
ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਜੂਨ '84 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਚੌਕ ਮਹਿਤਾ ਮਨਾਏ ਜਾ ਰਹੇ ਘੱਲੂਘਾਰਾ ਸ਼ਹੀਦੀ ਸਮਾਗਮ ...
ਤਰਨਤਾਰਨ,: ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਜੂਨ '84 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਚੌਕ ਮਹਿਤਾ ਮਨਾਏ ਜਾ ਰਹੇ ਘੱਲੂਘਾਰਾ ਸ਼ਹੀਦੀ ਸਮਾਗਮ ਪ੍ਰਤੀ ਦੇਸ਼ ਵਿਦੇਸ਼ ਦੀਆਂ ਸੰਗਤ ਵਿਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੀ ਤਿਆਰੀ ਸਬੰਧੀ ਦਮਦਮੀ ਟਕਸਾਲ ਨਾਲ ਜੁੜੀਆਂ ਪੰਥਕ ਸ਼ਖ਼ਸੀਅਤਾਂ, ਜਥੇਬੰਦੀਆਂ ਅਤੇ ਇਲਾਕੇ ਦੀ ਸੰਗਤ ਦੀ ਇਕ ਜ਼ਰੂਰੀ ਇਕੱਤਰਤਾ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਟਕਸਾਲ ਦੇ ਹੈੱਡ ਕੁਆਰਟਰ ਮਹਿਤਾ ਚੌਕ ਵਿਖੇ ਕੀਤੀ ਗਈ।
ਇਸ ਮੌਕੇ ਸ਼ਹੀਦੀ ਸਮਾਗਮਾਂ ਪ੍ਰਤੀ ਰੂਪ ਰੇਖਾ ਉਲੀਕਣ ਅਤੇ ਸੁਚਾਰੂ ਪ੍ਰਬੰਧ ਲਈ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ। ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜਿਥੇ ਸਮਾਗਮ 'ਚ ਪਹੁੰਚਣ ਦੀ ਸੰਗਤ ਨੂੰ ਅਪੀਲ ਕੀਤੀ, ਉਥੇ ਹੀ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਆਉਣ ਵਾਲੀਆਂ ਸੰਗਤਾਂ ਦੇ ਸਵਾਗਤ ਅਤੇ ਇੰਤਜ਼ਾਮ ਲਈ ਹੁਣ ਤੋਂ ਹੀ ਲੱਗ ਜਾਣ ਦਾ ਸੱਦਾ ਦਿਤਾ।
ਉਨ੍ਹਾਂ ਦਸਿਆ ਕਿ ਸਮਾਗਮ ਨੂੰ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਦਿੱਲੀ ਕਮੇਟੀ ਦੇ ਪ੍ਰਧਾਨ, ਧਾਰਮਕ ਸ਼ਖਸੀਅਤਾਂ, ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਸ਼ਮੂਲੀਅਤ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਸ਼ਹੀਦੀ ਸਮਾਗਮ ਪ੍ਰਤੀ ਲਗਾਏ ਜਾਂਦੇ ਫ਼ਲੈਕਸ ਆਦਿ ਨੂੰ ਸ਼ਰਾਰਤੀਆਂ ਵਲੋਂ ਨੁਕਸਾਨ ਪਹੁੰਚਾਇਆ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।