
ਬੀਤੇ ਸਾਲ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਸਾਧਾਂਵਾਲਾ 'ਚ ਰਹਿੰਦੇ ਪ੍ਰਚਾਰਕ ਬਾਬਾ ਅਵਤਾਰ ਸਿੰਘ ਸਾਧਾਂਵਾਲਾ ...
ਕੋਟਕਪੂਰਾ, ਬੀਤੇ ਸਾਲ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਸਾਧਾਂਵਾਲਾ 'ਚ ਰਹਿੰਦੇ ਪ੍ਰਚਾਰਕ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਨੂੰ ਅੱਜ ਅਦਾਲਤ ਨੇ ਬਰੀ ਕਰ ਦਿਤਾ। ਵਿਰੋਧੀਆਂ ਨੇ ਝੂਠੇ ਮਾਮਲੇ 'ਚ ਫਸਾਉਣ ਲਈ ਕੋਝੀਆਂ ਚਾਲਾਂ ਚਲੀਆਂ, ਬੜੇ ਹੀ ਭੱਦੇ ਅਤੇ ਨਾਸਹਿਣਯੋਗ ਦੋਸ਼ ਲਾਏ ਪਰ ਇਨ੍ਹਾਂ ਦੋਸ਼ਾਂ ਦੀ ਜਦ ਪੁਲਿਸ ਨੇ ਜਾਂਚ ਕੀਤੀ ਤਾਂ ਉਕਤ ਦੋਸ਼ ਸੱਚਾਈ ਤੋਂ ਕੋਹਾਂ ਦੂਰ ਸਨ ਜਿਸ ਕਰ ਕੇ ਪੁਲਿਸ ਦੀ ਜਾਂਚ ਉਪਰੰਤ ਰੱਦ ਹੋਏ ਮਾਮਲੇ ਦੀ ਰੀਪੋਰਟ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ।
ਸਾਧਾਂਵਾਲਾ ਦੇ ਵਕੀਲਾਂ ਕੁਲਵਿੰਦਰ ਸਿੰਘ ਸੇਖੋਂ, ਅਮਨਦੀਪ ਸਿੰਘ ਸੇਖੋਂ ਤੇ ਮਹੀਪਇੰਦਰ ਸਿੰਘ ਨੇ ਵੀ ਬਾਬਾ ਅਵਤਾਰ ਸਿੰਘ ਦੇ ਅਦਾਲਤ ਵਲੋਂ ਬਰੀ ਹੋਣ ਦੀ ਪੁਸ਼ਟੀ ਕੀਤੀ ਹੈ। ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ ਨੇ ਦਸਿਆ ਕਿ ਸਰਬ ਸਾਂਝੀਵਾਲਤਾ ਸੇਵਾਦਲ ਦੇ ਸਰਪ੍ਰਸਤ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਨੇ ਅਕਾਲ ਤਖ਼ਤ ਤੋਂ 2007 'ਚ ਸੁਣਾਏ ਇਕ ਹੁਕਮਨਾਮੇ ਦੀ ਪਾਲਣਾ ਕਰਦਿਆਂ ਸੌਦਾ ਸਾਧ ਵਿਰੁਧ ਜਿਉਂ ਹੀ ਧੂੰਆ-ਧਾਰ ਪ੍ਰਚਾਰ ਕੀਤਾ ਤਾਂ ਸਮੇਂ ਦੀਆਂ ਸਰਕਾਰਾਂ ਨੇ ਮਾਮਲਾ ਦਰਜ ਕਰ ਦਿਤਾ ਜੋ ਥੋੜੇ ਸਮੇਂ ਬਾਅਦ ਰੱਦ ਹੋ ਗਿਆ,
ਇਸ ਤੋਂ ਬਾਅਦ ਬਾਜਾਖਾਨਾ ਵਿਖੇ 2008 'ਚ ਸਿੱਖਾਂ ਅਤੇ ਪ੍ਰੇਮੀਆਂ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਦਰਜ ਹੋਇਆ ਮਾਮਲਾ ਵੀ ਰੱਦ ਹੋ ਗਿਆ, ਇਸੇ ਤਰਾਂ ਹੀ ਸਿੱਖ ਵਿਰੋਧੀਆਂ ਨੇ ਭਾਵਨਾਵਾਂ ਭੜਕਾਉਣ ਦਾ 2013 'ਚ ਬਾਬਾ ਅਵਤਾਰ ਸਿੰਘ 'ਤੇ ਪਰਚਾ ਦਰਜ ਕਰਵਾ ਦਿਤੇ ਜਾਣ ਦੇ ਬਾਵਜੂਦ ਉਹ ਵੀ ਰੱਦ ਹੋ ਜਾਣ 'ਤੇ ਸਿੱਖ ਵਿਰੋਧੀਆਂ ਦੀਆਂ ਅੱਖਾਂ 'ਚ ਬਾਬਾ ਅਵਤਾਰ ਸਿੰਘ ਰੜਕਣ ਲੱਗਾ, ਜਿਉਂ ਹੀ 2015 'ਚ ਬੰਦੀ ਸਿੰਘਾਂ ਦੀ ਰਿਹਾਈ, ਭਾਈ ਗੁਰਬਖ਼ਸ਼ ਸਿੰਘ ਵਲੋਂ ਵਿੱਢੇ ਸੰਘਰਸ਼ ਤੇ ਸਰਬੱਤ ਖ਼ਾਲਸਾ ਦਾ ਦੌਰ ਸ਼ੁਰੂ ਹੋਇਆ
ਤਾਂ ਸਿੱਖ ਵਿਰੋਧੀਆਂ ਨੇ ਫਿਰ ਕੋਝੀ ਚਾਲ ਤਹਿਤ ਬਾਬਾ ਸਾਧਾਂਵਾਲਾ 'ਤੇ ਮਾਮਲਾ ਦਰਜ ਕਰਵਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਸਫ਼ਲ ਨਹੀ ਹੋ ਸਕੇ। ਸਿੱਖ ਵਿਰੋਧੀਆਂ ਨੂੰ ਸਾਧਾਂਵਾਲਾ ਤੋਂ ਉਠਦੀ ਆਵਾਜ਼ ਚੁੱਭਣ ਲੱਗੀ ਜਿਸ ਦਾ ਬਦਲਾ ਲੈਣ ਲਈ ਸਿੱਖ ਵਿਰੋਧੀਆਂ ਨੇ 2017 'ਚ ਦੁਬਾਰਾ ਬਾਬਾ ਅਵਤਾਰ ਸਿੰਘ 'ਤੇ ਜਿਸਮਾਨੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾ ਦਿਤੇ ਜਾਣ ਦੇ ਬਾਵਜੂਦ ਪੁਲਿਸ ਦੀ ਜਾਂਚ-ਪੜਤਾਲ 'ਚ ਇਹ ਕਹਾਣੀ ਵੀ ਝੂਠੀ ਸਾਬਿਤ ਹੋਈ। ਇਸ ਮੌਕੇ ਬਾਬਾ ਸਾਧਾਂਵਾਲਾ ਨੇ ਦਸਿਆ ਕਿ ਸਿੱਖ ਕੌਮ ਲਈ ਸੰਘਰਸ਼ ਕਰਨ ਵਾਲਿਆਂ ਵਿਰੁਧ ਅਜਿਹੇ ਝੱਖੜ ਝੂਲਦੇ ਰਹਿੰਦੇ ਹਨ ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ।