
ਪਾਕਿ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਕੀਤਾ ਐਲਾਨ
ਲਾਹੌਰ : ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਤਾਰਾ ਸਿੰਘ ਨੇ ਐਲਾਨ ਕੀਤਾ ਕਿ ਪਾਕਿਸਤਾਨ ਸਰਕਾਰ 8 ਨਵੰਬਰ ਨੂੰ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਰਹੀ ਹੈ ਤੇ 9 ਨਵੰਬਰ ਦੇ ਇਤਿਹਾਸਕ ਦਿਹਾੜੇ ਤੇ ਪਹਿਲਾਂ ਯਾਤਰੀ ਜਥਾ ਗੁਰਦਵਾਰਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਕਰੇਗਾ। 8 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਲਾਂਘੇ ਦੀ ਸ਼ੁਰੂਆਤ ਕਰਨਗੇ।
Kartarpur Sahib
ਅੱਜ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ. ਤਾਰਾ ਸਿੰਘ ਨੇ ਕਿਹਾ ਕਿ ਇਹ ਗੱਲਾਂ ਬਿਲਕੁਲ ਬੇਬੁਨਿਆਦ ਹਨ ਕਿ ਯਾਤਰੂਆਂ ਨੂੰ ਤਹਿਸ਼ੁਦਾ ਫ਼ੀਸ ਅਦਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਦੀ ਸਿੱਖਾਂ ਪ੍ਰਤੀ ਪਿਆਰ ਤੇ ਸਦਭਾਵਨਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੇਜ਼ੀ ਨਾਲ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀ ਲੰਮੇ ਸਮੇਂ ਤੋਂ ਅਰਦਾਸ ਕਰਦੇ ਆ ਰਹੇ ਹਾਂ ਕਿ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ, ਉਹ ਪੂਰੀ ਹੋਣ ਜਾ ਰਹੀ ਹੈ।
Kartarpur corridor
ਅੱਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਦਵਾਰਾ ਕਰਤਾਰਪੁਰ ਸਾਹਿਬ ਅਤੇ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਚਕਾਰ ਵੀ ਸੁਰੱਖਿਅਤ ਰਾਹ ਤਿਆਰ ਕਰਵਾਇਆ ਜਾਵੇ ਤਾਕਿ ਜੋ ਯਾਤਰੀ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਉਹ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕਰ ਕੇ ਵਪਸ ਜਾਣ।
Kartarpur corridor
550 ਸਾਲਾ ਪ੍ਰਕਾਸ਼ ਪੁਰਬ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਦਿਲੀ ਖ਼ੁਵਾਹਿਸ਼ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਅਜਿਹੇ ਢੰਗ ਨਾਲ ਮਨਾਇਆ ਜਾਵੇ ਕਿ ਇਹ ਸਮਾਗਮ ਮਿਸਾਲੀ ਹੋ ਨਿਬੜੇ। ਇਸ ਲਈ ਮੇਰੀ ਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨਾਲ ਮੁਲਾਕਾਤ ਹੋ ਸੀ ਜਿਸ ਵਿਚ ਸਾਰੇ ਪੱਖਾਂ 'ਤੇ ਵਿਚਾਰ ਕੀਤਾ ਗਿਆ। 550 ਸਾਲਾ ਸਮਾਗਮ ਲਈ ਅਸੀਂ ਸ਼੍ਰੋਮਣੀ ਕਮੇਟੀ ਕੋਲੋਂ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥੇ ਅਤੇ ਪ੍ਰਚਾਰਕਾਂ ਦੀ ਮੰਗ ਕੀਤੀ ਹੈ।
Kartarpur corridor
ਵੀਜ਼ਾ ਬਾਰੇ ਗੱਲ ਕਰਦਿਆਂ ਸ. ਤਾਰਾ ਸਿੰਘ ਨੇ ਕਿਹਾ ਕਿ ਅਸੀਂ ਭਾਰਤ ਤੋਂ ਆਉਣ ਵਾਲੇ ਯਾਤਰੂਆਂ ਲਈ 10 ਹਜ਼ਾਰ ਵੀਜ਼ੇ ਜਾਰੀ ਕਰ ਰਹੇ ਹਾਂ। ਇਸ ਪੁਰਬ ਲਈ ਅਸੀਂ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਲਈ 50 ਹਜ਼ਾਰ ਵੀਜ਼ੇ ਜਾਰੀ ਕਰਾਂਗੇ। ਇਸ ਪੁਰਬ ਮੌਕੇ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ 1 ਲੱਖ ਸਿੱਖਾਂ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਪੁੱਜਣ ਦੀ ਉਮੀਦ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਯਾਤਰੂਆਂ ਲਈ ਰਹਾਇਸ਼ ਦਾ ਸ਼ਾਨਦਾਰ ਇੰਤਜ਼ਾਮ ਕੀਤਾ ਜਾਵੇਗਾ।