'ਸੱਚੇ ਸੌਦੇ' ਤੋਂ 'ਕੱਚੇ ਸੌਦੇ' ਤਕ ਦੀ ਗਾਥਾ (2)
Published : Sep 13, 2017, 11:21 pm IST
Updated : Sep 13, 2017, 5:51 pm IST
SHARE ARTICLE


ਸਤਿਗੁਰੂ ਨਾਨਕ ਦੇਵ ਜੀ ਨਾਲ ਜੁੜੇ 'ਸੱਚੇ ਸੌਦੇ' ਦੇ ਨਾਂ ਨੂੰ ਅਪਣਾ ਕੇ ਕਲੰਕਿਤ ਕਰਨ ਵਾਲੇ ਛਲੇਡੇ ਸਾਧ ਬਾਰੇ ਕੁੱਝ ਲਿਖਣ ਤੋਂ ਪਹਿਲਾਂ, ਮੈਂ ਦੋਹਾਂ ਬੇਟੀਆਂ (ਜੋ ਕਦੇ ਸਾਧਵੀਆਂ ਬਣੀਆਂ ਸਨ) ਨੂੰ ਦਿਲੋਂ ਮੁਬਾਰਕਬਾਦ ਅਤੇ ਸ਼ਾਬਾਸ਼ੀ ਦਿੰਦੀ ਹਾਂ ਜਿਨ੍ਹਾਂ ਦੇ ਸਾਹਸ, ਹਿੰਮਤ, ਜ਼ਿੰਦਾਦਿਲੀ, ਨਿਡਰਤਾ, ਅਡੋਲਤਾ, ਸਿਦਕਦਿਲੀ ਅਤੇ ਔਰਤਗਤ ਉÎੱਚਤਾ ਦੇ ਅਹਿਸਾਸ ਸਦਕਾ ਅੱਜ ਇਕ ਮਹਾਂ ਪਾਖੰਡੀ, ਢੋਂਗੀ ਅਤੇ ਸ਼ਾਤਰ ਦਰਿੰਦਾ ਵੀਹ ਸਾਲਾਂ ਲਈ ਜੇਲ ਦੀਆਂ ਸਲਾਖਾਂ ਪਿੱਛੇ ਡਕਿਆ ਜਾ ਸਕਿਆ ਹੈ। ਸੀ.ਬੀ.ਆਈ. ਦੇ ਜੱਜ ਮੂਹਰੇ ਸਜ਼ਾ-ਮਾਫ਼ੀ ਦੀ ਭੀਖ ਮੰਗਣ ਵਾਲੇ ਇਸ ਦੰਭੀ, ਸਾਧ ਨੂੰ ਉਹ ਪਲ ਭੁੱਲ ਗਏ ਹੋਣਗੇ ਜਦੋਂ ਅਪਣੇ ਭਗਵਾਨ ਵਰਗੇ 'ਰਖਿਅਕ' ਅੱਗੇ ਅਪਣੀ ਅਸਮਤ ਨੂੰ ਬਚਾਉਣ ਲਈ ਲਿਲਕੜੀਆਂ ਕਢਦੀਆਂ ਇਹ ਮੁਟਿਆਰਾਂ ਜ਼ਾਰ ਜ਼ਾਰ ਰੋ ਰਹੀਆਂ ਸਨ। ਬੇਰਹਿਮ ਅਤੇ ਵਹਿਸ਼ੀ ਸਾਧ ਦਾ ਜਵਾਬ ਵੀ ਸੁੰਨ ਕਰ ਦੇਣ ਵਾਲਾ ਹੈ ਕਿ ਕ੍ਰਿਸ਼ਨ ਭਗਵਾਨ ਵੀ ਅਜਿਹਾ ਹੀ ਕਰਿਆ ਕਰਦੇ ਸਨ। ਇਕ ਆਮ ਕਿਸਾਨੀ ਪਿਛੋਕੜ ਵਾਲਾ ਦਸਵੀਂ ਫ਼ੇਲ੍ਹ ਵਿਅਕਤੀ ਕਿਵੇਂ ਐਡੀ ਵੱਡੀ ਰੋਚਕ ਤੇ ਤਲਿਸਮੀ ਦੁਨੀਆਂ ਸਿਰਜ ਸਕਿਆ, ਇਸ ਰਾਜ਼ ਦਾ ਪ੍ਰਗਟਾਵਾ ਮੀਡੀਆ ਵਿਚ ਦਿਨ ਰਾਤ ਹੋ ਰਿਹਾ ਹੈ।

ਆਪਾਂ ਸਾਰੇ ਜਾਣਦੇ ਹਾਂ ਕਿ ਇਹ ਮੁਕੱਦਮਾ ਪੂਰੇ ਪੰਦਰਾਂ ਸਾਲ ਚਲਿਆ ਜਦਕਿ ਸਥਿਤੀਆਂ ਇਸ ਤੋਂ ਤਿੰਨ ਸਾਲ ਪਿਛਲੀ ਟੋਹ ਵੀ ਦਿੰਦੀਆਂ ਹਨ। ਧੰਨ ਨੇ ਇਹ ਧੀਆਂ ਜਿਨ੍ਹਾਂ ਨੇ ਸਰੀਰਕ ਤੋਂ ਵੀ ਵੱਧ ਮਾਨਸਕ, ਸਮਾਜਕ, ਭਾਈਚਾਰਕ ਤੇ ਆਰਥਕ ਬੋਝ ਝੇਲਿਆ ਕਿਉਂਕਿ ਸਾਡੇ ਮਰਦ-ਪ੍ਰਧਾਨ ਸਮਾਜ ਵਿਚ ਸੰਵਿਧਾਨਕ ਆਜ਼ਾਦੀ ਤੇ ਬਰਾਬਰੀ ਦਾ ਢੰਡੋਰਾ ਪਿੱਟੇ ਜਾਣ ਦੇ ਬਾਵਜੂਦ ਔਰਤ ਦਾ ਅਸਲ ਸਥਾਨ ਦੁਜੈਲਾ ਹੀ ਸਮਝਿਆ ਜਾਂਦਾ ਹੈ।

ਇਹੀ ਅਹਿਸਾਸ ਰਾਮ ਰਹੀਮ ਦੇ ਸਿਰ ਚੜ੍ਹ ਕੇ ਵੀ ਬੋਲਦਾ ਰਿਹਾ ਜਿਸ ਨੇ ਡਰਾਉਣ, ਧਮਕਾਉਣ ਅਤੇ ਮਰਵਾਉਣ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ ਕਦੇ ਕੋਰਟ ਦੀ ਪੇਸ਼ੀ ਤੇ ਆਉਣਾ ਵੀ ਮੁਨਾਸਿਬ ਨਹੀਂ ਸਮਝਿਆ ਤੇ ਬਹਾਨੇ ਬਣਾ ਕੇ ਹਮੇਸ਼ਾ ਪੇਸ਼ੀ ਤੋਂ ਕਿਨਾਰਾ ਕੀਤਾ। ਹਾਂ, ਅਪਣੀ ਗੁੰਡਾ-ਬ੍ਰਿਗੇਡ ਨੂੰ ਕੋਰਟ-ਕਚਹਿਰੀਆਂ ਵਿਚ ਇਕੱਠੇ ਹੋ ਕੇ ਅਪਣੇ ਪ੍ਰਤੀ ਵਫ਼ਾਦਾਰੀ ਦਾ ਸਬੂਤ ਦੇਣ ਲਈ ਜ਼ਰੂਰ ਉਕਸਾਇਆ। ਉਸ ਦੇ ਭੂਤਰੇ ਚੇਲਿਆਂ ਨੇ ਪਿਛਲੇ ਡੇਢ ਦਹਾਕੇ ਵਿਚ ਇਸ ਤਰ੍ਹਾਂ ਦਾ ਗੁੰਡਾ-ਪ੍ਰਦਰਸ਼ਨ ਕੀਤਾ ਕਿ ਉਹ ਅਪਣੇ ਪੂਰਬਲੇ ਸਾਰੇ ਪਾਖੰਡੀ ਬਾਬਿਆਂ ਦਾ ਮੋਹਰੀ ਬਣ ਬੈਠਾ। ਇਨ੍ਹਾਂ ਵਲੋਂ ਹਾਲ ਹੀ ਵਿਚ ਕੀਤੀ ਗਈ ਤਬਾਹਕੁਨ ਹਿੰਸਾ ਨੇ 38 ਜਾਨਾਂ ਹੀ ਨਹੀਂ ਲਈਆਂ ਬਲਕਿ ਅਰਬਾਂ ਰੁਪਏ ਦੀ ਸਰਕਾਰੀ ਨਿਜੀ ਤੇ ਜਨਤਕ ਜਾਇਦਾਦ ਨੂੰ ਵੀ ਲਾਂਬੂ ਲਾ ਦਿਤੇ।

ਰਾਜਸਥਾਨ ਦੇ ਸ੍ਰੀ ਗੰਗਾਨਗਰ ਲਾਗਲੇ ਇਕ ਪਿੰਡ ਗੁਰੂਸਰ ਮੋੜੀਆਂ ਵਿਚ, 1967 ਵਿਚ ਪੈਦਾ ਹੋਇਆ ਤੇ ਪ੍ਰਾਇਮਰੀ ਤਕ ਉਥੇ ਪੜ੍ਹਿਆ ਗੁਰਮੀਤ ਸਿੰਘ ਵਾਕਈ ਬੜੇ ਤੇਜ਼ ਦਿਮਾਗ਼ ਵਾਲਾ ਸ਼ਾਤਰ ਪਰ ਵਿਹਲੜ ਗੱਭਰੂ ਸੀ ਜਿਸ ਦੇ ਮਾਪੇ ਸਿਰਸਾ ਡੇਰੇ ਦੇ ਦੂਜੇ ਡੇਰੇਦਾਰ ਸ਼ਾਹ ਸਤਿਨਾਮ (ਹਰਬੰਸ ਸਿੰਘ ਸਿੱਧੂ) ਦੇ ਮੁਰੀਦ ਸਨ। ਇਸ ਲਈ ਉਹ ਅਕਸਰ ਹੀ ਇੱਥੇ ਆਉਂਦੇ ਰਹਿੰਦੇ ਸਨ। ਜ਼ਿਕਰਯੋਗ ਹੈ ਕਿ ਇਸ ਡੇਰੇ ਦਾ ਸੰਸਥਾਪਕ ਸ਼ਾਹ ਮਸਤਾਨ ਬਲੋਚਿਸਤਾਨ ਤੋਂ ਆਇਆ ਇਕ ਫ਼ਕੀਰਨੁਮਾ ਬੰਦਾ ਸੀ ਜਿਸ ਨੇ 1948 ਵਿਚ ਉਧਰੋਂ ਆ ਕੇ ਪਿੰਡ ਬੇਗੂ ਕੋਲ ਟਿਕਾਣਾ ਬਣਾਇਆ ਸੀ। ਇਸ ਦੇ ਆਲੇ-ਦੁਆਲੇ ਸਿੱਧੂ, ਪੰਨੂ ਤੇ ਹੋਰ ਸਿੱਖਾਂ ਦੀ ਬਹੁਗਿਣਤੀ ਸੀ ਜੋ ਬਾਹਰੋਂ ਆ ਕੇ ਇੱਥੇ ਵਸੇ ਸਨ। ਸ਼ਾਹ ਮਸਤਾਨ ਫ਼ਕੀਰੀ ਵੇਸ ਵਿਚ ਵਿਚਰਦਾ ਸੀ ਤੇ ਲੋਕ ਲੰਘਦੇ ਵੜਦੇ ਉਸ ਨੂੰ ਰੋਟੀ ਪਾਣੀ ਦੇ ਦਿੰਦੇ ਸਨ। ਹੌਲੀ ਹੌਲੀ ਉਸ ਦੀ ਮਹਿਮਾ ਵਧਣ ਲੱਗੀ ਪਰ ਪਿੰਡ ਬੇਗੂ ਤੋਂ ਬਹੁਤੇ ਲੋਕ ਉਸ ਦੇ ਸ਼ਰਧਾਲੂ ਨਾ ਬਣੇ। 1960 ਦੇ ਆਸਪਾਸ ਹਰਬੰਸ ਸਿੰਘ ਸਿੱਧੂ ਨੇ ਸ਼ਾਹ ਮਸਤਾਨ ਨਾਲ ਕਾਫ਼ੀ ਨੇੜਤਾ ਬਣਾ ਲਈ ਕਿਉਂਕਿ ਉਹ ਕਾਫੀ ਤੇਜ਼ ਬੁੱਧੀ ਵਾਲਾ ਚੇਲਾ ਸੀ। ਮਸਤਾਨੇ ਦੇ ਮਰਨ ਪਿਛੋਂ ਇਸੇ ਹਰਬੰਸ ਸਿੰਘ ਨੇ 'ਸ਼ਾਹ ਸਤਿਨਾਮ' ਬਣ ਕੇ ਡੇਰਾ ਸੰਭਾਲ ਲਿਆ। ਤਕੜਾ ਬੁਲਾਰਾ ਅਤੇ ਸਕੀਮੀ ਹੋਣ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਉਹ ਅਪਣੇ ਨਾਲ ਜੋੜਨ ਵਿਚ ਕਾਮਯਾਬ ਹੁੰਦਾ ਚਲਾ ਗਿਆ। ਸੌਦਾ ਸਾਧ ਦੇ ਮਾਪੇ ਵੀ ਸ਼ਾਹ ਸਤਿਨਾਮ ਦੇ ਪੈਰੋਕਾਰ ਸਨ ਤੇ 'ਸਿੱਧੂ' ਹੋਣ ਕਰ ਕੇ ਨੇੜਤਾ ਹੋਰ ਵੀ ਜ਼ਿਆਦਾ ਹੁੰਦੀ ਗਈ। ਪੰਜਾਬ ਦੀ ਖਾੜਕੂ ਲਹਿਰ ਵੇਲੇ ਡੇਰਾ ਸਿਰਸਾ ਕਾਫ਼ੀ ਚਰਚਿਤ ਹੋ ਚੁੱਕਾ ਸੀ ਕਿਉਂਕਿ ਇਥੇ ਖਾੜਕੂਆਂ ਦਾ ਕਾਫ਼ੀ ਆਉਣ-ਜਾਣ ਸੀ। ਕਹਿੰਦੇ ਹਨ ਕਿ ਖ਼ਾਲਿਸਤਾਨ ਕਮਾਂਡੋ ਫੋਰਸ ਦਾ ਗੁਰਜੰਟ ਸਿੰਘ ਰਾਜਿਸਥਾਨੀ (ਜਿਸ ਦਾ ਪਿੰਡ ਇੱਥੋਂ ਬਹੁਤ ਨੇੜੇ ਹੀ ਸੀ) ਸੌਦਾ ਸਾਧ ਨਾਲ ਰਿਸ਼ਤੇਦਾਰੀ ਕਾਰਨ ਡੇਰੇ ਵਿਚ ਨਿਧੜਕ ਆਉਂਦਾ ਜਾਂਦਾ ਸੀ। ਇਕ ਖ਼ਤਰਨਾਕ ਸਕੀਮ ਘੜ ਕੇ ਇਸੇ ਰਾਜਿਸਥਾਨੀ ਤੇ ਸੌਦਾ ਸਾਧ ਨੇ ਮੌਤ ਦਾ ਡਰਾਵਾ ਦੇ ਕੇ ਸ਼ਾਹ ਸਤਿਨਾਮ ਤੋਂ ਡੇਰੇ ਦੀ ਗੱਦੀ ਹਥਿਆ ਲਈ। ਇੰਜ, ਕਿਸੇ ਅਧਿਆਤਮਿਕਤਾ, ਧਰਮੱਗਤਾ ਜਾਂ ਰੂਹਾਨੀ ਕਮਾਈ ਦੇ ਬਲਬੂਤੇ ਨਹੀਂ ਬਲਕਿ ਜ਼ੋਰ-ਜ਼ਬਰਦਸਤੀ ਹਥਿਆਈ ਗੱਦੀ ਉਤੇ ਕਾਬਜ਼ ਇਕ ਚੁਸਤ-ਫੁਰਤ, ਮਨਖਟੂ ਤੇ ਗੁੰਡਾ ਬਿਰਤੀ ਵਾਲਾ ਬੰਦਾ ਕਿਹੋ ਜਿਹੇ ਗੁਲ ਖਿੜਾ ਸਕਦਾ ਸੀ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। 'ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ' ਦੇ ਅਖਾਣ ਅਨੁਸਾਰ ਸੱਠ ਹਜ਼ਾਰ ਕਰੋੜ ਰੁਪਏ ਦੇ ਬਜਟ ਵਾਲਾ ਵੱਡਾ ਅਦਾਰਾ ਸਾਂਭਣ ਵਾਲਾ ਬੰਦਾ ਇਖ਼ਲਾਕੀ ਗਿਰਾਵਟ ਦਾ ਸ਼ਿਕਾਰ ਨਾ ਹੋਵੇ, ਇਹ ਗੱਲ ਮੁਸ਼ਕਲ ਹੈ ਕਿਉਂਕਿ ਦੌਲਤ ਤੇ ਸ਼ੁਹਰਤ ਕਿਸੇ ਵੀ ਘਟੀਆ ਬੰਦੇ ਦਾ ਦਿਮਾਗ ਖ਼ਰਾਬ ਕਰ ਸਕਦੀ ਹੈ।

ਸੱਭ ਤੋਂ ਪਹਿਲੀ ਚਾਲ ਨਾਂ ਬਦਲਣ ਦੀ ਹੈ। ਗੁਰਮੀਤ ਸਿੰਘ ਤੋਂ ਗੁਰਮੀਤ ਰਾਮ ਰਹੀਮ ਸਿੰਘ ਤੇ ਫਿਰ ਸੰਤ ਗੁਰਮੀਤ ਰਾਮ ਰਹੀਮ ਸਿੰਘ ਅਖਵਾਉਣਾ ਭੋਲੇ ਭਾਲੇ ਲੋਕਾਂ ਨੂੰ ਅਪਣੇ ਪਿਛਲੱਗ ਬਣਾਉਣ ਦਾ ਇਕ ਛਲਾਵਾ  ਸੀ। ਸਿੱਖ, ਹਿੰਦੂ ਤੇ ਮੁਸਲਮਾਨੀ ਸ਼ੇਡ ਵਾਲਾ ਇਹ ਨਾਂ ਹਰ ਕਿਸੇ ਲਈ ਖਿੱਚਦਾਇਕ ਸੀ। ਕੁੱਝ ਭਲਾਈ ਸਕੀਮਾਂ ਜਿਵੇਂ ਗ਼ਰੀਬ-ਗੁਰਬੇ ਨੂੰ ਮੁਫ਼ਤ ਸਿਹਤ ਸਹੂਲਤਾਂ, ਖ਼ੂਨਦਾਨ ਕੈਂਪ, ਬਿਰਧ ਘਰ, ਯਤੀਮ ਘਰ ਵੇਸਵਾ-ਵਿਆਹਾਂ ਦਾ ਆਯੋਜਨ ਅਤੇ ਜਾਤ-ਪਾਤ ਰਹਿਤ ਸਮਾਜ ਸਿਰਜਣਾ ਆਦਿ ਲੋਕ-ਲੁਭਾਊ ਜ਼ਰੂਰ ਆਖੀਆਂ ਜਾ ਸਕਦੀਆਂ ਹਨ ਜਿਸ ਕਰ ਕੇ ਹੇਠਲੇ ਤਬਕੇ ਦੇ ਬਹੁਗਿਣਤੀ ਲੋਕ ਇਸ ਡੇਰੇ ਨਾਲ ਜੁੜਦੇ ਗਏ। ਜਿਸ ਜਾਤ ਪਾਤ ਦੀ ਕੱਟੜਤਾ ਅਤੇ ਸ਼੍ਰੋਮਣੀ ਸਿੱਖ ਸੰਸਥਾਵਾਂ ਦਾ ਪੱਖਪਾਤੀ ਵਤੀਰਾ ਸਿੱਖ ਸੰਗਤ ਨੂੰ ਮੁੱਖ ਧਾਰਾ ਨਾਲੋਂ ਜੁਦਾ ਕਰ ਰਿਹਾ ਹੈ, ਉਸੇ ਦਾ ਫ਼ਾਇਦਾ ਲੈਂਦਿਆਂ ਇਸ ਡੇਰੇ ਨੇ ਦਲਿਤ ਵਰਗ ਨੂੰ ਨਾਲ ਲੈ ਕੇ ਡੇਰੇ ਦਾ ਘੇਰਾ ਬਹੁਤ ਵਿਸ਼ਾਲ ਕਰ ਲਿਆ। ਕਿਹਾ ਜਾਂਦਾ ਹੈ ਕਿ ਸ਼ਾਹ ਸਤਿਨਾਮ ਤੋਂ ਡੇਰਾ ਹਥਿਆਉਣ ਸਮੇਂ ਪੈਰੋਕਾਰਾਂ ਦੀ ਗਿਣਤੀ ਦਸ ਕੁ ਲੱਖ ਸੀ ਜਿਸ ਬਾਰੇ ਹੁਣ ਛੇ ਕਰੋੜ ਦਾ ਦਾਅਵਾ ਕੀਤਾ ਜਾਂਦਾ ਹੈ। ਸਸਤੇ ਰਾਸ਼ਨ ਦੀ ਖੁੱਲ੍ਹੀ ਵਿਕਰੀ ਤੇ ਹਸਪਤਾਲਾਂ ਦੀ ਮੁਫ਼ਤ ਸਹੂਲਤ ਦੇ ਕੇ ਚੋਖੀ ਗਿਣਤੀ ਵਿਚ ਸਿੱਖ ਸਮਾਜ ਨੂੰ ਅਪਣੇ ਨਾਲ ਜੋੜ ਲਿਆ। ਫਿਰ, ਆਧੁਨਿਕ ਜ਼ਮਾਨੇ ਦੇ ਤੌਰ ਤਰੀਕਿਆਂ, ਚਮਕੀਲੀਆਂ ਪੋਸ਼ਾਕਾਂ, ਘੁਟਵੀਆਂ ਜੀਨਾਂ, ਮਾਡਰਨ ਵਾਲਾਂ ਦੇ ਸਟਾਈਲਾਂ ਨੇ ਨੌਜਵਾਨ ਵਰਗ ਨੂੰ ਵੀ ਖਿੱਚ ਲਿਆ। ਡੇਰੇ ਵਿਚ ਚਲਦੇ ਬਿਊਟੀ ਪਾਰਲਰ ਮੁਟਿਆਰਾਂ ਨੂੰ ਖਿੱਚਣ ਦਾ ਵੀ ਸਬੱਬ ਬਣਦੇ ਗਏ। ਇੰਜ ਬਹੁਤ ਵੱਡੀ ਗਿਣਤੀ ਵਿਚ, ਸਿੱਖ ਪ੍ਰਵਾਰਾਂ ਦਾ ਇਧਰ ਪਲਾਇਨ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਅਕਸਰ ਧਾਰਮਕ ਮੁਖੀ ਵਧੇਰੇ ਕਰ ਕੇ ਅਪਣੇ ਆਪ ਨੂੰ ਧਾਰਮਕ ਗਤੀਵਿਧੀਆਂ ਤਕ ਸੀਮਤ ਰਖਦੇ ਆਏ ਹਨ ਪਰ ਇਸ ਪਾਖੰਡੀ ਨੇ 'ਰੱਬ ਦਾ ਦੂਤ' (ਮੈਸੰਜਰ ਆਫ਼ ਗੌਡ) ਨਾਂ ਤੇ ਕਈ ਫ਼ਿਲਮਾਂ ਬਣਾਈਆਂ ਹਨ। ਫ਼ਿਲਮਾਂ ਹੀ ਨਹੀਂ ਬਣਾਈਆਂ ਸਗੋਂ ਖ਼ੁਦ ਨੂੰ ਸਾਖਿਆਤ ਰੱਬੀ ਦੂਤ ਉਰਫ਼ ਰੱਬ ਹੀ ਸਮਝਣ ਲੱਗ ਪਿਆ ਸੀ। ਇਕ ਸਾਧ ਅਦਾਕਾਰੀ ਕਰੇ, ਫਿਰ ਫ਼ਿਲਮ ਦੀ ਨਿਰਦੇਸ਼ਨਾ ਕਰੇ, ਫ਼ਿਲਮ ਲਈ ਪੈਸਾ ਲਾਵੇ, ਸਟੰਟ ਕਰੇ, ਰੈਪ ਤੇ ਜੈਜ਼ ਗਾਵੇ ਕਮਾਲ ਹੋ ਗਈ ਬਈ! ਇਹ ਸਾਧ ਨਹੀਂ ਬਹਿਰੂਪੀਆ ਹੋਇਆ ਕਿਉਂਕਿ ਗੁਰੂ ਦਾ ਮੀਤ ਤਾਂ ਇਹ ਕਦੇ ਵੀ ਨਹੀਂ ਸੀ। ਨਾ ਇਸ ਦਾ ਕੋਈ ਕੰਮ ਸਿੰਘਾਂ ਵਾਲਾ ਰਿਹਾ। ਸੰਤ ਦੇ ਨਾਂ ਨੂੰ ਕਲੰਕਿਤ ਕਰ ਕੇ ਰੱਖ ਦਿਤਾ ਇਸ ਦੰਭੀ ਨੇ। ਗੁਫ਼ਾਵਾਂ ਵਿਚ ਰਾਤਾਂ ਰੰਗੀਨ ਕਰਨ ਵਾਲਾ ਰੰਗੀਨ ਮਿਜ਼ਾਜ, ਕਾਮੀ, ਹਵਸੀ, ਕਮੀਨਾ ਅਤੇ ਸਮਾਜ 'ਤੇ ਭਾਰੀ। ਇਸੇ ਕਰ ਕੇ ਜੱਜ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ 'ਇਕ ਧਾਰਮਕ ਸੰਸਥਾ ਦਾ ਮੁਖੀਆ ਹੋਣ ਦੇ ਨਾਤੇ, ਚਿਰਾਂ ਤੋਂ ਚਲੀਆਂ ਆ ਰਹੀਆਂ ਸਮਾਜਕ, ਅਧਿਆਤਮਕ, ਸਭਿਆਚਾਰਕ ਤੇ ਧਾਰਮਕ ਸੰਸਥਾਵਾਂ ਨੂੰ ਬਦਨਾਮ ਕਰਨ ਵਾਲੇ ਵਿਅਕਤੀ ਨਾਲ ਨਰਮਾਈ (ਘੱਟ ਸਜ਼ਾ) ਨਹੀਂ ਵਰਤੀ ਜਾ ਸਕਦੀ।'
ਅਪਣੇ ਰੰਗ-ਬਿਰੰਗੇ ਕਪੜੇ ਤੇ ਮਹਿੰਗੀ ਤੋਂ ਮਹਿੰਗੀ ਕਾਰ ਦੀ ਚੋਣ ਉਸ ਦੀ ਨਿਰੋਲ ਅਪਣੀ ਸੀ ਭਾਵੇਂ ਹੁਣ ਜੇਲ ਨਿਯਮਾਂ ਅਨੁਸਾਰ ਸਰਕਾਰੀ ਕੁੜਤਾ ਪਜਾਮਾ ਉਸ ਦੀ ਅਪਣੀ ਚੋਣ ਨਾ ਰਹੇ। ਉਂਜ ਵੀ ਜੇਲ ਵਿਚ ਮਾਲੀ ਦਾ ਕੰਮ ਕਰਨ ਲਈ ਹੁਣ ਉਸ ਨੂੰ ਵੰਨ-ਸੁਵੰਨੀਆਂ ਚੁੰਧਿਆਉਂਦੀਆਂ ਪੋਸ਼ਾਕਾਂ ਦੀ ਲੋੜ ਨਹੀਂ ਰਹੀ। ਜਿਸ 'ਸੰਤ' ਦੇ ਭਗਤ ਉਸ ਨੂੰ 'ਚਮਤਕਾਰੀ ਬਾਬਾ' ਸਮਝਣ ਦਾ ਭੁਲੇਖਾ ਖਾਂਦੇ ਰਹੇ ਹਨ, ਉਹ ਹੁਣ ਸਕਤੇ ਵਿਚ ਹਨ।

ਇਹ ਗੱਲ ਹੈਰਾਨੀਜਨਕ ਹੈ ਕਿ ਉਸ ਲਈ ਮਰ ਮਿਟਣ ਦੇ ਦਾਅੀਏ ਕਰਨ ਵਾਲਿਆਂ 'ਚੋਂ ਕਿਸੇ ਨੇ ਵੀ ਇਸ ਦੁਖਦ ਸਮੇਂ ਮਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਤਾਮਿਲਨਾਡੂ ਵਿਚ ਜੈਲਲਿਤਾ ਦੇ ਭਗਤ ਕਰਿਆ ਕਰਦੇ ਸਨ। ਡੇਰੇ ਨੂੰ ਸਟੇਡੀਅਮਾਂ, ਬਾਜ਼ਾਰਾਂ, ਬਿਊਟੀ ਪਾਰਲਰਾਂ, ਹਸਪਤਾਲਾਂ, ਸਕੂਲਾਂ, ਕਾਲਜਾਂ ਤੇ ਵਿਸ਼ੇਸ਼ ਕਰ ਕੇ 'ਸ਼ਾਹੀ ਬੇਟੀਆਂ ਆਸ਼ਰਮ' ਨਾਲ ਸੁਸੱਜਤ ਕਰਨ ਵਾਲਾ ਰਾਮ ਰਹੀਮ ਅੱਜ ਜਿਸ ਕਾਰਨ ਕਰ ਕੇ ਸਲਾਖਾਂ ਦੇ ਪਿਛੇ ਹੈ, ਉਹ ਕਾਰਨ ਮੁੜ ਮੁੜ ਕੇ ਜ਼ਮਾਨੇ ਵਿਚ ਖਲਬਲੀ ਮਚਾ ਰਹੀ ਹੈ। ਕਦੇ 'ਪਾਪਾ ਦੀ ਪਰੀ' ਕਾਰਨ ਅਤੇ ਕਦੇ 'ਸ਼ਾਹੀ ਬੇਟੀਆਂ ਆਸ਼ਰਮ' ਕਰ ਕੇ ਜਿਥੋਂ ਪ੍ਰਸ਼ਾਸਨ ਨੇ ਦਰਜਨਾਂ ਮੁਟਿਆਰਾਂ ਨੂੰ ਡੇਰੇ ਤੋਂ ਬਾਹਰ ਲਿਆਂਦਾ ਹੈ। ਇਹ ਉਹ ਬੇਟੀਆਂ ਹਨ ਜਿਨ੍ਹਾਂ ਨੂੰ ਇਨ੍ਹਾਂ ਦੇ ਮਾਪਿਆਂ ਨੇ ਅਪਣੀ ਮਰਜ਼ੀ ਨਾਲ ਇਸ ਡੇਰੇ ਨੂੰ ਸਮਰਪਿਤ ਕਰ ਦਿਤਾ ਸੀ ਤਾਂ ਜੋ ਡੇਰੇਦਾਰ ਉਨ੍ਹਾਂ ਦੀ ਇੱਜ਼ਤ ਨੂੰ ਤਾਰ ਤਾਰ ਕਰ ਸਕੇ। ਅਜਿਹੇ ਮਾਪਿਆਂ ਨੂੰ ਵੀ ਅੱਜ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਹੜੇ ਅੰਨ੍ਹੀ ਸ਼ਰਧਾ ਦੇ ਨਾਂ ਤੇ ਅਜਿਹੇ ਢੋਂਗੀਆਂ ਕੋਲ ਅਪਣਾ ਮਾਣ, ਤਾਣ, ਇੱਜ਼ਤ-ਆਬਰੂ ਸੱਭ ਕੁੱਝ ਗਹਿਣੇ ਰੱਖ ਦਿੰਦੇ ਹਨ। ਵੇਸਵਾਵਾਂ ਦੀ ਸ਼ਾਦੀ ਦੇ ਨਾਂ ਤੇ ਵੀ ਕਈ ਕੁੱਝ ਕਰਨ ਦਾ ਦਾਅਵਾ ਕਰਦਾ ਇਹ ਦੰਭੀ ਕਿੰਨਾ ਕੁ ਸੁੱਚਾ ਹੈ, ਇਸ ਦਾ ਅੰਦਾਜ਼ਾ ਪਾਠਕ ਅਪਣੇ ਆਪ ਲਾ ਸਕਦੇ ਹਨ।

ਰੱਬ ਦੇ ਇਸ ਕਮੀਨੇ ਦੂਤ ਨੇ 13 ਮਈ 2007 ਨੂੰ ਅਪਣੀ ਜ਼ਿੰਦਗੀ ਦਾ ਸੱਭ ਤੋਂ ਵੱਡਾ ਗੁਨਾਹ ਕੀਤਾ 'ਜਾਮੇ-ਇੰਸਾਂ' ਪਿਆ ਕੇ। 'ਰੂਹ ਅਫ਼ਜ਼ਾ' ਪਿਆ ਕੇ, 'ਸੱਤ ਸਿਤਾਰੇ' ਸਾਜ ਕੇ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦਾ ਵੇਸ ਧਾਰ ਕੇ ਜਿਹੜੀ ਖਿੱਲੀ ਇਸ ਨੇ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਸਮਾਜ ਦੀ ਉਡਾਈ, ਉਸ ਨੂੰ ਤਾਂ ਸਾਡੇ ਕੁਰਸੀਆਂ ਦੇ ਭੁੱਖੇ, ਪੈਸੇ ਦੇ ਪੁੱਤਾਂ, ਨਿਰਲੱਜ ਆਗੂਆਂ, ਤਖ਼ਤਾਂ ਦੇ ਕਾਬਜ਼ ਜਥੇਦਾਰਾਂ ਅਤੇ ਅਕਾਲੀ ਦਲ (ਨਹੀਂ ਕਾਲੀ ਦਲ) ਦੇ ਚੌਧਰੀਆਂ ਨੇ ਬੰਬਈ ਦੇ ਅਦਾਕਾਰਾਂ ਦੇ ਘਰਾਂ ਵਿਚ ਬੈਠ ਕੇ ਰਫ਼ਾ-ਦਫ਼ਾ ਕਰਨ ਦਾ ਜੁਗਾੜ ਕਰ ਲਿਆ ਅਤੇ ਝੂਠ-ਮੂਠ ਦੀ ਕਹਾਣੀ ਘੜ ਕੇ ਪਹਿਲੋਂ ਜਾਰੀ ਕੀਤੇ ਹੁਕਮਨਾਮੇ (ਕਿ ਸਾਧ ਨਾਲ ਤੇ ਉਸ ਦੇ ਪੈਰੋਕਾਰਾਂ ਨਾਲ ਰੋਟੀ-ਬੇਟੀ ਦੀ ਕੋਈ ਸਾਂਝ ਨਹੀਂ ਰਖਣੀ ਕਿਉਂਕਿ ਇਸ ਸਵਾਂਗ ਪਿਛੋਂ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲੱਗ ਗਏ ਸਨ) ਨੂੰ ਵਾਪਸ ਲੈ ਲਿਆ ਅਖੇ 'ਸਾਧ ਨੇ ਸ੍ਰੀ ਅਕਾਲ ਤਖ਼ਤ ਤੋਂ ਮਾਫ਼ੀ ਮੰਗ ਲਈ ਹੈ।' ਇਸ ਐਲਾਨਨਾਮੇ ਦਾ ਅਜਿਹਾ ਪ੍ਰਤੀਕਰਮ ਹੋਇਆ ਕਿ ਪੰਜਾਬ ਦਹਿਲ ਉਠਿਆ। ਸੰਗਤਾਂ ਮਰਨ ਹਾਕੀਆਂ ਹੋ ਉਠੀਆਂ। ਤਾਂ ਜਾ ਕੇ ਇਨ੍ਹਾਂ ਬੇਗ਼ੈਰਤੇ ਜਥੇਦਾਰਾਂ ਨੇ ਅਪਣੇ ਲਗਦਿਆਂ ਦੇ ਕਹਿਣ ਤੇ ਫਿਰ ਹੁਕਮਨਾਮਾ ਵਾਪਸ ਲੈ ਲਿਆ। ਬੇਜ਼ਮੀਰੇ ਚੌਧਰੀਉ, ਕੁੱਝ ਤਾਂ ਸ਼ਰਮ ਕਰੋ। ਜਿਸ ਗੁਰੂ ਦੀ ਬਖ਼ਸ਼ਿਸ਼ ਨਾਲ ਚੌਧਰਾਂ ਮਾਣ ਰਹੇ ਹੋ, ਗੱਡੀਆਂ ਤੇ ਚੜ੍ਹੇ ਫਿਰਦੇ ਹੋ, ਲੋਕਾਂ ਤੋਂ ਜੇਬਾਂ ਭਰਦੇ ਹੋ, ਇੱਜ਼ਤ-ਮਾਣ ਖਟਦੇ ਹੋ, ਕੁੱਝ ਉਸ ਦਾ ਵੀ ਖ਼ਿਆਲ ਕਰੋ। 'ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ'। ਗੱਲ ਇਸ ਜਹਾਨ ਵਿਚ ਹੀ ਨਹੀਂ ਮੁਕਣੀ, ਅਗਾਂਹ ਵੀ ਲੇਖੇ ਜੋਖੇ ਹੋਣੇ ਹਨ।

'ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ' ਕਹਿਣ, ਸੁਣਨ ਤੇ ਮੰਨਣ ਵਾਲੇ ਅੱਜ ਜਿਸ ਮਨੋਦਸ਼ਾ ਤੇ ਦਿਸ਼ਾ ਵਿਚ ਹਨ, ਇਹ ਬੜਾ ਸੰਜੀਦਾ ਸਵਾਲ ਹੈ। ਮੇਰੇ ਘਰ ਸਫ਼ਾਈ ਕਰਨ ਵਾਲੀ ਬੀਬੀ ਦੱਸ ਰਹੀ ਸੀ ਕਿ ਉਸ ਦੇ ਰਿਸ਼ਤੇਦਾਰਾਂ ਨੇ ਤਾਵੀਜ਼ (ਤਵੀਤ) ਤੋੜ ਸੁੱਟੇ ਹਨ, ਪੰਚਕੂਲਾ ਤੋਂ ਜ਼ਖ਼ਮੀ ਹੋ ਕੇ ਮੁੜੇ ਭਾਣਜਿਆਂ ਨੇ ਅਗਾਂਹ ਤੋਂ ਤੋਬਾ ਕਰ ਲਈ ਹੈ। ਮੌਤ ਦੇ ਮੂੰਹ ਤੋਂ ਬਚੇ ਮੁਹੱਲੇ ਵਾਲਿਆਂ ਨੇ ਹੁਣ ਗੁਰਦਵਾਰਾ ਦੁੱਖ ਨਿਵਾਰਣ ਸਾਹਿਬ ਜਾਣ ਦੀ ਸਹੁੰ ਖਾ ਲਈ ਹੈ ਕਿਉਂਕਿ ਕੁੱਝ ਸਮਝਦਾਰ ਲੋਕ ਹੁਣ ਆਪੇ 'ਸਤਿਗੁਰੂ' ਸਜੇ ਇਸ ਧੀਰਮਲੀਏ ਤੋਂ ਸੁਚੇਤ ਹੋ ਗਏ ਹਨ, ਰੋ ਰਹੇ ਹਨ ਤੇ ਸਾਡੀਆਂ ਗੰਭੀਰ ਕੋਸ਼ਿਸ਼ਾਂ ਲੱਖਾਂ ਲੋਕਾਂ ਨੂੰ ਮੁੜ ਮੁੱਖ ਸਿੱਖ ਧਰਮ ਵਿਚ ਲਿਆ ਸਕਦੀਆਂ ਹਨ। ਜੇਕਰ ਸਾਡੀਆਂ ਜ਼ਿੰਮੇਵਾਰ ਸ਼੍ਰੋਮਣੀ ਧਾਰਮਕ ਸੰਸਥਾਵਾਂ ਅਪਣਾ ਕੁੱਝ ਸੁਧਾਰ ਕਰ ਲੈਣ, ਰਾਜਨੀਤੀ ਤੋਂ ਮੂੰਹ ਮੋੜ ਲੈਣ ਤੇ ਸਿਰਫ਼ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਿੱਖੀ ਤੇ ਸਿੱਖ ਪਨੀਰੀ ਦੀ ਪ੍ਰਫ਼ੁੱਲਤਾ ਲਈ ਕੰਮ ਕਰਨ।
ਸੰਪਰਕ : 98156-20515

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement