
ਜਾਬ ਵਿਚ ਨਸ਼ਿਆਂ ਕਾਰਨ ਨਿੱਤ ਮਰ ਰਹੇ ਨੌਜਵਾਨਾਂ ਦੀਆਂ ਮਾਵਾਂ ਦੇ ਵੈਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੰਨੀਂ ਨਹੀਂ ਪੈ ਰਹੇ.....
ਚੰਡੀਗੜ੍ਹ : ਪੰਜਾਬ ਵਿਚ ਨਸ਼ਿਆਂ ਕਾਰਨ ਨਿੱਤ ਮਰ ਰਹੇ ਨੌਜਵਾਨਾਂ ਦੀਆਂ ਮਾਵਾਂ ਦੇ ਵੈਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੰਨੀਂ ਨਹੀਂ ਪੈ ਰਹੇ। ਪੰਜਾਬ ਜਦ ਘੋਰ ਸੰਕਟ 'ਚੋਂ ਲੰਘ ਰਿਹਾ ਹੈ ਤਾਂ ਸ਼੍ਰੋਮਣੀ ਕਮੇਟੀ ਅਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਘੇਸਲ ਮਾਰੀ ਬੈਠੀ ਹੈ। ਸਰਕਾਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ 11 ਅਰਬ 59 ਕਰੋੜ ਦਾ ਸੱਭ ਤੋਂ ਵੱਡਾ ਬਜਟ ਹੈ ਜੋ ਕਿ ਨਸ਼ਿਆਂ ਵਿਰੁਧ ਜ਼ੋਰਦਾਰ ਜ਼ੰਗ ਛੇੜਨ ਦੇ ਹਰ ਤਰ੍ਹਾਂ ਸਮਰੱਥ ਹੈ। ਇਕ ਤਾਜ਼ਾ ਰੀਪੋਰਟ ਮੁਤਾਬਕ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਨੌਜਵਾਨਾਂ ਵਿਚੋਂ 80 ਫ਼ੀ ਸਦੀ ਸਿੱਖ ਹਨ।
ਇਸ ਦੇ ਉਲਟ ਮੁੱਠੀ ਭਰ ਬੁੱਧੀਜੀਵੀਆਂ ਵਲੋਂ ਪਹਿਲੀ ਤੋਂ ਸੱਤ ਜੁਲਾਈ ਤਕ 'ਚਿੱਟੇ ਵਿਰੁਧ ਕਾਲਾ ਹਫ਼ਤਾ' ਮਨਾਉਣ ਦਾ ਸੱਦਾ ਪਹਿਲੇ ਦਿਨ ਹੀ ਲੋਕ ਲਹਿਰ ਦਾ ਰੂਪ ਧਾਰਨ ਕਰ ਗਿਆ ਹੈ। ਸ਼੍ਰੋਮਣੀ ਕਮੇਟੀ, ਗੁਰਦਵਾਰਾ ਸੁਧਾਰ ਲਹਿਰ ਸਮੇਤ ਹੋਰ ਕਈ ਲੋਕ ਭਲਾਈ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਅ ਚੁੱਕੀ ਹੈ ਪਰ ਬਾਦਲ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਵਿਚਰ ਰਹੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਪਣੀ ਜ਼ਿੰਮੇਵਾਰੀ ਸਮਝਣ ਤੋਂ ਪੂਰੀ ਤਰ੍ਹਾਂ ਮੁਨਕਰ ਹੈ।
ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੇ ਹੁਣੇ-ਹੁਣੇ ਹੀ ਇਧਰ ਵਲ ਮੂੰਹ ਨਹੀਂ ਮੋੜਿਆ, ਸਗੋਂ ਇਹ ਤਾਂ ਕਦੋਂ ਦਾ ਛੇਵਾਂ ਦਰਿਆ ਬਣ ਚੁੱਕਾ ਹੈ। ਬਾਵਜੂਦ ਇਸ ਦੇ, ਕਮੇਟੀ ਨੇ ਅਪਣੇ ਸਾਲਾਨਾ ਬਜਟ ਵਿਚ ਨਸ਼ਿਆਂ ਵਿਰੁਧ ਲੜਾਈ ਲਈ ਕੋਈ ਰਕਮ ਨਹੀਂ ਰੱਖੀ। ਸਿੱਖ ਚਿੰਤਕਾਂ ਅਤੇ ਪੰਥ ਦਰਦੀਆਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਨਸ਼ਿਆਂ ਨੂੰ ਠਲ੍ਹ ਪਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੈ। ਕਮੇਟੀ ਕੋਲ ਪੈਸਾ ਹੈ, ਸਟਾਫ਼ ਹੈ ਅਤੇ ਹੋਰ ਸਾਰੇ ਸਾਧਨ ਹਨ।
ਕਮੇਟੀ ਨੇ ਗੁਰਦਵਾਰਿਆਂ ਤੋਂ ਨਸ਼ਿਆਂ ਵਿਰੁਧ ਸੁਧਾਰ ਲਹਿਰ ਸ਼ੁਰੂ ਕਰਨ ਦੀ ਥਾਂ ਇਨ੍ਹਾਂ ਨੂੰ ਸਿਰਫ਼ ਮੱਥਾ ਟੇਕਣ ਅਤੇ ਅਹੁਦੇਦਾਰੀਆਂ ਲਈ ਭਿੜਨ ਦਾ ਕੇਂਦਰ ਬਣਾ ਦਿਤਾ ਹੈ। ਸ਼੍ਰੋਮਣੀ ਕਮੇਟੀ ਅਪਣੇ ਪ੍ਰਬੰਧ ਹੇਠ ਪੰਜਾਬ ਭਰ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਚਲਦੇ ਗੁਰਦਵਾਰਿਆਂ ਅੰਦਰ ਸਿਰਫ਼ ਨਸ਼ਾ ਵੇਚਣ ਤੇ ਨਸ਼ਾ ਕਰਨ ਵਾਲਿਆਂ ਦੇ ਕਾਰਜਾਂ ਵਿਚ ਗ੍ਰੰਥੀਆਂ, ਰਾਗੀਆਂ ਦੇ ਸ਼ਾਮਲ ਹੋਣ ਤੇ ਅਰਦਾਸ ਕਰਨ 'ਤੇ ਪਾਬੰਦੀ ਲਾ ਦੇਵੇ ਤਾਂ ਅੱਧੀ ਤੋਂ ਜ਼ਿਆਦਾ ਆਫ਼ਤ ਨੂੰ ਦਿਨਾਂ ਵਿਚ ਹੀ ਠਲ੍ਹ ਪੈ ਜਾਵੇਗੀ। ਸਿੱਖ, ਡੇਰਿਆਂ ਵਲ ਨੂੰ ਝੁਕਦੇ ਜਾ ਰਹੇ ਹਨ, ਕਮੇਟੀ ਬੇਫ਼ਿਕਰ ਹੈ, ਪੰਜਾਬੀ ਸਿੱਖ ਪਤਿਤ ਹੋ ਰਹੇ ਹਨ, ਕਮੇਟੀ ਨੂੰ ਚਿੰਤਾ ਨਹੀਂ।
ਪੰਜਾਬੀ ਸਿੱਖ ਘਰ ਛੱਡ ਕੇ ਵਿਦੇਸ਼ਾਂ ਨੂੰ ਉਡਾਣਾਂ ਭਰ ਰਹੇ ਹਨ, ਕਮੇਟੀ ਬੇਖ਼ਬਰ ਹੈ। ਗੁਰਦਵਾਰੇ ਸਿਆਸਤ ਦਾ ਅੱਡਾ ਬਣ ਚੁੱਕੇ ਹਨ, ਕਮੇਟੀ ਨੂੰ ਪ੍ਰਵਾਹ ਨਹੀਂ।
ਪਹਿਲੀ ਤੋਂ ਸੱਤ ਜੁਲਾਈ ਤਕ ਚਿੱਟੇ ਵਿਰੁਧ ਕਾਲਾ ਹਫ਼ਤਾ ਦੇ ਸੰਕਲਪ ਨੂੰ ਅਮਲੀ ਰੂਪ ਦੇਣ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲਿਆਂ ਵਿਚੋਂ ਪੰਜਾਬ ਯੂਨੀਵਰਸਟੀ ਦੇ ਪ੍ਰੋ. ਭੁਪਿੰਦਰ ਪਾਲੀ ਨੂੰ ਗਿਲਾ ਹੈ ਕਿ ਸ਼੍ਰੋਮਣੀ ਕਮੇਟੀ, ਬਾਦਲ ਅਕਾਲੀ ਦਲ ਦੇ ਮਗਰ ਲੱਗ ਕੇ ਨਸ਼ਿਆਂ ਵਿਰੁਧ ਦੀਵਾਰ ਬਣ ਕੇ ਖੜਨ ਦੀ ਥਾਂ ਅਪਣੀ ਅਸਲ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਕਮੇਟੀ ਹੋਰ ਤਾਂ ਹੋਰ, ਸਿੱਖਾਂ ਦੀ ਘੱਟ ਰਹੀ ਗਿਣਤੀ ਤੋਂ ਵੀ ਚਿੰਤਤ ਨਹੀਂ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਠਲ੍ਹ ਪਾਉਣ ਲਈ ਪ੍ਰਚਾਰ ਕਰਨ ਵਾਸਤੇ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ। ਕਮੇਟੀ ਨੂੰ ਘਰ-ਘਰ ਜਾ ਕੇ ਕਿਤਾਬਚੇ ਵੰਡਣ ਅਤੇ ਸਕੂਲਾਂ ਤੇ ਕਾਲਜਾਂ ਵਿਚ ਜਾ ਕੇ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿਤੀ ਜਾਵੇਗੀ। ਮੋਹਾਲੀ ਤੋਂ ਸ਼੍ਰੋ੍ਰਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਜਿਥੇ ਬੰਦਾ ਬੋਲ ਕੇ ਹਾਰ ਜਾਵੇ, ਉਥੇ ਚੁੱਪ ਹੀ ਭਲੀ ਹੁੰਦੀ ਹੈ।
ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਉਨ੍ਹਾਂ ਅਪਣੇ ਕਾਰਜਕਾਲ ਦੌਰਾਨ ਨਸ਼ਿਆਂ ਵਿਰੁਧ 47 ਭਾਸ਼ਨ ਦਿਤੇ ਸਨ ਅਤੇ ਉਨ੍ਹਾਂ ਨੇ ਧਰਮ ਤੇ ਰਾਜਨੀਤੀ ਨੂੰ ਨਾਲ-ਨਾਲ ਰਲਾ ਕੇ ਚਲਣ ਵਾਲਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਅਹਿਮਕ ਦਸਿਆ ਹੈ।