ਸਰਾਪੀਆਂ ਤਾਰੀਖ਼ਾਂ ਦੀ ਮਾਫ਼ੀ ਅਤੇ ਉਮੀਦ ਦੇ ਬੰਦੇ
Published : Sep 15, 2017, 9:41 pm IST
Updated : Sep 15, 2017, 4:11 pm IST
SHARE ARTICLE

ਕਿਹੜੀ ਛੋਟੀ ਜਿਹੀ ਘਟਨਾ ਜ਼ਿੰਦਗੀ 'ਚ ਕੀ ਤਸਦੀਕ ਕਰ ਦੇਵੇ, ਕੋਈ ਪਤਾ ਨਹੀਂ ਚਲਦਾ। ਅਜੇ ਵੀ ਸਾਡੇ ਬਜ਼ੁਰਗਾਂ ਦੀਆਂ ਯਾਦਾਂ 'ਚ ਲਾਹੌਰ, ਦਿੱਲੀ ਦੀਆਂ ਗਲੀਆਂ ਹਨ। ਸਾਡੀਆਂ ਕਹਾਵਤਾਂ 'ਚ ਲਾਹੌਰ ਜਿਊਂਦਾ ਹੈ। ਸਾਡੀ ਤੰਦ 'ਸਖੀ ਸ਼ਾਹਬਾਜ਼ ਕਲੰਦਰ' ਦੇ ਸਿੰਧ ਤੋਂ ਵਾਇਆ ਬਾਬਾ ਫ਼ਰੀਦ, ਬਾਬਾ ਨਾਨਕ, ਵਾਰਿਸ, ਬੁੱਲ੍ਹਾ, ਹਾਸ਼ਮ ਹੁੰਦੇ ਹੋਏ ਸੁਲਤਾਨ ਬਾਹੂ ਦੀ 'ਹੂ' ਤੇ ਦੁੱਲੇ ਭੱਟੀ ਦੀ ਸੁੰਦਰ ਮੁੰਦਰੀਏ 'ਹੋ' ਤਕ ਹੈ। ਸਾਨੂੰ ਨੁਸਰਤ ਫ਼ਤਿਹ ਅਲੀ ਖ਼ਾਨ ਨਾਲ ਮੁਹੱਬਤ ਹੈ। ਗ਼ੁਲਾਮ ਅਲੀ ਨਾਲ ਸਾਨੂੰ ਇਸ਼ਕ ਹੈ। ਅਸੀ ਇੱਕੋ ਵੇਲੇ ਮਹਾਂਰਾਸ਼ਟਰ ਤੋਂ ਲਤਾ ਮੰਗੇਸ਼ਕਰ, ਅੰਬਰਸਰ ਤੋਂ ਮਹੁੰਮਦ ਰਫ਼ੀ, ਪਿਛੇ ਛੁੱਟ ਗਈ ਧਰਤੀ ਤੋਂ ਗ਼ੁਲਾਮ ਅਲੀ, ਨੁਸਰਤ ਫ਼ਤਿਹ ਅਲੀ ਖ਼ਾਨ ਅਤੇ ਅਲੀ ਸੇਠੀ ਨੂੰ ਸੁਣਦੇ ਹਾਂ। ਇਹ ਮੁਹੱਬਤ ਉਨ੍ਹਾਂ ਨੂੰ ਸਮਝ ਨਹੀਂ ਆਵੇਗੀ ਜੋ ਅਭਿਜੀਤ ਭੱਟਾਚਾਰੀਆ ਵਾਂਗ ਕੌੜ ਰਖਦੇ ਹਨ ਅਤੇ ਸੋਨੂ ਨਿਗਮ ਵਾਂਗ ਅਜ਼ਾਨ ਦੀ ਅਵਾਜ਼ ਦੀ ਰੂਹਦਾਰੀ ਨੂੰ ਰੌਲਾ ਸਮਝਦੇ ਹਨ।

ਪੀੜ੍ਹੀ ਦਰ ਪੀੜ੍ਹੀ ਅਤੀਤ ਦੀ ਇਸ ਵਿਰਾਸਤ ਨੇ ਕਿੰਨਾ ਕੁੱਝ ਸਿਰਜ ਦਿਤਾ ਹੈ। ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੋਂ ਲੈ ਕੇ ਖ਼ਾਲਿਦ ਮਹੁੰਮਦ ਦੀ ਮੰਮੋ ਤਕ ਦੇ ਕਿਰਦਾਰ ਉਸ ਦੌਰ ਦੀ ਪੇਸ਼ਕਾਰੀ ਹਨ। ਮੰਮੋ ਵੰਡ ਦੀ ਉਸ ਤਾਰੀਖ਼ 'ਚ ਆਪ ਪਾਕਿਸਤਾਨ ਦੇ ਹਿੱਸੇ ਆਈ ਅਤੇ ਉਸ ਦੀ ਭੈਣ ਮੁੰਬਈ ਦੇ ਹਿੱਸੇ ਚਲੀ ਗਈ। ਸ਼ਿਆਮ ਬੈਨੇਗਲ ਦੀ ਇਹ ਫ਼ਿਲਮ ਉਨ੍ਹਾਂ ਬੰਦਿਆਂ ਦੀ ਵਿਥਿਆ ਹੈ ਜੋ ਸਰਹੱਦ ਦੇ ਦੋਵੇਂ ਪਾਸੇ ਅਪਣਿਆਂ 'ਚ ਵੰਡੇ ਗਏ। ਅਖ਼ੀਰ ਮੰਮੋ ਨੂੰ ਸਦਾ ਲਈ ਮੁੰਬਈ ਅਪਣੀ ਭੈਣ ਕੋਲ ਰਹਿਣ ਲਈ ਅਪਣੇ ਆਪ ਨੂੰ ਮਾਰਨਾ ਪੈਂਦਾ ਹੈ ਤਾਕਿ ਸਫ਼ਾਰਤਖ਼ਾਨੇ ਮੌਤ ਦਾ ਸਰਟੀਫ਼ੀਕੇਟ ਜਮ੍ਹਾਂ ਕਰਵਾਇਆ ਜਾ ਸਕੇ ਅਤੇ ਮੁੜ ਕੋਈ ਘੁਸਪੈਠੀਆ ਕਹਿ ਫ਼ਰੰਟੀਅਰ ਮੇਲ ਤੋਂ ਵਾਇਆ ਅੰਬਰਸਰ ਪਾਕਿਸਤਾਨ ਰਵਾਨਾ ਨਾ ਕਰ ਦੇਵੇ।

ਇਸੇ ਮਾਹੌਲ 'ਚ ਬਲਰਾਜ ਸਾਹਨੀ 'ਮੇਰਾ ਪਾਕਿਸਤਾਨੀ ਸਫ਼ਰਨਾਮਾ' 'ਚ ਜ਼ਿਕਰ ਕਰਦਾ ਹੈ ਕਿ ਅਪਣੀ ਹੀ ਧਰਤੀ ਤੇ ਜਾਣ ਲਈ ਹੁਣ ਇਜਾਜ਼ਤ ਲੈਣੀ ਪੈ ਰਹੀ ਹੈ। ਉਹ ਅਪਣੇ ਘਰ ਰਾਵਲਪਿੰਡੀ ਜਾ ਕੇ ਜਦੋਂ ਰੋਂਦਾ ਹੈ ਤਾਂ ਸਮਝ ਸਕਦੇ ਹਾਂ ਕਿ ਉਨ੍ਹਾਂ ਸੱਜਣਾਂ ਦੇ ਸਿਰਫ਼ ਘਰ ਨਹੀਂ ਖੁਸੇ ਸਗੋਂ ਇਹ ਸਾਰੇ ਨਹਿਸ਼ ਤਕਦੀਰਾਂ ਦੇ ਖੇਡ ਦੇ ਸਿਰਫ਼ ਮੋਹਰੇ ਬਣ ਕੇ ਰਹਿ ਗਏ ਸਨ।

ਇਸੇ ਮਾਹੌਲ 'ਚ ਬੰਗਾਲ 'ਚ ਚੋਪੜਾ ਪ੍ਰਵਾਰ ਨੇ ਅਪਣੇ ਲਾਣੇਦਾਰ ਲਾਲਾ ਵਲਾਇਤੀ ਰਾਜ ਚੋਪੜਾ ਨੂੰ ਸਦਾ ਲਈ ਅਪਣੇ ਤੋਂ ਦੂਰ ਕਰਵਾ ਲਿਆ ਸੀ। ਲਾਹੌਰ ਤੋਂ ਬਲਦੇਵ ਰਾਜ ਚੋਪੜਾ ਬੰਬੇ (ਮੁੰਬਈ) ਪਹੁੰਚ ਗਏ ਅਤੇ ਯਸ਼ ਰਾਜ ਚੋਪੜਾ ਆਰ.ਐੱਸ.ਐੱਸ. ਦੀਆਂ ਸ਼ਾਖ਼ਾਵਾਂ 'ਚ ਹਿੱਸਾ ਲੈਣ ਲੱਗ ਪਏ। ਨਫ਼ਰਤ 'ਚ ਜਿਸ ਹਿੰਦੂ ਫੰਡਾਮੈਂਟਲਿਜ਼ਮ ਦੀ ਸਿਖਿਆ ਯਸ਼ ਰਾਜ ਚੋਪੜਾ ਗ੍ਰਹਿਣ ਕਰ ਰਹੇ ਸਨ ਉਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੀ ਭਾਬੀ ਤੰਦੂਰ ਪਕਾਉਂਦੀ ਪਕਾਉਂਦੀ ਮਸਾਂ ਬਚੀ ਕਿਉਂਕਿ ਤੰਦੂਰ 'ਚ ਦੰਗਿਆਂ ਦੌਰਾਨ ਵਰਤੋਂ 'ਚ ਲਿਆਉਣ ਲਈ ਬੰਬ ਲੁਕੋ ਕੇ ਰੱਖੇ ਸਨ। ਉਨ੍ਹਾਂ ਦਿਨਾਂ 'ਚ ਲੁੱਟ-ਮਾਰ ਕਰਦਿਆਂ ਜਿਹੜਾ ਸਮਾਨ ਕਾਬੂ ਕੀਤਾ ਸੀ, ਉਹ ਵੀ ਮਾਂ ਦੇ ਸਾਹਮਣੇ ਆ ਗਿਆ। ਪਲਛਿਣ ਦੀ ਦੇਰ ਕੀਤੇ ਬਗ਼ੈਰ ਯਸ਼ ਰਾਜ ਚੋਪੜਾ ਜੀ ਨੇ ਅਪਣੀ ਭੈਣ ਨੂੰ ਘਰ ਰੋਹਤਕ ਭੇਜ ਦਿਤਾ ਅਤੇ ਉਥੋਂ ਅਪਣੇ ਭਰਾ ਕੋਲ ਬੰਬੇ ਪਹੁੰਚ ਗਏ। ਹੁਣ ਬਲਦੇਵ ਰਾਜ ਚੋਪੜਾ ਦੀ ਸੰਗਤ 'ਚ ਬਹੁਤ ਕੁੱਝ ਬਦਲ ਗਿਆ ਸੀ। ਲਾਹੌਰ ਦੇ ਰੰਗ 'ਚ ਵੰਡ ਦੀ ਟੀਸ ਜੋ ਵੱਡੇ ਭਰਾ ਨੇ ਮਹਿਸੂਸ ਕੀਤੀ ਸੀ, ਉਹ ਪੰਜਾਬੀ ਹੁੰਦਿਆਂ ਉਨ੍ਹਾਂ ਦੇ ਹਿੱਸੇ ਕਿੰਜ ਆਈ, ਇਹ ਅਹਿਸਾਸ ਦਾ ਇਸ਼ਾਰਾ ਚੰਗੀ ਸਮਝ 'ਚ ਬਦਲ ਗਿਆ ਸੀ।

ਇਸੇ ਸਮਝ ਤੋਂ 1961 'ਚ ਆਈ ਫ਼ਿਲਮ 'ਧਰਮਪੁੱਤਰ' ਦਾ ਨਿਰਮਾਣ ਹੁੰਦਾ ਹੈ। ਆਚਾਰੀਆ ਚਤੁਰਸੇਨ ਦੇ 'ਧਰਮਪੁੱਤਰ' ਤੋਂ ਬਣੀ ਇਸ ਫ਼ਿਲਮ ਦੇ ਨਿਰਮਾਤਾ ਸਨ ਬੀ.ਆਰ. ਚੋਪੜਾ ਅਤੇ ਨਿਰਦੇਸ਼ਕ ਖ਼ੁਦ ਯਸ਼ ਚੋਪੜਾ ਬਣੇ। ਯਕੀਨਨ ਇਹ ਕਹਾਣੀ ਨਿਜੀ ਤਜਰਬੇ ਤੋਂ ਪ੍ਰਭਾਵਤ ਹੋਈ ਹੋਵੇਗੀ। ਮੈਨੂੰ ਮਹਿਸੂਸ ਹੁੰਦਾ ਹੈ ਕਿ ਫ਼ਿਲਮ ਬਣਾਉਂਦੇ ਹੋਏ ਇਸ ਕਹਾਣੀ ਨਾਲ ਚੋਪੜਾ ਜੀ ਖ਼ੁਦ ਨੂੰ ਰੂਬਰੂ ਵੇਖ ਰਹੇ ਹੋਣਗੇ।

ਭਾਰਤੀ ਸਿਨੇਮਾ ਅੰਦਰ 1947 ਦੀ ਵੰਡ ਬਾਰੇ ਇਹ ਪਹਿਲੀ ਫ਼ਿਲਮ ਹੈ। ਸਾਡੇ ਦਰਦ, ਅਹਿਸਾਸ, ਜਜ਼ਬਾਤ ਦੀ ਇਸ ਕੜੀ 'ਚ ਬਹੁਤ ਸਾਰੀਆਂ ਫ਼ਿਲਮਾਂ ਸਮੇਂ ਸਮੇਂ ਤੇ ਆਉਂਦੀਆਂ ਰਹੀਆਂ। ਪਰ ਫ਼ਿਲਮ ਧਰਮਪੁੱਤਰ ਵੰਡ, ਸਿਆਸਤ, ਧਰਮ ਅਤੇ ਹਿੰਦੂ ਫੰਡਾਮੈਂਟਲਿਜ਼ਮ ਨੂੰ ਲੈ ਕੇ ਜਿੰਨੀ ਬੇਬਾਕ ਦਿਸਦੀ ਹੈ, ਇਸ ਬਰਾਬਰ ਹੋਰ ਕੋਈ ਫ਼ਿਲਮ ਮੁੜ ਨਹੀਂ ਦਿਸਦੀ।

ਇਸ ਲੜੀ 'ਚ ਮੈਂ ਹੋਰ ਫ਼ਿਲਮਾਂ ਨੂੰ ਜ਼ਰਾ ਜਿੰਨਾ ਵੀ ਅਣਗੋਲਿਆ ਨਹੀਂ ਕਰ ਸਕਦਾ ਜੋ 1947 ਵੰਡ ਤੋਂ ਪ੍ਰਭਾਵਤ ਹਨ। ਗਰਮ ਹਵਾ ਤੋਂ ਲੈ ਕੇ ਪਿੰਜਰ, ਕਿਆ ਦਿੱਲੀ ਕਿਆ ਲਾਹੌਰ ਤਕ ਹੁੰਦੇ ਹੋਏ ਖ਼ਾਮੋਸ਼ ਪਾਨੀ, ਸ਼ਹੀਦ-ਏ-ਮੁਹੱਬਤ ਅਤੇ ਕਿੱਸਾ ਨੂੰ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਪਰ ਧਰਮਪੁੱਤਰ ਫ਼ਿਲਮ ਦੀ ਗੱਲ ਹੋਰ ਹੈ। 1961 'ਚ ਬਲੈਕ ਐਂਡ ਵਾਈਟ ਦੇ ਸਿਨੇਮਾ ਦੌਰ ਅੰਦਰ ਬੇਬਾਕ ਟਿਪਣੀ ਕਰਦੀ ਇਹ ਫ਼ਿਲਮ ਵਿੱਤੀ ਤੌਰ ਤੇ ਅਸਫ਼ਲ ਸੀ। ਇਸ ਦੌਰਾਨ ਉਨ੍ਹਾਂ ਨੂੰ ਕੁੱਝ ਜਥੇਬੰਦੀਆਂ ਵਲੋਂ ਵਿਰੋਧ ਵੀ ਸਹਿਣਾ ਪਿਆ ਸੀ। ਇਸ ਤੋਂ ਬਾਅਦ ਯਸ਼ ਚੋਪੜਾ ਨੇ ਮੁੜ ਇਸ ਰੂਪ ਦੀ ਫ਼ਿਲਮ ਬਣਾਉਣ ਦਾ ਜੋਖਮ ਨਹੀਂ ਲਿਆ ਅਤੇ ਆਖ਼ਰ ਉਨ੍ਹਾਂ ਦੀ ਇਸੇ ਵਿਸ਼ੇ ਨਾਲ ਮਿਲਦੀ ਫ਼ਿਲਮ 'ਵੀਰ-ਜ਼ਾਰਾ' ਹੀ ਆਉਂਦੀ ਹੈ।

ਧਰਮਪੁੱਤਰ 'ਚ ਜਿਸ ਸਾਂਝ ਨਾਲ ਅਸੀ ਰੂਬਰੂ ਹੁੰਦੇ ਹਾਂ ਉਹ ਇਸ ਦੌਰ ਦੀ ਅਸਹਿਣਸ਼ੀਲਤਾ 'ਚ ਸਾਡਾ ਚਾਨਣ ਮੁਨਾਰਾ ਬਣ ਸਕਦੀ ਹੈ। ਹੁਸਨ ਬਾਨੋ (ਮਾਲਾ ਸਿਨਹਾ) ਦਾ ਨਾਜਾਇਜ਼ ਮੁੰਡਾ (ਵਿਆਹ ਤੋਂ ਪਹਿਲਾਂ ਦਾ) ਹੁਸਨ ਬਾਨੋ ਦਾ ਧਰਮ ਭਰਾ ਬਣਿਆ ਹਿੰਦੂ ਡਾ. ਅੰਮ੍ਰਿਤ ਰਾਏ (ਰਹਿਮਾਨ) ਪਾਲਦਾ ਹੈ। ਇਹ ਉਹੀ ਡਾਕਟਰ ਹੈ ਜਿਸ ਨੂੰ ਉਸ ਦੇ ਪਿਉ ਦੇ ਮਰਨ ਤੋਂ ਬਾਅਦ ਉਸ ਦੇ ਪਿਉ ਦੇ ਧਰਮ ਭਰਾ ਬਣੇ ਨਵਾਬ ਬਦਰੂਦੀਨ (ਅਸ਼ੋਕ ਕੁਮਾਰ) ਨੇ ਵਿਦੇਸ਼ 'ਚ ਅਪਣੇ ਖ਼ਰਚੇ ਤੇ ਪੜ੍ਹਾਇਆ ਹੈ। ਯਾਨੀ ਕਿ ਧਰਮ ਆਪੋ ਅਪਣੇ ਨਿਜੀ ਅਹਿਸਾਸ ਅਤੇ ਰਿਸ਼ਤਿਆਂ ਅੰਦਰਲਾ ਪਿਆਰ ਬੇਜੋੜ ਖ਼ੂਬਸੂਰਤ ਉਦਾਹਰਣ ਸੀ। ਘੱਟੋ-ਘੱਟ ਧਰਮਪੁੱਤਰ ਫ਼ਿਲਮ ਦੇ ਸੰਵਾਦ ਵਿਸਤਾਰ ਨਾਲ ਵਾਰ-ਵਾਰ ਸੁਣੀਏ ਅਤੇ ਇਹ ਫ਼ਿਲਮ ਅੱਜ ਦੇ ਉਸ ਮਾਹੌਲ ਨੂੰ ਬੇਨਕਾਬ ਤਾਂ ਕਰਦੀ ਹੈ ਜੋ ਦੋ ਦੇਸ਼ਾਂ ਵਿਚ ਰੁਲੀ ਹੋਈ ਸਾਂਝੀ ਧਰਤੀ ਦੀ ਮੁਹੱਬਤ ਨੂੰ ਪੁੰਗਰਨ ਤਕ ਨਹੀਂ ਦੇ ਰਹੀ।

ਵਾਹਗਾ ਸਰਹੱਦ ਦੀਆਂ ਪਰੇਡਾਂ ਅਤੇ ਮਾਰਚ (ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸੇ) ਸਾਂਝੇ ਪੰਜਾਬ ਦੇ ਦਰਦ ਨੂੰ ਕਿਥੇ ਥਾਂ ਦੇਂਦੇ ਹਨ? ਜਦੋਂ ਮੈਂ 'ਲਾਹੌਰੀਏ' ਫ਼ਿਲਮ ਵੇਖਦਾ ਹਾਂ ਤਾਂ ਉਸ ਨੂੰ ਵਡਿਆਉਣ ਦਾ ਇਕ ਕਾਰਨ ਇਹ ਵੀ ਹੈ ਕਿ ਜਦੋਂ ਚੈਨਲ ਬਿਨਾਂ ਇਜਾਜ਼ਤ ਅਤੇ ਬਿਨਾਂ ਤਸਦੀਕ ਕੀਤੇ ਖ਼ਬਰਾਂ ਫੈਲਾ ਦਿੰਦੇ ਹਨ ਅਤੇ ਨਫ਼ਰਤ ਦੀ ਪੂਰੀ ਖੇਡ ਚਲਦੀ ਹੈ ਤਾਂ ਅਜਿਹੇ 'ਚ ਏਜੰਟ ਵਿਨੋਦ, ਫ਼ੈਂਟਮ ਵਰਗੀਆਂ ਫ਼ਿਲਮਾਂ ਰਾਸ਼ਟਰਭਗਤੀ ਦੀ ਭਾਵਨਾ ਦਾ ਦਾਅਵਾ ਤਾਂ ਕਰਦੀਆਂ ਹਨ ਪਰ ਉਸ ਭਾਵਨਾ ਦੇ ਉਹਲੇ ਸਿਵਾਏ ਨਫ਼ਰਤ ਤੋਂ ਹੋਰ ਕੁੱਝ ਨਹੀਂ ਪੇਸ਼ ਕਰ ਰਹੀਆਂ। ਅਜਿਹੇ 'ਚ 'ਲਾਹੌਰੀਏ' ਸਰਹੱਦਾਂ ਤੋਂ ਪਾਰਲੇ ਪੰਜਾਬ ਨੂੰ ਸਾਂਝਾ ਕਰਦੀ ਹੈ। ਜੇ ਇਹ ਫ਼ਿਲਮ ਹਿੰਦੀ 'ਚ ਬਣਦੀ ਤਾਂ ਹੋ ਸਕਦਾ ਹੈ ਪੰਜਾਬ ਤੋਂ ਬਾਹਰ ਅਸਫ਼ਲ ਵੀ ਹੋ ਜਾਵੇ ਕਿਉਂਕਿ ਭਾਰਤ ਅਤੇ ਪਾਕਿਸਤਾਨ ਨੂੰ ਇਕ ਹੋਰ ਮੁਹੱਬਤ ਭਰੇ ਨਜ਼ਰੀਏ ਨਾਲ ਵੇਖਣ ਵਾਲੇ ਲੋਕਾਂ ਦੀ ਗੱਲ ਅਜੀਬੋ ਗ਼ਰੀਬ ਫੈਲਿਆ ਰਾਸ਼ਟਰਵਾਦ ਨਹੀਂ ਸਮਝ ਸਕਦਾ।

'ਦੀ ਰਿਲੱਕਟੈਂਟ ਫ਼ੰਡਾਮੈਂਟਲਿਸਟ', 'ਐਗਜ਼ਿਟ ਏਸ਼ੀਆ' ਵਰਗੀਆਂ ਕਿਤਾਬਾਂ ਦੇ ਲੇਖਕ ਮੋਹਸਿਨ ਹਾਮਿਦ ਨੇ ਪਿਛੇ ਜਿਹੇ ਇਕ ਅਖ਼ਬਾਰ ਨੂੰ ਦਿਤੀ ਇੰਟਰਵਿਊ 'ਚ ਕਿਹਾ ਸੀ ਕਿ 'ਜਿਹੜੇ ਰਾਹ ਤੇ ਤੁਰ ਕੇ ਪਾਕਿਸਤਾਨ ਨੇ ਅਪਣਾ ਭਵਿੱਖ ਕੱਟੜਤਾ 'ਚ ਸੁਟਿਆ ਹੈ, ਉਸੇ ਰਾਹ ਤੇ ਹੁਣ ਭਾਰਤ ਤੁਰ ਰਿਹਾ ਹੈ ਅਤੇ ਭਾਰਤ ਨੂੰ ਸਮਾਂ ਰਹਿੰਦਿਆ ਸੰਭਲਣਾ ਚਾਹੀਦਾ ਹੈ।'

ਅਜਿਹੇ 'ਚ ਫ਼ਿਲਮ ਧਰਮਪੁੱਤਰ ਨੂੰ ਵੇਖਦਿਆਂ ਇਹ ਖ਼ੁਸ਼ੀ ਹੁੰਦੀ ਹੈ ਕਿ ਜਦੋਂ ਧਰਮਪੁੱਤਰ ਅੰਦਰ ਜਿਸ ਪਿਆਰ ਭਰੇ ਮਾਹੌਲ ਦੇ ਇਨਸਾਨ ਹਨ, ਉਸ ਦੀ ਇਕ ਉਦਾਹਰਣ ਅੱਜ ਵੀ ਅੰਡਮਾਨ ਨਿਕੋਬਾਰ ਵਿਖੇ ਮਿਲਦੀ ਹੈ। ਪਿਛਲੇ ਦਿਨਾਂ ਅੰਦਰ ਪੰਜਾਬੀ ਯੂਨੀਵਰਸਟੀ ਦੇ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਵਾਲੇ ਵਿਭਾਗ ਦੇ ਡਾ. ਪਰਮਵੀਰ ਸਿੰਘ ਨਾਲ ਮੁਲਾਕਾਤ ਹੋਏ ਸੀ। ਉਨ੍ਹਾਂ ਮੁਤਾਬਕ ਅੰਡਮਾਨ 'ਚ ਤੁਹਾਨੂੰ ਵੱਖੋ-ਵਖਰੇ ਧਰਮਾਂ ਦੇ ਬੰਦੇ ਇਕੋ ਪ੍ਰਵਾਰ 'ਚ ਮਿਲ ਜਾਣਗੇ ਜਿਨ੍ਹਾਂ 'ਚ ਮੁਸਲਮਾਨ, ਹਿੰਦੂ, ਸਿੱਖ ਸ਼ਾਮਲ ਹੁੰਦੇ ਹਨ। ਇਹ ਪਿਆਰਾ ਵੀ ਹੈ ਤੇ ਕਮਾਲ ਵੀ ਹੈ। ਜੇ ਅਜਿਹਾ ਹੈ ਤਾਂ ਰਾਸ਼ਟਰਵਾਦ ਨੂੰ ਅੰਡਮਾਨ ਕਾਲੇ ਪਾਣੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਤੇ ਅੰਡਮਾਨ ਤੋਂ ਅਜਿਹੀ ਹਵਾ ਇਧਰ ਨੂੰ ਵਗਣੀ ਚਾਹੀਦੀ ਹੈ ਨਹੀਂ ਤਾਂ ਧਰਮਪੁੱਤਰ ਦਾ ਸਾਹਿਰ ਲੁਧਿਆਣਵੀ ਦਾ ਲਿਖਿਆ ਗੀਤ ਸਦੀਵੀ ਸਵਾਲ ਹੈ-'ਯੇ ਕਿਸਕਾ ਲਹੂ ਹੈ ਕੌਨ ਮਰਾ?'

ਵੰਡ ਨੂੰ ਲੈ ਕੇ ਜਿਹੜੇ ਸਵਾਲਾਂ ਦੇ ਅਸੀ ਰੂਬਰੂ ਹੁੰਦੇ ਹਾਂ ਉਨ੍ਹਾਂ 'ਚੋਂ ਅਸੀ ਉਨ੍ਹਾਂ ਵੇਲਿਆਂ 'ਚ ਹੋਈ ਵੱਢ-ਟੁਕ ਨੂੰ ਲੈ ਕੇ, ਅਪਣੀਆਂ ਕੁੜੀਆਂ, ਧੀਆਂ ਭੈਣਾਂ ਦੇ ਉਧਾਲਣ ਅਤੇ ਉਨ੍ਹਾਂ ਦੀ ਬੇਆਬਰੂ ਹੁੰਦੀ ਪੱਤ, 10 ਲੱਖ ਤੋਂ ਵੱਧ ਹੋਏ ਕਤਲਾਂ ਦਾ ਕਾਰਨ ਅੰਗਰੇਜ਼ਾਂ ਨੂੰ ਮੰਨਦੇ ਹਾਂ। ਲਾਹੌਰ ਤੋਂ ਡਾ. ਇਸ਼ਤਿਆਕ ਅਹਿਮਦ ਅਪਣੀ ਕਿਤਾਬ 'ਪੰਜਾਬ: ਬਲੱਡੀਡ, ਪਾਰਟੀਸ਼ਨਡ ਐਂਡ ਕਲੈਨਸਡ' 'ਚ ਆਜ਼ਾਦੀ ਦੇ ਓਹਲੇ ਇਸ ਖ਼ੂਨੀ ਵੰਡ ਨੂੰ ਸਭਿਅਤਾਵਾਂ ਦੇ ਇਤਿਹਾਸ 'ਚ ਜ਼ਬਰਦਸਤੀ ਦਾ ਪਰਵਾਸ, ਇਕ ਕੌਮ ਦਾ ਉਜਾੜਾ ਅਤੇ ਸੋਚਿਆ ਸਮਝਿਆ ਕਤਲੇਆਮ ਕਰਾਰ ਦਿੰਦੇ ਹਨ। ਇਸ਼ਤਿਆਕ ਅਹਿਮਦ ਮੁਤਾਬਕ ਇਹ ਯਹੂਦੀਆਂ ਦੇ ਕਤਲੇਆਮ, ਯੋਗੋਸਲਾਵੀਆ ਦੀ ਤ੍ਰਾਸਦੀ, ਰਵਾਂਡਾ ਅਤੇ ਸੂਡਾਨ ਦੇ ਪੱਛਮ 'ਚ ਸਥਿਤ ਖੇਤਰ ਦਾਫੁਰ ਦੇ ਕਤਲੇਆਮ ਵਰਗਾ ਹੈ।

ਆਖ਼ਰ ਹੈ ਤਾਂ ਇਹ ਅਜਿਹਾ ਉਜਾੜਾ ਹੀ ਜਿਸ ਦੀ ਟੀਸ ਲਈ ਇਸ ਦੀ ਜ਼ੱਦ 'ਚ ਆਏ ਦਿਲ ਸਦਾ ਮਰਸੀਆ ਹੀ ਗਾਉਂਦੇ ਰਹੇ ਹਨ। 65 ਲੱਖ ਮੁਸਲਮਾਨ ਇਧਰੋਂ ਪੱਛਮ ਪੰਜਾਬ ਵਲ ਕਾਫ਼ਿਲੇ ਲੈ ਤੁਰੇ ਅਤੇ 60 ਲੱਖ ਲਹਿੰਦੇ ਪੰਜਾਬ ਵਲੋਂ ਹਿੰਦੂ-ਸਿੱਖ ਪ੍ਰਵਾਸ ਕਰਦਾ ਪੂਰਬੀ ਪੰਜਾਬ 'ਚ ਦਾਖ਼ਲ ਹੋਇਆ। ਇਸ ਦੌਰਾਨ 10 ਲੱਖ ਤੋਂ ਵੱਧ ਲੋਕ, ਵੰਡ ਵੇਲੇ ਕਤਲੇਆਮ ਦਾ ਸ਼ਿਕਾਰ ਹੋਏ। ਰਾਜਮੋਹਨ ਗਾਂਧੀ ਅਪਣੀ ਕਿਤਾਬ 'ਪੰਜਾਬ : ਔਰੰਗਜ਼ੇਬ ਤੋਂ ਮਾਉਂਟਬੇਟਨ ਤਕ ਦਾ ਇਤਿਹਾਸ' 'ਚ ਜ਼ਿਕਰ ਕਰਦੇ ਹਨ, “ਕੁੱਝ ਔਰਤਾਂ ਨੇ ਇਜ਼ਤਾਂ ਬਚਾਉਣ ਲਈ ਖੂਹਾਂ ਜਾਂ ਦਰਿਆਵਾਂ ਵਿਚ ਛਾਲਾਂ ਮਾਰ ਦਿਤੀਆਂ। ਕਈਆਂ ਨੇ ਖ਼ੁਦ ਪ੍ਰਵਾਰ ਦੀਆਂ ਨੂੰਹਾਂ-ਧੀਆਂ ਮਾਰ ਦਿਤੀਆਂ ਤਾਕਿ ਵੈਰੀ ਦੇ ਹੱਥ ਨਾ ਆ ਸਕਣ। ਕਈ ਔਰਤਾਂ ਗ਼ਲਤੀ ਨਾਲ ਮਾਰ ਦਿਤੀਆਂ, ਪਿਛੋਂ ਪਤਾ ਲੱਗਾ ਕਿ ਨਹੀਂ ਇਹ ਤਾਂ ਹਿੰਦੂ ਰਫ਼ਿਊਜੀਆਂ ਦਾ ਕਾਫ਼ਲਾ ਆ ਰਿਹਾ ਸੀ। ਖ਼ਬਰ ਆ ਗਈ ਸੀ ਕਿ ਬਲੋਚ ਰਜਮੈਂਟ ਆ ਪੁੱਜੀ ਹੈ। ਰਫ਼ਿਊਜੀਆਂ ਦੇ ਕਾਫ਼ਲੇ ਵਿਚ ਆਉਂਦੀਆਂ ਔਰਤਾਂ ਲਾਚਾਰ ਖਾਵੰਦ, ਪਿਤਾ ਜਾਂ ਭਰਾਵਾਂ ਕੋਲੋਂ ਖੋਹ ਲਈਆਂ ਜਾਂਦੀਆਂ। ਹਮਲਾਵਰ ਆਪੋ ਵਿਚ ਵੰਡ ਲੈਂਦੇ, ਪੁਲਿਸ ਵਾਲੇ ਪਹਿਲਾਂ ਅਪਣੇ ਹਿੱਸੇ ਦਾ ਮਾਲ ਛਾਂਟਦੇ। ਬਲਾਤਕਾਰ ਪਿਛੋਂ ਅਕਸਰ ਕਤਲ।”

ਇਹ ਮਰਨ ਵਾਲੇ ਵੀ ਸਾਡੇ ਸਨ ਅਤੇ ਮਾਰਨ ਵਾਲੇ ਵੀ ਸਾਡੇ ਸਨ। ਇਹ ਤਾਰੀਖ਼ 'ਚ ਦਰਜ ਹੈ ਕਿ ਅਗੱਸਤ 1947 ਨੂੰ ਪੰਜਾਬੀ ਅਪਣੇ ਸਾਂਝੀਵਾਲਤਾ ਦੇ ਫ਼ਲਸਫ਼ੇ ਤੋਂ ਪਹਿਲੀ ਵਾਰ ਮੁਨਕਰ ਹੋਏ ਸਨ। ਹੁਣ 71 ਸਾਲ ਬਾਅਦ ਅਸੀ ਅਪਣੇ ਆਪ ਨੂੰ ਕਿਥੇ ਵੇਖਦੇ ਹਾਂ? ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ਦੇ ਪਾਤਰ ਰਸ਼ੀਦ ਕੋਲ ਪੂਰੋ ਨਾਲ ਕੀਤੀ ਵਧੀਕੀ ਦੀ ਸ਼ਰਮ ਹੈ। ਉਹ ਅਪਣੇ ਗੁਨਾਹਗਾਰ ਹੋਣ ਨੂੰ ਲੈ ਕੇ ਪਛਤਾਵੇ 'ਚ ਹੈ। ਅਸਲ 'ਚ ਅਸੀ ਕੀ ਅਪਣਾ ਅਜਿਹਾ ਗੁਨਾਹ ਕਬੂਲ ਕਰਾਂਗੇ? ਸ਼ਾਇਦ ਪਹਿਲੀ ਵਾਰ ਇਹ ਕੋਸ਼ਿਸ਼ ਬੀਤੀ 3 ਸਤੰਬਰ ਨੂੰ ਪੰਜਾਬੀ ਭਵਨ ਲੁਧਿਆਣਾ 'ਚ ਹੋਈ ਜਿਥੇ ਵੰਡ ਵੇਲੇ ਹੋਏ ਕਤਲਾਂ ਦੀ ਮਾਫ਼ੀ ਸਮੂਹਕ ਜ਼ਿੰਮੇਵਾਰੀ ਮੰਨਦਿਆਂ ਮੰਗੀ ਗਈ। 71 ਸਾਲ ਬਾਅਦ ਅਸੀ ਇਹ ਗੁਨਾਹ ਕਬੂਲ ਕਰਨ ਦੀ ਗੱਲ ਕਰ ਰਹੇ ਹਾਂ। ਸਰਕਾਰਾਂ ਨੇ ਜੋ ਕੀਤੀ। ਸੋ ਕੀਤਾ ਪਰ ਅਸੀ ਖ਼ੁਦ ਵੀ ਇਸ ਲਈ ਜ਼ਿੰਮੇਵਾਰ ਸੀ।

ਮੇਰੀ ਚੇਤਨਾ 'ਚ ਇਹ ਪਹਿਲਾਂ ਮੌਕਾ ਹੈ ਜਦੋਂ ਪੰਜਾਬੀਆਂ ਨੇ ਅਪਣੀ ਅਜਿਹੀ ਹੋਣੀ ਲਈ ਇਕੱਠ 'ਚ ਅਪਣੇ ਮੋਏ ਮਿੱਤਰਾਂ ਤੋਂ ਪੰਜਾਬੀਅਤ ਦੀ ਰੂਹਦਾਰੀ 'ਚ ਮਾਫ਼ੀ ਮੰਗੀ ਹੋਵੇ। ਇਨਸਾਨੀਅਤ ਇੰਜ ਹੀ ਮੁੜ ਸੁਰਜੀਤ ਹੋਵੇਗੀ। ਅਜਿਹੀਆਂ ਕੋਸ਼ਿਸ਼ਾਂ ਨੂੰ ਸਿਜਦਾ ਕਰਨ ਨੂੰ ਜੀ ਕਰਦਾ ਹੈ। ਇਹ ਬਹੁਤ ਵੱਡਾ ਵਰਤਾਰਾ ਹੈ। 1947 ਦੀ ਵੰਡ ਵੇਲੇ ਉਹ ਹਿੰਦੂ, ਸਿਖਣੀਆਂ, ਮੁਸਲਮਾਨਣੀਆਂ ਸਾਡੀਆਂ ਅਪਣੀਆਂ ਹੀ ਸਨ ਤੇ ਉਨ੍ਹਾਂ ਦੀ ਲੁੱਟੀ ਪੱਤ ਲਈ ਸਾਨੂੰ ਹੀ ਮਾਫ਼ੀ ਮੰਗਣੀ ਪਵੇਗੀ। ਸਾਨੂੰ ਹੀ ਸ਼ਰਮਸਾਰ ਹੋਣਾ ਪਵੇਗਾ ਅਤੇ ਅਹਿਦ ਲੈਣਾ ਪਵੇਗਾ ਕਿ ਅਸੀ ਮਨੁੱਖਤਾ ਨੂੰ ਇੰਜ ਮੁੜ ਸ਼ਰਮਸਾਰ ਨਹੀਂ ਹੋਣ ਦਿਆਂਗੇ। ਇਸ ਅਰਦਾਸ 'ਚ ਮੈਂ ਖੁਦ ਨੂੰ ਸ਼ਾਮਲ ਕਰਦਾ ਹਾਂ। 'ਆਲਮੀ ਪੰਜਾਬੀ ਅਦਬੀ ਸੰਗਤ' ਪੰਜਾਬੀ ਭਵਨ ਲੁਧਿਆਣਾ 'ਚ ਇਹ ਇਕੱਠ 'ਉਮੀਦ ਦੇ ਬੰਦੇ' ਹੀ ਕਰ ਸਕਦੇ ਹਨ।
ਮੋਬਾਈਲ : 97798-88335

ਰਾਮਚੰਦਰ ਗੁਹਾ ਅਪਣੀ ਕਿਤਾਬ 'ਇੰਡੀਆ ਆਫ਼ਟਰ ਗਾਂਧੀ' 'ਚ ਵੀ ਜ਼ਿਕਰ ਕਰਦੇ ਹਨ ਕਿ ਲਾਰਡ ਮਾਊਂਟਬੇਟਨ ਦੀ ਜੀਵਣੀ ਲਿਖਣ ਵਾਲਾ ਜੀਗਲਰ ਵੀ ਮਰਨ ਵਾਲਿਆਂ ਦੀ ਗਿਣਤੀ 10 ਲੱਖ ਲਿਖ ਰਿਹਾ ਸੀ। ਬਾਅਦ 'ਚ ਕੁੱਝ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 20 ਲੱਖ ਸੀ। ਗੁਹਾ ਮੁਤਾਬਕ ਪਲਾਇਨ ਦੀ ਇਸ ਸਮੱਸਿਆ 'ਚ ਜ਼ਮੀਨੀ ਬਟਵਾਰਾ ਵੀ ਵੱਡੀ ਸਮੱਸਿਆ ਸੀ ਕਿਉਂਕਿ ਹਿੰਦੂ-ਸਿੱਖ ਮੁਹਾਜਿਰ ਪਛਮੀ ਪੰਜਾਬ ਤੋਂ 29 ਲੱਖ ਹੈਕਟੇਅਰ ਦੀ ਜ਼ਮੀਨਾਂ ਛੱਡ ਕੇ ਪੂਰਬੀ ਪੰਜਾਬ 'ਚ ਆਏ ਸਨ ਪਰ ਪੂਰਬੀ ਪੰਜਾਬ 'ਚੋਂ ਮੁਸਲਮਾਨਾਂ ਵਲੋਂ ਛੱਡੀ ਗਈ ਜ਼ਮੀਨ ਸਿਰਫ਼ 19 ਲੱਖ ਹੈਕਟੇਅਰ ਸੀ। ਸੋ ਇਸ ਸਾਰੇ ਵਰਤਾਰੇ 'ਚ ਵੱਡਾ ਘਾਤ ਇਹ ਹੈ ਕਿ ਅਸੀ ਸਰਕਾਰਾਂ ਨੂੰ ਵੀ ਦੋਸ਼ ਦਿੰਦੇ ਹਾਂ।

ਬੇਸ਼ੱਕ ਉਹ ਜ਼ਿੰਮੇਵਾਰ ਵੀ ਹਨ। ਪਰ ਸਾਡੇ 'ਚ ਘਾਟ ਕਿਥੇ ਸੀ? ਕਲ ਤਕ ਤਾਂ ਅਸੀ ਸਾਂਝੇ ਖਵਾਜੇ ਦੇ ਮੱਥੇ ਵੀ ਟੇਕਦੇ ਸਾਂ ਅਤੇ ਪਹਿਲੇ ਪਹਿਰ ਤਾਰਿਆਂ ਦੀ ਲੋਅ 'ਚ ਖੇਤ ਵੀ ਸਾਂਝੇ ਹੋ ਜੋਤਦੇ ਸਾਂ। ਸਾਡਾ ਤਾਇਆ ਬਸ਼ੀਰਾ ਵੀ ਸੀ ਤੇ ਪਿੰਡ ਦਾ ਚੌਧਰੀ ਜਗਤ ਸਿੰਘ ਰਾਹ 'ਚ ਪਿੰਡ ਦੇ ਜਵਾਈ ਅਮਾਨਤ ਅਲੀ ਨੂੰ ਆਉਂਦਿਆਂ ਵੇਖ ਅਪਣੀ ਘੋੜੀ ਤੋਂ ਉਤਰ ਉਸ ਨੂੰ ਘੋੜੀ ਤੇ ਬਿਠਾ ਪਿੰਡ ਉਸ ਦੇ ਸੁਹਰੇ ਘਰ ਛਡਦਾ ਸੀ ਕਿਉਂਕਿ ਉਹ ਪਿੰਡ ਦਾ ਜਵਾਈ ਸੀ। ਇੰਜ ਧਰਮਾਂ ਤੋਂ ਉੱਪਰ ਪੰਜਾਬੀਅਤ ਦੀ ਗੁੜਤੀ 'ਚ ਰਿਸ਼ਤੇ ਨਿਭਦੇ ਸਨ। ਬਸੰਤ ਕੌਰ, ਕਮਲਾ ਅਤੇ ਫ਼ੌਜ਼ੀਆ ਆਪਸ 'ਚ ਸਹੇਲੀਆਂ ਸਨ। ਕਦੀ ਚਿੱਤ ਚੇਤਿਆਂ 'ਚ ਵੀ ਨਹੀਂ ਸੀ ਕਿ ਅਸੀ ਇੰਜ ਇਕ-ਦੂਜੇ ਦੀ ਪੱਤ ਰੋਲਾਂਗੇ ਅਤੇ ਵੱਡ-ਟੁੱਕ ਕਰਾਂਗੇ।

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement