਲੜਾਈ-ਝਗੜਾ ਕਰਨਾ, ਘਰ ਸਿਰ ਉਤੇ ਚੁੱਕ ਲੈਣਾ ਅਤੇ ਖੇਡਣ ਗਿਆਂ ਘਰ ਨਹੀਂ ਵੜਨਾ। ਇਹ ਸਾਰਾ ਕੁੱਝ ਸਹਿਣਾ ਮਾਂ ਦੇ ਵਸ ਦੀ ਹੀ ਗੱਲ ਹੁੰਦੀ ਸੀ। ਮਾਂ ਦੀਆਂ ਝਿੜਕਾਂ ਅਤੇ ਮਾਰ ਵਿਚ ਵੀ ਉਸ ਦਾ ਲਾਡ ਹੁੰਦਾ ਸੀ। ਗਲੀ ਮੁਹੱਲੇ ਵਿਚ ਬੱਚਿਆਂ ਨਾਲ ਲੜਾਈ ਕਰਨ, ਉਨ੍ਹਾਂ ਨੂੰ ਮਾਰਨ ਕੁੱਟਣ ਦੇ ਉਲਾਂਭੇ ਵੀ ਮਾਂ ਨੂੰ ਝਲਣੇ ਪੈਂਦੇ ਸਨ। ਅਸੀ ਕਸੂਰਵਾਰ ਹੁੰਦੇ ਹੋਏ ਵੀ ਉਸ ਨੂੰ ਦੋਸ਼ੀ ਨਹੀਂ ਲਗਦੇ ਸਾਂ। ਕਮਾਲ ਦੀ ਸਹਿਨਸ਼ਕਤੀ ਸੀ ਉਸ ਮਾਂ ਦੀ।

ਉਹ ਖ਼ੁਦ ਟਾਕੀਆਂ ਵਾਲੇ ਸੂਟ ਪਾਉਂਦੀ ਸੀ ਪਰ ਸਾਡੇ ਮਨਪਸੰਦ ਦੀਆਂ ਪੋਸ਼ਾਕਾਂ ਪੁਆਉਣ ਲਈ ਉਹ ਪੈਸੇ ਜੋੜ-ਜੋੜ ਕੇ ਰਖਦੀ ਸੀ। ਬਹੁਤ ਯਾਦ ਆਉਂਦੀ ਹੈ, ਉਸ ਮਾਂ ਨਾਲ ਕੀਤੀਆਂ ਅੜੀਆਂ ਤੇ ਨਖ਼ਰਿਆਂ ਦੀ। ਬਾਹਰ ਭਾਵੇਂ ਸਾਰਾ ਦਿਨ ਭੁੱਖੇ ਖੇਡੀ ਜਾਣਾ, ਗਲੀ ਮੁਹੱਲਿਆਂ ਵਿਚ ਘੁੰਮੀ ਜਾਣਾ ਪਰ ਜੇਕਰ ਮਾਂ ਨੇ ਰੋਟੀ ਲਈ ਥੋੜੀ ਜਹੀ ਦੇਰੀ ਕਰ ਦਿਤੀ ਤਾਂ ਧਰਤੀ-ਅਸਮਾਨ ਇਕ ਕਰ ਦੇਣਾ। ਘਰ ਦੇ ਭਾਂਡੇ ਭੰਨ੍ਹ ਸੁਟਣੇ। 

ਸਾਡੀ ਥੋੜੀ ਜਹੀ ਤਕਲੀਫ਼ ਉਸ ਨੂੰ ਬੇਚੈਨ ਕਰ ਦਿੰਦੀ ਸੀ। ਉਸ ਦੀ ਭੁੱਖ, ਪਿਆਸ ਮੁੱਕ ਜਾਂਦੀ ਸੀ। ਸਾਡੇ ਖਾਣ-ਪੀਣ, ਪਹਿਨਣ ਅਤੇ ਰਹਿਣ ਸਹਿਣ ਨੂੰ ਲੈ ਕੇ ਸਾਡੇ ਨਖ਼ਰਿਆਂ ਤੇ ਜ਼ਿੱਦ ਨੂੰ ਕੇਵਲ ਉਹੀ ਪੁਗਾ ਸਕਦੀ ਸੀ।  ਹੁਣ ਅਸੀ ਖ਼ੁਦ ਮਾਂ-ਬਾਪ ਹਾਂ। ਅਸੀ ਦੋ ਬੱਚਿਆਂ ਦੀ ਜ਼ਿੱਦ ਨਾਲ ਅੱਕ ਜਾਂਦੇ ਹਾਂ ਪਰ ਮਾਂ ਸਾਡੇ ਛੇ ਭੈਣ-ਭਰਾਵਾਂ ਦਾ ਸੱਭ ਕੁੱਝ ਸਹਿੰਦੀ ਸੀ। ਬਰਸਾਤਾਂ ਵਿਚ ਸਕੂਲੋਂ ਆਉਂਦਿਆਂ ਨੇ ਕਪੜੇ ਭਿਉਂ ਲੈਣੇ। ਟੋਭਿਆਂ ਵਿਚ ਨਹਾਉਣਾ, ਫਿਰ ਬਿਮਾਰ ਹੋ ਕੇ ਪੈ ਜਾਣਾ। ਮਾਂ ਅੱਗੇ ਧੋਣ ਵਾਲੇ ਕਪੜਿਆਂ ਦਾ ਢੇਰ ਲਗਾ ਦੇਣਾ। ਇਸ ਸੱਭ ਕੁੱਝ ਨੂੰ ਸਿਰਫ਼ ਮਾਂ ਹੀ ਸਹਾਰ ਸਕਦੀ ਸੀ, ਕਿਉਂਕਿ ਉਹ ਮਾਂ ਸੀ।

 ਸੰਪਰਕ : 98726-27136

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement