ਆਮ ਆਦਮੀ ਪਾਰਟੀ ਨਿਘਾਰ ਵਲ
Published : Aug 30, 2018, 12:37 pm IST
Updated : Aug 30, 2018, 12:37 pm IST
SHARE ARTICLE
Aam Aadmi Party
Aam Aadmi Party

ਕੁੱਝ ਸਾਲ ਪਹਿਲਾਂ ਅੰਨਾ ਹਜ਼ਾਰੇ ਵਲੋਂ ਦਿੱਲੀ ਵਿਚ ਲੋਕਪਾਲ ਦੀ ਨਿਯੁਕਤੀ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਗਈ..........

ਕੁੱਝ ਸਾਲ ਪਹਿਲਾਂ ਅੰਨਾ ਹਜ਼ਾਰੇ ਵਲੋਂ ਦਿੱਲੀ ਵਿਚ ਲੋਕਪਾਲ ਦੀ ਨਿਯੁਕਤੀ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਗਈ। ਉਸ ਵੇਲੇ ਸ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ। ਉਹ ਆਪ ਤਾਂ ਇਮਾਨਦਾਰ ਸਨ ਪਰ ਜਿਹੜੀ ਸਰਕਾਰ ਦੀ ਉਹ ਅਗਵਾਈ ਕਰ ਰਹੇ ਸਨ, ਉਸ ਦੇ ਮੰਤਰੀਆਂ ਤੇ ਹੋਰ ਲੀਡਰਾਂ ਦੇ ਰੋਜ਼ ਨਵੇਂ ਤੋਂ ਨਵੇਂ ਭ੍ਰਿਸ਼ਟਾਚਾਰ ਦੇ ਕਿੱਸੇ ਸਾਹਮਣੇ ਆ ਰਹੇ ਸਨ। ਭਾਵੇਂ ਉਹ ਸੰਘਰਸ਼ ਬੜਾ ਕਾਮਯਾਬ ਰਿਹਾ ਪਰ ਨਤੀਜਾ ਇਸ ਦਾ ਕੋਈ ਵੀ ਨਾ ਨਿਕਲ ਸਕਿਆ। ਏਨੇ ਸਾਲ ਲੰਘਣ ਦੇ ਬਾਅਦ ਵੀ ਕੋਈ ਲੋਕਪਾਲ ਨਾ ਲੱਗ ਸਕਿਆ। ਜਿਹੜੇ ਲੋਕ ਇਸ ਨੂੰ ਚਲਾ ਰਹੇ ਸਨ, ਉਸ ਵਿਚ ਕੇਜਰੀਵਾਲ ਵੀ ਸ਼ਾਮਲ ਸਨ।

ਸਿਆਸੀ ਪਾਰਟੀਆਂ ਵਲੋਂ ਇਹ ਕਿਹਾ ਗਿਆ ਕਿ ''ਜੇਕਰ ਸ੍ਰੀ ਅੰਨਾ ਹਜ਼ਾਰੇ ਨੂੰ ਦੇਸ਼ ਦਾ ਜ਼ਿਆਦਾ ਫ਼ਿਕਰ ਹੈ ਤਾਂ ਉਹ ਅਪਣੀ ਪਾਰਟੀ ਬਣਾ ਲੈਣ ਤੇ ਚੋਣ ਲੜ ਲੈਣ ਫਿਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਭ੍ਰਿਸ਼ਟਾਚਾਰ ਨੂੰ ਰੋਕਣਾ ਕਿੰਨਾ ਮੁਸ਼ਕਲ ਕੰਮ ਹੈ।'' ਇਸ ਚੁਣੌਤੀ ਨੂੰ ਸ੍ਰੀ ਅੰਨਾ ਹਜ਼ਾਰੇ ਵਲੋਂ ਤਾਂ ਨਾਮਨਜ਼ੂਰ ਕਰ ਦਿਤਾ ਗਿਆ ਪਰ ਸ੍ਰੀ ਕੇਜਰੀਵਾਲ ਨੇ ਇਸ ਨੂੰ ਸਵੀਕਾਰ ਕੀਤਾ ਅਤੇ 'ਆਮ ਆਦਮੀ ਪਾਰਟੀ' ਦਾ ਜਨਮ ਹੋਇਆ। ਇਨ੍ਹਾਂ ਪਾਰਟੀ ਦੇ ਨਾਂ ਉਤੇ ਉਨ੍ਹਾਂ ਨੇ ਦਿੱਲੀ ਵਿਚ ਸੰਘਰਸ਼ ਕਰਨਾ ਸ਼ੁਰੂ ਕਰ ਦਿਤਾ।

ਜਦੋਂ 2013 ਵਿਚ ਦਿੱਲੀ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਸ ਵਲੋਂ ਆਮ ਆਦਮੀ ਪਾਰਟੀ ਨੇ 70 ਸੀਟਾਂ ਵਿਚੋਂ 28 ਸੀਟਾਂ ਉਤੇ ਜਿੱਤ ਹਾਸਲ ਕੀਤੀ। 8 ਸੀਟਾਂ ਉਤੇ ਕਾਂਗਰਸ, ਦੋ ਸੀਟਾਂ ਉਤੇ ਆਜ਼ਾਦ ਤੇ 32 ਸੀਟਾਂ ਭਾਜਪਾ ਨੂੰ ਮਿਲੀਆਂ। ਇਸ ਚੋਣ ਵਿਚ 15 ਸਾਲ ਰਹੀ ਮੁੱਖ ਮੰਤਰੀ ਸ਼ੀਲਾ ਦਿਕਸ਼ਤ ਵੀ ਚੋਣ ਹਾਰ ਗਈ। ਇਨ੍ਹਾਂ ਸੀਟਾਂ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸ੍ਰੀ ਕੇਜਰੀਵਾਲ ਦਾ ਹਾਲ ਉਸ ਚੂਹੇ ਵਰਗਾ ਹੋ ਗਿਆ ਜਿਸ ਨੂੰ ਇਕ ਸੁੰਢ ਦੀ ਡਲੀ ਮਿਲ ਗਈ ਤਾਂ ਚੂਹਾ ਅਪਣੇ ਆਪ ਨੂੰ ਪੰਸਾਰੀ ਸਮਝ ਬੈਠਾ।

ਜਿਹੜਾ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਇਹ ਕਹਿੰਦਾ ਨਹੀਂ ਸੀ ਥਕਦਾ ਕਿ ਉਹ ਕਿਸੇ ਪਾਰਟੀ ਨਾਲ ਰਲ ਕੇ ਸਰਕਾਰ ਨਹੀਂ ਬਣਾਏਗਾ, ਉਹੀ ਕੇਜਰੀਵਾਲ ਕਾਂਗਰਸ ਨਾਲ ਰਲ ਕੇ ਸਰਕਾਰ ਬਣਾ ਬੈਠਾ ਜਿਸ ਕਾਰਨ ਉਸ ਨੂੰ ਲੋਕਾਂ ਵਲੋਂ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ। ਇਹ ਸਰਕਾਰ ਵੀ ਬਹੁਤ ਚਿਰ ਚਲ ਨਾ ਸਕੀ ਤੇ ਢਹਿ ਢੇਰੀ ਹੋ ਗਈ। ਸ੍ਰੀ ਕੇਜਰੀਵਾਲ ਦੀ ਹੋਈ ਜਿੱਤ ਨੇ ਉਸ ਵਿਚ ਏਨਾ ਹੰਕਾਰ ਭਰ ਦਿਤਾ ਕਿ ਉਹ ਸਮਝਣ ਲੱਗ ਪਿਆ ਕਿ ਉਹ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ।

ਜਦੋਂ 2014 ਵਿਚ ਲੋਕਸਭਾ ਦੀਆਂ ਚੋਣਾਂ ਹੋਈਆਂ ਤਾਂ ਉਸ ਨੇ ਬਹੁਤ ਸਾਰੇ ਰਾਜਾਂ ਵਿਚ ਅਪਣੇ ਉਮੀਦਵਾਰ ਖੜੇ ਕਰ ਦਿਤੇ ਤੇ ਉਹ ਵਾਰਾਣਸੀ ਵਿਚ ਮੋਦੀ ਵਿਰੁਧ ਚੋਣ ਲੜਨ ਲਈ ਮੈਦਾਨ ਵਿਚ ਉਤਰਿਆ। ਪੰਜਾਬ ਵਿਚ ਵੀ 13 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਗਏ ਕਿਉਂਕਿ ਪੰਜਾਬੀ ਪਹਿਲੇ ਦਿਨ ਤੋਂ ਹੀ ਨਵੀਂਆਂ ਪੈੜਾਂ ਪਾਉਂਦੇ ਆਏ ਹਨ। ਪੰਜਾਬੀਆਂ ਨੇ ਸਮਝਿਆ ਕਿ ਇਹ ਨਵੀਂ ਪਾਰਟੀ ਪੰਜਾਬ ਦਾ ਕੁੱਝ ਸਵਾਰ ਸਕਦੀ ਹੈ ਜਿਸ ਕਾਰਨ ਪੰਜਾਬੀਆਂ ਨੇ ਇਸ ਪਾਰਟੀ ਨੂੰ ਸਿਰ ਉਤੇ ਚੁੱਕ ਲਿਆ, ਕਿਉਂਕਿ ਲੋਕ ਸਭਾ ਦੇ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਦਾ ਪੰਜਾਬ ਨੂੰ ਛੱਡ ਕੇ ਸਾਰੇ ਦੇਸ਼ ਵਿਚ ਸਫਾਇਆ ਹੋ ਗਿਆ।

ਪੰਜਾਬ ਵਿਚ ਆਮ ਆਦਮੀ ਪਾਰਟੀ ਦੇ 4 ਮੈਂਬਰ ਜਿੱਤ ਗਏ ਅਤੇ 4, 5 ਸੀਟਾਂ ਤੇ ਦੂਜੇ ਨੰਬਰ ਉਤੇ ਰਹੇ। ਜਿਹੜੇ 4 ਮੈਂਬਰ ਜਿੱਤੇ ਉਨ੍ਹਾਂ ਵਿਚ 3 ਬਿਲਕੁਲ ਨਵੇਂ ਸਨ, ਸਿਰਫ਼ ਖ਼ਾਲਸਾ ਜੀ ਸਨ ਜਿਹੜੇ ਪਹਿਲਾਂ ਵੀ ਮੈਂਬਰ ਰਹਿ ਚੁੱਕੇ ਸਨ। ਪੰਜਾਬ ਵਿਚੋਂ 4 ਸੀਟਾਂ ਜਿੱਤਣ ਨਾਲ ਆਮ ਆਦਮੀ ਪਾਰਟੀ ਦੀ ਬੱਲੇ-ਬੱਲੇ ਹੋ ਗਈ। ਹੁਣ ਇਸ ਪਾਰਟੀ ਨਾਲ ਜਨਤਾ ਜੁੜਨੀ ਸ਼ੁਰੂ ਹੋ ਗਈ। ਪੰਜਾਬ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਜਿਹੜੇ ਪੰਜਾਬੀ ਬੈਠੇ ਹਨ, ਉਹ ਵੀ ਆਮ ਆਦਮੀ ਪਾਰਟੀ ਨਾਲ ਜੁੜ ਗਏ।

ਪੰਜਾਬ ਵਿਚ ਇਸ ਪਾਰਟੀ ਦਾ ਗਠਨ ਕਰ ਕੇ ਇਸ ਦੀ ਵਾਂਗਡੋਰ ਇਕ ਹੰਢੇ ਹੋਏ ਸਿਆਸਤਦਾਨ ਸ. ਸੁੱਚਾ ਸਿੰਘ ਛੋਟੇਪੁਰ ਨੂੰ ਸੌਂਪ ਦਿਤੀ ਜਿਸ ਨੇ ਰਾਤ ਦਿਨ ਇਕ ਕਰ ਕੇ ਇਸ ਪਾਰਟੀ ਨੂੰ ਸਿਖਰਾਂ ਉਤੇ ਪਹੁੰਚਾ ਦਿਤਾ। ਉਪਰੋਂ 2015 ਵਿਚ ਜਿਹੜੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਨ੍ਹਾਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ ਜਿੱਤ ਕੇ ਇਕ ਨਵਾਂ ਇਤਿਹਾਸ ਸਿਰਜ ਦਿਤਾ। ਬਸ ਫਿਰ ਕੀ ਸੀ ਕੇਜਰੀਵਾਲ ਦਾ ਹੰਕਾਰ ਸਤਵੇਂ ਅਸਮਾਨ ਉਤੇ ਪਹੁੰਚ ਗਿਆ। ਉਸ ਨੂੰ ਜਿਹੜੇ ਵੀ ਪਾਰਟੀ ਲੀਡਰ ਨੇ ਚੰਗੀ ਸਲਾਹ ਦੇਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਗਿਆ। 

ਇਧਰ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਤੋਂ ਲੋਕ ਤੰਗ ਆ ਚੁੱਕੇ ਸਨ ਜਿਸ ਨੂੰ ਉਹ ਛੇਤੀ ਤੋਂ ਛੇਤੀ ਤੁਰਦੀ ਕਰਨਾ ਚਾਹੁੰਦੇ ਸਨ। ਕਾਂਗਰਸ ਪਾਰਟੀ ਤੋਂ ਲੋਕ ਪਹਿਲਾਂ ਹੀ ਦੁਖੀ ਸਨ, ਉਹ ਚਾਹੁੰਦੇ ਸਨ ਕਿ ਕੋਈ ਤੀਜੀ ਪਾਰਟੀ ਆਵੇ ਜਿਹੜੀ ਕਾਂਗਰਸ, ਅਕਾਲੀ-ਭਾਜਪਾ ਤੋਂ ਉਨ੍ਹਾਂ ਦਾ ਖਹਿੜਾ ਛੁਡਵਾ ਸਕੇ। ਜਿਵੇਂ-ਜਿਵੇਂ 2017 ਨੇੜੇ ਆ ਰਿਹਾ ਸੀ, ਲੋਕ ਆਮ ਆਦਮੀ ਪਾਰਟੀ ਵਲ ਖਿਚੇ ਆ ਰਹੇ ਸਨ। ਲੋਕਾਂ ਨੂੰ ਜਾਪ ਰਿਹਾ ਸੀ ਇਹ ਪਾਰਟੀ ਸੂਬੇ ਦਾ ਸੁਧਾਰ ਕਰ ਸਕਦੀ ਹੈ। ਦੂਜੀਆਂ ਪਾਰਟੀਆਂ ਦੇ ਲੀਡਰ ਵੀ ਅਸਤੀਫ਼ੇ ਦੇ-ਦੇ ਧੜਾ ਧੜ ਆਪ ਵਿਚ ਸ਼ਾਮਲ ਹੋ ਰਹੇ ਸਨ।

ਸ੍ਰੀ ਛੋਟੇਪੁਰ ਦੇ ਪਾਰਟੀ ਪ੍ਰਧਾਨ ਹੋਣ ਕਾਰਨ ਲੋਕ ਉਸ ਨਾਲ ਜੁੜ ਰਹੇ ਸਨ। ਲੋਕਾਂ ਨੂੰ ਇਹੀ ਲੱਗ ਰਿਹਾ ਸੀ ਕਿ ਅਗਲੀ ਸਰਕਾਰ ਆਪ ਦੀ ਹੋਵੇਗੀ। ਸ੍ਰੀ ਛੋਟੇਪੁਰ ਦੇ ਦਿਨੋ ਦਿਨ ਤਾਕਤ ਫੜਨ ਕਾਰਨ ਕੇਂਦਰੀ ਲੀਡਰਸ਼ਿਪ ਨੂੰ ਉਹ ਚੁਭਣ ਲੱਗ ਪਿਆ ਸੀ ਜਿਸ ਨੂੰ ਉਹ ਹੁਣ ਪਾਸੇ ਕਰਨਾ ਚਾਹੁੰਦੇ ਸਨ। ਪਾਰਟੀ ਵਲੋਂ ਟਿਕਟਾਂ ਦੀ ਵੰਡ ਕਰਨ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ। ਪੰਜਾਬ ਵਿਚ ਟਿਕਟਾਂ ਦੀ ਵੰਡ ਕਰਨ ਲਈ ਦਿੱਲੀ ਅਤੇ ਯੂ.ਪੀ. ਦੇ 52 ਲੀਡਰਾਂ ਨੂੰ ਜਿਨ੍ਹਾਂ ਵਿਚ ਸ੍ਰੀ ਸੰਜੇ ਕੁਮਾਰ ਤੇ ਦੁਰਗੇਸ਼ ਪਾਠਕ ਵੀ ਸਨ, ਭੇਜ ਦਿਤਾ ਗਿਆ। ਜਦੋਂ ਇਨ੍ਹਾਂ ਲੀਡਰਾਂ ਨੇ ਪਹਿਲੀ ਲਿਸਟ ਜਾਰੀ ਕੀਤੀ ਤਾਂ ਸ੍ਰੀ ਛੋਟੇਪੁਰ ਨੂੰ ਪੁਛਿਆ ਵੀ ਨਾ ਗਿਆ।

ਸਗੋਂ ਉਸ ਉਤੇ ਪੈਸੇ ਲੈਣ ਦਾ ਇਲਜ਼ਾਮ ਲਗਾ ਦਿਤਾ ਗਿਆ। ਅਖ਼ੀਰ ਵਿਚ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਗਿਆ। ਜਿਉਂ ਹੀ ਸ੍ਰੀ ਛੋਟੇਪੁਰ ਨੂੰ ਪਾਰਟੀ ਵਿਚੋਂ ਬਾਹਰ ਕਢਿਆ ਗਿਆ ਤਾਂ ਪੰਜਾਬ ਵਿਚ ਪਾਰਟੀ ਦਾ ਗਿਰਾਫ਼ ਡਿਗਣਾ ਸ਼ੁਰੂ ਹੋ ਗਿਆ ਜਿਸ ਆਦਮੀ ਨੇ ਪਾਰਟੀ ਨੂੰ ਸਿਖਰ ਉਤੇ ਪਹੁੰਚਾਇਆ ਉਸ ਨੂੰ ਪਾਰਟੀ ਵਿਚੋਂ ਬਾਹਰ ਕੱਢ ਕੇ ਉਸ ਨਾਲ ਵਿਸਵਾਸ਼ਘਾਤ ਕੀਤਾ ਗਿਆ ਪਰ ਅਫ਼ਸੋਸ ਜਿਹੜੇ ਸੰਜੇ ਤੇ ਦੁਰਗੇਸ਼ ਪਾਠਕ ਤੇ ਪੈਸੇ ਇਕੱਠੇ ਕਰਨ ਤੇ ਨਾਰੀ ਸ਼ੋਸ਼ਣ ਦੇ ਦੋਸ਼ ਲੱਗੇ ਉਨ੍ਹਾਂ ਦਾ ਵਾਲ ਵੀ ਵਿੰਗਾ ਨਾ ਹੋਇਆ।

ਜਿਹੜੇ 52 ਉਮੀਦਵਾਰ ਦਿੱਲੀ ਤੇ ਯੂ.ਪੀ. ਵਿਚੋਂ ਭੇਜੇ ਗਏ, ਉਨ੍ਹਾਂ ਬਾਰੇ ਕਿਹਾ ਗਿਆ ਕਿ ਇਹ ਪੰਜਾਬ ਦੇ ਲੀਡਰਾਂ ਨੂੰ ਸਿਆਸਤ ਦੇ ਗੁਰ ਦਸਣਗੇ। ਅਸਲ ਵਿਚ ਕੇਜਰੀਵਾਲ ਨੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਿਆ। ਜੇਕਰ ਉਨ੍ਹਾਂ ਨੇ ਸਿੱਖਾਂ ਦਾ ਇਤਿਹਾਸ ਪੜ੍ਹਿਆ ਹੁੰਦਾ ਤਾਂ ਉਸ ਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਵੇਲੇ ਰਾਜ ਕੀਤਾ ਜਦੋਂ ਮੁਗ਼ਲਾਂ ਦਾ ਡਰ ਏਨਾ ਸੀ ਕਿ ਕੋਈ ਬੋਲ ਵੀ ਨਹੀਂ ਸੀ ਸਕਦਾ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲੋਹਗੜ੍ਹ ਨੂੰ ਸਿੱਖਾਂ ਦੀ ਰਾਜਧਾਨੀ ਬਣਾਇਆ। ਸੱਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿਤੇ।

ਇਥੇ ਹੀ ਬਸ ਨਹੀਂ, ਮਹਾਰਾਜਾ ਰਣਜੀਤ ਸਿੰਘ ਨੇ ਮੁਗਲਾਂ ਨੂੰ ਉਨ੍ਹਾਂ ਦੇ ਘਰ ਵਿਚ ਹੀ ਹਰਾ ਕੇ ਰਾਜ ਸਥਾਪਤ ਕੀਤਾ, ਜਿਸ ਦੀਆਂ ਹੱਦਾਂ  ਅਫ਼ਗਾਨਿਸਤਾਨ ਤਕ ਫੈਲੀਆਂ ਹੋਈਆਂ ਸਨ ਜਿਹੜੇ ਮਹਾਰਾਜਾ ਦੇ ਰਾਜ ਵਿਚ ਸੂਰਜ ਨਹੀਂ ਛਿਪਦਾ ਸੀ, ਉਸ ਵਲ ਕਦੇ ਕਿਸੇ ਨੇ ਪੰਜਾਬ ਵਲ ਅੱਖ ਚੁੱਕ ਕੇ ਵੀ ਨਹੀਂ ਸੀ ਵੇਖਿਆ। ਅਸਲ ਵਿਚ ਸਿੱਖ ਤਾਂ ਰੋਜ਼ ਹੀ ਅਪਣੀ ਅਰਦਾਸ ਵਿਚ 'ਰਾਜ ਕਰੇਗਾ ਖ਼ਾਲਸਾ' ਦੋਹਰਾ ਪੜ੍ਹਦੇ ਹਨ। ਪਹਿਲਾਂ ਵੀ ਕੇਜਰੀਵਾਲ ਦੀ ਗ਼ਲਤੀ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਲੈ ਬੈਠੀ ਸੀ। ਜੇਕਰ ਪਾਰਟੀ ਸ੍ਰੀ ਛੋਟੇਪੁਰ ਨੂੰ ਪਾਰਟੀ ਵਿਚੋਂ ਨਾ ਕਢਦੀ ਤਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ ਸੀ।

ਜਦੋਂ ਚੋਣਾਂ ਦਾ ਨਤੀਜਾ ਆਇਆ ਤਾਂ ਆਪ ਪਾਰਟੀ ਸਿਰਫ਼ 20 ਸੀਟਾਂ ਹੀ ਪ੍ਰਾਪਤ ਕਰ ਸਕੀ। ਉਨ੍ਹਾਂ 20 ਵਿਚੋਂ ਸਿਰਫ਼ ਸ. ਖਹਿਰਾ ਸੀ ਜਿਹੜੇ ਪਹਿਲਾਂ ਵੀ ਐਮ.ਐਲ.ਏਜ਼ ਰਹਿ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਨੂੰ ਸਿਆਸਤ ਦੀਆਂ ਸਾਰੀਆਂ ਗੁੰਝਲਾਂ ਦਾ ਪਤਾ ਸੀ। ਭਾਵੇਂ ਬਾਕੀ ਐਮ.ਐਲ.ਏਜ਼ ਵਿਚੋਂ ਸ. ਕੰਵਰ ਸਿੰਘ ਸੰਧੂ ਹਰਵਿੰਦਰ ਸਿੰਘ ਫੂਲਕਾ ਅਤੇ ਹੋਰ ਸਿਆਣੇ ਲੋਕ ਵੀ ਹਨ। ਆਦਮੀ ਭਾਵੇਂ ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ ਪਰ ਤਜਰਬਾ ਆਦਮੀ ਦੀ ਕਾਮਯਾਬੀ ਵਿਚ ਵੱਡਾ ਰੋਲ ਅਦਾ ਕਰਦਾ ਹੈ। ਤਜਰਬੇ ਸਾਹਮਣੇ ਵਿਦਿਅਕ ਯੋਗਤਾ ਫ਼ੇਲ੍ਹ ਹੋ ਜਾਂਦੀ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਰੁਤਬਾ ਆਪ ਪਾਰਟੀ ਕੋਲ ਆ ਗਿਆ।

ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿਚ ਪਹਿਲਾਂ ਸ. ਫੂਲਕਾ ਅੱਗੇ ਆਏ। ਪਰ ਉਹ ਛੇਤੀ ਹੀ ਅਸਤੀਫ਼ਾ ਦੇ ਕੇ ਦਿੱਲੀ ਚਲੇ ਗਏ। ਉਸ ਤੋਂ ਬਾਅਦ ਇਹ ਅਹੁਦਾ ਸ. ਖਹਿਰਾ ਦੇ ਹਿਸੇ ਆਇਆ ਕਿਉਂਕਿ ਸ. ਖਹਿਰਾ ਨੂੰ ਸਿਆਸਤ ਗੁੜ੍ਹਤੀ ਵਿਚ ਮਿਲੀ ਹੈ। ਇਸ ਤੋਂ ਇਲਾਵਾ ਉਹ ਦੋ ਵਾਰ ਪਹਿਲਾਂ ਵੀ ਐਮ.ਐਲ.ਏ ਰਹਿ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਨੂੰ ਸਿਆਸਤ ਦਾਅ ਪੇਚਾਂ ਦਾ ਪਤਾ ਸੀ। ਉਹ ਇਕ ਤੇਜ਼ ਤਰਾਰ ਨੇਤਾ ਵਜੋਂ ਜਾਣੇ ਜਾਂਦੇ ਹਨ।

ਜਿਸ ਤਰ੍ਹਾਂ ਉਨ੍ਹਾਂ ਨੇ ਵਿਧਾਨ ਸਭਾ ਤੇ ਵਿਧਾਨ ਸਭਾ ਤੋਂ ਬਾਹਰ ਸਰਕਾਰ ਅਤੇ ਸਾਬਕਾ ਸਰਕਾਰ ਦੇ ਕੀਤੇ ਕੰਮਾਂ ਨੂੰ ਬੇਨਕਾਬ ਕੀਤਾ, ਉਸ ਨਾਲ ਉਨ੍ਹਾਂ ਦਾ ਲੋਕਾਂ ਵਿਚ ਕੱਦ ਬਹੁਤ ਵੱਧ ਗਿਆ ਹੈ ਜਿਸ ਕਾਰਨ ਕਾਂਗਰਸ ਪਾਰਟੀ, ਅਕਾਲੀ-ਭਾਜਪਾ ਵਾਲੇ ਉਸ ਨਾਲ ਖਾਰ ਖਾਣ ਲੱਗ ਪਏ। ਇਹ ਪਾਰਟੀਆਂ ਨਹੀਂ ਸਨ ਚਾਹੁੰਦੀਆਂ ਕਿ ਖਹਿਰਾ ਵਿਰੋਧੀ ਧਿਰ ਦਾ ਨੇਤਾ ਰਹੇ। ਪਹਿਲਾਂ ਉਨ੍ਹਾਂ ਨੇ ਖਹਿਰਾ ਨੂੰ ਨਸ਼ਿਆਂ ਦੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਹ ਦੇਸ਼ ਦੀ  ਸਰਵਉੱਚ ਅਦਾਲਤ ਤਕ ਲੈ ਕੇ ਗਏ ਜਿਥੇ ਜਾ ਕੇ ਉਸ ਨੂੰ ਕੁੱਝ ਰਾਹਤ ਮਿਲੀ।

ਕੁੱਝ ਦਿਨ ਪਹਿਲਾਂ ਮੀਡੀਆ ਵਾਲਿਆਂ ਨੇ ਖਹਿਰਾ ਨੂੰ ਪੁਛਿਆ ਕਿ ਜਿਹੜਾ 2020 ਵਿਚ ਸਿੱਖ ਰੈਫਰੰਡਮ ਦਾ ਰੌਲਾ ਪੈ ਰਿਹਾ ਹੈ, ਇਸ ਬਾਰੇ ਉਨ੍ਹਾਂ ਦਾ ਕੀ ਵਿਚਾਰ ਹੈ? ਉਨ੍ਹਾਂ ਨੇ ਸਿਰਫ਼ ਏਨਾ ਕਿਹਾ ਕਿ ਜੇਕਰ ਸਿੱਖ ਰੈਫ਼ਰੰਡਮ ਦੀ ਗੱਲ ਚਲ ਰਹੀ ਹੈ ਤਾਂ ਇਸ ਲਈ ਦੋਸ਼ੀ ਸਮੇਂ ਦੀਆਂ ਸਰਕਾਰਾਂ ਹਨ ਜਿਨ੍ਹਾਂ ਨੇ ਸਿੱਖਾਂ ਨਾਲ ਜ਼ਿਆਦਤੀਆਂ ਕੀਤੀਆਂ ਹਨ। ਉਨ੍ਹਾਂ ਨੇ ਕਦੇ ਵੀ ਰੈਫ਼ਰੰਡਮ ਦੇ ਹੱਕ ਵਿਚ ਗੱਲ ਨਹੀਂ ਕੀਤੀ ਪਰ ਮੀਡੀਏ ਨੇ ਏਨਾ ਚੁਕਿਆ ਕਿ ਸਿਆਸੀ ਲੀਡਰ ਉਸ ਤੋਂ ਅਸਤੀਫ਼ੇ ਦੀ ਮੰਗ ਕਰਨ ਲੱਗ ਪਏ।

ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀ ਤਾਂ ਪਹਿਲਾਂ ਹੀ ਔਖੀ ਸੀ ਪਰ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੀ ਉਸ ਦੀ ਵਧਦੀ ਤਾਕਤ ਨੂੰ ਬਰਦਾਸ਼ਤ ਨਹੀਂ ਕਰ ਰਹੀ ਸੀ ਕਿਉਂਕਿ ਆਪ ਦੀ ਕੇਂਦਰੀ ਲੀਡਰਸ਼ਿਪ ਇਹ ਨਹੀਂ ਚਾਹੁੰਦੀ ਕਿ ਕੋਈ ਉਮੀਦਵਾਰ ਉਨ੍ਹਾਂ ਦੇ ਬਰਾਬਰ ਦਾ ਹੋ ਜਾਵੇ। ਜਦੋਂ ਪਿੱਛੇ ਜਹੇ ਸ੍ਰੀ ਕੇਜਰੀਵਾਲ ਨੇ ਸ. ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੀ ਸੀ, ਉਸ ਵੇਲੇ ਸ੍ਰੀ ਖਹਿਰਾ ਨੇ ਉਸ ਦਾ ਵਿਰੋਧ ਕੀਤਾ ਸੀ ਜਿਸ ਕਾਰਨ ਕੇਂਦਰੀ ਲੀਡਰਸ਼ਿਪ ਉਸ ਤੋਂ ਔਖੀ ਸੀ। 

ਪਹਿਲਾਂ ਸ੍ਰੀ ਛੋਟੇਪੁਰ ਨੂੰ ਬਾਹਰ ਕੱਢ ਦਿਤਾ ਗਿਆ, ਹੁਣ ਜਿਸ ਤਰ੍ਹਾਂ ਖਹਿਰਾ ਨੂੰ ਟਵੀਟ ਕਰ ਕੇ ਅਹੁਦੇ ਤੋਂ ਲਾਹ ਦਿਤਾ ਗਿਆ ਹੈ, ਆਮ ਆਦਮੀ ਪਾਰਟੀ ਵਾਸਤੇ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ। ਆਖ਼ਰਕਾਰ ਉਹ ਵਿਰੋਧੀ ਧਿਰ ਦਾ ਨੇਤਾ ਸੀ ਉਹ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਸੀ। ਇਹ ਸਿਰਫ਼ ਸ੍ਰੀ ਖਹਿਰਾ ਲਈ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਲਈ ਵੀ ਨਮੋਸ਼ੀ ਵਾਲੀ ਗੱਲ ਹੈ। ਅਸਲ ਵਿਚ ਸਾਡੇ ਲੋਕਾਂ ਦੀ ਆਦਤ ਬਣ ਚੁੱਕੀ ਹੈ ਕਿ ਜਦੋਂ ਦੂਜੇ ਦੇ ਘਰ ਨੂੰ ਅੱਗ ਲਗਦੀ ਹੈ ਤਾਂ ਅਸੀ ਤਮਾਸ਼ਾ ਵੇਖਦੇ ਰਹਿੰਦੇ ਹਾਂ ਪਰ ਜਦੋਂ ਉਹੀ ਅੱਗ ਸਾਡੇ ਅਪਣੇ ਘਰ ਨੂੰ ਲਗਦੀ ਹੈ ਤਾਂ ਫਿਰ ਸਾਨੂੰ ਪਤਾ ਲਗਦਾ ਹੈ।

ਚਾਹੀਦਾ ਤਾਂ ਇਹ ਸੀ ਕਿ ਜਦੋਂ ਛੋਟੇਪੁਰ ਨੂੰ ਕਢਿਆ ਗਿਆ ਸੀ ਤਾਂ ਉਸ ਦੇ ਨਾਲ ਸਾਰੀ ਪਾਰਟੀ ਖੜੀ ਹੁੰਦੀ ਤਾਕਿ ਦਿੱਲੀ ਬੈਠੀ ਲੀਡਰਸ਼ਿਪ ਨੂੰ ਮੂੰਹ ਦੀ ਖਾਣੀ ਪੈਂਦੀ ਪਰ ਸਾਡੇ ਲੋਕਾਂ ਵਿਚ ਤਾਂ ਕੁਰਸੀ ਦੀ ਭੁੱਖ ਏਨੀ ਜ਼ਿਆਦਾ ਹੈ ਕਿ ਅਸੀ ਲਾਈਨ ਬਣਾ ਕੇ ਖਲੋਤੇ ਹੋਵਾਂਗੇ। ਛੋਟੇਪੁਰ ਨੂੰ ਕੱਢ ਕੇ ਵਿਧਾਨ ਸਭਾ ਚੋਣਾਂ ਹਾਰੀਆਂ ਸਨ, ਹੁਣ ਸੰਸਦ ਦੀਆਂ ਚੋਣਾਂ ਹਾਰਨਗੇ। ਮੈਨੂੰ ਇਹ ਲਿਖਣ ਵਿਚ ਵੀ ਕੋਈ ਝਿਜਕ ਨਹੀਂ ਕਿ ਕਈ ਵਾਰ ਬਹੁਤ ਤੇਜ਼ ਤਰਾਰੀ ਵੀ ਆਦਮੀ ਦੀ ਦੁਸ਼ਮਣ ਬਣ ਜਾਂਦੀ ਹੈ ਜਿਸ ਦੀ ਮਿਸਾਲ ਸਾਡੇ ਸਾਹਮਣੇ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਸ੍ਰੀ ਕੇਜਰੀਵਾਲ ਹਰ ਇਕ ਨੂੰ ਟਿਚ ਜਾਣਨ ਲੱਗ ਪਿਆ

ਜਿਸ ਕਾਰਨ ਅਦਾਲਤਾਂ ਵਿਚ ਉਸ ਵਿਰੁਧ ਕਈ ਕੇਸ ਹੋ ਗਏ। ਬਾਅਦ ਵਿਚ ਮਾਫ਼ੀਆਂ ਮੰਗ ਕੇ ਜਾਨ ਛੁਡਵਾਈ। ਹਰ ਕੋਈ ਇਕੱਲਾ ਵੱਡਾ ਨਹੀਂ ਹੁੰਦਾ ਪਾਰਟੀ ਨਾਲ ਵੱਡਾ ਹੁੰਦਾ ਹੈ। ਸਾਡੇ ਪੰਜਾਬ ਦੇ ਲੈਂਡਿੰਗ ਲੀਡਰ ਬਹੁਤੀ ਤੇਜ਼ ਤਰਾਰੀ ਦਾ ਸੰਤਾਪ ਭੋਗ ਰਹੇ ਹਨ। ਅੱਜ ਆਮ ਆਦਮੀ ਪਾਰਟੀ ਵਿਚ ਆ ਰਹੇ ਨਿਘਾਰ ਕਾਰਨ ਪੰਜਾਬ ਦੇ ਲੋਕ ਹੀ ਨਿਰਾਸ਼ ਨਹੀਂ ਹੋਏ ਸਗੋਂ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਨਿਰਾਸ਼ ਹਨ। 

ਅਪਣੀ ਗ਼ਲਤੀ ਲੁਕਾਉਣ ਲਈ ਕੇਜਰੀਵਾਲ ਹੁਣ ਪੰਜਾਬ ਵਿਚ ਦਲਿਤ ਤੇ ਗ਼ੈਰ-ਦਲਿਤ ਦਾ ਪੱਤਾ ਖੇਡ ਰਿਹਾ ਹੈ। ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਕ ਦਲਿਤ ਨੂੰ ਪਾਰਟੀ ਦਾ ਨੇਤਾ ਬਣਾਉਣ ਨਾਲ ਉਹ ਪੰਜਾਬ ਵਿਚ ਚੋਣ ਨਹੀਂ ਜਿੱਤ ਸਕਦਾ। ਜੇਕਰ ਦਲਿਤ ਦੇ ਨੇਤਾ ਬਣਨ ਨਾਲ ਚੋਣ ਜਿੱਤੀ ਜਾ ਸਕਦੀ ਹੁੰਦੀ ਤਾਂ ਪੰਜਾਬ ਵਿਚ ਬੀ.ਐਸ.ਪੀ. ਕਦੇ ਵੀ ਨਾ ਹਾਰਦੀ ਕਿਉਂਕਿ ਉਸ ਦਾ ਪਾਰਟੀ ਪ੍ਰਧਾਨ ਹਮੇਸ਼ਾ ਹੀ ਦਲਿਤ ਰਿਹਾ ਹੈ। ਪੰਜਾਬ ਦੇ ਲੋਕ ਬਹੁਤ ਸਿਆਣੇ ਹਨ, ਉਹ ਦਲਿਤ ਤੇ ਗ਼ੈਰ ਦਲਿਤ ਵਿਚ ਨਹੀਂ ਪੈਂਦੇ।   ਸੰਪਰਕ : 94646-96083

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement