
ਸਿੱਖ ਕੌਮ ਨਾਲ ਕੇਂਦਰ ਦੀਆਂ
ਸਰਕਾਰਾਂ ਹਰ ਸਮੇਂ ਵਿਤਕਰੇ ਕਰਦੀਆਂ ਰਹੀਆਂ ਹਨ। ਆਜ਼ਾਦੀ ਪਿਛੋਂ ਪੰਜਾਬ ਅਤੇ ਸਿੱਖ ਕੌਮ
ਨਾਲ ਜੋ ਬੇਇਨਸਾਫ਼ੀਆਂ, ਧੱਕੇਸ਼ਾਹੀਆਂ, ਵਿਤਕਰੇ, ਅਨਿਆਂ ਅਤੇ ਭਿੰਨ-ਭੇਦ ਕੀਤੇ ਜਾਂਦੇ ਰਹੇ
ਹਨ, ਉਹ ਸੱਭ ਨੂੰ ਪਤਾ ਹੈ। ਜਿਥੇ ਪੰਜਾਬ ਇਕ ਸਰਹੱਦੀ ਸੂਬਾ ਹੈ ਉਥੇ ਪੰਜਾਬ ਦੇ ਲੋਕਾਂ
ਨੇ 1948, 1962, 1965, 1971 ਅਤੇ 1999 ਦੀਆਂ ਜੰਗਾਂ ਸਮੇਂ ਸੱਭ ਤੋਂ ਵੱਧ ਕੇ
ਕੁਰਬਾਨੀਆਂ ਕੀਤੀਆਂ ਹਨ ਪਰ ਪੰਜਾਬ ਨੂੰ ਬਾਕੀ ਸੂਬਿਆਂ ਨਾਲੋਂ ਘੱਟ ਸਹੂਲਤਾਂ ਦੇ ਕੇ
ਪਿਛਾਂਹ ਧਕਿਆ ਜਾ ਰਿਹਾ ਹੈ। ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ,
ਮਹਾਰਾਸ਼ਟਰ, ਉੱਤਰਾਖੰਡ, ਝਾਰਖੰਡ, ਗੋਆ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਨੂੰ ਤਰੱਕੀ
ਵਾਸਤੇ ਅਤੇ ਇੰਡਸਟਰੀ ਲਈ ਵੱਡੀਆਂ ਵੱਡੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਜਿਸ ਕਰ ਕੇ
ਪੰਜਾਬ ਵਿਚੋਂ ਛੋਟੇ ਅਤੇ ਵੱਡੇ ਉਦਯੋਗ ਦੂਜੇ ਸੂਬਿਆਂ ਵਿਚ ਚਲੇ ਗਏ ਹਨ। ਇਸ ਕਰ ਕੇ
ਪੰਜਾਬ ਆਰਥਕ ਪੱਖੋਂ ਪਛੜ ਗਿਆ ਹੈ, ਜਿਸ ਕਰ ਕੇ ਬੇਰੁਜ਼ਗਾਰੀ ਬਹੁਤ ਵਧੀ ਹੈ। ਕਿਸਾਨਾਂ ਦੇ
ਸਿਰ ਚੜ੍ਹੇ ਕਰਜ਼ਿਆਂ ਕਰ ਕੇ ਰੋਜ਼ ਕਿਸਾਨ ਦੁਖੀ ਹੋ ਕੇ ਆਤਮਹਤਿਆ ਕਰ ਰਹੇ ਹਨ। ਪੰਜਾਬੀਆਂ
ਨੇ ਪੰਜਾਬ ਹੀ ਨਹੀਂ ਦੇਸ਼ ਦੀ ਤਰੱਕੀ ਵਿਚ ਵਡਮੁੱਲਾ ਹਿੱਸਾ ਪਾਇਆ ਹੈ।
ਕੇਂਦਰ ਸਰਕਾਰ
ਨੇ ਜੀ.ਐਸ.ਟੀ. ਟੈਕਸ ਲਾ ਕੇ ਜਿਥੇ ਛੋਟੇ-ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ
ਭੁਮਖਰੀ ਦੇ ਕੰਢੇ ਲਿਆ ਖੜਾ ਕੀਤਾ ਹੈ, ਉਥੇ ਗੁਰੂ ਘਰਾਂ ਵਿਚ ਮੁਫ਼ਤ ਵਰਤਾਏ ਜਾਣ ਵਾਲੇ
ਲੰਗਰਾਂ ਅਤੇ ਕੜਾਹ ਪ੍ਰਸ਼ਾਦ ਵਿਚ ਪ੍ਰਯੋਗ ਹੋਣ ਵਾਲੀਆਂ ਵਸਤਾਂ ਉਤੇ ਜੀ.ਐਸ.ਟੀ. ਟੈਕਸ ਲਾ
ਦਿਤਾ ਹੈ। ਉਸ ਦੀ ਮਾਰ ਤੋਂ ਉਭਰੇ ਨਹੀਂ ਸਨ ਕਿ ਕੇਂਦਰ ਸਰਕਾਰ ਨੇ ਪੰਜਾਬ ਵਾਸੀਆਂ ਉਪਰ
ਵੱਡੇ ਕੁਹਾੜੇ ਦਾ ਹਮਲਾ ਕਰ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵੱਡੀ ਸੱਟ ਮਾਰੀ
ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਵਿਚ ਹੁਣ ਪੰਜਾਬ ਦੇ ਲੋਕਾਂ ਦੇ ਜੋ ਆਧਾਰ
ਕਾਰਡ ਬਣਨਗੇ, ਉਹ ਕੇਵਲ ਹਿੰਦੀ ਅਤੇ ਅੰਗਰੇਜ਼ੀ ਵਿਚ ਬਣਾਏ ਜਾਣਗੇ ਜਦਕਿ ਪਹਿਲਾਂ ਇਹ ਆਧਾਰ
ਕਾਰਡ ਪੰਜਾਬੀ ਅਤੇ ਅੰਗਰੇਜ਼ੀ ਵਿਚ ਬਣਦੇ ਰਹੇ ਹਨ। ਇਸ ਨਾਲ ਪੰਜਾਬ ਦੇ ਵਾਸੀਆਂ ਦੇ ਦਿਲ
ਵਲੂੰਧਰੇ ਗਏ ਹਨ। ਜਿਸ ਪੰਜਾਬੀ ਬੋਲੀ ਵਾਸਤੇ, ਪੰਜਾਬੀਆਂ ਅਤੇ ਸਿੱਖਾਂ ਨੇ ਮੋਰਚੇ ਲਾਏ,
ਜੇਲਾਂ ਭਰੀਆਂ, ਸ਼ਹੀਦੀਆਂ ਦਿਤੀਆਂ, ਅੱਜ ਉਸ ਪੰਜਾਬੀ ਬੋਲੀ ਨੂੰ ਪੰਜਾਬ ਦੀ ਮੁੱਖ ਬੋਲੀ
ਦੀ ਥਾਂ ਦੇਣ ਦੀ ਬਜਾਏ ਖ਼ਤਮ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬੀ ਪੰਜਾਬ
ਵਾਸੀਆਂ ਦੀ ਮਾਂ-ਬੋਲੀ ਹੈ। ਹਜ਼ਾਰਾਂ ਲੋਕਾਂ ਨੇ ਪੰਜਾਬੀ ਵਾਸਤੇ ਅਪਣੀਆਂ ਸ਼ਹੀਦੀਆਂ
ਦਿਤੀਆਂ। ਇਹ ਵਿਤਕਰਾ ਕਿਸੇ ਵੀ ਕੀਮਤ ਉਤੇ ਸਹਿਣ ਨਹੀਂ ਕੀਤਾ ਜਾਵੇਗਾ। ਜੇਕਰ ਕੇਂਦਰ
ਹਿੰਦੀ ਭਾਸ਼ਾ ਵਿਚ ਆਧਾਰ ਕਾਰਡ ਵਿਚ ਲਿਖਣਾ ਚਾਹੁੰਦੀ ਹੈ ਤਾਂ ਪੰਜਾਬੀਆਂ ਨੂੰ ਕੋਈ ਇਤਰਾਜ਼
ਨਹੀਂ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨ ਭਾਸ਼ਾਵਾਂ ਵਿਚ ਆਧਾਰ ਕਾਰਡ ਬਣਾਏ ਜਾਣ,
ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਸਿੱਖਾਂ ਅਤੇ ਪੰਜਾਬੀਆਂ ਨੇ ਕਦੇ ਹਿੰਦੀ ਦਾ
ਵਿਰੋਧ ਨਹੀਂ ਕੀਤਾ ਅਤੇ ਨਾ ਕਰਨਗੇ।
ਪੰਜਾਬ ਅਤੇ ਪੰਜਾਬੀਆਂ ਨਾਲ ਇਹ ਧੱਕਾ ਨਾ ਕੀਤਾ
ਜਾਵੇ। ਜੇਕਰ ਆਧਾਰ ਕਾਰਡ ਵਿਚੋਂ ਪੰਜਾਬੀ ਭਾਸ਼ਾ ਹਟਾਈ ਗਈ ਤਾਂ ਪੰਜਾਬੀਆਂ ਨਾਲ ਇਹ ਇਕ
ਹੋਰ ਵੱਡਾ ਧੱਕਾ ਹੋਵੇਗਾ।
ਸੰਪਰਕ : 81949-25067