ਪਿੰਡਾਂ ਦੇ ਨਿਆਣੇ ਹੁਣ ਨਹੀਂ ਜਾਂਦੇ ਭੱਠੀਉਂ ਭੁਨਾਉਣ ਦਾਣੇ
Published : Sep 10, 2017, 9:52 pm IST
Updated : Sep 10, 2017, 4:22 pm IST
SHARE ARTICLE



ਵਿਕਾਸ ਦੇ ਇਸ ਦੌਰ ਵਿਚ ਪੰਜਾਬ ਦੇ ਸਭਿਅਚਾਰਕ ਰੰਗ ਬਹੁਤ ਤੇਜ਼ੀ ਨਾਲ ਬਦਲਦੇ ਨਜ਼ਰ ਆਏ ਹਨ। ਪੰਜਾਹ-ਸੱਠ ਕੁ ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਦਾ ਇਕ ਨਿਵੇਕਲਾ ਜਿਹਾ ਰੰਗ ਹੁੰਦਾ ਸੀ। ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਦੇਸੀ ਢੰਗਾਂ ਨਾਲ ਪਿੰਡ ਵਿਚ ਹੀ ਪੂਰੀਆਂ ਕਰ ਲਈਆਂ ਜਾਂਦੀਆਂ ਸਨ। ਇਸ ਤਰ੍ਹਾਂ ਦੇਸੀ ਸੂਤੀ ਕਪੜਾ, ਚਮੜੇ ਦੀਆਂ ਜੁੱਤੀਆਂ, ਕਿਸਾਨੀ ਸੰਦਾਂ ਵਾਲੀ ਜ਼ਰੂਰਤ ਜਾਂ ਲੋਹੇ ਦੀਆਂ ਛੋਟੀਆਂ-ਛੋਟੀਆਂ ਬਣੀਆਂ ਚੀਜ਼ਾਂ ਪਿੰਡ ਵਿਚ ਹੀ ਤਿਆਰ ਮਿਲ ਜਾਂਦੀਆਂ ਸਨ। ਉਨ੍ਹਾਂ ਦਿਨਾਂ ਵਿਚ ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਵੀ ਸੀਮਤ ਸਨ ਅਤੇ ਉਨ੍ਹਾਂ ਦੀ ਪੂਰਤੀ ਵੀ ਪਿੰਡ ਵਿਚ ਹੀ ਹੋ ਜਾਂਦੀ ਸੀ।

ਪਿੰਡਾਂ ਦੇ ਬੱਚਿਆਂ ਲਈ ਇਕ ਬਹੁਤ ਹੀ ਮਨੋਰੰਜਕ ਅਤੇ ਦਿਲਚਸਪ ਧੰਦਾ ਅਪਣਾਇਆ ਜਾ ਰਿਹਾ ਹੁੰਦਾ ਸੀ ਅਤੇ ਉਹ ਸੀ ਭੱਠੀ ਤੇ ਦਾਣੇ ਭੁਨਣਾ। ਇਸ ਧੰਦੇ ਲਈ ਪਿੰਡ ਵਿਚ ਕੰਮ ਕਰਨ ਵਾਲੇ ਪਿੰਡ ਦੇ ਕਿਸੇ ਵਿਸ਼ੇਸ਼ ਥਾਂ ਨੂੰ ਚੁਣ ਕੇ, ਉਥੇ ਅਪਣੀ ਭੱਠੀ ਪੱਕੇ ਤੌਰ ਤੇ ਬਣਾ ਲੈਂਦੇ ਅਤੇ ਪਿੰਡ ਦੇ ਸਾਰੇ ਨਿਆਣੇ ਦਾਣੇ ਭੁਨਾਉਣ ਲਈ ਉਸ ਭੱਠੀ ਤੇ ਪਹੁੰਚ ਜਾਂਦੇ। ਅਜਿਹੇ ਥਾਂ ਪਿੰਡ ਦੇ ਦਰਵਾਜ਼ਿਆਂ ਦੇ ਬਾਹਰ, ਪਿੰਡ ਦੇ ਮੁੱਖ ਲਾਂਘਿਆਂ ਜਾਂ ਫਿਰ ਗੁਰਦਵਾਰਾ ਸਾਹਿਬ ਦੇ ਬਾਹਰ ਕਿਸੇ ਸਾਂਝੀ ਥਾਂ ਤੇ ਚੁਣੇ ਜਾਂਦੇ ਤਾਕਿ ਹਰ ਘਰ ਪ੍ਰਵਾਰ ਦੇ ਬੱਚੇ ਬਿਨਾਂ ਕਿਸੇ ਝਿਜਕ ਤੋਂ ਦਾਣੇ ਭੁਨਾਉਣ ਲਈ ਉਥੇ ਆ ਸਕਣ।

ਭੱਠੀ ਤੇ ਦਾਣੇ ਭੁੰਨਣ ਵਾਲੀ ਬੀਬੀ ਵੀ ਬੜੀ ਫੁਰਤੀ ਨਾਲ ਦਾਣੇ ਭੁਨਣ ਦਾ ਕੰਮ ਕਰਦੀ। ਉਸ ਲਈ ਉਹ ਬਰੀਕ ਰੇਤ, ਲੋਹੇ ਦਾ ਵੱਡਾ ਝਰਨਾ ਅਤੇ ਇਕ ਵੱਡੀ ਲੰਮੀ ਦਾਤੀ ਦਾ ਪ੍ਰਯੋਗ ਕਰਦੀ। ਰੇਤ ਨੂੰ ਗਰਮ ਕਰਨ ਲਈ ਭੱਠੀ ਹੇਠ ਅੱਗ ਬਾਲਣਾ ਜ਼ਰੂਰੀ ਹੁੰਦਾ ਸੀ, ਇਸ ਲਈ ਉਸ ਨੂੰ ਪਹਿਲਾਂ ਹੀ ਇਸ ਬਾਲਣ ਦਾ ਪ੍ਰਬੰਧ ਕਰਨਾ ਪੈਂਦਾ। ਇਸ ਬਾਲਣ ਲਈ ਉਹ ਕਮਾਦ ਦੀ ਸੁੱਕੀ ਪੱਤੀ, ਗੰਨਿਆਂ ਦੇ ਛਿਲਕੇ (ਤੱਥੇ) ਅਤੇ ਸੁਕੀਆਂ ਬਰੀਕ ਨਰਮੇ ਦੀਆਂ ਛਟੀਆਂ ਦੀ ਮਦਦ ਲੈਂਦੀ। ਸ਼ਾਮ ਪੈਣ ਤੋਂ ਪਹਿਲਾਂ ਹੀ ਉਹ ਅਪਣੀ ਭੱਠੀ ਨੂੰ ਗਰਮ ਕਰਨ ਲਈ ਅੱਗ ਬਾਲ ਕੇ ਤਿਆਰੀ ਕਰ ਲੈਂਦੀ ਅਤੇ ਭੱਠੀ ਤੋਂ ਨਿਕਲਦੇ ਧੂੰਏ ਨੂੰ ਵੇਖ ਕੇ ਪਿੰਡ ਦੇ ਬੱਚੇ ਵੀ ਅੰਦਾਜ਼ਾ ਲਾ ਲੈਂਦੇ ਕਿ ਭੱਠੀ ਚਾਲੂ ਹੋ ਗਈ ਹੈ। ਉਸ ਸਮੇਂ ਉਹ ਖੇਡਦੇ-ਖੇਡਦੇ, ਖੇਡ ਨੂੰ ਛੱਡ ਘਰਾਂ ਨੂੰ ਦੌੜ ਜਾਂਦੇ ਅਤੇ ਅਪਣੇ ਘਰਾਂ 'ਚੋਂ ਦਾਣਿਆਂ ਦੀਆਂ ਪੋਟਲੀਆਂ ਬੰਨ੍ਹ ਲਿਆਉਂਦੇ।

ਉਨ੍ਹਾਂ ਦਿਨਾਂ ਵਿਚ ਪੰਜਾਬ ਦੇ ਸੱਭ ਪਿੰਡਾਂ ਵਿਚ ਮੱਕੀ ਅਤੇ ਛੋਲੇ ਬਹੁਤ ਵੱਡੇ ਪੱਧਰ ਤੇ ਪੈਦਾ ਹੁੰਦੇ ਸਨ ਅਤੇ ਇਸ ਤਰ੍ਹਾਂ ਹਰ ਘਰ ਵਿਚ ਮੱਕੀ ਅਤੇ ਛੋਲਿਆਂ ਦੇ ਦਾਣੇ ਮੌਜੂਦ ਹੀ ਰਹਿੰਦੇ ਸਨ। ਭੁੰਨੇ ਮੱਕੀ ਦੇ ਦਾਣੇ ਅਤੇ ਛੋਲਿਆਂ ਦਾ ਅਨੰਦ, ਘਰ ਦੇ ਵੱਡੇ ਮੈਂਬਰ ਵੀ ਜ਼ਰੂਰ ਲੈਂਦੇ। ਇਸ ਲਈ ਅਜਿਹਾ ਕਰਨ ਤੋਂ ਬੱਚਿਆਂ ਨੂੰ ਕੋਈ ਨਾ ਟੋਕਦਾ ਸਗੋਂ ਆਪ ਖ਼ੁਸ਼ੀ ਨਾਲ ਉਨ੍ਹਾਂ ਨੂੰ ਦਾਣੇ ਬੰਨ੍ਹ ਕੇ ਜਾਂ ਕਿਸੇ ਹੋਰ ਭਾਂਡੇ ਵਿਚ ਪਾ ਕੇ ਦੇ ਦੇਂਦੇ। ਭੱਠੀ ਤੇ ਪਹੁੰਚ ਕੇ ਬੱਚੇ ਪਹਿਲਾਂ ਹੀ ਲੱਗੀ ਕਤਾਰ ਵਿਚ ਅਪਣੀ ਵਾਰੀ ਦੀ ਉਡੀਕ ਵਿਚ ਉਸ ਕਤਾਰ ਵਿਚ ਬੈਠ ਜਾਂਦੇ। ਭੱਠੀ ਵਾਲੀ ਬੀਬੀ ਵੀ ਬੱਚਿਆਂ ਨੂੰ ਦੋ ਅਲੱਗ-ਅਲੱਗ ਕਤਾਰਾਂ ਵਿਚ ਬੈਠਣ ਲਈ ਕਹਿੰਦੀ। ਇਕ ਛੋਲਿਆਂ ਵਾਲਿਆਂ ਦੀ ਅਤੇ ਦੂਜੀ ਮੱਕੀ ਦੇ ਦਾਣਿਆਂ ਵਾਲਿਆਂ ਦੀ। ਜੇ ਕੋਈ ਮੁੰਗਫਲੀ ਭੁਨਾਉਣ ਆਉਂਦਾ ਤਾਂ ਉਹ ਉਸ ਦਾ ਨੰਬਰ ਪਹਿਲਾਂ ਲਗਾ ਦਿੰਦੀ ਕਿਉਂਕਿ ਗ਼ੈਰ-ਮੁੰਗਫਲੀ ਇਲਾਕਿਆਂ ਵਿਚ ਮੁੰਗਫਲੀ ਭੁਨਾਉਣ ਲਈ ਕੋਈ-ਕੋਈ ਬੱਚਾ ਹੀ ਲਿਆਉਂਦਾ ਸੀ।
ਜਦੋਂ ਕਿਸੇ ਬੱਚੇ ਦੀ ਦਾਣੇ ਭੁਨਾਉਣ ਦੀ ਵਾਰੀ ਆਉਂਦੀ ਤਾਂ ਉਹ ਬੀਬੀ ਉਸ ਦੀ ਪੋਟਲੀ ਨੂੰ ਖੋਲ੍ਹ ਕੇ ਉੱਚੀ ਕਰ ਕੇ ਭੱਠੀ ਵਿਚ ਸੁੱਟ ਦੇਂਦੀ ਅਤੇ ਅਪਣਾ ਇਕ ਹੱਥ ਹੇਠ ਕਰ ਮੁੱਠੀ ਭਰ ਦਾਣੇ ਅਪਣਾ ਝੂੰਗਾ ਕੱਢ ਲੈਂਦੀ। ਇਹੀ ਉਸ ਦੀ ਮਿਹਨਤ ਹੁੰਦੀ ਸੀ ਅਤੇ ਹਰ ਰੋਜ਼ ਅਜਿਹਾ ਕਰਨ ਨਾਲ ਉਹ ਵੀ ਦਾਣਿਆਂ ਦੇ ਰੂਪ ਵਿਚ ਚੰਗੀ ਕਮਾਈ ਕਰ ਲੈਂਦੀ ਸੀ।

ਇਸ ਤਰ੍ਹਾਂ ਭੱਠੀ ਤੇ ਹਰ ਰੋਜ਼ ਰੌਣਕਾਂ ਲਗਦੀਆਂ। ਬੱਚੇ ਇਕ ਤੋਂ ਇਕ ਅੱਗੇ ਬੈਠਣ ਦੀ ਕੋਸ਼ਿਸ਼ ਕਰਦੇ ਅਤੇ ਇਸ ਤਰ੍ਹਾਂ ਇਕ ਬਹੁਤ ਹੀ ਖ਼ੁਸ਼ਗਵਾਰ ਸਭਿਆਚਾਰਕ ਰੰਗ ਬੰਨ੍ਹਿਆ ਜਾਂਦਾ। ਇਹੀ ਕਾਰਨ ਹੈ ਕਿ ਇਨ੍ਹਾਂ ਭੱਠੀਆਂ ਦੇ ਦ੍ਰਿਸ਼ਾਂ ਬਾਰੇ ਪੰਜਾਬੀ ਸਾਹਿਤ ਵਿਚ ਵੀ ਅਨੇਕਾਂ ਬਿਰਤਾਂਤ ਮਿਲਦੇ ਹਨ, ਜਿਨ੍ਹਾਂ ਵਿਚ ਗੀਤ, ਕਹਾਣੀਆਂ, ਕਵਿਤਾਵਾਂ ਅਤੇ ਲੇਖ ਸ਼ਾਮਲ ਹਨ।
ਪਰ ਅਫ਼ਸੋਸ ਹੈ ਕਿ ਅੱਜ ਪੰਜਾਬ ਦੇ ਪਿੰਡਾਂ ਵਿਚ ਇਹ ਸਭਿਆਚਾਰਕ ਰੰਗ ਬਿਲਕੁਲ ਅਲੋਪ ਹੋ ਚੁਕਿਆ ਹੈ। ਅਨੇਕਾਂ ਪਿੰਡਾਂ ਵਿਚ ਦਾਣੇ ਭੁੰਨਣ ਵਾਲੀਆਂ ਭੱਠੀਆਂ ਖ਼ਤਮ ਹੋ ਚੁਕੀਆਂ ਹਨ। ਪਿੰਡਾਂ ਵਿਚ ਭੱਠੀਆਂ ਨਾ ਹੋਣ ਦੀ ਹਾਲਤ ਵਿਚ ਬੱਚੇ ਵੀ ਦਾਣੇ ਭੁਨਾਉਣਾ ਭੁੱਲ ਗਏ ਹਨ। ਹੁਣ ਕਿਤੇ ਨਜ਼ਰ ਨਹੀਂ ਆਉਂਦੀਆਂ ਪਿੰਡਾਂ ਵਿਚ ਦਾਣੇ ਭੁਨਾਉਣ ਵਾਲੇ ਬੱਚਿਆਂ ਦੀਆਂ ਕਤਾਰਾਂ। ਪਿੰਡਾਂ ਅਤੇ ਸ਼ਹਿਰਾਂ ਦੇ ਸੱਭ ਬੱਚੇ ਸਾਡੀ ਇਸ ਸਭਿਆਚਾਰਕ ਦੇਣ ਨੂੰ ਭੁੱਲ ਹੀ ਗਏ ਹਨ। ਪੰਜਾਬ ਦੇ ਬਹੁਤ ਸਾਰੇ ਖੇਤਰਾਂ ਵਿਚ ਤਾਂ ਮੱਕੀ ਅਤੇ ਛੋਲਿਆਂ ਦੀਆਂ ਫ਼ਸਲਾਂ ਬੀਜੀਆਂ ਹੀ ਨਹੀਂ ਜਾਂਦੀਆਂ। ਤਾਂ ਅਜਿਹੇ ਹਾਲਾਤ ਵਿਚ ਬੱਚੇ ਕਿਥੋਂ ਭੁਨਾਉਣਗੇ ਮੱਕੀ ਅਤੇ ਛੋਲਿਆਂ ਦੇ ਦਾਣੇ? ਦੂਜੇ ਮਿਹਨਤੀ ਪੰਜਾਬੀ ਲੋਕ ਵੀ ਰੈਡੀਮੇਟ ਚੀਜ਼ਾਂ ਉਪਰ ਜ਼ਿਆਦਾ ਨਿਰਭਰ ਹੋਣ ਲੱਗੇ ਹਨ। ਉਨ੍ਹਾਂ ਨੂੰ ਭੁੰਨੇ, ਭੁਨਾਏ ਮੱਕੀ ਅਤੇ ਛੋਲਿਆਂ ਦੇ ਦਾਣੇ ਬੰਦ ਪੈਕਟਾਂ ਵਿਚ ਬਾਜ਼ਾਰੋਂ ਮਿਲ ਜਾਂਦੇ ਹਨ। ਜਿਨ੍ਹਾਂ ਕਿਸਾਨੀ ਘਰਾਂ ਵਿਚ ਮਣਾਂ-ਮੂੰਹੀਂ ਮੱਕੀ ਅਤੇ ਛੋਲਿਆਂ ਦੀਆਂ ਬੋਰੀਆਂ ਪਈਆਂ ਹੁੰਦੀਆਂ ਸਨ, ਅੱਜ ਉਹ ਵੀ ਬਾਜ਼ਾਰਾਂ ਤੋਂ ਅਪਣੇ ਬੱਚਿਆਂ ਲਈ ਬੰਦ ਪੈਕਟ (ਪੋਪਕਾਰਨ) ਮੁੱਲ ਲੈ ਕੇ ਆਉਂਦੇ ਹਨ ਅਤੇ ਬੱਚੇ ਵੀ ਉਨ੍ਹਾਂ ਨੂੰ ਲੈ ਕੇ ਖ਼ੁਸ਼ ਹੋ ਜਾਂਦੇ ਹਨ। ਉਹ ਵੀ ਭੱਠੀ ਤੇ ਬੈਠਣ ਦੀ ਨਿਆਮਤ ਤੋਂ ਛੁਟਕਾਰਾ ਸਮਝਦੇ ਹਨ। ਪਰ ਇਹ ਸੱਭ ਕੁੱਝ ਪੰਜਾਬੀ ਬੱਚਿਆਂ ਨੂੰ ਉਨ੍ਹਾਂ ਦੇ ਬਹੁਮੁੱਲੇ ਵਿਰਸੇ ਅਤੇ ਸਭਿਆਚਾਰ ਤੋਂ ਦੂਰ ਕਰਨ ਦੇ ਤੁਲ ਹੈ। ਇਸ ਨਾਲ ਸਾਡੀ ਭਾਈਚਾਰਕ ਸਾਂਝ ਵੀ ਬਿਖਰਦੀ ਹੈ। ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਅਪਣੇ ਬੱਚਿਆਂ ਨੂੰ ਸਾਡੇ ਪੁਰਾਣੇ ਵਿਰਸੇ ਅਤੇ ਸਭਿਆਚਾਰ ਨਾਲ ਜੋੜ ਕੇ ਰੱਖਣ ਦੀ ਜ਼ਰੂਰਤ ਹੈ। ਇਸ ਲਈ ਪਿੰਡਾਂ ਦੇ ਬੱਚਿਆਂ ਦੇ ਮਾਪੇ ਅਪਣਾ ਚੰਗਾ ਰੋਲ ਅਦਾ ਕਰ ਸਕਦੇ ਹਨ। ਸ਼ਹਿਰਾਂ ਵਿਚ ਤਾਂ ਬੱਚਿਆਂ ਨੂੰ ਦਾਣੇ ਭੁੰਨਣ ਵਾਲੀ ਭੱਠੀ ਦਾ ਪਤਾ ਹੀ ਨਹੀਂ ਹੈ ਤਾਂ ਘੱਟੋ-ਘੱਟ ਪੇਂਡੂ ਬੱਚਿਆਂ ਨੂੰ ਇਸ ਦੀ ਜਾਣਕਾਰੀ ਹੋਣੀ ਤਾਂ ਜ਼ਰੂਰੀ ਹੈ। ਸੰਪਰਕ : 98764-52223

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement