
ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਪਾਰਕ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਇਹ ਸ਼ਰਧਾਲੂਆਂ ਲਈ ਲੋਕ ਅਰਪਣ ਕੀਤਾ ਜਾ ਸਕੇ................
ਫ਼ਤਿਹਗੜ੍ਹ ਸਾਹਿਬ, : ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਪਾਰਕ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਇਹ ਸ਼ਰਧਾਲੂਆਂ ਲਈ ਲੋਕ ਅਰਪਣ ਕੀਤਾ ਜਾ ਸਕੇ। ਇਹ ਹਦਾਇਤਾਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਪੰਜਾਬ ਦੇ ਸੈਰ ਸਪਾਟਾ, ਸਭਿਆਚਾਰਕ ਮਾਮਲੇ ਤੇ ਪੁਰਾਤਤਵ ਵਿਭਾਗ ਵਲੋਂ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਨਜ਼ਦੀਕ ਪੌਣੇ ਪੰਜ ਏਕੜ ਰਕਬੇ ਵਿਚ ਉਸਾਰੇ ਜਾ ਰਹੇ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਪਾਰਕ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਦਿਤੀਆਂ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਬਲਵਿੰਦਰ ਸਿੰਘ ਨੂੰ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਪਾਰਕ ਦੇ ਗੇਟ ਤੇ ਸ਼ਰਧਾਲੂਆਂ ਦੀ ਜਾਣਕਾਰੀ ਲਈ ਯਾਦਗਾਰੀ ਪਾਰਕ ਨੂੰ ਦਰਸਾਉਂਦਾ ਵੱਡਾ ਹੋਰਡਿੰਗ ਬੋਰਡ ਲਗਾਇਆ ਜਾਵੇ ਅਤੇ ਯਾਦਗਾਰੀ ਪਾਰਕ ਦੇ ਕੇਂਦਰ ਵਿਚ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਸਥਾਪਤ ਕੀਤੇ ਗਏ ਜੱਗ ਅਤੇ ਗਲਾਸ ਦੀਆਂ ਆਲੇ ਦੁਆਲੇ ਦੀਆਂ ਦੀਵਾਰਾਂ ਤੇ ਬਾਬਾ ਮੋਤੀ ਰਾਮ ਮਹਿਰਾ ਦੀ ਜੀਵਨੀ ਅਤੇ ਉਨ੍ਹਾਂ ਵਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਅਤੇ ਹੋਰ ਇਤਹਾਸਕ ਘਟਨਾਵਾਂ ਨੂੰ ਪੰਜਾਬੀ, ਹਿੰਦੀ
ਅਤੇ ਅੰਗਰੇਜੀ ਭਾਸ਼ਾ ਵਿਚ ਦਰਸਾਇਆ ਜਾਵੇ। ਉਨ੍ਹਾਂ ਪਾਰਕ ਵਿਚ ਗੁਲਮੋਹਰ, ਅਮਲਤਾਸ, ਮੋਲਸਰੀ ਵਰਗੇ ਨਾਯਾਬ ਬੂਟਿਆਂ ਤੋਂ ਇਲਾਵਾ ਹੋਰ ਵੱਡੇ ਕੱਦ ਵਾਲੇ ਛਾਂਦਾਰ, ਫਲਦਾਰ, ਸਜਾਵਟੀ ਅਤੇ ਫੁੱਲਾਂ ਵਾਲੇ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਬਾਗਬਾਨੀ ਵਿੰਗ ਦੇ ਅਧਿਕਾਰੀਆਂ ਨੂੰ 57 ਲੱਖ 26 ਹਜ਼ਾਰ ਰੁਪਏ ਦਾ ਚੈੱਕ ਦਿਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜਸਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਚਰਨਜੀਤ ਸਿੰਘ, ਬਾਗਬਾਨੀ ਵਿੰਗ ਦੇ ਐੱਸ.ਡੀ.ਓ. ਸੁਰਜੀਤ ਸਿੰਘ, ਇਲੈਕਟ੍ਰੀਕਲ ਵਿੰਗ ਦੇ ਐਸ.ਡੀ.ਓ. ਕਰਨਵੀਰ ਸਿੰਘ ਤੋਂ ਇਲਾਵਾ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐੱਸ.ਐੱਸ, ਪ੍ਰੇਮ ਸਿੰਘ ਸ਼ਾਂਤ ਆਦਿ ਹਾਜ਼ਰ ਸਨ।