
ਸੰਸਾਰ ਅੰਦਰ ਜਿਸ ਤਰ੍ਹਾਂ ਭਾਰ ਤੋਲਣ ਲਈ ਸੇਰ, ਮਣ, ਕਿਲੋਗ੍ਰਾਮ, ਕੁਇੰਟਲ, ਪੌਂਡ ਅਤੇ ਟਨ ਇਕਾਈਆਂ ਬਣੀਆਂ ਹੋਈਆਂ ਹਨ ਉਸੇ ਤਰ੍ਹਾਂ ਲੰਬਾਈ ਮਾਪਣ ਲਈ ਫ਼ੁੱਟ, ਗਜ਼, ਮੀਲ, ਮੀਟਰ ਅਤੇ ਕਿਲੋਮੀਟਰ ਆਦਿ ਇਕਾਈਆਂ ਬਣਾਈਆਂ ਗਈਆਂ ਹਨ। ਇਸੇ ਤਰ੍ਹਾਂ ਵਿਗਿਆਨਕ ਨਿਯਮਾਂ ਉਤੇ ਅਧਾਰਤ ਯੋਜਨਾਬੱਧ ਤਰੀਕੇ ਨਾਲ ਸਮੇਂ ਦੀ ਵੰਡ ਨਾਲ ਵੱਖ ਵੱਖ ਕਿਸਮ ਦੇ ਕੈਲੰਡਰ ਤਿਆਰ ਕੀਤੇ ਗਏ ਹਨ। ਚੰਦਰਮਾ, ਧਰਤੀ ਅਤੇ ਸੂਰਜ ਦੀ ਗਤੀ ਤੇ ਆਧਾਰਤ ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ:- ਚੰਦਰਮੀ ਕੈਲੰਡਰ, ਸੂਰਜੀ ਕੈਲੰਡਰ ਅਤੇ ਇਨ੍ਹਾਂ ਦੋਹਾਂ ਦੇ ਸੁਮੇਲ ਨਾਲ ਤਿਆਰ ਕੀਤਾ ਗਿਆ ਮਿਸ਼ਰਤ ਕੈਲੰਡਰ। ਸਹੀ ਜਾਣਕਾਰੀ ਲਈ ਜਿਸ ਤਰ੍ਹਾਂ ਸਾਨੂੰ ਭਾਰ ਤੋਲਣ ਅਤੇ ਲੰਬਾਈ ਨਾਪਣ ਦੇ ਪੈਮਾਨਿਆਂ ਦੇ ਫ਼ਰਕ ਬਾਰੇ ਪਤਾ ਹੋਣਾ ਚਾਹੀਦਾ ਹੈ, ਠੀਕ ਉਸੇ ਤਰ੍ਹਾਂ ਵੱਖ ਵੱਖ ਕਿਸਮ ਦੇ ਕੈਲੰਡਰਾਂ ਵਿਚਲੇ ਫ਼ਰਕ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਇਕ ਕੈਲੰਡਰ ਦੇ ਸਾਲ, ਮਹੀਨੇ ਅਤੇ ਤਰੀਕਾਂ ਨੂੰ ਦੂਜੇ ਕੈਲੰਡਰਾਂ ਵਿਚ ਬਦਲਿਆ ਜਾ ਸਕੇ।ਦੁਨੀਆਂ ਅੰਦਰ ਸਮੇਂ ਸਮੇਂ ਤੇ ਵਾਪਰੀਆਂ ਘਟਨਾਵਾਂ ਬਾਰੇ ਜਦ ਅਸੀ ਪੜ੍ਹਦੇ ਜਾਂ ਸੁਣਦੇ ਹਾਂ ਤਾਂ ਇਹ ਪਤਾ ਲਗਦਾ ਹੈ ਕਿ ਇਨ੍ਹਾਂ ਘਟਨਾਵਾਂ ਵਿਚ ਵਰਣਿਤ ਸਮੇਂ ਨਾਲ ਸੰਮਤ ਜਾਂ ਸੰਨ ਸ਼ਬਦ ਦੀ ਵਰਤੋਂ ਕੀਤੀ ਹੁੰਦੀ ਹੈ ਜਿਸ ਨਾਲ ਸਮੇਂ ਦੀ ਵੰਡ ਦੀ ਸਬੰਧਤ ਪ੍ਰਣਾਲੀ ਦਾ ਜ਼ਿਕਰ ਕੀਤਾ ਹੁੰਦਾ ਹੈ। ਇਹ ਜਾਣ ਲੈਣਾ ਚਾਹੀਦਾ ਹੈ ਕਿ ਸੰਮਤ ਅਤੇ ਸੰਨ ਦੇ ਅਰਥ ਇਕ ਹੀ ਹਨ - ਸਾਲ। ਇਤਿਹਾਸਕ ਘਟਨਾਵਾਂ ਅੰਦਰ ਵਰਣਿਤ ਸਾਲਾਂ ਨੂੰ ਸਮੇਂ (ਕਾਲ) ਦੀ ਸੂਚਨਾ ਦੇਣ ਵਾਲੀਆਂ ਵੱਖ ਵੱਖ ਪ੍ਰਣਾਲੀਆਂ ਅਨੁਸਾਰ ਯਾਦ ਰੱਖਣ ਲਈ ਸਾਨੂੰ ਰੱਟਾ ਲਾਉਣਾ ਪੈਂਦਾ ਹੈ ਪਰ ਭਾਰਤ ਅੰਦਰ ਪ੍ਰਚਲਿਤ ਮੁੱਖ ਪ੍ਰਣਾਲੀਆਂ ਬਾਰੇ ਇਥੇ ਦਿਤੀ ਜਾ ਰਹੀ ਜਾਣਕਾਰੀ ਅਜਿਹਾ ਕਰਨ ਤੋਂ ਕਾਫ਼ੀ ਹੱਦ ਤਕ ਬਚਾ ਸਕਦੀ ਹੈ।ਭਾਰਤ ਅੰਦਰ ਪ੍ਰਚਲਿਤ ਪ੍ਰਣਾਲੀਆਂ ਹਨ ¸ ਬਿਕਰਮੀ, ਈਸਵੀ, ਸਾਕਾ, ਅਤੇ ਨਾਨਕਸ਼ਾਹੀ। ਇਨ੍ਹਾਂ ਬਾਰੇ ਕੁੱਝ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:-
ਬਿਕਰਮੀ ਪ੍ਰਣਾਲੀ: ਕੁੱਝ ਵਿਦਵਾਨ ਇਹ ਮੰਨਦੇ ਹਨ ਕਿ ਸਮੇਂ (ਕਾਲ) ਦੀ ਜਾਣਕਾਰੀ ਪ੍ਰਦਾਨ ਕਰਨ ਵਾਲੀ ਬਿਕਰਮੀ ਪ੍ਰਣਾਲੀ ਮਹਾਰਾਜਾ ਕਨਿਸ਼ਕ ਜਾਂ ਯਸ਼ੋਧਰ ਰਾਜੇ ਵਲੋਂ ਚਲਾਈ ਗਈ। ਕਈ ਵਿਦਵਾਨ ਇਹ ਖ਼ਿਆਲ ਕਰਦੇ ਹਨ ਕਿ ਗੌਤਮੀ ਪੁੱਤਰ ਨੇ ਜਦੋਂ ਅਪਣੇ ਬਿਕਰਮ (ਬਲ) ਨਾਲ ਸ਼ਕ ਕੌਮ ਨੂੰ ਹਰਾਇਆ ਉਸ ਸਮੇਂ ਤੋਂ ਇਹ ਪ੍ਰਣਾਲੀ ਅਰੰਭ ਕੀਤੀ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਰਾਜਾ ਚੰਦਰਗੁਪਤ ਵਲੋਂ ਇਹ ਪ੍ਰਣਾਲੀ ਸ਼ੁਰੂ ਕੀਤੀ ਗਈ ਪਰ ਬਹੁਗਿਣਤੀ ਵਿਦਵਾਨ ਇਹ ਮੰਨਦੇ ਹਨ ਕਿ ਬਿਕਰਮੀ ਪ੍ਰਣਾਲੀ ਦਾ ਅਰੰਭ ਰਾਜਾ ਬਿਕਰਮਾਦਿੱਤ ਵਲੋਂ 57 ਬੀ.ਸੀ. ਵਿਚ ਉਜੈਨ ਉੱਪਰ ਜਿੱਤ ਪ੍ਰਾਪਤ ਕਰਨ ਦੀ ਖ਼ੁਸ਼ੀ ਵਿਚ ਕੀਤਾ ਗਿਆ ਜਿਸ ਅਨੁਸਾਰ ਸਾਲ ਨੂੰ ਬਿਕਰਮੀ ਸੰਮਤ ਕਿਹਾ ਜਾਂਦਾ ਹੈ। ਇਸ ਪ੍ਰਣਾਲੀ ਦਾ ਨਵਾਂ ਸਾਲ ਈਸਵੀ ਪ੍ਰਣਾਲੀ ਦੇ 14 ਮਾਰਚ ਤੋਂ ਅਰੰਭ ਹੁੰਦਾ ਹੈ ਅਤੇ ਸਾਲ 365 ਜਾਂ 366 ਦਿਨਾਂ ਦਾ ਹੁੰਦਾ ਹੈ। ਬਿਕਰਮੀ ਕੈਲੰਡਰ ਸੂਰਜੀ ਹੈ ਜੋ ਸਾਈਰੀਡੀਅਲ ਸਾਲ ਉਤੇ ਆਧਾਰਤ ਹੈ। ਇਸ ਪ੍ਰਣਾਲੀ ਅਨੁਸਾਰ ਹਫ਼ਤੇ ਦੇ ਦਿਨਾਂ ਦੇ ਨਾਂ ਹਨ:- ਸੋਮਵਾਰ, ਮੰਗਲਵਾਰ, ਬੁਧਵਾਰ, ਵੀਰਵਾਰ, ਸ਼ੁਕਰਵਾਰ, ਸਨਿਚਰਵਾਰ ਅਤੇ ਐਤਵਾਰ।ਈਸਵੀ ਪ੍ਰਣਾਲੀ: ਹਿੰਦੁਸਤਾਨ ਵਿਚ ਬਿਕਰਮੀ ਪ੍ਰਣਾਲੀ ਨੂੰ ਚਲਦਿਆਂ ਜਦ 56 ਸਾਲ 8 ਮਹੀਨੇ 16 ਦਿਨ (ਲਗਭਭਗ 57 ਸਾਲ) ਹੋ ਚੁੱਕੇ ਸਨ ਜਦ ਫ਼ਲਸਤੀਨ ਦੇ ਸ਼ਹਿਰ ਬੈਤਲਹਮ ਵਿਖੇ ਹਜ਼ਰਤ ਈਸਾ ਦਾ ਜਨਮ ਹੋਇਆ। ਈਸਾ ਦੇ ਜਨਮ ਤੋਂ ਅਰੰਭ ਕੀਤੀ ਗਈ ਪ੍ਰਣਾਲੀ ਅਨੁਸਾਰ ਸਾਲ ਨੂੰ ਈਸਵੀ ਸੰਨ ਕਿਹਾ ਜਾਂਦਾ ਹੈ। ਟਰੋਪੀਕਲ ਸਾਲ ਤੇ ਆਧਾਰਤ ਇਸ ਪ੍ਰਣਾਲੀ ਦਾ ਕੈਲੰਡਰ ਸੂਰਜੀ ਹੈ। ਟਰੋਪੀਕਲ ਸਾਲ ਦੀ ਲੰਬਾਈ ਸਾਈਰੀਡੀਅਲ ਸਾਲ ਤੋਂ 20 ਮਿੰਟ 24 ਸਕਿੰਟ ਘੱਟ ਹੁੰਦੀ ਹੈ। ਈਸਵੀ ਪ੍ਰਣਾਲੀ ਦੇ ਕੈਲੰਡਰ ਨੂੰ 'ਕਾਮਨ ਈਰਾ ਕੈਲੰਡਰ', ਅੰਗਰੇਜ਼ੀ ਜਾਂ ਗ੍ਰੀਗੋਰੀਅਨ ਕੈਲੰਡਰ ਕਿਹਾ ਜਾਂਦਾ ਹੈ। ਵਰਤਮਾਨ ਸਮੇਂ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਅੰਦਰ ਇਹ ਕੈਲੰਡਰ ਹੀ ਪ੍ਰਚਲਿਤ ਹੈ ਜਿਸ ਅਨੁਸਾਰ ਸਾਲ ਦੇ ਮਹੀਨਿਆਂ ਦੇ ਨਾਂ ਹਨ:- ਜਨਵਰੀ, ਫ਼ਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗੱਸਤ, ਸਤੰਬਰ, ਅਕਤੂਬਰ, ਨਵੰਬਰ ਅਤੇ ਦਸੰਬਰ। ਜਦਕਿ ਹਫ਼ਤੇ ਦੇ ਦਿਨਾਂ ਦੇ ਨਾਂ ਹਨ:- ਮੰਡੇ, ਟਿਊਜ਼ਡੇ, ਵੈੱਡਨਸਡੇ, ਥਰਸਡੇ, ਫ਼ਰਾਈਡੇ, ਸੈਚਰਡੇ ਅਤੇ ਸੰਡੇ। ਇਸ ਪ੍ਰਣਾਲੀ ਅਨੁਸਾਰ ਈਸਾ ਦੇ ਜਨਮ ਤੋਂ ਪਹਿਲੇ ਸਮੇਂ ਨੂੰ ਈਸਾ ਪੂਰਵ (ਬੀ.ਸੀ.) ਕਿਹਾ ਜਾਂਦਾ ਹੈ ਜੋ ਅੰਗਰੇਜ਼ੀ ਦੇ ਸ਼ਬਦ 'ਬਿਫ਼ੋਰ ਕਰਾਈਸਟ' ਦਾ ਸੰਖੇਪ ਰੂਪ ਹੈ। ਈਸਾ ਦੇ ਜਨਮ ਤੋਂ ਬਾਅਦ ਵਾਲੇ ਸਮੇਂ ਨੂੰ ਈਸਵੀ ਸੰਨ (ਏ.ਡੀ.) ਕਿਹਾ ਜਾਂਦਾ ਹੈ ਜੋ ਲਾਤੀਨੀ ਭਾਸ਼ਾ ਦੇ ਸ਼ਬਦ 'ਅਨੋ ਡੋਮੀਨੀ' ਦਾ ਸੰਖੇਪ ਰੂਪ ਹੈ। ਅਨੋ ਦੇ ਅਰਥ ਹਨ ਸਾਲ ਅਤੇ ਡੋਮੀਨੀ ਦੇ ਅਰਥ ਹਨ ਸਾਡਾ ਸੁਆਮੀ। ਇਸ ਪ੍ਰਣਾਲੀ ਦਾ ਨਵਾਂ ਸਾਲ ਬਿਕਰਮੀ ਪ੍ਰਣਾਲੀ ਦੇ ਪੋਹ ਮਹੀਨੇ ਦੇ ਅੱਧ ਤੋਂ ਅਰੰਭ ਹੁੰਦਾ ਹੈ। ਇਹ ਜਾਣਨ ਲਈ ਕਿ ਕਿਸੇ ਈਸਵੀ ਸਾਲ ਸਮੇਂ ਕਿਹੜਾ ਬਿਕਰਮੀ ਸੰਮਤ ਚੱਲ ਰਿਹਾ ਹੈ/ਸੀ, ਜਟਕੇ ਫ਼ਾਰਮੂਲੇ ਅਨੁਸਾਰ ਸਬੰਧਤ ਈਸਵੀ ਸੰਨ ਵਿਚ 57 ਜੋੜ ਲਿਆ ਜਾਂਦਾ ਹੈ।ਸਾਕਾ ਪ੍ਰਣਾਲੀ: ਦਖਣੀ ਹਿੰਦੁਸਤਾਨ ਵਿਚ ਸਲਿਵਾਹਨ ਨਾਂ ਦਾ ਇਕ ਪ੍ਰਤਾਪੀ ਰਾਜਾ ਹੋਇਆ ਹੈ ਜੋ ਰਾਜਾ ਬਿਕਰਮਾਦਿਤਯ ਦੀਆਂ ਨੀਤੀਆਂ ਦਾ ਵਿਰੋਧੀ ਸੀ। ਈਸਵੀ ਸੰਨ 78 ਵਿਚ ਉਸ ਨੇ ਸਾਕਾ ਪ੍ਰਣਾਲੀ ਅਰੰਭ ਕਰ ਦਿਤੀ ਜਿਸ ਦਾ ਕੈਲੰਡਰ ਮਿਸ਼ਰਤ ਕੈਲੰਡਰ ਹੈ ਜਿਸ ਅਨੁਸਾਰ ਸਾਲ ਨੂੰ ਸਾਕਾ ਸੰਮਤ ਜਾਂ ਸ਼ਕ ਸੰਮਤ ਕਿਹਾ ਜਾਂਦਾ ਹੈ। ਸਾਕਾ ਪ੍ਰਣਾਲੀ ਅਨੁਸਾਰ ਸਾਲ ਦੇ ਮਹੀਨਿਆਂ ਅਤੇ ਹਫ਼ਤੇ ਦੇ ਦਿਨਾਂ ਦੇ ਨਾਂ ਬਿਕਰਮੀ ਪ੍ਰਣਾਲੀ ਅਨੁਸਾਰ ਹੀ ਰੱਖੇ ਗਏ ਪਰ ਇਸ ਪ੍ਰਣਾਲੀ ਦਾ ਨਵਾਂ ਸਾਲ ਈਸਵੀ ਪ੍ਰਣਾਲੀ ਦੇ ਲੀਪ ਦੇ ਸਾਲ ਵਿਚ 21 ਮਾਰਚ ਤੋਂ ਅਰੰਭ ਹੁੰਦਾ ਹੈ ਜਦਕਿ ਬਾਕੀ ਸਾਲਾਂ ਵਿਚ 22 ਮਾਰਚ ਤੋਂ। ਭਾਰਤ ਸਰਕਾਰ ਵਲੋਂ ਇਸ ਪ੍ਰਣਾਲੀ ਦੇ ਕੈਲੰਡਰ ਨੂੰ ਈਸਵੀ ਸੰਨ 1957 ਵਿਚ ਰਾਸ਼ਟਰੀ ਕੈਲੰਡਰ ਵਜੋਂ ਅਪਣਾ ਲਿਆ ਗਿਆ ਸੀ।
ਨਾਨਕਸ਼ਾਹੀ ਪ੍ਰਣਾਲੀ: ਇਹ ਪ੍ਰਣਾਲੀ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਸਾਲ ਭਾਵ ਈਸਵੀ ਸੰਨ 1469 ਤੋਂ ਅਰੰਭ ਹੁੰਦੀ ਹੈ ਜਿਸ ਅਨੁਸਾਰ ਸਾਲ ਨੂੰ ਨਾਨਕਸ਼ਾਹੀ ਸੰਮਤ ਕਿਹਾ ਜਾਂਦਾ ਹੈ। ਇਸ ਪ੍ਰਣਾਲੀ ਦਾ ਨਵਾਂ ਸਾਲ ਈਸਵੀ ਪ੍ਰਣਾਲੀ ਦੇ 14 ਮਾਰਚ ਤੋਂ ਅਰੰਭ ਹੁੰਦਾ ਹੈ। ਆਮ ਪ੍ਰਕਾਸ਼ਕਾਂ ਵਲੋਂ ਛਾਪੇ ਜਾਂਦੇ ਕੈਲੰਡਰਾਂ ਅਤੇ ਜੰਤਰੀਆਂ ਵਿਚ ਸਾਲ ਦੇ ਮਹੀਨਿਆਂ ਦੇ ਨਾਂ ਚੇਤ, ਵੈਸਾਖ, ਜੇਠ ਹਾੜ੍ਹ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ ਛਾਪੇ ਜਾਂਦੇ ਹਨ ਜਦਕਿ ਗੁਰੂ ਨਾਨਕ ਦੇਵ ਜੀ ਵਲੋਂ ਤੁਖਾਰੀ ਰਾਗ ਵਿਚ ਉਚਾਰੀ ਬਾਣੀ ਬਾਰਹ ਮਾਹਾ ਅਨੁਸਾਰ ਮਹੀਨਿਆਂ ਦੇ ਨਾਂ ਹਨ:- ਚੇਤੁ, ਵੈਸਾਖੁ, ਜੇਠੁ, ਆਸਾੜੁ, ਸਾਵਣਿ, ਭਾਦਉ, ਅਸੁਨਿ, ਕਤਕਿ, ਮੰਘਰ, ਪੋਖਿ, ਮਾਘਿ ਅਤੇ ਫਲਗੁਨਿ। ਅੱਗੇ ਬਣਾਇਆ ਚਾਰਟ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਕਿਸੇ ਪ੍ਰਣਾਲੀ ਦੇ ਵਿਸ਼ੇਸ਼ ਸਾਲ ਦਾ ਦੂਜੀਆਂ ਪ੍ਰਣਾਲੀਆਂ ਅਨੁਸਾਰ ਇਸ ਦੇ ਬਰਾਬਰ ਦਾ ਸਾਲ ਕਿਹੜਾ ਹੋਵੇਗਾ:-
ਭਾਰਤ ਵਿਚ ਬਿਕਰਮੀ ਕੈਲੰਡਰ ਸਦੀਆਂ ਤੋਂ ਚੱਲ ਰਿਹਾ ਹੈ ਜੋ ਇਸ ਹੱਦ ਤਕ ਮਕਬੂਲ ਸੀ ਕਿ ਗੁਰੂ ਸਾਹਿਬਾਨ ਅਤੇ ਭਗਤਜਨਾਂ ਦੁਆਰਾ ਅਪਣੀਆਂ ਲਿਖਤਾਂ ਅਤੇ ਹੁਕਮਨਾਮਿਆਂ ਵਿਚ ਬਿਕਰਮੀ ਪ੍ਰਣਾਲੀ ਦੀ ਹੀ ਵਰਤੋਂ ਕੀਤੀ ਗਈ ਹੈ। ਬੇਸ਼ੱਕ ਉਸ ਸਮੇਂ ਦੇਸ਼ ਵਿਚ ਹੋਰ ਕੈਲੰਡਰ ਵੀ ਵਰਤੇ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਦੁਆਰਾ ਭਾਈ ਲਾਲੋ ਨੂੰ ਸੰਬੋਧਨ ਕਰ ਕੇ ਤਿਲੰਗ ਰਾਗ ਵਿਚ ਉਚਾਰੇ ਇਕ ਸ਼ਬਦ ਅੰਦਰ ਆਈ ਨਿਮਨ ਪੰਕਤੀ ਵਿਚ ਸਮੇਂ ਦਾ ਕੀਤਾ ਗਿਆ ਉਲੇਖ ਬਿਕਰਮੀ ਪ੍ਰਣਾਲੀ ਅਨੁਸਾਰ ਹੀ ਹੈ:-
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।।
(ਪੰਨਾ 723)
ਗੁਰਬਾਣੀ ਦੀ ਉਕਤ ਪੰਕਤੀ ਦੇ ਅਰਥ ਸਮਝਣ ਤੋਂ ਪਹਿਲਾਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਇਹ ਵਿਧਾਨ ਹੈ ਕਿ ਸਦੀ ਦਾ ਅੰਗ ਨਾਲ ਲਾਏ ਬਿਨਾਂ ਵਿਚਕਾਰਲੇ ਅੰਗ ਸਿਰਫ਼ ਵਰਤਮਾਨ ਸਦੀ ਦੇ ਹੀ ਵਰਤੇ ਜਾ ਸਕਦੇ ਹਨ ਜਿਵੇਂ ਕਿ ਵਰਤਮਾਨ ਸਮੇਂ ਚੱਲ ਰਹੀ ਇੱਕੀਵੀਂ ਸਦੀ ਦੇ ਸਾਲ 2017 ਨੂੰ ਦਸਤਖ਼ਤ ਕਰਨ ਵੇਲੇ ਅਸੀ ਇਸ ਨੂੰ ਸਿਰਫ਼ 17 ਹੀ ਲਿਖਦੇ ਹਾਂ। ਵਰਤਮਾਨ ਸਦੀ ਤੋਂ ਬਾਹਰ ਕਿਸੇ ਸਾਲ ਦਾ ਜ਼ਿਕਰ ਕਰਨ ਵੇਲੇ ਸਾਲ ਦੇ ਨਾਲ ਸਬੰਧਤ ਸਦੀ ਦਾ ਅੰਗ ਜ਼ਰੂਰ ਜੋੜਨਾ ਪਵੇਗਾ ਜਿਵੇਂ ਕਿ ਬੀਤ ਚੁੱਕੀ ਵੀਹਵੀਂ ਸਦੀ ਦੇ ਸੰਨ 17 ਅਤੇ ਭਵਿੱਖ ਵਿਚ ਆਉਣ ਵਾਲੀ 22ਵੀਂ ਸਦੀ ਦੇ ਸੰਨ 17 ਨੂੰ ਕ੍ਰਮਵਾਰ ਲਿਖਿਆ ਜਾਵੇਗਾ ਈਸਵੀ ਸੰਨ 1917 ਅਤੇ 2117।ਉਕਤ ਨਿਯਮ ਨੂੰ ਧਿਆਨ ਵਿਚ ਰੱਖ ਕੇ ਜਦੋਂ ਅਸੀ ਗੁਰਬਾਣੀ ਅੰਦਰ ਸੁਸ਼ੋਭਿਤ ਸ਼ਬਦ 'ਅਠਤਰੈ' ਅਤੇ 'ਸਤਾਨਵੈ' ਦੇ ਅਰਥ ਕਰਾਂਗੇ ਤਾਂ ਪਤਾ ਲਗੇਗਾ ਕਿ ਇਹ ਸੋਲਵੀਂ ਸਦੀ ਦੇ ਬਿਕਰਮੀ ਸੰਮਤ 1578 ਅਤੇ 1597 ਵਿਚ ਵਾਪਰੀਆਂ ਇਤਿਹਾਸਕ ਘਟਨਾਵਾਂ ਦੇ ਸੂਚਕ ਹਨ ਜੋ ਨਿਮਨ ਪ੍ਰਕਾਰ ਸਨ:-
1. ਬਿਕਰਮੀ ਸੰਮਤ 1578 ਵਿਚ ਬਾਬਰ ਵਲੋਂ ਹਿੰਦੁਸਤਾਨ ਉਪਰ ਕੀਤਾ ਗਿਆ ਤੀਜਾ ਹਮਲਾ ਜਦੋਂ ਗੁਰੂ ਨਾਨਕ ਦੇਵ ਜੀ ਅਪਣੇ ਪ੍ਰਚਾਰ ਦੌਰਿਆਂ ਸਮੇਂ ਸੈਦਪੁਰ (ਐਮਨਾਬਾਦ) ਵਿਖੇ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਠਹਿਰੇ ਹੋਏ ਸਨ।
2. ਬਿਕਰਮੀ ਸੰਮਤ 1597 ਵਿਚ ਕਨੌਜ ਦੇ ਅਸਥਾਨ ਤੇ ਸ਼ੇਰ ਸ਼ਾਹ ਸੂਰੀ ਹੱਥੋਂ ਹੋਈ ਹਮਾਯੂੰ ਦੀ ਹਾਰ, ਜਿਸ ਨਾਲ ਹਿੰਦੁਸਤਾਨ ਵਿਚੋਂ ਮੁਗ਼ਲ ਖ਼ਾਨਦਾਨ ਦਾ ਰਾਜ ਖ਼ਤਮ ਹੋ ਗਿਆ ਸੀ।