ਧਰਤੀ ਨੂੰ ਚੜ੍ਹਿਆ ਤਾਪ
Published : Jan 31, 2021, 8:05 am IST
Updated : Jan 31, 2021, 8:05 am IST
SHARE ARTICLE
Earth
Earth

ਸਮੁੱਚੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਸੰਸਾਰ ਪੱਧਰ ਉਪਰ 1861 ਤੋਂ ਬਾਅਦ 1998 ਸੱਭ ਤੋਂ ਗਰਮ ਸਾਲ ਰਿਹਾ ਹੈ।

ਨਵੀਂ ਦਿੱਲੀ: ਬ੍ਰਹਿਮੰਡ ਵਿਚ ਸੂਰਜੀ ਪਰਵਾਰ ਦੇ ਅੱਠ ਗ੍ਰਹਿਆਂ ਵਿਚੋਂ ਧਰਤੀ ਹੀ ਅਜਿਹਾ ਗ੍ਰਹਿ ਹੈ ਜਿਸ ਉੱਪਰ ਜੀਵ-ਜੰਤੂਆਂ ਅਤੇ ਪੌਦਿਆਂ ਲਈ ਲੋੜੀਂਦਾ ਵਾਤਾਵਰਣ ਪ੍ਰਬੰਧ ਉਪਲਬਧ ਹਨ। ਧਰਤੀ, ਜਿਸ ਨੂੰ ਪ੍ਰਿਥਵੀ ਅਤੇ ਨੀਲਾ ਗ੍ਰਹਿ ਆਦਿ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਸੰਸਾਰ ਪੱਧਰ ’ਤੇ ਇਸ ਦਾ ਖੇਤਰਫਲ 71 ਫ਼ੀ ਸਦੀ ਜਲ ਭਾਗ ਅਤੇ 29 ਫ਼ੀ ਸਦੀ ਥਲ ਭਾਗ ਨਾਲ ਢਕਿਆ ਹੋਇਆ ਹੈ। ਧਰਮੀ ਸਮੁੱਚੇ ਗ੍ਰਹਿਆਂ ਦੀ ਲੜੀ ਵਿਚ ਆਕਾਰ ਪਖੋਂ ਪੰਜਵੇਂ ਸਥਾਨ ’ਤੇ ਹੈ, ਜੋ ਲੰਮੇ ਸਮੇਂ ਤੋਂ ਅਪਣੀ ਹੋਂਦ ਦਾ ਇਤਿਹਾਸ ਬੁੱਕਲ ਵਿਚ ਸਾਂਭੀ, ਯੁੱਗ-ਦਰ-ਯੁੱਗ ਅਪਣੀ ਧੁਰੇ ਦੁਆਲੇ ਘੁੰਮਦੀ ਹੋਈ, ਸੂਰਜ ਦੀ ਪਰਿਕਰਮਾ ਕਰਦੀ ਅਜੋਕੇ ਦੌਰ ਵਿਚ ਪੁੱਜੀ ਹੈ। ਧਰਤੀ ਦੀ ਉਪਮਾ ਅਤੇ ਮਹੱਤਤਾ ਦੇ ਮਹਾਵਾਕ ਸਾਡੇ ਧਾਰਮਕ ਗ੍ਰੰਥਾਂ ਵਿਚ ਵੀ ਮਿਲਦੇ ਹਨ।

EarthEarth

ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ ।।
ਇਸ ਮਹਾਵਾਕ ਵਿਚ ਧਰਤੀ ਨੂੰ ਮਾਤਾ ਦੇ ਬਰਾਬਰੀ ਦਾ ਸਥਾਨ ਦਿਤਾ ਹੈ ਪਰ ਅਸੀ ਅਪਣੀ ਮਾਂ ਦੇ ਕਰਮ ਨੂੰ ਭੁੱਲ ਕੇ ਸਵਾਰਥੀ ਅਤੇ ਪਦਾਰਥਵਾਦੀ ਬਣ ਗਏ ਹਾਂ ਅਤੇ ਖੁਦ ਹੀ ਧਰਤੀ ਨੂੰ ਉਜਾੜਨ ਵਿਚ ਲਗੇ ਹੋਏ ਹਾਂ। ਅਪਣੇ ਅੰਸ਼ ਨੂੰ ਅਪਣੇ ਪਿੰਡੇ ’ਤੇ ਹੰਢਾਉਣ ਵਾਲੀ ਨਿਮਰਤਾ ਦੀ ਮੂਰਤ ਧਰਤੀ ਦੀ ਨਬਜ਼ ਵੇਖਣ ਤੋਂ ਪਤਾ ਲਗਦਾ ਹੈ ਕਿ ਇਸ ਦੇ ਪਿੰਡੇ ਨੂੰ ਧੁਰ ਅੰਦਰ ਤਕ ਲਗਾਤਾਰ ਤਾਪ ਚੜ੍ਹ ਰਿਹਾ ਹੈ। ਇਸ ਤਪਸ਼ ਦੇ ਪ੍ਰਮਾਣ ਸਾਨੂੰ ਕਦੀ ਜਵਾਲਾਮੁਖੀ ਫੁੱਟਣ ’ਤੇ, ਕਦੀ ਸੁਨਾਮੀ ਲਹਿਰਾਂ ਕਰ ਕੇ ਅਤੇ ਕਦੀ ਭੂਮੀ ਦੇ ਖਿਸਕਣ ਰਾਹੀਂ ਸਮੇਂ-ਸਮੇਂ ਤੇ ਮਿਲਦੇ ਰਹੇ ਹਨ ਪਰ ਮਨੁੱਖ ਅਪਣੀ ਲਾਲਚੀ ਪ੍ਰਵਿਰਤੀ ਕਰ ਕੇ ਧਰਤੀ ਦੇ ਪਿੰਡੇ ਨੂੰ ਅਸਹਿ ਡਿਗਰੀ ਤਕ ਤਾਪ ਚੜ੍ਹਾ ਰਿਹਾ ਹੈ, ਜਿਸ ਦੇ ਸਿੱਟੇ ਸਮੁੱਚੀ ਦੁਨੀਆਂ ਦੇ ਵਸਨੀਕ ਭੁਗਤ ਵੀ ਚੁੱਕੇ ਹਨ ਅਤੇ ਭੁਗਤ ਵੀ ਰਹੇ ਹਨ।

Earth and MoonEarth 

ਜੇਕਰ ਇਤਿਹਾਸ ਦੇ ਝਰੋਖੇ ਵਲ ਨਜ਼ਰ ਮਾਰੀਏ ਤਾਂ ਸਿੰਧੂ ਘਾਟੀ ਦੀ ਸਭਿਅਤਾ ਦਾ ਪਤਨ ਸਾਹਮਣੇ ਆਵੇਗਾ, ਜੋ ਪੂਰਨ ਤੌਰ ਮਨੁੱਖੀ ਜਾਤੀ ਦਾ ਕੁਦਰਤ ਦੇ ਵਿਧੀ-ਵਿਧਾਨ ਵਿਚ ਘੁਸਪੈਠ ਕਰਨ ਦਾ ਸਿੱਟਾ ਸਾਬਤ ਹੋਇਆ ਹੈ। ਉਹ ਦਿਨ ਦੂਰ ਨਹੀਂ ਜਦ ਧਰਤੀ ਨੂੰ ਚੜਿ੍ਹਆ ਤਾਪ, ਸਾਡੀ ਵਰਤਮਾਨ ਸਭਿਅਤਾ ਦੀ ਹੋਂਦ ਨੂੰ ਖ਼ਤਮ ਕਰਨ ਦਾ ਕਾਰਨ ਬਣੇਗਾ। ਮੇਰਾ ਇਸ਼ਾਰਾ ਧਰਤੀ ਦੇ ਲਗਾਤਾਰ ਵੱਧ ਰਹੇ ਤਾਪਮਾਨ ਵਲ ਹੈ, ਜੋ ਵਿਸ਼ਵ ਪੱਧਰ ਉੱਪਰ ਹੌਲੀ-ਹੌਲੀ ਵਧਦਾ, ਮਾਰੂ ਸਿਟਿਆਂ ਨੂੰ ਸੱਦਾ ਦੇ ਰਿਹਾ ਹੈ। ਸਾਰੇ ਸੰਸਾਰ ਦਾ ਧਰਤ ਭਾਗ ਸੱਤ ਮਹਾਂਦੀਪਾਂ ਵਿਚ ਵੰਡਿਆ ਹੋਇਆ ਹੈ, ਜਿਨ੍ਹਾਂ ਉੱਪਰ ਅੰਟਾਰਟਿਕਾ ਮਹਾਂਦੀਪ (ਬਰਫ਼ ਦਾ ਮਹਾਂਦੀਪ) ਨੂੰ ਛੱਡ ਕੇ ਬਾਕੀ ਦੇ ਛੇ ਮਹਾਂਦੀਪਾਂ ਉੱਪਰ ਲਗਪਗ 7.171 ਅਰਬ ਜਨਸੰਖਿਆ ਰਹਿੰਦੀ ਹੈ, ਜੋ 2050 ਤਕ ਅਨੁਮਾਨਤ 8.3 ਅਰਬ ਤੋਂ 10.9 ਅਰਬ ਤਕ ਹੋ ਸਕਦੀ ਹੈ। ਵੱਖ-ਵੱਖ ਭੂਗੋਲਿਕ ਸਥਿਤੀਆਂ ਕਾਰਨ ਧਰਤੀ ਉੱਪਰ ਇਕੋ ਜਿਹਾ ਵਾਯੂਮੰਡਲ ਅਤੇ ਜਲਵਾਯੂ ਨਹੀਂ ਹੈ, ਜੇਕਰ ਸੰਸਾਰ ਪੱਧਰ ’ਤੇ ਧਰਤੀ ਦਾ ਔਸਤਨ ਤਾਪਮਾਨ ਵੇਖੀਏ ਤਾਂ ਘੱਟੋ-ਘੱਟ 14 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 27 ਡਿਗਰੀ ਸੈਲਸੀਅਸ ਹੋ ਸਕਦਾ ਹੈ।

 

ਜੇਕਰ ਗੱਲ ਕਰੀਏ ਦੁਨੀਆਂ ਦੇ ਸੱਭ ਤੋਂ ਠੰਢੇ ਸਥਾਨ ਦੀ ਤਾਂ ਸਾਡੇ ਸਾਹਮਣੇ--89.2 ਡਿਗਰੀ ਸੈਲਸੀਅਸ ਤਾਪਮਾਨ ਅਤੇ ਗਰਮ ਸਥਾਨਾਂ ਵਿਚੋਂ 70.7 ਡਿਗਰੀ ਸੈਲਸੀਅਸ ਤਾਪਮਾਨ ਆਵੇਗਾ। ਸੱਭ ਤੋਂ ਗਰਮ ਸਥਾਨ ਨੂੰ ਅੱਗ ਦਾ ਦਰਿਆ ਵੀ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਜੇਕਰ ਧਰਤੀ ਦੇ ਔਸਤਨ ਤਾਪ ਦੇ ਵਾਧੇ ਦੀ ਗੱਲ ਕਰੀਏ ਤਾਂ ਸੰਸਾਰ ਪੱਧਰ ਉੱਪਰ 1950 ਤੋਂ 2001 ਤਕ 1 ਡਿਗਰੀ ਸੈਲਸੀਅਸ ਵਾਧਾ ਰਿਕਾਰਡ ਹੋਇਆ ਹੈ, ਜਿਸ ਨੇ ਵਾਯੂਮੰਡਲ ਤੋਂ 8 ਕਿਲੋਮੀਟਰ ਤਕ ਦੀ ਹਵਾ ਨੂੰ ਪਹਿਲਾਂ ਨਾਲੋਂ ਜ਼ਿਆਦਾ ਗਰਮ ਕੀਤਾ ਹੈ। ਧਰਤੀ ਦੇ ਤਾਪ ਦੇ ਵਾਧੇ ਨੇ ਸਮੁੰਦਰੀ ਤਲ ਨੂੰ ਵੀ ਪ੍ਰਭਾਵਤ ਕੀਤਾ ਹੈ। ਅਨੁਮਾਨ ਹੈ ਕਿ ਸੰਸਾਰ ਦਾ ਔਸਤ ਸਮੁੰਦਰੀ ਤਲ 1.0 ਮਿ: ਮੀ ਤੋਂ 1.5 ਮਿ: ਮੀ ਪ੍ਰਤੀ ਸਾਲ ਵਧ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿਚ 4 ਮਿ: ਮੀ ਵਧ ਜਾਵੇਗਾ। ਸਿਟੇ ਵਜੋਂ ਭਵਿੱਖ ਵਿਚ ਬਰਫ਼ ਦਾ ਮਹਾਂਦੀਪ ਅੰਟਾਰਕਟਿਕਾ, ਬਰਫ਼ ਮੁਕਤ ਹੋ ਜਾਵੇਗਾ।

ਭੂਮੀ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਸੰਨ 2100 ਈਸਵੀਂ ਤਕ ਧਰਤੀ ਦਾ ਔਸਤਨ ਤਾਪਮਾਨ 1.4 ਡਿਗਰੀ ਸੈਲਸੀਅਸ ਤੋਂ 5.8 ਡਿਗਰੀ ਸੈਲਸੀਅਸ ਤਕ ਵਧ ਜਾਵੇਗਾ। ਏਸ਼ੀਆ ਦੇ ਤਾਪਮਾਨ ਵਿਚ ਹਿਮ ਯੁੱਗ ਤੋਂ ਬਾਅਦ ਔਸਤਨ ਤਾਪਮਾਨ ਵਿਚ 8.89 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜਿਸ ਕਰ ਕੇ ਉੱਤਰੀ ਏਸ਼ੀਆ ਲਗਾਤਾਰ ਠੰਡਾ ਅਤੇ ਦੱਖਣੀ ਏਸ਼ੀਆ ਦਾ ਤਾਪ ਲਗਾਤਾਰ ਗਰਮ ਹੋ ਰਿਹਾ ਹੈ। ਭਾਰਤ ਦੱਖਣੀ ਏਸ਼ੀਆ ਵਾਲੇ ਭਾਗ ਵਿਚ ਹੋਣ ਕਰ ਕੇ ਭਾਰਤ ਦੀ ਧਰਤੀ ਦੇ ਤਾਪ ਵਿਚ ਔਸਤਨ ਨਾਲੋਂ 6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਹ ਵਾਧਾ ਕੇਵਲ ਧਰਤੀ ਦੇ ਪਿੰਡੇ (ਉਪਰਲੀ ਪਰਤ) ਵਿਚ ਹੀ ਨਹੀਂ ਬਲਕਿ ਧਰਤੀ ਦੇ ਗਰਭ (ਅੰਦਰੂਨੀ ਕੇਂਦਰੀ ਕੋਰ) ਦੇ ਤਾਪਮਾਨ ਵਿਚ ਵੀ ਵਧਿਆ ਹੈ ਜਿਸ ਨੇ ਭੂਮੀ ਦਾ ਖਿਸਕਣਾ, ਭੂਚਾਲ, ਸੁਨਾਮੀ ਅਤੇ ਜਵਾਲਾਮੁਖੀ ਨੂੰ ਜਨਮ ਦਿਤਾ ਹੈ।

ਸਮੁੱਚੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਸੰਸਾਰ ਪੱਧਰ ਉਪਰ 1861 ਤੋਂ ਬਾਅਦ 1998 ਸੱਭ ਤੋਂ ਗਰਮ ਸਾਲ ਰਿਹਾ ਹੈ। ਧਰਤੀ ਦਾ ਔਸਤਨ ਤਾਪਮਾਨ 1860 ਈ: ਵਿਚ 14.68 ਡਿਗਰੀ ਸੈਲਸੀਅਸ ਸੀ, ਜੋ 1998 ਵਿਚ ਵਧ ਕੇ 15.68 ਡਿਗਰੀ ਸੈਲਸੀਅਸ ਤਕ ਹੋ ਗਿਆ ਹੈ। ਧਰਤੀ ਨੂੰ ਚੜ੍ਹੇ ਤਾਪ ਦੀ ਤਪਸ਼ ਨਾਲ ਸਮੁੰਦਰੀ ਪਾਣੀਆਂ ਵਿਚ ਵੀ 1950 ਤੋਂ ਬਾਅਦ 300 ਮੀ: ਤਕ 0.04 ਡਿਗਰੀ ਸੈਲਸੀਅਸ ਤਾਪਮਾਨ ਦਾ ਵਾਧਾ ਹੋਇਆ ਹੈ। ਧਰਤੀ ਦੇ ਤਾਪ ਦਾ ਵਾਧਾ ਜਲ ਅਤੇ ਥਲ ਭਾਗ ਉੱਪਰ ਲਗਾਤਾਰ ਹੋ ਰਿਹਾ ਹੈ, ਜੋ ਅੱਜ ਵੀ ਜਾਰੀ ਹੈ। ਅਜੌਕੇ ਦੌਰ ਵਿਚ ਵਿਸ਼ਵ ਤਾਪਮਾਨ ਦੇ ਵਾਧੇ ਦੇ ਪ੍ਰਭਾਵ ਨਾਲ ਬਹੁਤ ਸਾਰੇ ਦੀਪ ਅਤੇ ਟਾਪੂ ਸਮੁੰਦਰੀ ਲਹਿਰਾਂ ਦੀ ਭੇਂਟ ਚੜ੍ਹ ਜਾਣਗੇ। ਸਮੁੰਦਰੀ ਜੀਵਾਂ ਦਾ ਖ਼ਾਤਮਾ ਹੋ ਜਾਵੇਗਾ ਅਤੇ ਚੱਕਰਵਾਤ ਦਾ ਵਾਧਾ ਵੀ ਔਸਤਨ ਨਾਲੋਂ ਜ਼ਿਆਦਾ ਹੋ ਜਾਵੇਗਾ ਜਿਸ ਨਾਲ ਬਹੁਤ ਸਾਰੀਆਂ ਸਭਿਅਤਾਵਾਂ ਖ਼ਤਮ ਹੋ ਜਾਣਗੀਆਂ ਅਤੇ ਆਉਣ ਵਾਲੇ 40 ਸਾਲਾਂ ਵਿਚ 90 ਫ਼ੀ ਸਦੀ ਲੋਕ ਅਪਣੇ ਨਿਵਾਸ ਸਥਾਨ ਬਦਲਣਗੇ। ਮੌਤ ਦਰ ਵਧ ਜਾਵੇਗੀ, ਅਨੁਮਾਨ ਹੈ ਕਿ ਹਰ ਸਾਲ ਸੰਸਾਰ ਪੱਧਰ ’ਤੇ ਤਿੰਨ ਲੱਖ ਮੌਤਾਂ ਹੋ ਰਹੀਆਂ ਹਨ। ਤਾਪਮਾਨ ਵਧਣ ਨਾਲ ਮਨੁੱਖੀ ਬਿਮਾਰੀਆਂ ਚਮੜੀ ਰੋਗ, ਡਾਇਰੀਆ, ਮਲੇਰੀਆ, ਡੇਂਗੂ ਆਦਿ ਵਿਚ ਵਾਧਾ ਹੋਵੇਗਾ।

ਜੇਕਰ ਆਉਣ ਵਾਲੇ ਕੁੱਝ ਸਾਲਾਂ ਵਿਚ ਧਰਤੀ ਦੀ ਤਪਸ ਵਿਚ 2 ਫ਼ੀ ਸਦੀ ਤੋਂ 3 ਫ਼ੀ ਸਦੀ ਤਕ ਦਾ ਵਾਧਾ ਹੁੰਦਾ ਹੈ ਤਾਂ ਲਗਪਗ 20 ਫ਼ੀ ਸਦੀ ਤੋਂ 30 ਫ਼ੀ ਸਦੀ ਤਕ ਪੇੜ-ਪੌਦੇ ਅਤੇ ਜੀਵ-ਜੰਤੂ ਖ਼ਤਮ ਹੋ ਜਾਣਗੇ। ਅਨੁਮਾਨ ਹੈ ਕਿ 2050 ਤਕ 10 ਲੱਖ ਪ੍ਰਜਾਤੀਆਂ ਖ਼ਤਮ ਹੋ ਜਾਣਗੀਆਂ, ਜੋ ਹਿੰਮ ਯੁੱਗ ਤੋਂ ਬਾਅਦ ਜੀਵ-ਜੰਤੂਆਂ ਦੇ ਮਰਨ ਦਾ ਛੇਵਾਂ ਵੱਡਾ ਖ਼ਾਤਮਾ ਸਿੱਧ ਹੋਵੇਗਾ। ਜੰਗਲਾਂ ਹੇਠ ਰਕਬਾ ਔਸਤਨ ਨਾਲੋਂ ਘੱਟ ਜਾਵੇਗਾ, ਜਿਸ ਨਾਲ ਮੀਥੇਨ ਗੈਸ ਦਾ ਵਾਧਾ ਹੋਵੇਗਾ, ਜਿਸ ਨਾਲ ਵਾਯੂਮੰਡਲ ਵਿਚ ਗੈਸਾਂ ਦੀ ਸੰਘਣਤਾ ਵਧੇਗੀ, ਧਰਤੀ ਉਪਰ ਕਈ ਥਾਵਾਂ ’ਤੇ ਸੋਕੇ ਵਾਲੀ ਸਥਿਤੀ ਪੈਦਾ ਹੋਵੇਗੀ ਅਤੇ ਕਈ ਥਾਵਾਂ ’ਤੇ ਵੱਧ ਵਰਖਾ ਨਾਲ ਭਾਰੀ ਨੁਕਸਾਨ ਹੋਵੇਗਾ। ਮਾਰੂਥਲੀ ਇਲਾਕਿਆਂ ਵਿਚ ਵਾਧਾ ਹੋਣ ਨਾਲ ਹਵਾ, ਪਾਣੀ ਅਤੇ ਭੋਜਨ ਦੀ ਘਾਟ ਕਾਰਨ ਭੁੱਖਮਰੀ ਵਰਗੀ ਸਥਿਤੀ ਪੈਦਾ ਹੋ ਜਾਵੇਗੀ ਜਿਸ ਨਾਲ ਖੇਤੀਬਾੜੀ, ਉਦਯੋਗ ਅਤੇ ਅਰਥ ਵਿਵਸਥਾ ਡਾਂਵਾਡੋਲ ਹੋਵੇਗੀ। ਜੇਕਰ ਵਿਸ਼ਵ ਤਾਪਮਾਨ ਦੇ ਵਾਧੇ ਦੇ ਕਾਰਨਾਂ ਦਾ ਅਧਿਐਨ ਕਰੀਏ ਤਾਂ ਧਰਤੀ ਦੀ ਵੱਧ ਰਹੀ ਤਪਸ਼ ਅਤੇ ਹੋਂਦ ਦੇ ਖ਼ਾਤਮੇ ਦੀ ਸਥਿਤੀ ਦੀ ਉਂਗਲ ਸਮੁੱਚੀ ਮਨੁੱਖ ਜਾਤੀ ਵਲ ਉਠੇਗੀ। ਦਿਨੋ-ਦਿਨ ਵਧਦੀ ਜਨਸੰਖਿਆ ਕਾਰਨ ਕੁਦਰਤੀ ਸੋਮੇ ਹਾਸ਼ੀਏ ਉੱਪਰ ਆ ਗਏ ਹਨ, ਵਿਗਿਆਨ ਦੀਆਂ ਕਾਢਾਂ ਨਾਲ ਉਦਯੋਗਿਕ ਕ੍ਰਾਂਤੀ ਨੇ ਧਰਤੀ ਦੀ ਹਿੱਕ ਉੱਪਰ ਦੈਂਤ ਰੂਪੀ ਕਾਰਖ਼ਾਨਿਆਂ ਦਾ ਉਥਾਨ ਕੀਤਾ ਹੈ ਜਿਸ ਕਰ ਕੇ ਵਾਹੀਯੋਗ ਜ਼ਮੀਨਾਂ ਅਤੇ ਜੰਗਲਾਂ ਦਾ ਖ਼ਾਤਮਾ ਹੋਇਆ ਹੈ।

ਸਰਵੇਖਣਾਂ ਤੋਂ ਪਤਾ ਲਗਦਾ ਹੈ ਕਿ ਧਰਤੀ ਦੇ ਕੁੱਲ ਖੇਤਰਫਲ਼ ਦਾ ਇਕ ਤਿਹਾਈ ਹਿੱਸਾ ਜੰਗਲਾਂ ਦੇ ਰਕਬੇ ਹੇਠ ਚਾਹੀਦਾ ਹੈ, ਜੋ ਵਿਸ਼ਵ ਪੱਧਰ ਉਪਰ ਔਸਤਨ ਨਾਲੋਂ ਬਹੁਤ ਘੱਟ ਹੈ। ਖੇਤਾਂ ਦੀ ਰਹਿੰਦ-ਖੂੰਹਦ, ਨਾੜ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਮਿੱਤਰ ਜੀਵ-ਜੰਤੂਆਂ ਦਾ ਖ਼ਾਤਮਾ ਹੁੰਦਾ ਹੈ, ਉਥੇ ਲਗਪਗ 3 ਤੋਂ 4 ਇੰਚ ਤਕ ਭੂਮੀ ਦਾ ਉਪਜਾਊਪਣ ਵੀ ਘਟਦਾ ਹੈ ਤੇ ਨਾਲ ਹੀ ਵਾਯੂਮੰਡਲ ਦੀ ਤਪਸ ਵਿਚ ਹੋਰ ਵਾਧਾ ਹੁੰਦਾ ਹੈ। ਵਾਹਨਾਂ, ਫ਼ੈਕਟਰੀਆਂ ਅਤੇ ਪਥਰਾਟ ਬਾਲਣਾਂ ਦੇ ਸੜਨ ਨਾਲ ਕਾਰਬਨ-ਡਾਈਆਕਸਾਈਡ, ਸਲਫ਼ਰ-ਡਾਈਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ ਅਤੇ ਮੀਥੇਨ ਗੈਸ ਨਾਲ ਵਾਯੂਮੰਡਲ ਵਿਚ ਗੈਸਾਂ ਦੇ ਗਾੜ੍ਹੇਪਨ ਵਿਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਰਸਾਇਣਾਂ ਦੇ ਛਿੜਕਾਅ, ਟਾਵਰਾਂ ਦੇ ਵਾਧੇ ਅਤੇ ਪਲਾਸਟਿਕ ਫੋਮ ਬਣਾਉਣ ਵਾਲੇ ਕਾਰਖ਼ਾਨਿਆਂ ਨੇ ਵੀ ਵਾਯੂਮੰਡਲ ਦੀ ਤਪਸ਼ ਵਿਚ ਵਾਧਾ ਕੀਤਾ ਹੈ। ਵਾਯੂਮੰਡਲ ਵਿਚ ਵਧ ਚੁਕੀਆਂ ਗੈਸਾਂ ਜਿਵੇਂ ਕਾਰਬਨ-ਡਾਈਆਕਸਾਈਡ, ਮੀਥੇਨ ਆਦਿ ਸੂਰਜੀ ਪ੍ਰਕਾਸ਼ ਵਿਚਲੀਆਂ ਇਨਫ਼੍ਰਾਰੈਂਡ ਕਿਰਨਾਂ ਨੂੰ ਸੋਖ ਲੈਂਦੀਆਂ ਹਨ ਜਿਸ ਕਾਰਨ ਵਾਯੂਮੰਡਲੀ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ। ਇਸ ਪੂਰੇ ਵਰਤਾਰੇ ਨੂੰ ਹਰਾ ਗ੍ਰਹਿ ਪ੍ਰਭਾਵ ਕਿਹਾ ਜਾਂਦਾ ਹੈ ਜੋ ਮੂਲ ਤੌਰ ’ਤੇ ਵਿਸ਼ਵ ਤਾਪਮਾਨ ਦੇ ਵਾਧੇ ਦਾ ਕਾਰਨ ਹੈ।

ਧਰਤੀ ਦੇ ਪਿੰਡੇ ਦਾ ਤਾਪ ਇਕ ਦਿਨ ਧਰਤੀ ਮਾਤਾ ਨੂੰ ਬਾਂਝ ਬਣਾ ਦੇਵੇਗਾ ਤੇ ਇਤਿਹਾਸ ਦੇ ਪੰਨਿਆਂ ਉੱਪਰ ਇਕ ਵਾਰ ਫਿਰ ਸਭਿਅਤਾ ਦੇ ਖ਼ਾਤਮੇ ਦੀ ਇਬਾਰਤ ਲਿਖੀ ਜਾਵੇਗੀ। ਜੇਕਰ ਅਸੀ ਚਾਹੁੰਦੇ ਹਾਂ ਕਿ ਅਜਿਹਾ ਵਰਤਾਰਾ ਦੁਬਾਰਾ ਨਾ ਵਾਪਰੇ ਤਾਂ ਆਉ ਧਰਤੀ ਦੀ ਹੋਂਦ ਬਚਾਉਣ ਲਈ ਕੁਦਰਤੀ ਅਤੇ .ਗੈਰ-ਕੁਦਰਤੀ ਸਾਧਨਾਂ ਦੀ ਵਰਤੋਂ ਪ੍ਰਤੀ ਸੰਜਮੀ ਬਣੀਏ, ਵੱਧ ਤੋਂ ਵੱਧ ਦਰਖ਼ਤ ਲਗਾਈਏ, ਊਰਜਾ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਅਤੇ ਸਵੈ ਚਾਲਕ ਵਾਹਨਾਂ ਨੂੰ ਮੁੜ ਸੁਰਜੀਤ ਕਰੀਏ। ਤਾਪ ਘਰਾਂ, ਉਦਯੋਗਾਂ ਅਤੇ ਫ਼ੈਕਟਰੀਆਂ ਦੇ ਧੂੰਏਂ ਨੂੰ ਨੁਕਸਾਨ ਰਹਿਤ ਕਰਦੇ ਹੋਏ ਅਜਿਹੇ ਕਾਰਕਾਂ ਦੀ ਵਰਤੋਂ ਘੱਟ ਕਰੀਏ ਜੋ ਹਰਾ ਗ੍ਰਹਿ ਪ੍ਰਭਾਵ ਅਤੇ ਵਾਯੂਮੰਡਲ ਵਿਚਲੀਆਂ ਗੈਸਾਂ ਦੇ ਗਾੜ੍ਹੇਪੜ ਲਈ ਸਹਾਇਕ ਹਨ। ਪੌਣ, ਪਾਣੀ ਅਤੇ ਭੂਮੀ ਨੂੰ ਸਵੱਛ ਰਖਦੇ ਹੋਏ ਕੁਦਰਤ ਨਾਲ ਨਵਾਂ ਰਿਸ਼ਤਾ ਕਾਇਮ ਕਰੀਏ। ਕੁਦਰਤ ਦੇ ਪਰਸਥਿਤਿਕ ਪ੍ਰਬੰਧ ਵਿਚ ਸੰਤੁਲਨ ਤਾਂ ਹੀ ਬਣ ਸਕਦਾ ਹੈ ਜੇਕਰ ਅਸੀ ਧਾਰਨਾ ਬਣਾਈਏ ਕਿ ਧਰਤੀ ਹਰ ਇਕ ਹੀ ਲੋੜ ਪੂਰੀ ਕਰਦੀ ਹੈ, ਲਾਲਸਾ ਨਹੀਂ। ਆਉ ਸੱਚੇ ਸਪੂਤ ਬਣ ਕੇ ਧਰਤੀ ਦੇ ਵਧ ਰਹੇ ਤਾਪਮਾਨ ਨੂੰ ਘੱਟ ਕਰਨ ਦੇ ਹਰ ਸੰਭਵ ਉਪਰਾਲੇ ਕਰੀਏ ਅਤੇ ਔਸਤ ਤਾਪਮਾਨ ਨੂੰ ਬਰਕਰਾਰ ਰਖਣ ਦਾ ਅਹਿਦ ਕਰੀਏ ਤਾਂ ਹੀ ਅਸੀ ਭੂਤਕਾਲ ਦੇ ਭਿਆਨਕ ਵਰਤਾਰਿਆਂ ਨੂੰ ਠੱਲ੍ਹ ਪਾ ਸਕਾਂਗੇ। ਵਰਤਮਾਨ ਅਤੇ ਭਵਿੱਖ ਵਿਚ ਧਰਤੀ ਮਾਤਾ ਦੀ ਗੋਦ ਦਾ ਆਨੰਦ ਮਾਣ ਸਕਾਂਗੇ।
ਭੂਮੀ, ਪਾਣੀ ਤੇ ਹਵਾ ਕਿਧਰੇ ਨਾ ਹੋ ਜਾਣ ਤਬਾਹ,
ਲਾ ਕੇ ਰੁੱਖ ਕਰੋ ਸੰਭਾਲ, ਸਾਡਾ ਜੀਵਨ ਇਨ੍ਹਾਂ ਨਾਲ਼।
                                                                                 ਬਲਵਿੰਦਰ ਸਿੰਘ ਬੁਢਲਾਡਾ, ਮੋਬਾਈਲ ਨੰ:95014-55733

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement