ਨਮੋਲੀਆਂ ਦੇ ਰੁੱਖ ਬਣ ਗਏ
Published : Sep 12, 2017, 11:28 pm IST
Updated : Sep 12, 2017, 5:58 pm IST
SHARE ARTICLE



ਗੱਲ ਅੱਜ ਤੋਂ ਤਕਰੀਬਨ ਪੰਦਰਾਂ ਕੁ ਸਾਲ ਪਹਿਲਾਂ ਦੀ ਹੈ ਜਦੋਂ ਮੈਂ ਪਿੰਡ ਵਾਲੇ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਸੀ। ਸਕੂਲ ਦੀਆਂ ਸਾਰੀਆ ਜਮਾਤਾਂ ਨੂੰ ਬਸ ਦੋ ਹੀ ਅਧਿਆਪਕ ਪੜ੍ਹਾਇਆ ਕਰਦੇ ਸਨ। ਇਕ ਸਨ ਸਾਡੇ ਹੈੱਡਮਾਸਟਰ ਅਤੇ ਦੂਜੇ ਭੈਣ ਜੀ ਨਸੀਬ ਕੌਰ। ਉਨ੍ਹਾਂ ਸਮਿਆਂ ਵਿਚ ਬੱਚਿਆਂ ਦੇ ਮਨ ਵਿਚ ਅਧਿਆਪਕਾਂ ਦਾ ਬਹੁਤ ਡਰ ਹੁੰਦਾ ਸੀ। ਇਸ ਲਈ ਸਾਰੇ ਬੱਚੇ ਬਹੁਤ ਹੀ ਧਿਆਨ ਨਾਲ ਪੜ੍ਹਾਈ ਕਰਿਆ ਕਰਦੇ ਸਨ। ਸਾਡੀ ਜਮਾਤ ਦੇ ਇੰਚਾਰਜ ਭੈਣ ਜੀ ਨਸੀਬ ਕੌਰ ਜੀ ਸਨ। ਉਨ੍ਹਾਂ ਦਾ ਸੁਭਾਅ ਬਹੁਤ ਹੀ ਸਖ਼ਤ ਸੀ, ਇਸ ਲਈ ਸਾਰੇ ਬੱਚੇ ਉਨ੍ਹਾਂ ਤੋਂ ਡਰਦੇ ਸਨ ਅਤੇ ਉਨ੍ਹਾਂ ਦਾ ਦਿਤਾ ਸਾਰਾ ਕੰਮ ਕਰ ਕੇ ਲੈ ਆਉਂਦੇ ਸਨ। ਪੜ੍ਹਾਈ ਦੇ ਨਾਲ ਭੈਣ ਜੀ ਸਾਨੂੰ ਖੇਡਾਂ ਅਤੇ ਦੁਨੀਆਦਾਰੀ ਦੀਆਂ ਆਮ ਗੱਲਾਂ ਦਾ ਵੀ ਭਰਪੂਰ ਗਿਆਨ ਦਿੰਦੇ ਸਨ।

ਉਨ੍ਹਾਂ ਸਮਿਆਂ ਵਿਚ ਮਨੁੱਖ ਦਾ ਰੁੱਖਾਂ ਨਾਲ ਅਥਾਹ ਪਿਆਰ ਹੁੰਦਾ ਸੀ। ਖੇਤਾਂ ਵਿਚ ਕੰਮ ਕਰਦੇ ਕਿਸਾਨ ਖੇਤਾਂ ਦੀਆਂ ਵੱਟਾਂ ਉਤੇ ਉਗੇ ਆਪ ਮੁਹਾਰੇ ਰੁੱਖਾਂ ਨੂੰ ਵੀ ਪੁੱਤਰਾਂ ਵਾਂਗ ਪਾਲਦੇ ਸਨ। ਉਹ ਉਨ੍ਹਾਂ ਨੂੰ ਪਸ਼ੂਆਂ ਤੋਂ ਵਾੜਾਂ ਕਰਦੇ, ਵੇਲੇ ਸਿਰ ਪਾਣੀ ਪਾਉਂਦੇ ਤੇ ਰੂੜੀ ਦਾ ਰੇਅ ਵੀ ਉਨ੍ਹਾਂ ਨੂੰ ਪਾਉਂਦੇ ਤਾਂ ਜੋ ਉਨ੍ਹਾਂ ਦੇ ਵਿਕਾਸ ਵਿਚ ਤੇਜ਼ੀ ਆਵੇ ਤੇ ਉਹ ਜਲਦੀ ਤੋਂ ਜਲਦੀ ਵੱਡੇ ਰੁੱਖ ਬਣ ਜਾਣ। ਖੇਤ ਵਿਚ ਲੱਗੇ ਬੋਰਾਂ ਦੁਆਲੇ ਵੀ ਝੁੰਡ ਬਣਾ ਬਣਾ ਕੇ ਸੰਘਣੀ ਛਾਂ ਵਾਲੇ ਰੁੱਖ ਲਾਏ ਜਾਂਦੇ ਸਨ। ਖੇਤ ਮਾਲਕ ਰੁੱਖਾਂ ਨਾਲ ਅਥਾਹ ਪਿਆਰ ਕਰਦੇ ਸਨ। ਉਹ ਉਨ੍ਹਾਂ ਨੂੰ ਸਮੇਂ ਸਮੇਂ ਤੇ ਛਾਂਗਦੇ ਅਤੇ ਕਿਆਰੀਆਂ ਬਣਾ ਕੇ ਪਾਣੀ ਦਿੰਦੇ ਰਹਿੰਦੇ ਸਨ। ਕਈ ਬੰਦਿਆਂ ਦਾ ਤਾਂ ਰੁੱਖਾਂ ਨਾਲ ਐਨਾ ਮੋਹ ਪੈ ਜਾਂਦਾ ਸੀ ਕਿ ਉਹ ਅਪਣੇ ਦੁੱਖ ਵੀ ਉਨ੍ਹਾਂ ਰੁੱਖਾਂ ਹੇਠ ਬੈਠ ਕੇ ਉਨ੍ਹਾਂ ਨੂੰ ਸੁਣਾਇਆ ਕਰਦੇ ਸਨ। ਇਸ ਸੱਚਾਈ ਦਾ ਜ਼ਿਕਰ ਲੋਕਗੀਤਾਂ ਵਿਚ ਵੇਖÎਣ ਨੂੰ ਮਿਲਦਾ ਹੈ।

ਉਸ ਸਮੇਂ ਦੇ ਖੁੱਲ੍ਹੇ ਖੁੱਲ੍ਹੇ ਘਰਾਂ ਵਿਚ ਘਰ ਵਾਲੇ ਕੋਈ ਨਾ ਕੋਈ ਰੁੱਖ ਜ਼ਰੂਰਲਾਉਂਦੇ ਸਨ। ਮੈਨੂੰ ਯਾਦ ਹੈ ਸਾਡੇ ਬਾਹਰਲੇ ਘਰ ਦਾਦਾ ਦਾਦੀ ਰਹਿੰਦੇ ਸੀ। ਦਾਦਾ ਜੀ ਨੇ ਲੋਕਾਂ ਤੋਂ ਉਲਟ ਚਲ ਕੇ ਵਿਹੜੇ ਵਿਚ ਦੇਸੀ ਕਿੱਕਰ ਲਾਈ ਸੀ। ਉਸ ਕਿੱਕਰ ਨੂੰ ਜਦੋਂ ਸਾਉਣ ਮਹੀਨੇ ਫੁੱਲ ਲਗਣੇ ਤਾਂ ਉਸ ਦੇ ਦਿੱਖ ਦਾ ਦ੍ਰਿਸ਼ ਮਨਮੋਹਕ ਹੋ ਨਿਬੜਦਾ ਸੀ। ਪੀਲੇ-ਪੀਲੇ ਰੰਗ ਦੇ ਮੋਤੀਆਂ ਵਾਂਗ ਖਿੜੇ ਫੁੱਲ ਵੇਖ ਕੇ ਮਨ ਅੰਦਰੋ-ਅੰਦਰੀ ਕੁਦਰਤ ਤੋਂ ਸਦਕੇ ਜਾਂਦਾ ਸੀ। ਭੁੰਜੇ ਡਿੱਗੇ ਪੀਲੇ ਪੀਲੇ ਫੁੱਲ ਅਸੀ ਸਾਰੇ ਛੋਟੇ-ਛੋਟੇ ਬੱਚੇ ਇਕੱਠੇ ਕਰ ਕੇ ਖੇਡਦੇ। ਕਈ ਵਾਰ ਦਾਦਾ ਜੀ ਸਾਨੂੰ ਕਿੱਕਰ ਤੇ ਲੱਗੇ ਫੁੱਲਾਂ ਨੂੰ ਤੋੜ ਕੇ ਖਾਣ ਲਈ ਕਹਿੰਦੇ। ਉਨ੍ਹਾਂ ਦਾ ਕਹਿਣਾ ਸੀ ਕਿ ਕਿੱਕਰ ਦੇ ਫੁੱਲ ਖਾਣ ਨਾਲ ਤਾਪ (ਬੁਖਾਰ) ਨਹੀਂ ਚੜ੍ਹਦਾ ਅਤੇ ਹੋਰ ਕਈ ਛੋਟੀਆਂ ਬਿਮਾਰੀਆਂ ਜਿਵੇਂ ਫੋੜਾ ਫਿਨਸੀ ਤੋਂ ਵੀ ਬਚਾਅ ਹੋ ਜਾਂਦਾ ਹੈ। ਫੁੱਲਾਂ ਤੋਂ ਬਾਅਦ ਕਿੱਕਰ ਨੂੰ ਲਗਦੇ ਤੁਕਿਆਂ ਦੇ ਗੁਣਾਂ ਤੋਂ ਲਗਭਗ ਹਰ ਬੰਦਾ ਜਾਣੂ ਸੀ। ਦਾਦਾ ਜੀ ਦਸਦੇ ਸਨ ਕਿ ਤੁੱਕੇ ਪੁਰਾਣੇ ਤੋਂ ਪੁਰਾਣਾ ਪਿੱਠ ਦਰਦ ਠੀਕ ਕਰ ਦਿੰਦੇ ਹਨ। ਇਸ ਲਈ ਉਹ ਤੁਕਿਆਂ ਦਾ ਅਚਾਰ ਆਪ ਕਹਿ ਕੇ ਪਵਾਉਂਦੇ ਸਨ। ਕਈ ਵਾਰੀ ਦਾਦੀ ਤੁਕਿਆਂ ਨੂੰ ਸੁਕਾ ਕੇ ਅਤੇ ਪੀਸ ਕੇ ਪੰਜੀਰੀ ਵੀ ਬਣਾਉਂਦੇ ਸਨ, ਜਿਸ ਨਾਲ ਆਮ ਘਰੇਲੂ ਕੰਮਾਂ-ਕਾਰਾਂ ਕਾਰਨ ਹੋਣ ਵਾਲੇ ਪਿੱਠ ਦਰਦ ਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲ ਜਾਂਦੀ ਸੀ।

ਸਾਡੇ ਅੰਦਰਲੇ ਘਰ ਬਹੁਤ ਵੱਡਾ ਨਿੰਮ ਲਗਿਆ ਹੋਇਆ ਸੀ। ਪਿਤਾ ਜੀ ਦੇ ਦੱਸਣ ਮੁਤਾਬਕ ਉਸ ਦੀ ਉਮਰ ਉਸ ਸਮੇਂ ਪੰਝੀ ਕੁ ਸਾਲਾਂ ਦੀ ਸੀ। ਅਸੀ ਉਸ ਨਿੰਮ ਤੇ ਬਚਪਨ ਬਿਤਾਏ ਹਨ। ਉਸ ਉÎਪਰ ਚੜ੍ਹ ਕੇ ਖੇਡਣਾ, ਕਦੇ ਪੀਂਘ ਪਾ ਕੇ ਝੂਟਣਾ। ਮੇਰੇ ਤਾਇਆ ਜੀ ਦੀ ਬੇਟੀ ਜੋ ਮੇਰੇ ਨਾਲੋਂ ਸਵਾ ਕੁ ਸਾਲ ਵੱਡੀ ਸੀ ਅਸੀ ਦੋਨੋਂ ਉਸ ਤੋਂ ਉਸ ਦੀਆਂ ਪੀਲੇ ਰੰਗ ਦੀ ਨਮੋਲੀਆਂ ਤੋੜ ਕੇ ਖਾਇਆ ਕਰਦੇ ਸੀ। ਇਨ੍ਹਾਂ ਦੇ ਖਾਣ ਨਾਲ ਵੀ ਬੇਬੇ ਹੋਰੀਂ ਦਸਦੇ ਸਨ ਕਿ ਤਾਪ ਨਹੀ ਚੜ੍ਹਦਾ।

ਮੈਨੂੰ ਯਾਦ ਹੈ ਕਿ ਜਦੋਂ ਸਕੂਲ ਵਾਲੇ ਭੈਣ ਜੀਆਂ ਨੇ ਸਾਨੂੰ ਇਕ ਰੁੱਖ ਲਾਉਣ ਲਈ ਕਿਹਾ ਸੀ ਤਾਂ ਅਸੀ ਇਹੋ ਨਮੋਲੀਆਂ ਲੈ ਕੇ ਗਏ ਸੀ। ਅਸੀ ਸਾਰੇ ਬੱਚਿਆਂ ਨੇ ਨਮੋਲੀਆਂ ਸਕੂਲ ਦੀ ਕੰਧ ਦੇ ਨੇੜੇ ਲਗਾਈਆਂ ਸਨ। ਲਗਾਉਣ ਤੋਂ ਬਾਅਦ ਹਰ ਰੋਜ਼ ਜਾ ਕੇ ਵੇਖਣਾ ਤੇ ਪਾਣੀ ਦੇਣਾ। ਜਦੋਂ ਦਸ ਕੁ ਦਿਨਾਂ ਬਾਅਦ ਨਿੰਮ ਉਗਿਆ ਸੀ ਤਾਂ ਅਸੀ ਸਾਰੇ ਬਹੁਤ ਖ਼ੁਸ਼ ਹੋਏ ਸੀ। ਫਿਰ ਅਸੀ ਉਸ ਨੂੰ ਧੁੱਪ ਤੋਂ ਬਚਾਉਣ ਲਈ ਇੱਟਾਂ ਦੀ ਵਾੜ ਵੀ ਕੀਤੀ ਸੀ। ਪੰਜਵੀਂ ਪਾਸ ਕਰਨ ਤਕ ਉਹ ਨਿੰਮ ਸਾਡੇ ਲੱਕ ਤਕ ਪਹੁੰਚਣ ਲੱਗ ਗਿਆ ਸੀ। ਫਿਰ ਅਸੀ ਅਗਲੀ ਜਮਾਤ ਲਈ ਨਾਲ ਦੇ ਪਿੰਡ ਵਾਲੇ ਸਕੂਲ ਵਿਚ ਦਾਖ਼ਲਾ ਲੈ ਲਿਆ ਸੀ। ਪਰ ਫਿਰ ਵੀ ਕਦੇ ਕਦੇ ਉਸ ਨਿੰਮ ਨੂੰ ਜ਼ਰੂਰ ਜਾ ਕੇ ਮਿਲ ਕੇ ਆਉਂਦੇ ਸੀ। ਅੱਜ ਅਸੀ ਸ਼ਹਿਰ ਵਿਚ ਰਹਿਣ ਲੱਗ ਗਏ ਹਾਂ।

ਕੰਮਾਂ-ਕਾਰਾਂ ਵਿਚ ਰੁੱਝੇ ਹੋਣ ਕਾਰਨ ਪਿੰਡ ਸਾਲਾਂ ਬਾਅਦ ਹੀ ਚੱਕਰ ਲਗਦਾ ਸੀ। ਜਦੋਂ ਵੀ ਪਿੰਡ ਜਾਂਦੇ ਬਸ ਤਾਇਆ ਜੀ ਦੇ ਘਰ ਬੈਠ ਕੇ ਹੀ ਵਾਪਸ ਆ ਜਾਂਦੇ ਸੀ। ਕਦੇ ਖ਼ਿਆਲ ਹੀ ਨਹੀਂ ਆਇਆ ਕਿ ਉਸ ਨਿੰਮ ਨੂੰ ਜਾ ਕੇ ਵੇਖਿਆ ਜਾਵੇ। ਇਕ ਵਾਰ ਮੈਂ ਜਦੋਂ ਪਿੰਡ ਗਿਆ ਤਾਂ ਮੈਂ ਅਪਣੇ ਤਾਇਆ ਜੀ ਦੇ ਬੇਟੇ ਜਗਸੀਰ ਨਾਲ ਖੇਤ ਵੀ ਗਿਆ। ਜਦੋਂ ਅਸੀ ਸਕੂਲ ਵਾਲੇ ਰਾਹ ਤੋਂ ਲੰਘ ਰਹੇ ਸੀ ਤਾਂ ਅਚਾਨਕ ਮੇਰੀ ਨਜ਼ਰ ਉਸ ਨਿੰਮ ਤੇ ਪਈ ਜੋ ਇਕ ਵੱਡਾ ਰੁੱਖ ਬਣ ਗਿਆ ਸੀ ਜਿਸ ਨਿੰਮ ਨੂੰ ਨਮੋਲੀਆਂ ਬੀਜ ਕੇ ਉਗਾਇਆ ਸੀ। ਮੈਨੂੰ ਇੰਜ ਲਗਿਆ ਜਿਵੇਂ ਉਹ ਮੈਨੂੰ ਨਿਉਂ ਕੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਹੋਵੇ। ਮੈਂ ਸਕੂਲ ਦੀ ਕੰਧ ਤੋਂ ਪਾਰ ਉਸ ਨੂੰ ਕਿੰਨੀ ਦੇਰ ਖੜਾ ਰਹਿ ਕੇ ਵੇਖਦਾ ਰਿਹਾ। ਫਿਰ ਜਗਸੀਰ ਦੇ ਕਹਿਣ ਤੇ ਅਸੀ ਖੇਤ ਵਲ ਨੂੰ ਤੁਰ ਪਏ। ਸੰਪਰਕ : 97816-77772

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement