
ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਚੁੱਪ 'ਤੇ ਹੈਰਾਨੀ
ਕੋਟਕਪੂਰਾ : ਭਾਰਤ ਸਰਕਾਰ ਦੀ ਲੈਂਡ ਪੋਰਟ ਅਥਾਰਟੀ ਵਲੋਂ ਬੀਤੀ 22 ਜੂਨ ਨੂੰ ਸੈਕਟਰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਨੇੜੇ ਗੁਰੂ ਨਾਨਕ ਸਾਹਿਬ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਯਾਤਰੂ ਕੰਪਲੈਕਸ ਦੀ ਨੀਂਹ ਰੱਖੀ ਗਈ। ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਪੰਡਤ ਭੁਵਨ ਸ਼ਾਸਤ੍ਰੀ ਨੇ ਭੂਮੀ ਪੂਜਨ ਕੀਤਾ ਅਤੇ ਸਰਕਾਰੀ ਅਧਿਕਾਰੀਆਂ ਨੇ ਨਾਰੀਅਲ ਤੋੜਿਆ। ਮੈਂ ਸਮਝਦਾ ਹਾਂ ਕਿ ਅਜਿਹੀ ਬਿਪਰਵਾਦੀ ਕਾਰਵਾਈ ਗੁਰੂ ਨਾਨਕ ਸਾਹਿਬ ਦਾ ਨਿਰਾਦਰ ਤੇ ਗੁਰਮਤਿ ਵਿਚਾਰਧਾਰਾ ਦਾ ਕਤਲ ਕਰਨ ਤੁਲ ਹੈ ਕਿਉਂਕਿ ਤੌਹੀਦ ਪ੍ਰਸਤ ਸਤਿਗੁਰੂ ਜੀ ਨੇ ਸਾਰੀ ਉਮਰ ਉਪਰੋਕਤ ਕਿਸਮ ਦੀ ਅੰਧਵਿਸ਼ਵਾਸੀ ਦੇਵ-ਪੂਜਾ ਤੇ ਕਰਮਕਾਂਡਾਂ ਦਾ ਖੰਡਣ ਕੀਤਾ।
Jagtar Singh Jachak
ਕਰਤਾਰਪੁਰ ਸਾਹਿਬ ਦੀ ਧਰਤੀ ਉਨ੍ਹਾਂ ਦੇ ਪ੍ਰਚਾਰ ਦਾ ਕੇਂਦਰ ਬਣੀ ਰਹੀ ਪਰ ਸ਼ਰਮ ਦੀ ਗੱਲ ਹੈ ਕਿ ਫਿਰ ਵੀ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਸਮੇਤ ਪੰਜਾਬ ਦੀ ਕਿਸੇ ਸਿੱਖ ਸੰਸਥਾ ਜਾਂ ਪੰਥਕ ਜਥੇਬੰਦੀ ਨੇ ਭੂਮੀ ਪੂਜਾ ਦਾ ਵਿਰੋਧ ਨਹੀਂ ਕੀਤਾ। ਅੰਤਰਰਾਸ਼ਟਰੀ ਸਿੱਖ ਪ੍ਰ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ 'ਸਪੋਕਸਮੈਨ' ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਪ੍ਰਸਿੱਧ ਅਚਾਰੀਆ ਅਜਯ ਦੁਵੇਦੀ (ਵੈਦਿਕ ਗੁਰੂ) ਮੁਤਾਬਕ ਭੂਮੀ ਪੂਜਨ ਦੀ ਸਮੱਗਰੀ 'ਚ ਕਈ ਕਿਸਮ ਦੇ ਫਲਾਂ ਤੋਂ ਇਲਾਵਾ ਚਾਵਲ, ਹਲਦੀ, ਇਕ ਢੱਕਣ ਵਾਲਾ ਤਾਂਬੇ ਦਾ ਲੋਟਾ ਅਤੇ ਇਕ ਸੱਪਾਂ ਦਾ ਜੋੜਾ ਅਤਿਅੰਤ ਲੋੜੀਂਦਾ ਹੁੰਦਾ ਹੈ।
Kartarpur corridor
ਇਸ ਦੇ 2 ਮੁੱਖ ਕਾਰਨ ਹਨ, ਇਕ ਤਾਂ ਬ੍ਰਾਹਮਣੀ ਮਤ ਅਨੁਸਾਰ ਧਰਤੀ ਨੂੰ ਦੇਵੀ-ਮਾਤਾ ਦੇ ਰੂਪ 'ਚ ਮੂਰਤੀਮਾਨ ਕੀਤਾ ਗਿਆ ਹੈ, ਦੂਜੇ ਪੌਰਾਣਿਕ ਮਤ ਮੁਤਾਬਕ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਾਤਾਲ 'ਚ ਬੈਠੇ ਸ਼ੇਸ਼ਨਾਗ ਨੇ ਧਰਤੀ ਮਾਤਾ ਨੂੰ ਅਪਣੇ ਫੰਨ੍ਹ ਉਪਰ ਚੁਕਿਆ ਹੋਇਆ ਹੈ, ਜਦੋਂ ਉਹ ਉਬਾਸੀ ਲੈਂਦਾ ਹੈ ਤਾਂ ਹਿੱਲਣ ਕਾਰਨ ਭੂਚਾਲ ਆਉਂਦਾ ਹੈ। ਇਸੇ ਕਰ ਕੇ ਪੁਜਾਰੀ ਵਲੋਂ ਜਿਥੇ ਧਰਤੀ ਮਾਤਾ ਦੀ ਉਸਤਤ ਵਾਲੇ ਮੰਤਰਾਂ ਦਾ ਉਚਾਰਣ ਕੀਤਾ ਜਾਂਦਾ ਹੈ, ਉਥੇ ਸੱਪਾਂ ਦੇ ਜੋੜੇ ਨੂੰ ਦੁਧ ਪਿਲਾ ਕੇ ਅਤੇ ਤਾਂਬੇ ਦੇ ਲੋਟੇ 'ਚ ਪਾ ਕੇ ਨੀਂਹ ਅੰਦਰ ਰੱਖਿਆ ਜਾਂਦਾ ਹੈ ਤਾਕਿ ਦੇਵੀ ਮਾਤਾ ਤੇ ਦੇਵਤਾ ਸ਼ੇਸ਼ਨਾਗ ਦੋਵੇਂ ਪ੍ਰਸੰਨ ਰਹਿਣ।
Jagtar Singh Jachak
ਗਿਆਨੀ ਜਾਚਕ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਪੁ-ਜੀ ਸਾਹਿਬ ਅੰਦਰਲੇ“'ਗੁਰੁ ਈਸਰੁ, ਗੁਰੁ ਗੋਰਖੁ ਬਰਮਾ, ਗੁਰੁ ਪਾਰਬਤੀ ਮਾਈ' ਅਤੇ 'ਧਰਤੀ ਹੋਰੁ ਪਰੈ ਹੋਰੁ ਹੋਰੁ£ ਤਿਸ ਤੇ ਭਾਰੁ, ਤਲੇ ਕਵਣੁ ਜੋਰੁ£'”ਵਰਗੇ ਹੋਰ ਵੀ ਬੇਅੰਤ ਗੁਰਵਾਕ ਹਨ, ਜਿਹੜੇ ਉਪਰੋਕਤ ਕਿਸਮ ਦੇ ਬਿਪਰਵਾਦੀ ਭਰਮਾਂ ਦੀਆਂ ਜੜ੍ਹਾਂ ਕੱਟਦੇ ਹਨ। ਅਜੋਕਾ ਵਿਗਿਆਨ ਵੀ ਅਜਿਹੇ ਅੰਧਵਿਸ਼ਵਾਸਾਂ ਨੂੰ ਲੀਰੋ-ਲੀਰ ਕਰ ਚੁਕਾ ਹੈ। ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਲੋਕ ਬ੍ਰਾਹਮਣੀ ਜਾਲ 'ਚ ਕਿਉਂ ਫਸ ਰਹੇ ਹਨ?