
ਅਫ਼ਗ਼ਾਨਿਸਤਾਨ ਵਿਚ ਹੋਏ ਫ਼ਿਦਾਇਨ ਹਮਲੇ ਦੌਰਾਨ ਸ਼ਹੀਦ ਹੋਏ ਸਿੱਖਾਂ ਦੇ ਮਾਮਲੇ 'ਤੇ ਭਾਰਤ ਵਿਚ ਵਸਦੇ ਅਫ਼ਗ਼ਾਨੀ ਸਿੱਖ ਨਿਰਾਸ਼ਾ ਦੇ ਆਲਮ....
ਤਰਨਤਾਰਨ : ਅਫ਼ਗ਼ਾਨਿਸਤਾਨ ਵਿਚ ਹੋਏ ਫ਼ਿਦਾਇਨ ਹਮਲੇ ਦੌਰਾਨ ਸ਼ਹੀਦ ਹੋਏ ਸਿੱਖਾਂ ਦੇ ਮਾਮਲੇ 'ਤੇ ਭਾਰਤ ਵਿਚ ਵਸਦੇ ਅਫ਼ਗ਼ਾਨੀ ਸਿੱਖ ਨਿਰਾਸ਼ਾ ਦੇ ਆਲਮ ਵਿਚ ਹਨ। ਅੱਜ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਫ਼ਗ਼ਾਨੀ ਸਿੱਖਾਂ ਦੇ ਆਗੂ ਭਗਵਾਨ ਸਿੰਘ ਨੇ ਕਿਹਾ ਕਿ ਫ਼ਿਦਾਈਨ ਹਮਲੇ 'ਚ ਸ਼ਹੀਦ ਹੋਣ ਵਾਲੇ ਸਿੱਖ ਅਫ਼ਗ਼ਾਨ ਰਾਸ਼ਟਰਪਤੀ ਅਰਸ਼ਦ ਗਨੀ ਨੂੰ ਮਿਲਣ ਲਈ ਜਾ ਰਹੇ ਸਨ। ਉਨ੍ਹਾਂ ਦੇ ਮਿਲਣ ਦਾ ਕਾਰਨ ਸਾਫ਼ ਸੀ ਕਿ ਅਫ਼ਗ਼ਾਨੀ ਸਿੱਖ ਤੇ ਹਿੰਦੂ ਉਥੋਂ ਦੇ ਹਾਲਾਤ ਖ਼ਰਾਬ ਹੋਣ ਕਾਰਨ ਵੱਖ ਵੱਖ ਦੇਸ਼ਾਂ ਵਿਚ ਰਹਿ ਰਹੇ ਹਨ।
ਭਾਰਤ ਸਮੇਤ ਵੱਖ ਵੱਖ ਦੇਸ਼ਾਂ ਵਿਚ ਰਹਿੰਦੇ ਅਫ਼ਗ਼ਾਨੀ ਹਿੰਦੂ ਤੇ ਸਿੱਖਾਂ ਨੂੰ ਵੀਜ਼ੇ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਮੰਗ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿਚ ਅਫ਼ਗ਼ਾਨੀ ਸਿੱਖਾਂ ਦੇ ਨਾਲ ਖੜੇ ਹੋਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਚੁੱਕਣ 'ਤੇ ਅਫ਼ਗ਼ਾਨਿਸਤਾਨ ਵਿਚ ਵਸਦੇ ਘੱਟ ਗਿਣਤੀ ਸਿੱਖਾਂ ਤੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਭਗਵਾਨ ਸਿੰਘ ਨੇ ਕਿਹਾ ਕਿ ਅੱਜ ਸਮੁੱਚੇ ਸੰਸਾਰ ਵਿਚ ਵਸਦੀ ਅਫ਼ਗ਼ਾਨਿਸਤਾਨ ਦੀ ਸੰਗਤ ਇਹ ਦੁੱਖ ਭਰੀ ਖ਼ਬਰ ਸੁਣ ਕੇ ਦੁਖੀ ਹੈ ਕਿ ਪਹਿਲੀ ਜੁਲਾਈ ਨੂੰ ਜੋ ਜਲਾਲਾਬਾਦ ਵਿਖੇ ਦੁਖਦਾਈ ਘਟਨਾ ਵਾਪਰੀ ਹੈ ਜਿਸ ਦੇ ਨਤੀਜੇ ਵਜੋਂ ਸਾਡੀ ਕੌਮ ਦੇ 19 ਮਹਾਨ ਸ਼ਖ਼ਸੀਅਤਾਂ ਨਿਸ਼ਕਾਮ ਸੇਵਾਦਾਰ ਸ਼ਹੀਦ ਹੋ ਗਏ ਹਨ।