ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ...
ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਨਵੰਬਰ 'ਚ ਹੋ ਰਹੇ ਅੰਤਰਰਾਸ਼ਟਰੀ ਸਮਾਗਮ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਰਕਾਰ ਨੂੰ ਹਰ ਪੱਖੋਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨ ਦੀ ਜ਼ਿੰਮੇਵਾਰੀ ਲੈਣ ਦਾ ਐਲਾਨ ਕੀਤਾ ਹੈ।
Nankana Sahib
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਪਾਕਿਸਤਾਨ ਵਿਖੇ ਸਨ ਤਾਂ ਉਨ੍ਹਾਂ ਓਕਾਫ ਬੋਰਡ ਤੇ ਪਾਕਿਸਤਾਨ ਦੇ ਸਰਕਾਰੀ ਅਧਿਕਾਰੀਆਂ ਨਾਲ ਉੱਚ ਪੱਧਰੀ ਗੱਲਬਾਤ ਕੀਤੀ ਸੀ, ਜਿਸ ਦਾ ਮੁੱਦਾ ਇਹ ਸੀ ਕਿ ਪਾਕਿਸਤਾਨ ਵਿਚ ਜਿੰਨੇ ਵੀ ਬੰਦ ਪਏ ਗੁਰਦੁਆਰੇ ਹਨ, ਉਨ੍ਹਾਂ ਦਾ ਨਵੇਂ ਸਿਰਿਓਂ ਨਿਰਮਾਣ ਅਤੇ ਵਿਕਾਸ ਕਰਨ ਲਈ ਪਾਕਿਸਤਾਨ ਸਰਕਾਰ ਜੇਕਰ ਸਾਰੇ ਗੁਰਦੁਆਰਿਆਂ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ।
Nankana Sahib 
ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਸਰਾਵਾਂ ਦੇ 500 ਕਮਰਿਆਂ 'ਚ ਠੰਡੇ ਤੇ ਗਰਮ ਏਅਰਕੰਡੀਸ਼ਨ ਲਾਉਣ ਦੀ ਜੇਕਰ ਇਜਾਜ਼ਤ ਦਿੱਤੀ ਜਾਵੇ ਤਾਂ ਉਸ ਦਾ ਸਾਰਾ ਖਰਚ ਸ਼੍ਰੋਮਣੀ ਕਮੇਟੀ ਕਰਨ ਨੂੰ ਤਿਆਰ ਹੈ। ਉਨ੍ਹਾਂ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਨਗਰ ਕੀਰਤਨ ਦੇ ਪ੍ਰਬੰਧਾਂ ਤੋਂ ਪਹਿਲਾਂ ਪਾਕਿਸਤਾਨ ਦੇ ਅਧਿਕਾਰੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਨਹੀਂ ਦਿੱਤਾ, ਇਹ ਖਬਰ ਤੱਥਾਂ 'ਤੇ ਆਧਾਰਿਤ ਨਹੀਂ ਹੈ।
                    
                