
ਇਹ ਵਾਰਤਾ 2008 ਜਾਂ 2009 ਦੀ ਹੈ। ਸਾਡੇ ਪਿੰਡ ਦੇ ਇਤਿਹਾਸਕ ਗੁਰਦਵਾਰਾ ਸਾਹਿਬ, ਜਿਥੇ ਪਾਤਸ਼ਾਹੀ ਨੌਵੀਂ ਗੁਰੂ ਤੇਗ਼ ਬਹਾਦਰ ਸਾਹਿਬ ਨੇ 'ਕਾਹੇ ਰੇ ਬਨ ਖੋਜਨ ਜਾਈ' ਸ਼ਬਦ...
ਇਹ ਵਾਰਤਾ 2008 ਜਾਂ 2009 ਦੀ ਹੈ। ਸਾਡੇ ਪਿੰਡ ਦੇ ਇਤਿਹਾਸਕ ਗੁਰਦਵਾਰਾ ਸਾਹਿਬ, ਜਿਥੇ ਪਾਤਸ਼ਾਹੀ ਨੌਵੀਂ ਗੁਰੂ ਤੇਗ਼ ਬਹਾਦਰ ਸਾਹਿਬ ਨੇ 'ਕਾਹੇ ਰੇ ਬਨ ਖੋਜਨ ਜਾਈ' ਸ਼ਬਦ ਉਚਾਰਿਆ ਹੈ (ਹਵਾਲਾ ਮਹਾਨ ਕੋਸ਼, ਪੰਨਾ 29), ਨਵੇਂ ਆਏ ਕਥਾਕਾਰ ਨੇ ਬੜੀ ਪ੍ਰਭਾਵਸ਼ਾਲੀ ਆਵਾਜ਼ ਵਿਚ ਸਵੇਰੇ ਸ਼ਾਮ ਕਥਾ ਕਰਨੀ ਸ਼ੁਰੂ ਕੀਤੀ ਹੋਈ ਸੀ। ਇਕ ਦਿਨ ਸ਼ਾਮ ਵੇਲੇ ਮੈਂ ਸੁੱਤੇ ਸਿੱਧ ਹੀ ਸਪੀਕਰ ਦੀ ਆਵਾਜ਼ ਵਲ ਗ਼ੌਰ ਕੀਤਾ ਤਾਂ ਗਿਆਨੀ ਜੀ ਬੜੇ ਵਿਦਵਤਾ ਭਰੇ ਜੋਸ਼ ਨਾਲ ਕਹਿ ਰਹੇ ਸਨ ਕਿ 'ਸਿੱਖ ਕੌਮ ਹਮੇਸ਼ਾ ਭੰਬਲ-ਭੂਸਿਆਂ 'ਚ ਫਸੀ ਰਹਿੰਦੀ ਹੈ। ਜਿਵੇਂ ਹੁਣ ਆਹ ਲਉ ਕੋਈ ਨਾਨਕਸ਼ਾਹੀ ਕੈਲੰਡਰ ਨੂੰ ਮੰਨ ਰਿਹਾ ਹੈ, ਕੋਈ ਬਿਕਰਮੀ ਸੰਮਤ ਨੂੰ। ਸੰਗਰਾਂਦਾਂ ਅਲੱਗ-ਥਲੱਗ ਹੋਈਆਂ ਪਈਆਂ ਹਨ। ਕਲ ਨੂੰ ਕੋਈ ਹੋਰ ਮਸਲਾ ਖੜਾ ਕਰ ਦੇਣਗੇ। ਸੋ ਸਾਨੂੰ ਸ਼ਾਤਰ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਨਹੀਂ ਤਾਂ ਗ਼ਲਤ ਲੋਕਾਂ ਮਗਰ ਲੱਗ ਕੇ ਅਪਣਾ ਮਨੁੱਖਾ ਜਨਮ ਬਰਬਾਦ ਕਰ ਲਵਾਂਗੇ।' ਆਦਿ ਆਦਿ।
ਇਹ ਗੁਰਦਵਾਰਾ ਪਿੰਡ ਤੋਂ ਥੋੜ੍ਹਾ ਦੂਰ ਹੋਣ ਕਰ ਕੇ ਮੈਂ ਸਾਈਕਲ ਉਤੇ ਚੜ੍ਹਿਆ ਅਤੇ ਝੱਟ ਗਿਆਨੀ ਜੀ ਕੋਲ ਜਾ ਹਾਜ਼ਰ ਹੋਇਆ ਕਿ ਉਨ੍ਹਾਂ ਤੋਂ ਪੁੱਛਾਂ ਕਿ ਉਹ ਕਿਹੜੇ ਕੈਲੰਡਰ ਨੂੰ ਮਾਨਤਾ ਦਿੰਦੇ ਹਨ? ਇਕ ਵਾਰੀ ਤਾਂ ਉਨ੍ਹਾਂ ਨੇ ਟਾਲ-ਮਟੋਲ ਕਰ ਦਿਤਾ ਪਰ ਕੁੱਝ ਦਿਨਾਂ ਬਾਅਦ ਅਧਮੰਨੇ ਮਨ ਨਾਲ ਗੱਲਬਾਤ ਲਈ ਹਾਮੀ ਭਰੀ। ਅਪਣੇ ਕਮਰੇ ਵਿਚ ਲਿਜਾ ਕੇ ਉਹ ਉੱਚੇ ਬੈਂਚ ਉਤੇ ਚੌਕੜਾ ਮਾਰ ਕੇ ਸਜ ਗਏ ਅਤੇ ਮੈਨੂੰ ਮੰਜੇ ਉਤੇ ਬੈਠਣ ਦਾ ਇਸ਼ਾਰਾ ਕੀਤਾ।
ਗਿਆਨੀ ਜੀ ਬੜੇ ਆਤਮਵਿਸ਼ਵਾਸ 'ਚ ਠਰੰਮੇ ਨਾਲ ਬੋਲੇ, ''ਹਾਂ ਜੀ, ਕੀ ਗੱਲ ਕਰਨੀ ਹੈ?'' ਮੈਂ ਆਖਿਆ, ''ਗਿਆਨੀ ਜੀ ਕਈ ਦਿਨ ਹੋਏ ਤੁਸੀ ਸ਼ਾਮ ਵੇਲੇ ਕਥਾ ਕਰਨ ਸਮੇਂ ਨਾਨਕਸ਼ਾਹੀ ਅਤੇ ਬਿਕ੍ਰਮੀ ਸੰਮਤ ਕੈਲੰਡਰਾਂ ਬਾਰੇ ਬੋਲ ਰਹੇ ਸੀ ਕਿ ਇਨ੍ਹਾਂ ਕੈਲੰਡਰਾਂ ਨੇ ਸਿੱਖ ਕੌਮ ਨੂੰ ਭੰਬਲਭੂਸਿਆਂ 'ਚ ਪਾ ਛਡਿਆ ਹੈ। ਕਿਹੜੇ ਨੂੰ ਮੰਨੀਏ ਤੇ ਕਿਹੜੇ ਨੂੰ ਛੱਡੀਏ? ਜੇ ਇਹੀ ਸਵਾਲ ਤੁਸੀ ਮੈਨੂੰ ਕਰੋ ਤਾਂ ਮੇਰਾ ਜਵਾਬ ਹੈ ਕਿ ਮੈਂ ਅਕਾਲ ਤਖ਼ਤ ਤੋਂ ਜਾਰੀ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੰਨਦਾ ਹਾਂ ਜਿਹੜਾ ਪਾਲ ਸਿੰਘ ਪੁਰਵਾਲ ਨੇ ਤਿਆਰ ਕੀਤਾ ਹੈ। ਹੁਣ ਤੁਸੀ ਸਿਰਫ਼ ਇਕ ਵਾਰ 'ਚ ਦੱਸੋ ਕਿ ਤੁਸੀ ਕਿਹੜੇ ਕੈਲੰਡਰ ਨੂੰ ਮੰਨਦੇ ਹੋ। ਹੋਰ ਮੇਰੀ ਕੋਈ ਦੂਜੀ ਤੀਜੀ ਗੱਲ ਹੀ ਨਹੀਂ ਹੈ। ਬਸ ਆਹੀ ਗੱਲ ਹੈ।''
ਗਿਆਨੀ ਜੀ ਬੜੇ ਚੌਕੰਨੇ ਹੋ ਕੇ ਮੈਨੂੰ ਕਈ ਧਾਰਮਕ ਵਿਦਵਾਨ ਸ਼ਖ਼ਸੀਅਤਾਂ ਅਤੇ ਧਾਰਮਕ ਗ੍ਰੰਥਾਂ ਦੇ ਨਾਂ ਗਿਨਾਉਣ ਲੱਗ ਪਏ। ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਪੰਡਤ ਤਾਰਾ ਸਿੰਘ ਨਰੋਤਮ ਆਦਿ ਅਤੇ ਧਾਰਮਕ ਗ੍ਰੰਥਾਂ ਪੰਥ ਪ੍ਰਕਾਸ਼ ਅਤੇ ਸੂਰਜ ਪ੍ਰਕਾਸ਼ ਦਾ ਉਨ੍ਹਾਂ ਵਿਸ਼ੇਸ਼ ਜ਼ਿਕਰ ਕੀਤਾ। ਮੈਂ ਦਸਿਆ, ''ਗਿਆਨੀ ਜੀ ਇਨ੍ਹਾਂ ਬਾਰੇ ਤਾਂ ਮੈਂ ਵੀ ਥੋੜ੍ਹੀ ਜਾਣਕਾਰੀ ਰਖਦਾ ਹਾਂ ਪਰ ਮੇਰਾ ਸਵਾਲ ਤਾਂ ਇਕੋ ਹੀ ਹੈ ਕਿ ਤੁਸੀ ਕਿਹੜੇ ਕੈਲੰਡਰ ਨੂੰ ਮਾਨਤਾ ਦਿੰਦੇ ਹੋ?'' ਗਿਆਨੀ ਜੀ ਦੀਆਂ ਹੋਰ ਕਈ ਚੀਕਣੀਆਂ-ਚੋਪੜੀਆਂ ਗੱਲਾਂ ਦਾ ਜਦ ਮੇਰੇ ਉਤੇ ਕੋਈ ਅਸਰ ਨਾ ਹੋਇਆ ਤਾਂ ਮੈਂ ਫਿਰ ਉਹੀ ਸਵਾਲ ਦੁਹਰਾ ਦਿਤਾ ਕਿ ਕੈਲੰਡਰ ਦਸੋ, ਤੁਸੀ ਕਿਹੜੇ ਨੂੰ ਮਾਨਤਾ ਦਿੰਦੇ ਹੋ?
ਗਿਆਨੀ ਜੀ ਹੁਣ ਮਿੱਠੀ ਬਾਣੀ ਤੋਂ ਹਟ ਕੇ ਖਰਵੀਂ ਭਾਸ਼ਾ ਬੋਲ ਰਹੇ ਸਨ। ਹੋਰ ਕਾਫ਼ੀ ਊਟ ਪਟਾਂਗ ਦੇ ਨਾਲ ਨਾਲ 'ਕਦੇ ਆਲੇ ਕੌਡੀ ਕਦੇ ਛਿੱਕੇ ਕੌਡੀ' ਤੋਂ ਬਾਅਦ ਜਦੋਂ ਗਿਆਨੀ ਨੂੰ ਕੋਈ ਸਪੱਸ਼ਟ ਉੱਤਰ ਨਾ ਅਹੁੜਿਆ ਤਾਂ ਉਨ੍ਹਾਂ ਬੜੇ ਰੋਅਬ ਨਾਲ ਕਿਹਾ, ''ਜਾਹ, ਮੈਂ ਤਾਂ ਮੇਰੇ ਵਰਗੇ ਨਾਲ ਗੱਲ ਹੀ ਨਹੀਂ ਕਰਦਾ।'' ਮੈਂ ਖਿਮਾ ਜਾਚਨਾ ਵਜੋਂ ਪੁਛਿਆ, ''ਗਿਆਨੀ ਜੀ ਮੇਰੀ ਕੋਈ ਗ਼ਲਤੀ ਤਾਂ ਦੱਸੋ?'' ਏਨਾ ਕਹਿਣ ਦੀ ਦੇਰ ਸੀ ਤੇ ਗਿਆਨੀ ਜੀ ਭੜਕ ਉੱਠੇ, ''ਗ਼ਲਤੀ ਮੈਥੋਂ ਪੁਛਦੈਂ, ਦਾੜ੍ਹੀ ਤੇਰੀ ਰੰਗੀ ਏ।'' ਗਿਆਨੀ ਜੀ ਨੂੰ ਸ਼ਾਂਤੀ ਦੀ ਅਵਸਥਾ 'ਚ ਲਿਆਉਣ ਲਈ ਮੈਂ ਫਿਰ ਨਿਮਰਤਾ ਨਾਲ ਕਿਹਾ, ''ਜੀ ਬੜੇ ਸਾਲ ਮੈਂ ਤਾਂ ਘਰ 'ਚ ਹੀ ਕਪੜੇ ਕੱਟਣ ਵਾਲੀ ਕੈਂਚੀ ਨਾਲ ਅਪਣੀ ਦਾੜ੍ਹੀ ਆਪ ਹੀ ਕਟਦਾ ਰਿਹਾ ਹਾਂ। ਕਦੇ ਨਾਈ ਦੇ ਖੋਖੇ 'ਚ ਜਾ ਕੇ ਪੈਸੇ ਨਹੀਂ ਸਨ ਲੁਟਾਏ। ਜਦੋਂ ਗੁਰੂ ਦੀ ਮਿਹਰ ਹੋ ਗਈ ਦਾੜ੍ਹੀ ਰੰਗਣੀ ਵੀ ਛੱਡ ਦਿਆਂਗਾ।'' (ਹੁਣ ਛੱਡੀ ਹੋਈ ਹੈ)
ਗੱਲ ਕਿਸੇ ਤਣ-ਪੱਤਣ ਨਾ ਲਗਦੀ ਜਾਚ ਕੇ ਆਖ਼ਰ ਮੈਂ ਹੀ ਮੰਜੇ ਤੋਂ ਉੱਠ ਖੜੋਤਾ। ਗਿਆਨੀ ਜੀ ਮੈਥੋਂ ਪਹਿਲਾਂ ਹੀ ਉੱਠਣ ਲਈ ਕਾਹਲੇ ਪਏ ਹੋਏ ਸਨ। ਪਰ ਉਨ੍ਹਾਂ ਦੀ ਕੋਈ ਵਾਹ ਨਹੀਂ ਸੀ ਚਲ ਰਹੀ। ਬੜੀ ਤੇਜ਼ੀ ਨਾਲ ਉਨ੍ਹਾਂ ਚਪਲਾਂ ਪਹਿਨੀਆਂ ਅਤੇ ਮੈਨੂੰ ਅਪਣੇ ਕਮਰੇ 'ਚੋਂ ਦਫ਼ਾ ਕਰਨ ਲਈ ਬੜੀ ਖਰਵੀਂ ਆਵਾਜ਼ 'ਚ ਬੋਲੇ, ''ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।''
ਬਾਹਰ ਆ ਕੇ ਫਿਰ ਪੂਰੀ ਹਲੀਮੀ ਨਾਲ ਗਿਆਨੀ ਜੀ ਨੂੰ ਕਿਹਾ, ''ਤੁਸੀ ਇਥੇ ਵੀ ਗ਼ਲਤੀ ਕਰ ਰਹੇ ਹੋ। ਮੈਂ ਤਾਂ ਤੁਹਾਨੂੰ ਪਹਿਲਾਂ ਪੂਰੀ ਫ਼ਤਹਿ ਬੁਲਾ ਸਕਦਾ ਹਾਂ। ਤੁਸੀ ਨਹੀਂ ਕਿਉਂਕਿ ਮੈਂ ਅਜੇ ਖ਼ਾਲਸਾਈ ਸਰੂਪ ਤੋਂ ਪੂਰਾ ਨਹੀਂ। ਤੁਸੀ ਪੂਰਾ ਖ਼ਾਲਸਾ ਰੂਪ ਹੋ। ਮੈਂ ਤੁਹਾਡਾ ਸਨਮਾਨ ਕਰਦਾ ਹਾਂ। ਬਾਕੀ ਰਹੀ ਕੈਲੰਡਰਾਂ ਬਾਰੇ ਗੱਲ, ਗੁਰੂ ਨਾਨਕ ਜੀ ਨੇ ਭਾਰਤੀ ਸੰਸਕ੍ਰਿਤੀ ਵਿਚ ਨਵਾਂ ਇਨਕਲਾਬ ਲਿਆਉਂਦੇ ਹੋਏ ਸਿੱਖ ਧਰਮ ਦਾ ਆਗਾਜ਼ ਕੀਤਾ ਹੈ। ਇਹੋ ਧਾਰਮਕ ਖੇਤਰ ਦਾ ਯੁੱਗ ਪਲਟਾਊ ਸਮਾਂ ਸਿੱਖਾਂ ਲਈ ਨਾਨਕਸ਼ਾਹੀ ਕੈਲੰਡਰ ਦਾ ਆਧਾਰ ਹੈ। ਹਰ ਚੇਤਨ ਸਿੱਖ ਮੂਲ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਸਮਝਦਾ ਹੋਇਆ ਇਸ ਨੂੰ ਮਾਨਤਾ ਦਿੰਦਾ ਹੈ ਪਰ ਅਸਪੱਸ਼ਟ ਲੋਕ ਅਜੇ ਵੀ ਪੁਰਾਤਨਤਾ ਦੇ ਨਾਂ ਹੇਠ ਦਬੇ ਹੋਏ ਇਸ ਵਿਚ ਸਿਰਫ਼ ਖ਼ਾਮੀਆਂ ਲੱਭਣ ਤੇ ਹੀ ਲੱਗੇ ਹੋਏ ਹਨ।''
ਗਿਆਨੀ ਜੀ ਹੁਣ ਬਿਲਕੁਲ ਚੁਪ ਖੜੋਤੇ ਸਨ। ਉਨ੍ਹਾਂ ਦੀ ਤਰਸਯੋਗ ਹਾਲਤ ਤੇ ਮੈਨੂੰ ਤਰਸ ਵੀ ਆ ਰਿਹਾ ਸੀ। ਪਰ ਗਿਆਨੀ ਜੀ ਨੂੰ ਚੇਤਨ ਕਰਦੇ ਹੋਏ ਮੈਂ ਫਿਰ ਕਿਹਾ, ''ਗਿਆਨੀ ਜੀ ਕੈਲੰਡਰ ਬਾਰੇ ਸਿੱਖ ਕੌਮ ਨੂੰ ਭੰਬਲਭੂਸਿਆਂ 'ਚ ਪਾਉਣ ਵਾਲੇ ਅਸਲ ਵਿਚ ਤੁਸੀ ਪ੍ਰਚਾਰਕ ਲੋਕ ਹੀ ਹੋ ਕਿਉਂਕਿ ਅਜੇ ਤਕ ਤੁਹਾਡੀ ਅਪਣੀ ਸਮਝ-ਸੋਚ ਹੀ ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਸਪੱਸ਼ਟ ਨਹੀਂ ਹੋ ਸਕੀ। ਕਿਸੇ ਸਰੋਤੇ ਨੂੰ ਸਿੱਧੇ ਰਸਤੇ ਉਤੇ ਕੀ ਤੋਰੋਗੇ। ਘੱਟੋ ਘੱਟ ਤੁਹਾਨੂੰ ਖ਼ੁਦ ਨੂੰ ਪਤਾ ਹੋਣਾ ਚਾਹੀਦੈ। ਇਹ ਗੁਰਦਵਾਰਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੈ। ਇਥੋਂ ਤੁਸੀ ਤਨਖ਼ਾਹ ਲੈਂਦੇ ਹੋ। ਕਿਸੇ ਬਾਬੇ ਦਾ ਡੇਰਾ ਨਹੀਂ ਜਿਹੜੇ ਅਪਣੀ ਹੀ ਮਰਿਆਦਾ ਚਲਾਉਂਦੇ ਹਨ ਅਤੇ ਅਕਾਲ ਤਖ਼ਤ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ। ਨਾਨਕਸ਼ਾਹੀ ਕੈਲੰਡਰ ਨੂੰ ਤਾਂ ਪਤਾ ਨਹੀਂ ਕਦੋਂ ਮਾਨਤਾ ਦੇਣਗੇ।'' ਏਨਾ ਕੁੱਝ ਗਿਆਨੀ ਜੀ ਨੂੰ ਕਹਿ ਕੇ ਮੈਂ ਘਰ ਮੁੜ ਆਇਆ।
ਕਈ ਦਿਨਾਂ ਬਾਅਦ ਖੇਤ ਨੂੰ ਜਾਂਦੇ ਹੋਏ ਸਾਡੇ ਖੇਤਾਂ ਦੇ ਗੁਆਂਢੀ ਨੇ ਮੈਨੂੰ ਪੁਛਿਆ, ''ਤੂੰ ਕਥਾ ਵਾਲੇ ਗਿਆਨੀ ਕੋਲ ਗਿਆ ਸੀ?'' ਹਾਂ ਕਹਿਣ ਤੇ ਉਸ ਨੇ ਕਿਹਾ, ''ਮੈਂ ਅੰਦਾਜ਼ਾ ਲਾਇਆ ਸੀ ਕਿ ਤੂੰ ਹੀ ਹੋਵੇਂਗਾ। ਕਥਾ ਵਾਲਾ ਗਿਆਨੀ ਬੜੇ ਰੋਅਬ ਨਾਲ ਸਪੀਕਰ 'ਚ ਉੱਚੀ ਆਵਾਜ਼ ਨਾਲ ਭੜਾਸ ਕੱਢ ਰਿਹਾ ਸੀ ਕਿ ਬੇਅੰਮ੍ਰਿਤੀਏ ਰੰਗੀਆਂ ਦਾੜ੍ਹੀਆਂ ਵਾਲੇ ਲੋਕ ਵੀ ਸਾਨੂੰ ਪ੍ਰਚਾਰਕਾਂ ਨੂੰ ਮੱਤਾਂ ਦੇਣ ਆ ਜਾਂਦੇ ਹਨ। ਅਪਣੀ ਪੀੜ੍ਹੀ ਹੇਠਾਂ ਸੋਟਾ ਨਹੀਂ ਫੇਰਦੇ।'' ਸੰਪਰਕ : 94649-03322