
ਜੀ ਕੇ ਨੇ ਨਵੀਂ ਪਾਰਟੀ ਦੇ ਐਲਾਨ ਕਰਨ ਤੋਂ ਬਾਅਦ ਕਿਹਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਅਪਣੀ ਨਵੀਂ ਪੰਥਕ ਪਾਰਟੀ 'ਜਾਗੋ' ਬਣਾਉਣ ਤੋਂ ਬਾਅਦ ਕਿਹਾ,''ਸੰਗਤ ਦੀ ਕਚਹਿਰੀ ਵਿਚ ਬਾਦਲਾਂ ਦੇ ਪੋਤੜੇ ਫ਼ਰੋਲਾਂਗੇ।'' ਸ.ਜੀ.ਕੇ. ਨੇ ਬਾਦਲਾਂ ਦੀ ਅਗਵਾਈ ਵਾਲੀ ਦਿੱਲੀ ਗੁਰਦਵਾਰਾ ਕਮੇਟੀ ਦੇ ਹਰ ਇਕ ਕਾਨੂੰਨੀ ਮੁਕੱਦਮੇ ਦਾ ਸਾਹਮਣਾ ਕਰਨ, ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਨੂੰ ਕਾਇਮ ਰੱਖਣ ਤੇ ਅਕਾਲ ਤਖ਼ਤ ਸਾਹਿਬ ਨੂੰ ਸਿਆਸੀ ਲੋਕਾਂ (ਬਾਦਲਾਂ) ਤੋਂ ਆਜ਼ਾਦ ਕਰਵਾਉਣ ਦਾ ਐਲਾਨ ਵੀ ਕੀਤਾ। ਪਿਛਲੇ ਸਮੇਂ ਤੋਂ ਸਿੱਖ ਮਸਲਿਆਂ ਦੇ ਨਾਂਅ 'ਤੇ ਜਿਸ ਤਰ੍ਹਾਂ ਗੱਲ ਗੱਲ 'ਤੇ ਜੀ ਕੇ ਮੋਦੀ ਸਰਕਾਰ ਦੀ ਤਾਰੀਫ਼ਾਂ ਕਰਦੇ ਹਨ, ਉਸ ਤੋਂ ਜਾਪਦਾ ਹੈ ਕਿ ਦਿੱਲੀ ਵਿਚ ਬਾਦਲਾਂ ਦੀ ਬਾਂਹ ਮਰੋੜਨ ਲਈ ਉਹ ਭਾਜਪਾ ਦੀ ਸਰਪ੍ਰਸਤੀ ਮੰਨਣ ਤੋਂ ਗੁਰੇਜ਼ ਨਹੀਂ ਕਰਨਗੇ। 2021 ਵਿਚ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਹੋਣੀਆਂ ਹਨ।
ਜਦੋਂ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਸਵਰਨ ਸਿੰਘ ਭੰਡਾਰੀ ਨੇ ਸ.ਜੀ.ਕੇ. ਨੂੰ ਸਿਰਪਾਉ ਦਿਤਾ ਤਾਂ ਹਾਲ ਵਿਚ ਹਾਜ਼ਰ ਤਕਰੀਬਨ ਡੇਢ ਹਜ਼ਾਰ ਸੰਗਤ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਹੁਗਾਰਾ ਭਰਿਆ। ਸੰਗਤ ਦੀ ਵੱਡੀ ਗਿਣਤੀ ਤੋਂ ਬਾਗ਼ੋ ਬਾਗ਼ ਹੋਏ ਜੀ.ਕੇ. ਨੇ ਨਿਮਰਤਾ ਨਾਲ ਕਿਹਾ, “ਤੁਸੀਂ ਸਾਰੇ ਮੇਰੀ ਤਾਕਤ ਹੋ, ਮੈਨੂੰ ਅਸ਼ੀਰਵਾਦ ਦਿਉ, ਮੈਂ ਅਪਣੇ ਪਿਤਾ ਵਾਂਗ ਕੌਮ ਦੀ ਸੇਵਾ ਕਰ ਸਕਾਂ, ਜਿਨ੍ਹਾਂ ਨੂੰ 52 ਸਾਲ ਦੀ ਉਮਰ ਵਿਚ ਗੋਲੀ ਮਾਰ ਦਿਤੀ ਗਈ ਸੀ।''