ਬਖਸ਼ੀ ਇੰਦਰਜੀਤ ਸਿੰਘ ਨੂੰ ਯਾਦ ਕਰਦਿਆਂ
Published : Sep 21, 2017, 9:58 pm IST
Updated : Sep 21, 2017, 4:28 pm IST
SHARE ARTICLE

ਗੁਰੂ ਘਰ ਦੇ ਚੌਕੀਦਾਰ ਅਤੇ ਸਪਤਾਹਿਕ 'ਪੰਥ ਪੰਕਾਸ਼' ਦੇ ਸੰਸਥਾਪਕ ਸੰਪਾਦਕ ਬਖ਼ਸ਼ੀ ਇੰਦਰਜੀਤ ਸਿੰਘ 91 ਸਾਲ ਦੀ ਉਮਰ ਬਿਤਾ ਕੇ 22 ਸਤੰਬਰ 2009 ਨੂੰ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ ਸਨ। ਦਰਵੇਸ਼ਾਂ ਵਾਲਾ ਜੀਵਨ ਬਤੀਤ ਕਰਨ ਵਾਲੇ ਬਖ਼ਸ਼ੀ ਇੰਦਰਜੀਤ ਸਿੰਘ ਨੇ ਸਮੁੱਚੇ ਜਨਤਕ ਜੀਵਨ ਤੇ ਪੰਥਕ ਸਿਆਸਤ ਵਿਚੋਂ ਕੋਈ ਜ਼ਮੀਨ-ਜਾਇਦਾਦ ਨਹੀਂ ਬਣਾਈ।

ਦਿੱਲੀ ਦੇ ਪੰਥਕ ਪ੍ਰਵਾਰ ਨਾਲ ਸਬੰਧਤ ਬਖ਼ਸ਼ੀ ਇੰਦਰਜੀਤ ਸਿੰਘ ਦੇ ਪਿਤਾ ਬਖ਼ਸ਼ੀ ਅਵਤਾਰ ਸਿੰਘ ਜੀ ਵੀ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ ਤੇ ਦੇਸ਼ ਦੀ ਵੰਡ ਮਗਰੋਂ ਉਨ੍ਹਾਂ ਨੇ ਦਿੱਲੀ 'ਚ ਆਉਣ ਵਾਲੇ ਸਿੱਖਾਂ ਤੇ ਪੰਜਾਬੀ ਸ਼ਰਨਾਰਥੀਆਂ ਨੂੰ ਦਿੱਲੀ 'ਚ ਵਸਾਉਣ ਲਈ ਉੱਘਾ ਹਿੱਸਾ ਪਾਇਆ। ਚੜ੍ਹਦੀ ਜਵਾਨੀ ਵਿਚ ਹੀ ਬਖ਼ਸ਼ੀ ਇੰਦਰਜੀਤ ਸਿੰਘ ਨੇ ਸਰਦਾਰ ਬਹਾਦਰ ਨਰੈਣ ਸਿੰਘ ਦਾ ਸਾਥ ਦੇ ਕੇ ਟੀਨਾਂ ਦੇ ਸ਼ੈੱਡ ਤੋਂ ਮੌਜੂਦਾ ਗੁਰਦੁਆਰਾ ਸੀਸ ਗੰਜ ਦੀ ਇਮਾਰਤ ਦੀ ਉਸਾਰੀ ਵਿਚ ਯੋਗਦਾਨ ਪਾਇਆ ਸੀ।

ਪਹਿਲਾਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਉਤੇ ਮਹੰਤਾਂ ਦਾ ਕਬਜ਼ਾ ਸੀ। ਬਖ਼ਸ਼ੀ ਇੰਦਰਜੀਤ ਸਿੰਘ ਨੇ ਸਖ਼ਤ ਮਿਹਨਤ ਕਰ ਕੇ ਕਾਬਜ਼ ਮਹੰਤ ਨੂੰ ਕੁੱਝ ਪੈਸਾ ਦਿਵਾ ਕੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦਾ ਕਬਜ਼ਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਵਾਲੇ ਕਰਵਾਇਆ ਸੀ। ਬਖ਼ਸ਼ੀ ਇੰਦਰਜੀਤ ਸਿੰਘ 1964-65 ਤਕ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਤੇ ਸਕੱਤਰ ਰਹੇ ਅਤੇ ਅਨੇਕਾਂ ਸਭਾ-ਸੁਸਾਇਟੀਆਂ ਨਾਲ ਜੁੜੇ ਰਹੇ। ਗੁਰਦੁਆਰਾ ਪ੍ਰਬੰਧ ਵਿਚ ਲੁੱਟ, ਭ੍ਰਿਸ਼ਟਾਚਾਰ ਅਤੇ ਗੋਲਕ ਚੋਰਾਂ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਮੈਂਬਰੀ ਤੋਂ ਹੀ ਅਸਤੀਫਾ ਦੇ ਦਿਤਾ ਤੇ ਅਪਣੀ ਪੰਜਾਬੀ ਸਪਤਾਹਿਕ ਅਖਬਾਰ 'ਪੰਥ ਪ੍ਰਕਾਸ਼' ਰਾਹੀਂ ਭ੍ਰਿਸ਼ਟਾਚਾਰ ਵਿਰੁਧ ਨਿਧੜਕ ਹੋ ਕੇ ਆਵਾਜ਼ ਬੁਲੰਦ ਕੀਤੀ। ਸਿੱਟੇ ਵਜੋਂ ਉਨ੍ਹਾਂ ਨੂੰ ਕਮੇਟੀ ਉਤੇ ਕਾਬਜ਼ ਪ੍ਰਬੰਧਕਾਂ ਵਲੋਂ 30-35 ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਝੁਕੇ ਨਹੀਂ ਤੇ ਵਿਕੇ ਵੀ ਨਹੀਂ।

ਕਈ ਵਾਰ ਪ੍ਰਬੰਧਕਾਂ ਦੇ ਗੁੰਡਿਆਂ ਨੇ ਉਨ੍ਹਾਂ 'ਤੇ ਹਮਲੇ ਕੀਤੇ ਪਰ ਉਹ ਡਰੇ ਨਹੀਂ ਤੇ ਨਿਧੜਕ ਹੋ ਕੇ ਦਿੱਲੀ ਦੇ ਗੁਰਦੁਆਰਾ ਪ੍ਰਬੰਧ ਤੇ ਗੁਰੂ ਘਰ ਦੀ ਚੌਕੀਦਾਰੀ ਕਰਦੇ ਰਹੇ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਨਰਲ ਸਕੱਤਰ ਜ. ਅਵਤਾਰ ਸਿੰਘ ਹਿੱਤ ਅਨੁਸਾਰ ਬਖ਼ਸ਼ੀ ਇੰਦਰਜੀਤ ਸਿੰਘ ਜੀ ਦਿੱਲੀ ਵਿਚੋਂ ਇਕੱਲੇ ਹੀ ਅਜਿਹੇ ਜਰਨੈਲ ਸਨ, ਜਿਨ੍ਹਾਂ ਨੇ ਗੁਰਧਾਮਾਂ ਵਿਚ ਲੁੱਟ ਤੇ ਭ੍ਰਿਸ਼ਟਾਚਾਰ ਵਿਰੁਧ ਸੰਘਰਸ਼ ਦੌਰਾਨ ਪ੍ਰਬੰਧਕਾਂ ਨਾਲ ਕੋਈ ਸਮਝੌਤਾ ਨਾ ਕੀਤਾ ਤੇ ਅਪਣੇ ਪੰਥਕ ਸਿਧਾਂਤਾਂ ਉਤੇ ਅਡਿੱਗ ਖੜੇ ਰਹੇ ਜਦੋਂ ਕਿ ਉਨ੍ਹਾਂ ਦੇ ਸਾਰੇ ਸਾਥੀ ਵਿਕਦੇ ਰਹੇ।

ਬਖ਼ਸ਼ੀ ਇੰਦਰਜੀਤ ਸਿੰਘ ਨੇ ਬੀਬੀ ਨਿਰਲੇਪ ਕੌਰ, ਸ. ਮਨਜੀਤ ਸਿੰਘ ਕਲਕੱਤਾ, ਰਾਜਾ ਗੁਰਚਰਨ ਸਿੰਘ ਸੇਠੀ, ਸ. ਸਤਵੰਤ ਸਿੰਘ ਅਨੰਦਪੁਰੀ, ਜ. ਰਜਿੰਦਰ ਸਿੰਘ ਡੋਲੀ, ਜ. ਬਲਬੀਰ ਸਿੰਘ, ਸ. ਹਰਬੰਸ ਸਿੰਘ ਲਾਂਬਾ, ਗਿਆਨੀ ਗੁਰਚਰਨ ਸਿੰਘ (ਗਿਆਨੀ ਆਈਸ-ਕ੍ਰੀਮ), ਜ. ਅਜਬ ਸਿੰਘ ਦਲੇਰ ਆਦਿ ਨਾਲ ਮਿਲ ਕੇ ਗੁਰਦੁਆਰਾ ਸੁਧਾਰ ਮੋਰਚਾ ਲਾਇਆ। ਕਈ ਸਾਲ ਜ਼ਬਰਦਸਤ ਜੱਦੋ-ਜਹਿਦ ਮਗਰੋਂ ਦਿੱਲੀ ਗੁਰਦੁਆਰਾ ਐਕਟ ਬਣਵਾਉਣ ਵਿਚ ਸਫਲਤਾ ਹਾਸਲ ਕੀਤੀ।

ਆਪ ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਗਿਆਨੀ ਕਰਤਾਰ ਸਿੰਘ, ਸ. ਮੋਹਨ ਸਿੰਘ ਤੁੜ੍ਹ, ਜ. ਗੁਰਚਰਨ ਸਿੰਘ ਟੌਹੜਾ, ਸ. ਬੂਟਾ ਸਿੰਘ, ਸ. ਸੁਰਜੀਤ ਸਿੰਘ ਬਰਨਾਲਾ, ਜ. ਰਛਪਾਲ ਸਿੰਘ, ਸਿਰਦਾਰ ਕਪੂਰ ਸਿੰਘ, ਗਵਰਨਰ ਸਰ ਜੋਗਿੰਦਰਾ ਸਿੰਘ, ਗਵਰਨਰ ਡਾ. ਗੋਪਾਲ ਸਿੰਘ ਦਰਦੀ, ਸ. ਤਰਲੋਚਨ ਸਿੰਘ ਸਰਨਾ, ਸ. ਗੁਰਦਿਆਲ ਸਿੰਘ ਹੋੜਾ, ਬਖ਼ਸ਼ੀ ਜਗਦੇਵ ਸਿੰਘ, ਸ. ਇੰਦਰਜੀਤ ਸਿੰਘ ਪ੍ਰਧਾਨ ਲੁਧਿਆਣਾ, ਸ. ਸੱਜਣ ਸਿੰਘ ਸੇਠੀ, ਸ. ਸੁਰਜੀਤ ਸਿੰਘ ਮਿਨਹਾਸ (ਜਲੰਧਰ), ਪ੍ਰਸਿੱਧ ਵਕੀਲ ਤੇ ਹਾਈਕੋਰਟ ਦੇ ਜੱਜ ਜਸਟਿਸ ਪ੍ਰੀਤਮ ਸਿੰਘ ਸਫੀਰ, ਬਖ਼ਸ਼ੀ ਲੋਚਨ ਸਿੰਘ, ਸ੍ਰ. ਮਹਿਤਾਬ ਸਿੰਘ (ਹਿੰਦੁਸਤਾਨ ਰੈਫ੍ਰੀਜਿਰੇਸ਼ਨ), ਜ. ਮਹਿਤਾਬ ਸਿੰਘ ਨਈਅਰ, ਪ੍ਰਸਿੱਧ ਉਰਦੂ-ਪੰਜਾਬੀ ਪੱਤਰਕਾਰ ਸ. ਜੰਗ ਬਹਾਦਰ ਸਿੰਘ, ਉੱਘੇ ਪ੍ਰਸਿੱਧ ਪੰਜਾਬੀ ਪੱਤਰਕਾਰ ਡਾ. ਸਾਧੂ ਸਿੰਘ ਹਮਦਰਦ, ਪ੍ਰਸਿੱਧ ਪੰਜਾਬੀ-ਉਰਦੂ ਪੱਤਰਕਾਰ ਲਾਲਾ ਜਗਤ ਨਾਰਾਇਣ, ਉੱਘੇ ਪੰਜਾਬੀ ਸਾਹਿਤਕਾਰ ਡਾ. ਮੋਹਨ ਸਿੰਘ ਦੀਵਾਨਾ ਆਦਿ ਦੇ ਨਜ਼ਦੀਕੀ ਸਾਥੀ ਸਨ।

ਦਿੱਲੀ ਵਿਚ 12 ਜੂਨ 1960 ਨੂੰ ਲੱਗੇ ਪੰਜਾਬੀ ਸੂਬਾ ਮੋਰਚੇ ਵਿਚ ਦੂਸਰੇ ਜਥੇ ਦੀ ਅਗਵਾਈ ਕਰ ਕੇ 2 ਮਹੀਨੇ 20 ਦਿਨ ਤਿਹਾੜ ਜੇਲ ਵਿਚ ਰਹੇ, ਗੁਰਦੁਆਰਾ ਸੀਸ ਗੰਜ ਨਾਲ ਲਗਦੀ ਕੋਤਵਾਲੀ ਗੁਰਦੁਆਰਾ ਕਮੇਟੀ ਨੂੰ ਦਿਵਾਉਣ ਲਈ, ਨਕਲੀ ਨਿਰੰਕਾਰੀ ਬਾਬੇ ਵਿਰੁਧ, ਦਿੱਲੀ ਗੁਰਦੁਆਰਾ ਸੁਧਾਰ ਮੋਰਚੇ ਅਤੇ ਹੋਰ ਅਨੇਕਾਂ ਪੰਥਕ ਮੋਰਚਿਆਂ ਵਿਚ ਆਪ ਨੇ ਕਈ ਵਾਰ ਗ੍ਰਿਫ਼ਤਾਰੀਆਂ ਦਿਤੀਆਂ ਤੇ ਜੇਲਾਂ ਕਟੀਆਂ। ਅਕਾਲੀ ਲਹਿਰ ਤੋਂ ਪ੍ਰਭਾਵਤ ਹੋ ਕੇ ਬਖ਼ਸ਼ੀ ਇੰਦਰਜੀਤ ਸਿੰਘ ਨੇ ਸਾਰੀ ਉਮਰ ਕਾਲੇ ਤੇ ਨੀਲੇ ਰੰਗ ਦੀ ਪਗੜੀ ਹੀ ਬੰਨ੍ਹੀ।

ਆਪ ਦਿੱਲੀ ਦੀ ਸੱਭ ਤੋਂ ਵੱਡੀ ਸਿੰਘ ਸਭਾ ਗੁਰਦੁਆਰਾ ਕਰੋਲ ਬਾਗ਼ ਦੇ ਕਈ ਸਾਲ ਅਹੁਦੇਦਾਰ ਤੇ ਪ੍ਰਧਾਨ ਵੀ ਰਹੇ। ਪੰਜਾਬੀ ਪੱਤਰਕਾਰੀ ਵਿਚ ਵਿਸ਼ੇਸ਼ ਯੋਗਦਾਨ ਦੇਣ ਵਜੋਂ ਦਿੱਲੀ ਦੀ ਪੰਜਾਬੀ ਅਕਾਦਮੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਨੂੰ 'ਵਧੀਆ ਪੰਜਾਬੀ ਪੱਤਰਕਾਰ' ਦੇ ਸਨਮਾਨ ਭੇਂਟ ਕਰ ਕੇ ਸਨਮਾਨਿਤ ਵੀ ਕੀਤਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 9 ਸਤੰਬਰ 2006 ਨੂੰ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਵਿਚ ਆਪ ਜੀ ਨੂੰ ਮਾਸਟਰ ਤਾਰਾ ਸਿੰਘ ਜੀ ਦੇ ਨਿਕਟ ਸਹਿਯੋਗੀ ਹੋਣ ਵਜੋਂ ਵੀ ਸਨਮਾਨਤ ਕੀਤਾ ਗਿਆ। ਆਪ ਦਿੱਲੀ ਦੀਆਂ ਕਈ ਸਭਾ ਸੁਸਾਇਟੀਆਂ ਨਾਲ ਜੁੜੇ ਰਹੇ।

ਜੀਵਨ ਦੇ ਆਖਰੀ ਕੁੱਝ ਦਿਨ ਬਿਮਾਰ ਰਹਿਣ ਉਪਰੰਤ ਆਪ 22 ਸਤੰਬਰ, 2009 ਨੂੰ ਅਕਾਲ ਚਲਾਣਾ ਕਰ ਗਏ ਸਨ। ਆਪ ਜੀ ਦੇ ਸ਼ੋਕ ਸਮਾਗਮ ਸਮੇਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ, ਪੁਦੂਚੇਰੀ ਦੇ ਗਵਰਨਰ ਸ. ਇਕਬਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ. ਹਰਵਿੰਦਰ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਜ. ਅਵਤਾਰ ਸਿੰਘ ਹਿਤ, ਕੌਮੀ ਜਨਰਲ ਸਕੱਤਰ ਤੇ ਪੀ.ਐਸ.ਆਈ.ਡੀ.ਸੀ. ਦੇ ਚੇਅਰਮੈਨ ਜ. ਉਂਕਾਰ ਸਿੰਘ ਥਾਪਰ, ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਪ੍ਰਧਾਨ ਜ. ਰਛਪਾਲ ਸਿੰਘ ਤੋਂ ਇਲਾਵਾ ਦਿੱਲੀ ਦੇ ਹਰ ਹਲਕੇ ਤੋਂ  ਪਤਵੰਤੇ, ਧਾਰਮਕ, ਰਾਜਸੀ ਤੇ ਸਮਾਜਕ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਮੋਬਾਈਲ : 098100-80340, 098111-48011

SHARE ARTICLE
Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement