ਪਿੱਤਰਾਂ ਦਾ ਸਰਾਧ
Published : Sep 10, 2017, 9:54 pm IST
Updated : Sep 10, 2017, 4:24 pm IST
SHARE ARTICLE


ਸੈਂਕੜਿਆਂ ਸਾਲਾਂ ਦੀ ਗ਼ੁਲਾਮੀ ਦੇ ਜਬਾੜੇ ਵਿਚੋਂ ਨਿਕਲਣ ਮਗਰੋਂ ਵੀ ਹਿੰਦੂ ਸਮਾਜ ਨਾ ਤਾਂ ਅੰਧਵਿਸ਼ਵਾਸ ਦੀ ਦਲਦਲ ਵਿਚੋਂ ਬਾਹਰ ਨਿਕਲ ਸਕਿਆ ਹੈ ਅਤੇ ਨਾ ਹੀ ਇਸ ਨੇ ਅਪਣੇ ਚਾਰੇ ਪਾਸੇ ਫੈਲੇ ਪਾਖੰਡਾਂ ਦੇ ਤਾਣੇ-ਬਾਣੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਦੂਰ ਦੇ ਇਲਾਕਿਆਂ ਵਿਚ ਰਹਿਣ ਵਾਲੇ ਪਿਛੜੇ ਸਮਾਜ ਨੂੰ ਤਾਂ ਛੱਡੋ ਜਿਥੇ ਅੰਧਵਿਸ਼ਵਾਸ ਫੈਲਣ ਦਾ ਕਾਰਨ ਅਨਪੜ੍ਹਤਾ ਮੰਨਿਆ ਜਾਂਦਾ ਹੈ, ਅਜੋਕੇ ਸ਼ਹਿਰਾਂ ਦੇ ਉੱਚ ਸਿਖਿਅਤ ਲੋਕ ਵੀ ਅੰਧਵਿਸ਼ਵਾਸ ਦੀ ਘੁੰਮਣਘੇਰੀ ਵਿਚ ਭਟਕ ਰਹੇ ਹਨ।

ਅੰਧਵਿਸ਼ਵਾਸ ਦੇ ਜਾਲ ਵਿਚ ਅਨਪੜ੍ਹ ਲੋਕ ਉਲਝ ਕੇ ਰਹਿ ਜਾਣ, ਇਹ ਗੱਲ ਤਾਂ ਗਲੇ ਉਤਰਦੀ ਹੈ ਪਰ ਚੰਗੇ ਪੜ੍ਹੇ-ਲਿਖੇ, ਸਮਝਦਾਰ ਲੋਕ ਵੀ ਅੰਧਵਿਸ਼ਵਾਸ ਨੂੰ ਗਲੇ ਲਾ ਲੈਣ ਤਾਂ ਹੈਰਾਨੀ ਹੁੰਦੀ ਹੈ। ਅੱਜ ਦੇ ਸਮੇਂ 'ਚ ਵੀ ਪਿਤਰਾਂ ਨੂੰ ਮਨਾਉਣ ਦੇ ਨਾਂ ਤੇ ਸਮਾਜ ਵਿਚ ਪੰਡਤਾਂ ਦੇ ਪਖੰਡਾਂ ਦਾ ਗੋਰਖਧੰਦਾ ਧੜੱਲੇ ਨਾਲ ਚਲ ਰਿਹਾ ਹੈ। ਇਸ ਨੂੰ ਵੇਖ ਕੇ ਇਹ ਯਕੀਨ ਹੀ ਨਹੀਂ ਹੁੰਦਾ ਕਿ ਅਸੀ ਆਈ.ਟੀ. ਅਤੇ ਵਾਈ-ਫ਼ਾਈ ਦੀ ਕ੍ਰਾਂਤੀ ਦੇ ਦੌਰ ਵਿਚ ਜ਼ਿੰਦਗੀ ਜੀ ਰਹੇ ਹਾਂ।

ਉਂਜ ਤਾਂ ਭਾਰਤ ਵਿਚ ਰਹਿ ਰਹੇ ਲੋਕਾਂ ਦਾ ਹਰ ਮਹੀਨਾ, ਹਰ ਘੜੀ, ਹਰ ਦਿਨ ਹੀ ਅੰਧਵਿਸ਼ਵਾਸਾਂ ਅਤੇ ਕੁਰੀਤੀਆਂ ਨੂੰ ਨਿਭਾਉਣ ਵਿਚ ਬੀਤਦਾ ਹੈ ਪਰ ਅੱਸੂ ਦੀ ਪੂਰਨਮਾਸ਼ੀ ਤੋਂ ਅੱਸੂ ਦੀ ਮਸਿਆ ਤਕ ਦੇ 15 ਦਿਨ ਮਰੇ ਹੋਏ ਵੱਡੇ-ਵਡੇਰਿਆਂ ਨੂੰ ਫਿਰ ਤੋਂ ਜ਼ਿੰਦਾ ਅਨੁਭਵ ਕਰਨ ਦੇ ਦਿਨ ਹੁੰਦੇ ਹਨ। ਇਸ ਪੰਦਰਵਾੜੇ ਵਿਚ ਹਿੰਦੂ ਅਪਣੇ ਮ੍ਰਿਤਕ ਮਾਤਾ-ਪਿਤਾ, ਦਾਦਾ-ਦਾਦੀ ਆਦਿ ਦੀ ਯਾਦ ਵਿਚ ਬ੍ਰਾਹਮਣਾਂ ਨੂੰ ਭੋਜਨ ਕਰਵਾ ਕੇ ਦਾਨ-ਦੱਛਣਾ ਆਦਿ ਦਿੰਦੇ ਹਨ।

ਇਸ ਕੁਰੀਤੀ ਨੂੰ ਪਿੰਡਾਂ ਕਸਬਿਆਂ ਦੇ ਛੋਟੇ ਪ੍ਰਵਾਰਾਂ ਤੋਂ ਲੈ ਕੇ ਸ਼ਹਿਰਾਂ ਦੇ ਰਈਸ ਪ੍ਰਵਾਰਾਂ ਵਿਚ ਵੀ ਬਾਖ਼ੂਬੀ ਨਿਭਾਇਆ ਜਾਂਦਾ ਹੈ। ਇਸ ਕੁਰੀਤੀ ਨੂੰ ਨਿਭਾਉਣ ਨਾਲ ਭਾਵੇਂ ਪਿਤਰਾਂ ਦਾ ਭਲਾ ਹੋਵੇ ਜਾਂ ਨਾ ਹੋਵੇ, ਬ੍ਰਾਹਮਣਾਂ ਦਾ ਭਲਾ ਜ਼ਰੂਰ ਹੁੰਦਾ ਹੈ। ਮਹਿੰਗਾਈ ਦੇ ਇਸ ਦੌਰ ਵਿਚ ਮੁਫ਼ਤ ਦੇ ਇਸ ਭੋਜਨ ਅਤੇ ਨਾਲ ਮਿਲਣ ਵਾਲੇ ਕਪੜਿਆਂ ਦੀ ਜੋੜੀ ਨੂੰ ਬ੍ਰਾਹਮਣ ਛਡਣਾ ਨਹੀਂ ਚਾਹੁੰਦੇ। ਏਨਾ ਹੀ ਨਹੀਂ ਅੱਜਕਲ ਦੇ ਮਾਡਰਨ ਬ੍ਰਾਹਮਣ ਤਾਂ ਖਾਣੇ ਮਗਰੋਂ ਟਿਫ਼ਿਨ (ਦੁਪਹਿਰ ਦਾ ਖਾਣਾ) ਤਕ ਘਰ ਲੈ ਜਾਂਦੇ ਹਨ ਤਾਂ ਜੋ ਉਨ੍ਹਾਂ ਦੇ ਸਮੁੱਚੇ ਪ੍ਰਵਾਰ ਨੂੰ ਦੋ ਵੇਲੇ ਦਾ ਵਧੀਆ ਭੋਜਨ ਮਿਲ ਜਾਵੇ, ਭਾਵੇਂ ਮ੍ਰਿਤਕ ਦੀ ਆਤਮਾ ਤ੍ਰਿਪਤ ਹੋਵੇ ਜਾਂ ਨਾ ਹੋਵੇ।
ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਸਾਲ ਦੇ ਸਾਢੇ 11 ਮਹੀਨੇ ਪਿਤਰ ਭੁੱਖੇ ਸੁੱਤੇ ਰਹਿੰਦੇ ਹਨ। ਅੱਸੂ ਵਿਚ ਉਹ ਜਾਗ ਕੇ ਭੁੱਖ ਮਹਿਸੂਸ ਕਰਦੇ ਹਨ। ਇਸੇ ਕਰ ਕੇ ਤਾਂ ਸਿਰਫ਼ 15 ਦਿਨਾਂ ਵਿਚ ਬ੍ਰਾਹਮਣਾਂ ਦੇ ਜ਼ਰੀਏ ਉਨ੍ਹਾਂ ਨੂੰ ਭੋਜਨ ਟਰਾਂਸਫ਼ਰ (ਥਾਂ ਤਬਦੀਲੀ) ਕਰਾਇਆ ਜਾਂਦਾ ਹੈ। ਕਿਸੇ ਗ਼ੈਰਬ੍ਰਾਹਮਣ ਰਾਹੀਂ ਭੇਜੇ (ਖਵਾਏ) ਭੋਜਨ ਨਾਲ ਉਨ੍ਹਾਂ ਦੀ ਤ੍ਰਿਪਤੀ ਨਹੀਂ ਹੋ ਸਕਦੀ। ਨਾਲ ਹੀ, ਪਿਤਰਾਂ ਤਕ ਜੇਕਰ ਅਜਿਹਾ ਭਾਰੀ (ਜੋ ਛੇਤੀ ਨਾ ਪਚੇ) ਭੋਜਨ ਪਹੁੰਚ ਸਕਦਾ ਹੈ ਤਾਂ ਕੀ ਉਨ੍ਹਾਂ ਦੇ ਮਲ-ਮੂਤਰ ਆਦਿ ਦੀ ਵਿਵਸਥਾ ਹੈ? ਇਹ ਸੋਚਣਾ ਤਾਂ ਹੋਰ ਵੀ ਜ਼ਿਆਦਾ ਹਾਸੋਹੀਣਾ ਹੈ ਕਿ ਬ੍ਰਾਹਮਣ ਦੇ ਪੇਟ ਵਿਚ ਪਾਇਆ ਗਿਆ ਭੋਜਨ ਪਿਤਰਾਂ ਤਕ ਪਹੁੰਚ ਜਾਵੇਗਾ ਜਾਂ ਉਨ੍ਹਾਂ ਦੀ ਭੁੱਖ ਸ਼ਾਂਤ ਹੋ ਜਾਵੇਗੀ। ਸਾਰੇ ਜਾਣਦੇ ਹਨ ਕਿ ਪਿਤਰਾਂ ਦੇ ਸ੍ਰੀਰ ਸਾੜ ਦਿਤੇ ਜਾਂਦੇ ਹਨ ਅਤੇ ਹਿੰਦੂ ਧਰਮ ਦੀਆਂ ਕਥਿਤ ਮਾਨਤਾਵਾਂ ਅਨੁਸਾਰ ਆਤਮਾ  ਭੁੱਖ-ਪਿਆਸ ਆਦਿ ਬੰਧਨਾਂ ਤੋਂ ਮੁਕਤ ਹੈ। ਫਿਰ ਇਸ ਲੋਕ ਵਿਚ ਬ੍ਰਾਹਮਣਾਂ ਨੂੰ ਖੁਆਇਆ ਭੋਜਨ ਪਿਤਰਾਂ ਦੀ ਆਤਮਾ ਤਕ, ਜਿਹੜੇ ਪਤਾ ਨਹੀਂ ਕਿਹੜੇ ਲੋਕ, ਕਿਹੜੀ ਜੂਨੀ ਅਤੇ ਕਿਹੜੀ ਹਾਲਤ ਵਿਚ ਹਨ, ਕਿਵੇਂ ਪਹੁੰਚ ਜਾਵੇਗਾ?

ਡੂੰਘਾਈ ਨਾਲ ਸੋਚਣ ਤੇ ਕਈ ਸਵਾਲ ਸਾਹਮਣੇ ਆਉਂਦੇ ਹਨ। ਸਰਾਧ ਲਈ ਇਹੀ ਦਿਨ ਕਿਉਂ ਮੰਨੇ ਜਾਂਦੇ ਹਨ? ਸਰਾਧ ਲਈ ਅਤੇ ਅੱਸੂ ਮਹੀਨੇ ਦੇ 15 ਦਿਨਾਂ ਨੂੰ ਹੀ ਪਿਤ੍ਰਪਕਸ਼ ਐਲਾਨ ਕਰ ਕੇ ਸਰਾਧ ਕਰਮ ਲਈ ਕਿਉਂ ਨਿਸ਼ਚਿਤ ਕੀਤਾ ਗਿਆ ਹੈ? ਦਰਅਸਲ, ਖੇਤੀ ਪ੍ਰਧਾਨ ਇਸ ਦੇਸ਼ ਵਿਚ ਸਦੀਆਂ ਤੋਂ ਹੀ ਇਹ ਮਹੀਨਾ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਦੀ ਫ਼ਸਲ ਦੀ ਬਿਜਾਈ ਦੇ ਮੱਧ ਦਾ ਸਮਾਂ ਰਿਹਾ ਹੈ। ਪ੍ਰਾਚੀਨ ਸਮੇਂ ਵਿਚ ਬ੍ਰਾਹਮਣਾਂ ਨੇ ਇਹ ਸੋਚ ਕੇ ਕਿ ਬਰਸਾਤ ਖ਼ਤਮ ਹੋ ਜਾਣ ਅਤੇ ਹਾੜੀ ਦੀ ਫ਼ਸਲ ਵੱਢੇ ਜਾਣ ਨਾਲ ਪਿੰਡ ਵਿਚ ਦੁੱਧ, ਘਿਉ ਦੀ ਬਹੁਤਾਤ ਹੋਵੇਗੀ ਅਤੇ ਕਿਸਾਨਾਂ ਕੋਲ ਦਾਨ-ਦਕਸ਼ਣਾ ਦੇਣ ਲਈ ਕਾਫ਼ੀ ਸਾਰਾ ਅਨਾਜ ਅਤੇ ਪੈਸਾ ਹੋਵੇਗਾ, ਸੋ ਇਨ੍ਹਾਂ 15 ਦਿਨਾਂ ਨੂੰ ਪਿਤ੍ਰਪਕਸ਼ ਐਲਾਨ ਕਰ ਕੇ ਸਰਾਧ ਕਰਮ ਲਈ ਨਿਸ਼ਚਿਤ ਕਰ ਦਿਤਾ ਹੈ।

ਭਾਵੇਂ ਜ਼ਿੰਦਗੀ ਵਿਚ ਤਾਂ ਬੁੱਢੇ ਲਾਚਾਰ ਮਾਤਾ-ਪਿਤਾ ਦੀ ਸੇਵਾ ਨਹੀਂ ਕਰਦੇ ਪਰ ਅਪਣੇ ਪਿਤਰਾਂ ਪ੍ਰਤੀ ਸ਼ਰਧਾ ਭਾਵਨਾ ਰਖਦੇ ਹਨ। ਇਹ ਅਜਿਹਾ ਭਾਵਨਾਤਮਕ ਵਿਸ਼ਾ ਹੈ ਜੋ ਪੂਰੇ ਤੌਰ ਤੇ ਔਲਾਦਾਂ ਅਤੇ ਉਨ੍ਹਾਂ ਦੇ ਪਿਤਰਾਂ ਨਾਲ ਸਬੰਧਤ ਰਖਦਾ ਹੈ। ਇਸ ਵਿਚ ਤੀਜੇ ਬੰਦੇ ਦੀ ਲੋੜ ਨਹੀਂ ਪਰ ਬ੍ਰਾਹਮਣ ਅਤੇ ਪੁਰੋਹਿਤ ਭਲਾ ਅਪਣੀ ਵਡਿਆਈ ਜਾਂ ਹਕੂਮਤ ਕਿਵੇਂ ਛੱਡ ਸਕਦੇ ਸਨ? ਉਨ੍ਹਾਂ ਨੇ ਅਜਿਹੇ ਸਲੋਕ, ਸੂਤਰ ਅਤੇ ਵਾਕ ਰਚੇ ਕਿ ਜਿਨ੍ਹਾਂ ਨਾਲ ਉਨ੍ਹਾਂ ਦਾ ਅਟੁੱਟ ਸਿੱਕਾ ਜੰਮਿਆ ਰਹੇ। ਮ੍ਰਿਤਕਾਂ ਦੇ ਸਰਾਧ ਦੀ ਪ੍ਰਥਾ ਸ਼ੁਰੂ ਕਰਨ ਵਿਚ ਬ੍ਰਾਹਮਣਾਂ ਨੇ ਇਹੀ ਚਲਾਕੀ ਕੀਤੀ ਹੈ। ਅਪਣੇ ਪ੍ਰਵਾਰ ਦੇ ਲੋਕਾਂ, ਰਿਸ਼ਤੇਦਾਰਾਂ ਨਾਲ ਹਰ ਕਿਸੇ ਨੂੰ ਪਿਆਰ ਹੁੰਦਾ ਹੈ। ਪ੍ਰਵਾਰ ਦਾ ਮੈਂਬਰ ਜਾਂ ਰਿਸ਼ਤੇਦਾਰ ਜੇਕਰ ਮਰ ਜਾਂਦਾ ਹੈ ਤਾਂ ਉਨ੍ਹਾਂ ਪ੍ਰਤੀ ਅਪਣੇਪਨ ਦੀ ਭਾਵਨਾ ਜ਼ਿਆਦਾ ਵਧਦੀ-ਫੁਲਦੀ ਹੈ। ਧਰਮ ਦੇ ਧੰਦੇਬਾਜ਼ਾਂ ਨੇ ਮਨੁੱਖ ਦੀਆਂ ਸੁਭਾਵਕ ਭਾਵਨਾਵਾਂ ਦਾ ਲਾਭ ਲੈਣਾ ਸ਼ੁਰੂ ਕੀਤਾ ਤਾਂ ਪ੍ਰਵਾਰ ਦੇ ਜੀਆਂ ਪ੍ਰਤੀ ਅਪਣੇਪਨ ਦੀ ਭਾਵਨਾ ਉਤੇ ਵੀ ਉਨ੍ਹਾਂ ਦੀ ਨਜ਼ਰ ਗਈ ਅਤੇ ਇਸ ਲਈ ਮ੍ਰਿਤਕ ਪ੍ਰਵਾਰ ਦੇ ਜੀਆਂ ਨੂੰ ਕਥਿਤ ਅਤੇ ਸੁਆਦੀ ਭੋਜਨ ਅਤੇ ਸੁੱਖ-ਸਹੂਲਤ ਪਹੁੰਚਾਉਣ ਦੇ ਨਾਂ ਤੇ ਸਰਾਧਕਰਮ ਦਾ ਵਿਧੀ-ਵਿਧਾਨ ਅਤੇ ਪਖੰਡ ਰਚ ਦਿਤਾ।

ਸਰਾਧ ਦੇ ਨਾਂ ਤੇ ਬ੍ਰਾਹਮਣਾਂ ਨੇ ਅਪਣੀ ਪੇਟਪੂਜਾ ਦਾ ਕਿਹੋ ਜਿਹਾ ਵਧੀਆ ਢੰਗ ਕੱਢ ਲਿਆ ਹੈ। ਉਨ੍ਹਾਂ ਵਲੋਂ ਲਿਖੀਆਂ ਹੋਈਆਂ ਬਣਾਉਟੀ ਸਿਮਰਤੀਆਂ ਨੂੰ ਪੜ੍ਹਨ ਤੋਂ ਇਹ ਪਤਾ ਲਗਦਾ ਹੈ। ਮਨੂੰ ਸਿਮਰਤੀ ਵਿਚ ਸਾਫ਼ ਲਿਖਿਆ ਹੈ ਕਿ ਜਜਮਾਨ ਨੂੰ ਪਿਤਰਾਂ ਦਾ ਸਰਾਧ ਕਰਨਾ ਚਾਹੀਦਾ ਹੈ ਅਤੇ ਪਿਤਰਾਂ ਦੇ ਨਾਂ ਤੇ ਬ੍ਰਾਹਮਣਾਂ ਨੂੰ ਦੁੱਧ, ਮਾਵਾ, ਫੱਲ, ਕੰਦਮੂਲ ਆਦਿ ਦੇਣਾ ਚਾਹੀਦਾ ਹੈ। ਅਤੇ ਹਾਂ, ਸਰਾਧ ਦੀ ਸੰਪੱਤੀ ਦੇ ਫੱਲ ਦੇ ਹੱਕਦਾਰ ਸਿਰਫ਼ ਬ੍ਰਾਹਮਣ ਹੀ ਹੋ ਸਕਦੇ ਹਨ। ਖੱਤਰੀ, ਸ਼ੂਦਰ ਆਦਿ ਨਹੀਂ।

ਮਨੂੰ ਸਿਮਰਤੀ ਦੇ 228ਵੇਂ ਸ਼ਲੋਕ ਵਿਚ ਕਿਹਾ ਗਿਆ ਹੈ ਕਿ ਪਿਤਾ ਦੇ ਸਰਾਧ ਵਿਚ 3 ਅਤੇ ਦਾਦਾ-ਦਾਦੀ ਦੇ ਸਰਾਧ ਵਿਚ ਅਨੇਕ ਬ੍ਰਾਹਮਣਾਂ ਨੂੰ ਭੋਜਨ ਕਰਵਾਉ। ਭੋਜਨ ਕਰਵਾਉਣ ਤੋਂ ਪਹਿਲਾਂ ਜਜਮਾਨ ਬ੍ਰਾਹਮਣਾਂ ਦੇ ਪੈਰ ਧੋਵੇ, ਆਸਣ ਉਤੇ ਬਿਠਾ ਕੇ ਮਾਲਾ ਪਹਿਨਾਵੇ ਅਤੇ ਦੀਵੇ ਜਾਂ ਧੂਫ਼ ਨਾਲ ਉਨ੍ਹਾਂ ਦਾ ਸਤਿਕਾਰ ਕਰੇ। ਉਸ ਤੋਂ ਬਾਅਦ 5 ਤਰ੍ਹਾਂ ਦਾ ਭੋਜਨ ਪਰੋਸੋ ਅਤੇ ਬ੍ਰਾਹਮਣਾਂ ਦੇ ਖਾਣੇ ਮਗਰੋਂ ਜੋ ਭੋਜਨ ਬਚੇ, ਉਸ ਨੂੰ ਨੌਕਰ ਆਦਿ ਵਰਗ ਨੂੰ ਖਾਣੇ ਲਈ ਦੇ ਦਿਉ।

ਬਹੁਤ ਸਾਰੇ ਲੋਕ ਇਹ ਸਮਝ ਗਏ ਕਿ ਸਰਾਧ ਨਾਲ ਸਿਰਫ਼ ਬ੍ਰਾਹਮਣਾਂ ਨੂੰ ਹੀ ਲਾਭ ਮਿਲਦਾ ਹੈ। ਇਸ ਸਮਝ ਕਾਰਨ ਲੋਕਾਂ ਦੀ ਪਿਤਰਾਂ ਪ੍ਰਤੀ ਸ਼ਰਧਾ ਵਿਚ ਕਮੀ ਹੋਣ ਲੱਗੀ। ਇਹ ਗੱਲ ਧਰਮ ਦੇ ਧੰਦੇਬਾਜ਼ਾਂ ਨੂੰ ਚੁੱਭਣ ਲੱਗੀ। ਇਸ ਉਤੇ ਉਨ੍ਹਾਂ ਨੇ ਸਰਾਧਕਰਮ ਨੂੰ ਵੱਖ ਵੱਖ ਤਰ੍ਹਾਂ ਜ਼ਰੂਰੀ ਅਤੇ ਉਚਿਤ ਦਸਣਾ ਸ਼ੁਰੂ ਕਰ ਦਿਤਾ। ਇਸ ਸਿਲਸਿਲੇ ਵਿਚ ਇਸ ਦਾ ਵਿਗਿਆਨਕ ਆਧਾਰ ਵੀ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਲਗੀਆਂ। ਬਹੁਤ ਸਾਰੇ ਪਖੰਡੀ ਲੋਕ ਸਰਾਧ ਨੂੰ ਵਿਗਿਆਨ ਸੰਮਤ ਪ੍ਰਕਿਰਿਆ ਦੱਸਣ ਲੱਗੇ।

ਜੈਪੁਰ ਵਿਚ ਚਾਂਦਪੋਲ ਹਨੂਮਾਨ ਮੰਦਰ ਦੇ ਪੁਜਾਰੀ ਅਤੇ ਪੰਡਤ ਕੈਲਾਸ਼ ਆਚਾਰੀਆ ਦਸਦੇ ਹਨ ਕਿ ਮਰਨ ਮਗਰੋਂ ਬੰਦੇ ਦੀ ਆਤਮਾ ਪਿਤਰਲੋਕ ਵਿਚ ਚਲੀ ਜਾਂਦੀ ਹੈ। ਪਿਤਰਲੋਕ ਨੂੰ ਚੰਦਰਮਾ ਉਤੇ ਦਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਰ ਜਾਣ ਤੇ 3 ਗਤੀ ਵਾਲਾ ਸਥੂਲ ਸ੍ਰੀਰ ਤਾਂ ਇਥੇ ਹੀ ਰਹਿ ਜਾਂਦਾ ਹੈ ਪਰ ਸੂਖਮ ਦੇਹ, ਜਿਸ ਵਿਚ 5 ਗਿਆਨ ਇੰਦਰੀਆਂ, 5 ਪ੍ਰਾਣ, ਮਨ ਅਤੇ ਬੁੱਧੀ ਦੇ ਇਹ 17 ਤੱਤ ਹਨ, ਉਨ੍ਹਾਂ ਵਿਚ ਮਨ ਪ੍ਰਧਾਨ ਹੈ ਜੋ ਚੰਦਰਮਾ ਦਾ ਅੰਸ਼ ਹੈ, ਚੰਦਰਲੋਕ ਵਿਚ ਹੀ ਪਹੁੰਚਦਾ ਹੈ, ਉਥੇ ਹੀ ਪਿਤਰਾਂ ਦਾ ਨਿਵਾਸ ਪਿਤਰਲੋਕ ਹੈ। ਹੁਣ ਇਨ੍ਹਾਂ ਪੰਡਤ ਜੀ ਨੂੰ ਕੌਣ ਸਮਝਾਵੇ ਕਿ ਵਿਖਾਈ ਦੇਣ ਵਾਲੇ ਸ੍ਰੀਰ ਦੀ ਅਜਿਹੀ ਕੋਈ ਸੂਖਮ ਹੋਂਦ ਨਹੀਂ ਜੋ ਵਿਖਾਈ ਨਹੀਂ ਦੇਂਦੀ ਪਰ ਕਿਤੇ ਵੀ ਆ ਅਤੇ ਜਾ ਸਕਦੀ ਹੈ। ਫ਼ਿਲਮਾਂ, ਲੜੀਵਾਰ ਅਤੇ ਰਹੱਸ-ਰੋਮਾਂਚ ਵਾਲੇ ਨਾਵਲਾਂ ਵਿਚ ਤਾਂ ਇਸ ਤਰ੍ਹਾਂ ਦਾ ਵੇਰਵਾ ਜਾਂ ਵਰਣਨ ਹੋ ਸਕਦਾ ਹੈ ਪਰ ਸੱਚਾਈ ਵਿਚ ਇਹ ਸੱਭ ਢਕੋਂਸਲੇਬਾਜ਼ੀ ਹੈ।

ਥੋੜ੍ਹੀ ਦੇਰ ਲਈ ਮੰਨ ਵੀ ਲਈਏ ਕਿ ਅਜਿਹਾ ਕੋਈ ਸੂਖਮ ਸ੍ਰੀਰ ਹੁੰਦਾ ਹੈ ਜਿਹੜਾ ਮਰਨ ਮਗਰੋਂ ਸ੍ਰੀਰ ਤੋਂ ਨਿਕਲ ਜਾਂਦਾ ਹੈ ਪਰ ਸਵਾਲ ਹੈ ਕਿ ਉਹ ਚੰਦਰਮਾ ਉਤੇ ਹੀ ਕਿਉਂ ਜਾਂਦਾ ਹੈ? ਪੰਡਤ ਜੀ ਅਨੁਸਾਰ ਮਨ ਚੰਦਰਮਾ ਦਾ ਅੰਸ਼ ਹੈ, ਇਸ ਲਈ ਚੰਦਰਮਾ ਉਤੇ ਹੀ ਜਾਂਦਾ ਹੈ। ਸੂਖਮ ਸ੍ਰੀਰ ਮਨ ਦਾ ਕਹਿਣਾ ਮੰਨ ਕੇ ਚੰਦਰਮਾ ਉਤੇ ਮਨ ਦੀ ਸ਼ਕਤੀ ਨਾਲ ਹੀ ਸਥੂਲ ਸ੍ਰੀਰ ਨੂੰ ਵੀ ਚੰਦਰਮਾ ਉਤੇ ਕਿਉਂ ਨਹੀਂ ਪਹੁੰਚਾਇਆ ਜਾਂਦਾ? ਧਿਆਨ ਦੇਣ ਵਾਲੀ ਗੱਲ ਹੈ ਕਿ ਧਰਤੀ ਤੋਂ ਬਾਅਦ ਮਨੁੱਖ ਨੇ ਕਿਸੇ ਦੂਜੇ ਗ੍ਰਹਿ ਜਾਂ ਉਪਗ੍ਰਹਿ ਬਾਰੇ ਸੱਭ ਤੋਂ ਵੱਧ ਸਮਝਿਆ ਹੈ ਤਾਂ ਉਹ ਚੰਦਰਮਾ ਹੈ। ਚੰਦਰਮਾ ਦੀ ਕੋਈ ਥਾਂ ਨਾਵਾਕਿਫ਼ ਨਹੀਂ ਰਹਿ ਗਈ। ਉਥੇ ਜੀਵਨ ਦੀ ਪਰਲੌਕਿਕ ਹੋਂਦ ਤਾਂ ਕੀ, ਦੇਹਲੌਕਿਕ ਸੂਖਮ ਹੋਂਦ ਵੀ ਨਹੀਂ ਮਿਲੀ। ਸੱਚ ਗੱਲ ਤਾਂ ਇਹ ਹੈ ਕਿ ਸਰਾਧਕਰਮ ਦਾ ਪ੍ਰਬੰਧ ਬ੍ਰਾਹਮਣਾਂ ਨੇ ਲੋਕਾਂ ਨੂੰ ਮੂਰਖ ਬਣਾ ਕੇ ਉਨ੍ਹਾਂ ਦੀ ਕਮਾਈ ਨਾਲ ਮੌਜ-ਮਸਤੀ ਕਰਨ ਲਈ ਕੀਤਾ ਹੈ। ਸਰਾਧਕਰਮ ਵਾਂਗ ਹੀ ਹੋਰ ਵੀ ਬਹੁਤ ਸਾਰੀਆਂ ਪਰੰਪਰਾਵਾਂ ਹਨ ਜੋ ਬ੍ਰਾਹਮਣਾਂ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਪ੍ਰਚਲਤ ਕਰਵਾਈਆਂ ਹਨ।

ਪਿਤ੍ਰਪਕਸ਼ ਦੇ 15 ਦਿਨਾਂ ਦੌਰਾਨ ਇਕ ਇਕ ਬ੍ਰਾਹਮਣ ਇਕ ਇਕ ਦਿਨ ਵਿਚ 15 ਤੋਂ 20 ਘਰਾਂ ਵਿਚ ਭੋਜਨ ਕਰਦਾ ਹੈ। ਜਿਹੜੇ ਘਰਾਂ ਵਿਚ ਉਨ੍ਹਾਂ ਨੂੰ ਸੱਦਾ ਦਿਤਾ ਜਾਂਦਾ ਹੈ ਉਨ੍ਹਾਂ ਘਰਾਂ ਵਿਚ ਅਜਕਲ ਤਾਂ ਇਹ ਬ੍ਰਾਹਮਣ ਹੱਥ ਜੂਠਾ ਕਰ ਕੇ ਭੋਜਨ ਦੇ ਪੈਸੇ ਲੈ ਕੇ ਚਲਦੇ ਬਣਦੇ ਹਨ। ਸਰਾਧ ਦਾ ਕੋਈ ਆਧਾਰ ਹੈ ਤਾਂ ਉਹ ਹੈ ਖਾਲਸ ਰੂਪ ਤੋਂ ਬ੍ਰਾਹਮਣਾਂ ਲਈ ਬਿਨਾਂ ਕੁੱਝ ਕੀਤੇ ਕਰਾਏ ਅਪਣੀ ਚਾਲਾਕ ਅਕਲ ਅਤੇ ਸਮਝ ਨਾਲ ਪੈਸੇ ਠੱਗਣ ਦਾ ਸਿਧਾਂਤ। ਇਸ ਲਈ ਬ੍ਰਾਹਮਣ ਪਿਤਰਾਂ ਦੇ ਨਾਂ ਉਤੇ ਪੂਰਵਜਾਂ (ਵੱਡੇ-ਵਡੇਰੇ, ਪਿਤਰਾਂ) ਪ੍ਰਤੀ ਸ਼ਰਧਾ ਦੀ ਦੁਹਾਈ ਦੇ ਕੇ ਇਸ ਨੂੰ ਹਰ ਤਰ੍ਹਾਂ ਨਾਲ ਪ੍ਰਚੱਲਤ ਕਰਨ ਦੀ ਉਚਿਤਤਾ ਦਸਦੇ ਰਹਿੰਦੇ ਹਨ।
ਅਨੁਵਾਦਕ : ਪਵਨ ਕੁਮਾਰ ਰੱਤੋਂ
ਸੰਪਰਕ : 94173-71455

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement