ਅਪਣੀ ਮਾਂ ਬੋਲੀ ਦੀ ਕੋਈ ਰੀਸ ਨਹੀਂ...
Published : Sep 30, 2023, 11:16 am IST
Updated : Sep 30, 2023, 11:34 am IST
SHARE ARTICLE
 Image: For representation purpose only.
Image: For representation purpose only.

ਹਰ ਭਾਸ਼ਾ ਦੀ ਇਕ ਲਿਪੀ ਹੁੰਦੀ ਹੈ। ਲਿਪੀ ਕਿਸੇ ਭਾਸ਼ਾ ਨੂੰ ਲਕੀਰਾਂ ਵਿਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ।

 

ਸਣੇ ਮੇਰੇ ਹਰ ਇਨਸਾਨ ਨੂੰ ਅਪਣੀ ਮਾਂ ਬੋਲੀ ਦੁਨੀਆਂ ਭਰ ਦੀਆਂ ਸਮੁੱਚੀਆਂ ਮਾਂ ਬੋਲੀਆਂ ਵਿਚੋਂ ਸਭ ਤੋਂ ਵੱਧ ਪਿਆਰੀ ਤੇ ਮਿੱਠੀ ਲਗਦੀ ਹੈ। ਲਗਣੀ ਵੀ ਚਾਹੀਦੀ ਹੈ, ਆਖ਼ਰ ਇਹ ਸਾਡੀ ਮਾਂ ਬੋਲੀ ਹੈ। ਪਰਿਭਾਸ਼ਾ ਅਨੁਸਾਰ ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਹੀ ਅਪਣੀ ਮਾਂ ਤੋਂ ਸਿਖਦਾ ਹੈ, ਜਿਸ ਨੂੰ ਉਹ ਸੱਭ ਤੋਂ ਵੱਧ ਚੰਗੀ ਤਰ੍ਹਾਂ ਜਾਣਦਾ, ਸਮਝਦਾ ਹੈ, ਮਾਣਦਾ ਹੈ ਤੇ ਮਹਿਸੂਸ ਕਰਦਾ ਹੈ। ਮਾਂ-ਬੋਲੀ ਰਾਹੀਂ ਅਸੀਂ ਅਪਣੇ  ਵਿਚਾਰਾਂ, ਲੋੜਾਂ, ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਾਂ, ਸਿਰਜਣਾਤਮਕਤਾ ਤੇ  ਮੌਲਿਕਤਾ ਦੀ ਗਵਾਹੀ ਦਿੰਦੇ ਹਾਂ। ਹੋਰਨਾਂ ਦੀਆਂ ਸੁਣਦੇ ਹਾਂ ਤੇ ਅਪਣੀਆਂ ਸਣਾਉਂਦੇ ਹਾਂ। ਅਪਣਾ ਮਾਨਸਕ, ਸਮਾਜਕ ਤੇ ਭਾਵਨਾਤਮਕ ਵਿਕਾਸ ਵੀ ਕਰਦੇ ਹਾਂ।

ਹਰ ਭਾਸ਼ਾ ਦੀ ਅਪਣੀ ਵਿਆਕਰਣ ਹੁੰਦੀ ਹੈ। ਕਿਸੇ ਵੀ ਭਾਸ਼ਾ ਦੇ ਅੰਗ ਪ੍ਰਤਿਅੰਗ ਦਾ ਵਿਸ਼ਲੇਸਣ ਅਤੇ ਵਿਵੇਚਨ ਨੂੰ ਵਿਆਕਰਣ ਕਿਹਾ ਜਾਂਦਾ ਹੈ। ਵਿਆਕਰਣ ਉਹ ਵਿਦਿਆ ਹੈ ਜਿਸ ਦੁਆਰਾ ਇਨਸਾਨ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਬੋਲਣਾ, ਸ਼ੁੱਧ ਪੜ੍ਹਨਾ ਅਤੇ ਸ਼ੁੱਧ ਲਿਖਣਾ ਸਿਖਦਾ ਹੈ। ਕਿਸੇ ਵੀ ਭਾਸ਼ਾ ਦੇ ਲਿਖਣ, ਪੜ੍ਹਨ ਅਤੇ ਬੋਲਣ ਦੇ ਨਿਰਧਾਰਤ ਨਿਯਮ ਹੁੰਦੇ ਹਨ। ਭਾਸ਼ਾ ਦੀ ਸ਼ੁਧਤਾ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ।
ਹਰ ਭਾਸ਼ਾ ਦੀ ਇਕ ਲਿਪੀ ਹੁੰਦੀ ਹੈ। ਲਿਪੀ ਕਿਸੇ ਭਾਸ਼ਾ ਨੂੰ ਲਕੀਰਾਂ ਵਿਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ। ਦੂਜੇ ਸ਼ਬਦਾਂ ਵਿਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿਚ ਉਲੀਕਣ ਦਾ ਇਕ ਤਰੀਕਾ ਹੁੰਦਾ ਹੈ। ਜਿੱਥੇ ਭਾਸ਼ਾ ਇਨਸਾਨ ਦੇ ਭਾਵਾਂ ਦੀ ਪੁਸ਼ਾਕ ਹੈ, ਉੱਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਨ੍ਹਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸ ਨੇ ਇਨਸਾਨੀ ਸਭਿਅਤਾ ਦੀ ਉਨਤੀ ਵਿਚ ਭਾਰੀ ਹਿੱਸਾ ਪਾਇਆ ਹੈ।

ਪੰਜਾਬੀ ਭਾਸ਼ਾ ਦੀਆਂ ਦੋ ਮੁੱਖ ਲਿਪੀਆਂ ਹਨ, ਗੁਰਮੁਖੀ ਲਿਪੀ ਤੇ ਸ਼ਾਹਮੁਖੀ ਲਿਪੀ।
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਹਨ। ਭਾਰਤ ਤੇ ਹੋਰ ਦੇਸ਼ਾਂ ਵਿਚ ਭਾਰਤੀ ਮੂਲ ਦੇ ਪੰਜਾਬੀ ਇਸ ਨੂੰ ਗੁਰਮੁਖੀ ਵਿਚ ਲਿਖਦੇ ਹਨ। ਪੰਜਾਬੀ ਭਾਸ਼ਾ ਦੀ ਇਹ ਬਦਕਿਸਮਤੀ ਹੀ ਸਮਝੋ ਕਿ ਇਸ ਨੂੰ ਬੋਲਣ ਅਤੇ ਲਿਖਣ ਵਾਲੇ ਵੀ ਵੰਡੇ ਗਏ ਹਨ।
ਪਾਕਿਸਤਾਨ (ਲਹਿੰਦੇ ਪੰਜਾਬ) ਵਿਚ ਪੰਜਾਬੀ ਮਾਂ ਬੋਲੀ ਨੂੰ ਸ਼ਾਹਮੁਖੀ ਲਿਪੀ ਦੇ ਰੂਪ ਵਿਚ ਲਿਖਿਆ ਜਾਂਦਾ ਹੈ।
ਅੱਜਕਲ ਸੋਸ਼ਲ ਮਿਡੀਆ ਦਾ ਜ਼ਮਾਨਾ ਹੈ। ਇਸ ਦੇ ਜਿੰਨੇ ਨੁਕਸਾਨ ਹਨ, ਓਨੇ ਹੀ ਫ਼ਾਇਦੇ ਵੀ ਹਨ। ਪਿੱਛੇ ਜਿਹੇ ਵਟਸਐਪ ਰਾਹੀਂ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਇਕ ਬਿਜਲਈ ਸੁਨੇਹਾ ਪੜ੍ਹਨ ਨੂੰ ਮਿਲਿਆ ਜਿਸ ਨੂੰ ਪੜ੍ਹ ਕੇ ਮਨ ਬਾਗ਼ੋਬਾਗ਼ ਹੋ ਗਿਆ। ਸੁਨੇਹੇ ਵਿਚ ਪੰਜਾਬੀ ਤੇ ਹਿੰਦੀ ਬੋਲੀ ਦੀ ਤੁਲਨਾ ਕੀਤੀ ਗਈ ਸੀ।

ਸੁਨੇਹੇ ਵਿਚ ਲਿਖਿਆ ਗਿਆ ਸੀ ਕਿ ਪੰਜਾਬੀ ਇਕ ਸੰਪੂਰਨ ਬੋਲੀ ਹੈ ਜਿਸ ਵਿਚ ਹਰ ਪ੍ਰਕਾਰ ਦੀ ਗੱਲ ਨੂੰ ਪ੍ਰਗਟ ਕਰਨ ਲਈ ਅਥਾਹ ਸਮਰੱਥਾ ਹੈ। ਪੰਜਾਬੀ ਬੋਲੀ ਵਿਚ ‘ਕਿਰਿਆਵਾਂ’ ਦੀ ਬਹੁਤਾਤ ਹੈ  ਜਿਵੇਂ ਕਿ ਹਿੰਦੀ ਵਿਚ ਕਹਿਣਗੇ- (1) ਰਾਮ ਨੇ ਸ਼ਾਮ ਕੇ ਬਾਲ ਕਾਟ ਦੀਏ। (2) ਸ਼ਾਮ ਨੇ ਖ਼ਰਬੂਜ਼ਾ ਕਾਟ ਦੀਆ। (3) ਚੂਹੇ ਨੇ ਰੱਸੀ ਕਾਟ ਦੀ। (4) ਗੀਤਾ ਨੇ ਸੀਤਾ ਕੀ ਬਾਤ ਕਾਟ ਦੀ। (5) ਗੋਪਾਲ ਕੋ ਕੁੱਤੇ ਨੇ ਕਾਟ ਲੀਆ। (6) ਗੋਪੀ ਕੋ ਸਾਂਪ ਨੇ ਕਾਟ ਲੀਆ।
ਇੰਝ ਅਸੀਂ ਕਹਿ ਸਕਦੇ ਹਾਂ ਕਿ ਉਪਰ ਦਿਤੇ ਉਦਾਹਰਣ ਵਾਕਾਂ ਵਿਚ ਹਿੰਦੀ ਭਾਸ਼ਾ ਵਿਚ ਬਹੁਤ ਸਾਰੀਆਂ ਕਿਰਿਆਵਾਂ ਲਈ ਇਕੋ ਸ਼ਬਦ ‘ਕਾਟਨਾ’ ਹੈ। ਹਰ ਵਾਕ ਵਿਚ ‘ਕਾਟਨਾ’ ਸ਼ਬਦ ਵਰਤਿਆ ਗਿਆ ਹੈ ਪਰ ਪੰਜਾਬੀ ਵਿਚ ਉਪਰਲੇ ਸਾਰੇ ਵਾਕਾਂ ਵਾਸਤੇ ਹਰ ਕਿਰਿਆ ਲਈ ਇਕ ਵਖਰਾ, ਮੁਕੰਮਲ ਤੇ ਸਮਰੱਥ ਸ਼ਬਦ ਮਿਲਦਾ ਹੈ।

ਜਿਵੇਂ ਕਿ  (1) ਰਾਮ ਨੇ ਸ਼ਾਮ ਦੇ ਵਾਲ ਮੁੰਨ ਦਿਤੇ (ਵਾਲ ਕੱਟੇ ਨਹੀ ਜਾਂਦੇ, ਮੁੰਨੇ ਜਾਂਦੇ ਨੇ, ਮੁੰਨਣਾ ਕਿਰਿਆ ਹੈ) (2) ਸ਼ਾਮ ਨੇ ਖ਼ਰਬੂਜ਼ਾ ਚੀਰ ਦਿਤਾ (ਖਰਬੂਜ਼ਾ ਕਟਿਆ ਨਹੀਂ ਜਾਂਦਾ, ਚੀਰਿਆ ਜਾਂਦਾ ਹੈ, ਚੀਰਨਾ ਕਿਰਿਆ ਹੈ)। (3) ਚੂਹੇ ਨੇ ਰੱਸੀ ਟੁੱਕ ਦਿਤੀ (ਰੱਸੀ ਕੱਟੀ ਨਹੀਂ ਜਾਂਦੀ, ਟੁੱਕੀ ਜਾਂਦੀ ਹੈ, ਟੁਕਣਾ ਕਿਰਿਆ ਹੈ)। (4) ਗੀਤਾ ਨੇ ਸੀਤਾ ਦੀ ਗੱਲ ਟੋਕ ਦਿਤੀ (ਗੱਲ ਕੱਟੀ ਨਹੀਂ ਜਾਂਦੀ, ਟੋਕੀ ਜਾਂਦੀ ਹੈ, ਟੋਕਣਾ ਕਿਰਿਆ ਹੈ)। (5) ਗੋਪਾਲ ਨੂੰ ਕੁੱਤੇ ਨੇ ਵੱਢ ਲਿਆ (ਕੁੱਤਾ ਕਟਦਾ ਨਹੀਂ, ਵਢਦਾ ਹੈ, ਵਢਣਾ ਕਿਰਿਆ ਹੈ)। (6) ਗੋਪਾਲ ਨੂੰ ਸੱਪ ਨੇ ਡੰਗ ਲਿਆ (ਸੱਪ ਡੰਗਦਾ ਹੈ, ਕਟਦਾ ਨਹੀ, ਡੰਗਣਾ ਕਿਰਿਆ ਹੈ)।
ਸੋ ਇੰਝ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਨ੍ਹਾਂ ਰਾਹੀਂ ਇਹ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਇਕ ਬਹੁਤ ਹੀ ਅਮੀਰ ਭਾਸ਼ਾ ਹੈ। ਇਸ ਵਿਚ ਅਣਗਿਣਤ ਐਸੇ ਸ਼ਬਦ ਹਨ ਜਿਨ੍ਹਾਂ ਦਾ ਹਿੰਦੀ ਜਾਂ ਹੋਰ ਭਾਸ਼ਾਵਾਂ ਜਿਵੇਂ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਨਹੀਂ ਕੀਤਾ ਜਾ ਸਕਦਾ। ਕੁੱਝ ਸ਼ਬਦ ਜਿਵੇਂ ਭੰਬਲਭੂਸਾ, ਭੰਬੂਤਾਰੇ ਆਦਿ। ਇਸੇ ਤਰ੍ਹਾਂ ਸਾਡੀ ਮਾਂ ਬੋਲੀ ਦੀਆਂ ਕੁੱਝ ਧੁਨੀਆਂ ਦਾ ਦੂਸਰੀਆਂ ਬੋਲੀਆਂ ਵਿਚ ਵਿਕਲਪ ਨਹੀਂ ਮਿਲਦਾ। ਜਿਵੇਂ ਕਿ ਣ, ਭ, ਙ ਆਦਿ ਅੱਖਰਾਂ ਦੀਆਂ ਧੁਨੀਆਂ।

ਪਰ ਅਫ਼ਸੋਸ ਕਿ ਪੰਜਾਬੀ ਮਾਂ ਬੋਲੀ ਵਰਗੀ ਅਮੀਰ ਬੋਲੀ ਨੂੰ ਲੋਕ ਪੇਂਡੂ ਬੋਲੀ ਆਖਦੇ ਹਨ। ਪੰਜਾਬ ਵਿਚ ਅੱਜ ਵੀ ਕਈ ਐਸੇ ਸਕੂਲ ਹਨ ਜਿੱਥੇ ਬੱਚਿਆਂ ਨੂੰ ਮਾਂ ਬੋਲੀ ਵਿਚ ਗੱਲਬਾਤ ਕਰਨ ’ਤੇ ਸਜ਼ਾਵਾਂ ਦਿਤੀਆਂ ਜਾਂਦੀਆਂ ਹਨ। ਹੋਰ ਤਾਂ ਹੋਰ ਕਈ ਲੋਕ ਅਪਣੇ ਬੱਚਿਆਂ ਨੂੰ ਘਰ ਵਿਚ ਵੀ ਮਾਂ ਬੋਲੀ ਬੋਲਣ ਤੋਂ ਵਰਜਦੇ ਹਨ।
ਪ੍ਰਸਿੱਧ ਪੁਸਤਕ ‘ਮੇਰਾ ਦਾਗ਼ਿਸਤਾਨ’ ਵਿਚ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਉਸ ਦੇ ਦੇਸ਼ ਵਿਚ ਜਦੋਂ ਕਿਸੇ ਨੂੰ ਸਭ ਤੋਂ ਵੱਡੀ ਬਦ-ਦੁਆ ਦੇਣੀ ਹੋਵੇ ਤਾਂ ਅਕਸਰ ਕਿਹਾ ਜਾਂਦਾ ਹੈ- ‘ਰੱਬ ਕਰੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।’ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜੇ ਕਿਸੇ ਨੂੰ ਉਸ ਦੇ ਅਪਣੇ ਵਿਰਸੇ, ਸਭਿਆਚਾਰ ਤੇ ਜੜ੍ਹਾਂ ਤੋਂ ਦੂਰ ਕਰਨਾ ਹੋਵੇ ਤਾਂ ਉਸ ਕੋਲੋਂ ਉਸ ਦੀ ਮਾਂ ਬੋਲੀ ਖੋਹ ਲਵੋ, ਉਹ ਅਪਣੀ ਪਛਾਣ ਹੌਲੀ-ਹੌਲੀ ਆਪੇ ਹੀ ਗੁਆ ਦੇਵੇਗਾ। ਇਸੇ ਲਈ ਕਿਸੇ ਕਵੀ ਨੇ ਕਿਹਾ ਹੈ, ‘ਮਾਂ ਬੋਲੀ ਜੇ ਭੁੱਲ ਜਾਉਗੇ ਤਾਂ ਕੱਖਾਂ ਵਾਂਗੂ ਰੁਲ ਜਾਉਗੇ।’ ਹੋ ਸਕਦਾ ਹੈ ਕੁਝ ਅਜਿਹੇ ਪੰਜਾਬੀਆਂ ਵਲੋਂ ਅਪਣੀ ਮਾਂ ਬੋਲੀ ਨਾਲ ਕੀਤੇ ਗਏ ਮਾੜੇ ਵਰਤਾਅ ਦਾ ਦਰਦ ਸ਼ਾਇਰ ਫਿਰੋਜ਼ਦੀਨ ਸ਼ਰਫ ਨੇ ਅਪਣੀਆਂ ਇਨ੍ਹਾਂ ਸਤਰਾਂ ਰਾਹੀਂ ਪੇਸ਼ ਕੀਤਾ ਹੈ :
‘ਪੁੱਛੀ ਨਾ ਸ਼ਰਫ਼ ਜਿਨ੍ਹਾਂ ਨੇ ਬਾਤ ਮੇਰੀ,
ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ’
ਨੈਲਸਨ ਮੰਡੇਲਾ ਨੇ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਨਾਲ ਉਸ ਭਾਸ਼ਾ ਵਿਚ ਗੱਲ ਕਰੋ ਜਿਸ ਨੂੰ ਉਹ ਸਮਝਦਾ ਹੈ ਤਾਂ ਉਹ ਗੱਲ ਉਸ ਦੇ ਦਿਮਾਗ਼ ਵਿਚ ਚਲੀ ਜਾਂਦੀ ਹੈ ਪਰ ਜੇਕਰ ਤੁਸੀਂ ਉਹੀ ਗੱਲ ਉਸ ਦੀ ਮਾਤ ਭਾਸ਼ਾ ਵਿਚ ਕਰੋ ਤਾਂ ਉਹ ਗੱਲ ਉਸ ਦੇ ਦਿਲ ਵਿਚ ਉਤਰ ਜਾਂਦੀ ਹੈ। ਸੋ ਦੋਸਤੋ ਵੈਸੇ ਵੀ ਸੈਂਕੜੇ ਸਾਲ ਪੁਰਾਣੀ ਭਾਸ਼ਾ, ਜਿਸ ਦੀਆਂ ਅਨੇਕਾਂ ਲਿਪੀਆਂ ਹੋਣ, ਮਹਾਨ ਕਵੀ ਅਤੇ ਮਹਾਨ ਗ੍ਰੰਥ ਹੋਣ, ਉਹ ਪਛੜੀ ਕਦੇ ਨਹੀਂ ਹੋ ਸਕਦੀ।
ਸੋ ਪੰਜਾਬੀਉ ਮਾਣ ਕਰਿਆ ਕਰੋ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ।

 

ਗੋਵਰਧਨ ਗੱਬੀ
ਮੋ : 94171-73700 
ਆਲਣ੍ਹਾ 433 ਫ਼ੇਜ਼ 9 ਮੁਹਾਲੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement