
ਗੁਰੂਧਾਮਾਂ ਨੂੰ ਸੈਰ ਸਪਾਟੇ ਦੇ ਕੇਂਦਰ ਬਣਾਉਣਾ ਦਿੱਲੀ ਤੇ ਨਾਗਪੁਰ ਦੀ ਸਾਜ਼ਸ਼ : ਬੀਬੀ ਪਰਮਜੀਤ ਕੌਰ
ਅੰਮ੍ਰਿਤਸਰ : ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ, ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ, ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸੁਖਬੀਰ ਸਿੰਘ ਵਲਟੋਹਾ, ਸਰਤਾਜ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਪ੍ਰਵੀਨ ਕੁਮਾਰ ਨੇ ਕਿਹਾ ਕਿ ਬਾਦਲਾਂ ਨੇ ਦਿੱਲੀ ਨਾਗਪੁਰ ਨਾਲ ਮਿਲ ਕੇ ਪਹਿਲਾਂ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਰਵਾਇਆ ਅਤੇ ਫਿਰ ਸੁੰਦਰੀਕਰਨ ਦੇ ਨਾਮ ਹੇਠ ਸਾਰੇ ਸਬੂਤ ਖ਼ਤਮ ਕਰ ਦਿਤੇ ਗਏ।
ਅੱਜ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਦਰਸ਼ਨੀ ਡਿਉਢੀ ਨੂੰ ਢਾਹੁਣ ਦੀ ਕਾਰਵਾਈ ਪਿੱਛੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਕਾਰ ਸੇਵਾ ਵਾਲੇ ਬਾਬਿਆਂ ਦੀ ਸਾਂਝੀ ਯੋਜਨਾਬੰਦੀ ਹੈ। ਗੁਰੂਧਾਮਾਂ ਨੂੰ ਸੁੰਦਰ ਬਣਾਉਣ ਦੇ ਅਤੇ ਸੈਰ ਸਪਾਟੇ ਦੇ ਕੇਂਦਰ ਬਣਾਉਣ ਦੇ ਨਾਮ ਹੇਠ ਘੋਰ ਅਪਰਾਧ ਕੀਤੇ ਜਾ ਰਹੇ ਹਨ ਜਿਸ ਨੂੰ ਸਿੱਖ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ। ਬੀਬੀ ਖਾਲੜਾ ਨੇ ਕਿਹਾ ਕਿ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁੰਦਰੀਕਰਨ ਦੇ ਨਾਮ ਹੇਠ ਸਿੱਖ ਵਿਰਾਸਤ ਖ਼ਤਮ ਕਰ ਦਿਤੀ ਗਈ।
ਇਸੇ ਲੜੀ ਵਿਚ ਤਰਨ ਤਾਰਨ ਵਿਖੇ ਦਰਸ਼ਨੀ ਡਿਉਢੀ ਢਾਹੀ ਗਈ ਅਤੇ ਇਸੇ ਲੜੀ ਵਿਚ ਹੀ ਕਾਰਸੇਵਾ ਵਾਲੇ ਬਾਬੇ ਅਤੇ ਸ਼੍ਰੋਮਣੀ ਕਮੇਟੀ ਮਿਲ ਕੇ ਗੁਰੂਧਾਮਾਂ ਨੂੰ ਸੁੰਦਰ ਬਣਾਉਣ ਦੇ ਨਾਮ ਹੇਠ ਸਿੱਖ ਵਿਰਾਸਤ ਖ਼ਤਮ ਕਰ ਰਹੇ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਕਾਰਸੇਵਾ ਦੇ ਨਾਮ ਹੇਠ ਉਤਾਰੇ ਗਏ। ਦਰਸ਼ਨੀ ਡਿਉਢੀ ਢਾਹੁਣ ਲਈ ਅਤੇ ਜਿਨ੍ਹਾਂ ਲੋਕਾਂ ਨੇ ਮਤਾ ਪਾਸ ਕੀਤਾ ਹੈ ਅਤੇ ਜਿਨ੍ਹਾਂ ਨੇ ਦਰਸ਼ਨੀ ਡਿਉਢੀ ਢਾਹੀ ਹੈ ਉਨ੍ਹਾਂ ਵਿਰੁਧ ਤੁਰਤ ਐਫ਼.ਆਈ.ਆਰ. ਦਰਜ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਗੁਰੂਧਾਮਾਂ ਨੂੰ ਸੈਰ ਸਪਾਟੇ ਦੇ ਕੇਂਦਰ ਬਣਾਉਣ ਦੀ ਆਗਿਆ ਨਹੀਂ ਦਿਤੀ ਜਾਵੇਗੀ ਕਿਉਂਕਿ ਗੁਰੂਧਾਮ ਗਿਆਨ ਦੇ ਕੇਂਦਰ ਹਨ।
ਉਨ੍ਹਾਂ ਮੰਗ ਕੀਤੀ ਕਿ ਐਸ.ਜੀ.ਪੀ.ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਕਾਰਜਕਾਰਨੀ ਜਿਸ ਨੇ ਦਰਸ਼ਨੀ ਡਿਉਢੀ ਢਾਹੁਣ ਦਾ ਮਤਾ ਪਾਸ ਕੀਤਾ ਹੈ ਅਤੇ ਕਾਰਸੇਵਾ ਵਾਲੇ ਬਾਬਿਆਂ ਜਗਤਾਰ ਸਿੰਘ ਅਤੇ ਭੂਰੀ ਵਾਲਿਆਂ ਵਿਰੁਧ (ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਾਰਸੇਵਾ ਕਰਨ ਦੇ ਨਾਮ 'ਤੇ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਗਾਇਬ ਕੀਤੇ ਹਨ) ਵਿਰੁਧ ਐਫ਼.ਆਈ.ਆਰ. ਦਰਜ ਹੋਵੇ।