ਜਨਮ ਦਿਹਾੜੇ 'ਤੇ ਵਿਸ਼ੇਸ਼ : ਖਾਲਸੇ ਦੀ ਮਾਤਾ, ਮਾਤਾ ਸਾਹਿਬ ਕੌਰ
Published : Nov 3, 2021, 9:41 am IST
Updated : Nov 3, 2021, 9:41 am IST
SHARE ARTICLE
Mata Sahib Kaur
Mata Sahib Kaur

ਮਾਤਾ ਜੀ ਨੇ ਕੁੱਲ ਸੰਸਾਰਿਕ ਯਾਤਰਾ ਲਗਭਗ 50 ਸਾਲ ਭੋਗੀ

 

ਮਾਤਾ ਸਾਹਿਬ ਕੌਰ ਜੀ ਦਾ ਜਨਮ 1 ਨਵੰਬਰ 1681  ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮਾਪਿਆਂ ਨੇ ਪਹਿਲਾ ਨਾਂ ਸਾਹਿਬ ਦੇਵਾਂ ਰੱਖਿਆ। ਰੋਹਤਾਸ ਨਗਰ ਦੀ ਧਰਤੀ ਮਹਿਕ ਪਈ, ਦਿਬ ਸ਼ਕਤੀ ਵਾਲੀ ਅਬੋਧ ਕੰਨਿਆ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਭਾਈ ਰਾਮੂ ਜੀ ਨੂੰ ਪੁੱਤਰਾਂ ਵਾਂਗ ਵਧਾਈਆਂ ਦਿੱਤੀਆਂ ਗਈਆਂ।

ਕੁਝ ਸਮਾਂ ਪਾ ਕੇ ਭਾਈ ਰਾਮੂ ਜੀ ਦੇ ਘਰ ਇੱਕ ਪੁੱਤਰ ਨੇ ਵੀ ਜਨਮ ਲਿਆ, ਜਿਸ ਦਾ ਨਾਂ ਸਾਹਿਬ ਚੰਦ ਰੱਖਿਆ ਗਿਆ। ਭਾਈ ਰਾਮੂ ਜੀ ਰੋਹਤਾਸ ਵਿਖੇ ਵਪਾਰ ਦਾ ਕੰਮ ਕਰਦੇ ਸਨ। ਇਹ ਸਾਰਾ ਪਰਿਵਾਰ 1700 ਈ: ਵਿਚ ਕਲਗੀਧਰ ਜੀ ਦੇ ਦਰਸਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜਿਆ। ਸਭ ਤੋਂ ਪਹਿਲਾਂ ਮਾਤਾ ਸਾਹਿਬ ਦੇਵਾਂ ਜੀ ਨੇ ਆਪਣੇ ਮਾਤਾ-ਪਿਤਾ ਤੇ ਭਰਾ ਨਾਲ ਸਤਿਗੁਰੂ ਜੀ ਤੋਂ ਖੰਡੇ ਦੀ ਪਹੁਲ ਪ੍ਰਾਪਤ ਕੀਤੀ।

 Anandpur SahibAnandpur Sahib

 

ਕੁਝ ਦਿਨ ਅਨੰਦਪੁਰ ਸਾਹਿਬ ਵਿਖੇ ਠਹਿਰਨ ਪਿੱਛੋਂ ਭਾਈ ਰਾਮੂ ਜੀ (ਅੰਮ੍ਰਿਤ ਛਕਣ ਉਪਰੰਤ ਰੱਖਿਆ ਨਾਮ ਭਾਈ ਰਾਵ ਸਿੰਘ ਜੀ) ਨੇ ਗੁਰੂ ਜੀ ਅੱਗੇ ਆਪਣੀ ਸਪੁੱਤਰੀ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਦਾ ਰਿਸ਼ਤਾ ਸਵੀਕਾਰ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਪਹਿਲਾਂ ਹੀ ਸ਼ਾਦੀਸੁਦਾ ਅਤੇ ਚਾਰ ਸਾਹਿਬਜ਼ਾਦਿਆਂ ਦਾ ਪਿਤਾ ਹੋਣ ਦੇ ਨਾਤੇ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਦਾ ਰਿਸ਼ਤਾ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ।

ਭਾਈ ਰਾਵ ਸਿੰਘ ਜੀ ਨੇ ਬੇਨਤੀ ਕੀਤੀ ਕਿ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਪਹਿਲਾਂ ਹੀ ਸੰਕਲਪ ਕਰ ਚੁੱਕੀ ਹੈ ਕਿ ਉਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਸ਼ਾਦੀ ਕਰਨਗੇ ਹੋਰ ਕਿਸੇ ਨਾਲ ਨਹੀਂ। ਲੜਕੀ ਦੀ ਇੱਛਾ ਮੁਤਾਬਕ ਅਸੀਂ ਸਾਰਾ ਪਰਿਵਾਰ ਵੀ ਆਪਣੀ ਸਪੁੱਤਰੀ ਦਾ ਡੋਲ਼ਾ ਮਨ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਅਰਪਨ ਕਰ ਚੁੱਕੇ ਹਾਂ। ਸਾਡੇ ਸਾਰੇ ਪਰਿਵਾਰ ਦੇ ਸੰਕਲਪ ਪਿੱਛੋਂ ਸੰਗਤ ਵੀ ਇਸ ਨੂੰ ਮਾਤਾ ਜੀ ਕਹਿ ਕੇ ਬੁਲਾਉਂਦੇ ਹਨ। ਇਸ ਲਈ ਹੁਣ ਤੁਸੀ ਬੇਸ਼ੱਕ ਇਸ ਨੂੰ ਆਪਣੇ ਮਹਿਲ ਬਣਾ ਕੇ ਰੱਖੋ ਚਾਹੇ ਆਪਣੀ ਦਾਸੀ ਬਣਾ ਕੇ ਰੱਖੋ।

 

Mata Sahib Kaur Mata Sahib Kaur

 

ਆਪਣੇ ਮਨ ਵਿੱਚ ਧਾਰੇ ਸੰਕਲਪ ਉਪਰੰਤ ਮੈਂ ਇਸ ਦਾ ਡੋਲ਼ਾ ਕਿਸੇ ਹੋਰ ਥਾਂ ਨਹੀਂ ਭੇਜ ਸਕਦਾ ਅਤੇ ਨਾ ਹੀ ਇਹ ਲੜਕੀ ਹੁਣ ਹੋਰ ਕਿਧਰੇ ਜਾਣ ਲਈ ਤਿਆਰ ਹੈ। ਸਾਰੇ ਪਰਿਵਾਰ ਅਤੇ ਸੰਗਤ ਦੀ ਬੇਨਤੀ ਮੰਨਦੇ ਹੋਏ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਕ ਸ਼ਰਤ ’ਤੇ ਵਿਆਹ ਹੋ ਸਕਦਾ ਹੈ ਕਿ ਇਸ ਨਾਲ ਗ੍ਰਹਿਸਤੀ ਜੀਵਨ ਵਾਲੇ ਸਬੰਧ ਨਹੀਂ ਰੱਖੇ ਜਾਣਗੇ ਸਿਰਫ਼ ਕੁਆਰੇ ਡੋਲ਼ੇ ਦੇ ਤੌਰ ’ਤੇ ਹੀ ਸਾਡੇ ਨਾਲ ਰਹਿ ਸਕਦੀ ਹੈ। ਸ਼ਰਤ ਅਧੀਨ ਵਿਆਹ ਬਾਰੇ ਗੁਰੂ ਜੀ ਵੱਲੋਂ ਭਾਈ ਰਾਮੂ ਜੀ (ਭਾਈ ਰਾਵ ਸਿੰਘ), ਮਾਤਾ ਜਸਦੇਈ (ਜਸਦੇਵ ਕੌਰ), ਮਾਤਾ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ), ਸਾਹਿਬ ਚੰਦ (ਸਾਹਿਬ ਸਿੰਘ) ਅਤੇ ਸੰਗਤ ਦੀ ਬੇਨਤੀ ਪ੍ਰਵਾਨ ਹੋਣ ਉਪਰੰਤ ਸਾਰੇ ਪਾਸੇ ਖੁਸ਼ੀਆਂ ਛਾ ਗਈਆਂ।

ਮਾਤਾ ਸਾਹਿਬ ਕੌਰ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਅਨੰਦ ਕਾਰਜ ਸ੍ਰੀ ਅਨੰਦਪੁਰ ਸਾਹਿਬ ਵਿਖੇ 18 ਵੈਸਾਖ 1757 ਬਿ:/ 19 ਅਪ੍ਰੈਲ 1700 ਈ: ਦਿਨ ਸੋਮਵਾਰ ਨੂੰ ਭਾਵ 1699 ਦੀ ਵੈਸਾਖੀ ਤੋਂ ਇੱਕ ਸਾਲ ਪਿੱਛੋਂ ਕੀਤਾ ਗਿਆ। ਸ਼ਾਦੀ ਹੋਣ ਤੋਂ ਬਾਅਦ ਦਸਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ ਮਾਤਾ ਸਾਹਿਬ ਕੌਰ ਜੀ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਧਿਆਨ ਜੋੜ ਕੇ ਕੁਆਰੇ ਡੋਲ਼ੇ ਦੇ ਰੂਪ ਵਿਚ ਗੁਜਾਰੀ ਅਤੇ ਕਦੇ ਵੀ ਗੁਰੂ ਕੇ ਮਹਿਲ ਹੋਣ ਦਾ ਅਭਿਮਾਨ ਨਹੀਂ ਕੀਤਾ ਸੀ।

 

Anandpur SahibAnandpur Sahib

 

ਜੇਕਰ ਮਾਤਾ ਜੀ ਦੇ ਮਨ ਵਿਚ ਇਕ ਪੁੱਤਰ ਦੀ ਇੱਛਾ ਆਈ ਤਾਂ ਜਾਣੀ-ਜਾਣ ਅੰਤਰਯਾਮੀ ਪ੍ਰੀਤਮ ਜੀ ਨੇ ਆਪਣੇ ਨਾਦੀ ਪੁੱਤਰ ਸਮੁੱਚੇ ਖ਼ਾਲਸਾ ਪੰਥ ਨੂੰ ਮਾਤਾ ਜੀ ਦੀ ਝੋਲ਼ੀ ਵਿਚ ਪਾ ਕੇ ਖ਼ਾਲਸੇ ਦੀ ਮਾਂ ਹੋਣ ਦਾ ਉੱਚਾ ਰੁਤਬਾ ਬਖ਼ਸ਼ਿਆ। ਉਸ ਦਿਨ ਤੋਂ ਅੱਜ ਤੱਕ ਅੰਮ੍ਰਿਤ ਛਕਾਉਣ ਉਪਰੰਤ ਅੰਮ੍ਰਿਤ ਅਭਿਲਾਖੀਆਂ ਨੂੰ ਸਿੱਖਿਆ ਦੇਣ ਸਮੇਂ ਪੰਜ ਪਿਆਰੇ ਇਹ ਵਚਨ ਜ਼ਰੂਰ ਕਹਿੰਦੇ ਹਨ ਕਿ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ, ਜਨਮ ਕੇਸਗੜ੍ਹ ਸਾਹਿਬ ਅਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ।

ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ 20 ਦਸੰਬਰ 1704 ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਸਮਾਉਣ ਭਾਵ 7 ਅਕਤੂਬਰ, 1708 ਈ: ਤੱਕ ਦਾ ਬੜਾ ਕਠਿਨ ਅਤੇ ਦੁਖਦਾਈ ਸਮਾਂ ਮਾਤਾ ਸਾਹਿਬ ਕੌਰ ਜੀ ਨੇ ਆਪਣੀ ਅੱਖੀਂ ਦੇਖਿਆ ਅਤੇ ਆਪ ਜੀ ਮਾਤਾ ਸੁੰਦਰ ਕੌਰ ਜੀ ਨਾਲ ਅਡੋਲ ਅਤੇ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰਹੇ। ਕੀਰਤਪੁਰ ਵਿਖੇ ਪਰਿਵਾਰ ਵਿਛੋੜੇ ਸਮੇਂ ਆਪ ਜੀ, ਮਾਤਾ ਸੁੰਦਰੀ ਜੀ, ਦੋ ਸੇਵਕਾਵਾਂ ਬੀਬੀ ਭਾਗ ਕੌਰ, ਬੀਬੀ ਹਰਦਾਸ ਕੌਰ, ਦੋ ਸਿੰਘ ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ, ਆਪ ਦੇ ਛੋਟੇ ਭਰਾ ਭਾਈ ਸਾਹਿਬ ਸਿੰਘ ਅਤੇ ਸਹੀਦ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਜਾ ਕੇ ਰਿਹਾਇਸ਼ ਕੀਤੀ।

 

Chamkaur War Chamkaur War

ਉੱਧਰ ਚਮਕੌਰ ਦੀ ਜੰਗ ਵਿੱਚ ਵੱਡੇ ਦੋ ਸਾਹਿਬਜ਼ਾਦਿਆਂ ਅਤੇ ਸਰਹਿੰਦ ਦੇ ਨਵਾਬ ਵਜ਼ੀਦ ਖਾਂ ਦੇ ਹੱਥੋਂ ਦੋ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਜਾਣ ਪਿੱਛੋਂ ਗੁਰੂ ਜੀ ਮੁਕਤਸਰ ਅਤੇ ਮੁਕਤਸਰ ਦੀ ਜੰਗ ਤੋਂ ਬਾਅਦ ਦਮਦਮਾ ਸਾਹਿਬ (ਤਲਵੰਡੀ ਸਾਬੋ) ਪਹੁੰਚੇ। ਇੱਥੇ ਹੀ ਦੋਵੇਂ ਮਾਤਾਵਾਂ ਭਾਈ ਮਨੀ ਸਿੰਘ ਜੀ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਕੋਲ ਫਰਵਰੀ 1706 ਨੂੰ ਦਰਸ਼ਨਾਂ ਲਈ ਪੁੱਜੀਆਂ।

ਜਿਸ ਸਮੇਂ ਚਾਰੇ ਸਾਹਿਬਜ਼ਾਦਿਆਂ ਬਾਰੇ ਮਾਤਾਵਾਂ ਨੇ ਪੁੱਛਿਆ ਤਾਂ ਕਲਗੀਧਰ ਜੀ ਨੇ ਉਨ੍ਹਾਂ ਦਾ ਸੋਕ ਨਵਿਰਤ ਕਰਨ ਲਈ ਖ਼ਾਲਸੇ ਵੱਲ ਇਸ਼ਾਰਾ ਕਰਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਉਂ ਉਚਾਰਿਆ- ‘ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ? ਜੀਵਤ ਕਈ ਹਜਾਰ।’’ ਕੁਝ ਸਮਾਂ ਸੇਵਾ ਅਤੇ ਦਰਸ਼ਨ ਕਰਕੇ ਦੋਵੇਂ ਮਾਤਾਵਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਆ ਗਏ। ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਨਾਂਦੇੜ ਜਾਂਦੇ ਸਮੇਂ ਜਿਸ ਸਮੇਂ ਕਲਗੀਧਰ ਜੀ ਨੇ ਮੋਤੀ ਸ਼ਾਹ ਦੇ ਬਾਗ ’ਚ ਚਰਨ ਪਾਏ ਤਾਂ ਇੱਥੋਂ ਫਿਰ ਦੱਖਣ ਦੇਸ਼ ਜਾਣ ਸਮੇਂ ਮਾਤਾ ਸਾਹਿਬ ਕੌਰ ਸਤਿਗੁਰੂ ਜੀ ਦੇ ਨਾਲ ਹੀ ਗਏ। ਨਾਂਦੇੜ ਵਿਖੇ ਦਸਮੇਸ਼ ਪਿਤਾ ਜੀ ਨੇ ਮਾਤਾ ਜੀ ਦੀ ਰਿਹਾਇਸ਼ ਲਈ ਗੋਦਾਵਰੀ ਦੇ ਕੰਡੇ ਹੀਰਾ ਘਾਟ ਵਿਖੇ ਉਚੇਚਾ ਪ੍ਰਬੰਧ ਕਰਵਾਇਆ।

 

 

Mata Sundari ji
Mata Sundari ji

 

ਮਾਤਾ ਸਾਹਿਬ ਕੌਰ ਨੇ ਇੱਥੇ ਹੀ ਆਪਣਾ ਟਿਕਾਣਾ ਬਣਾ ਲਿਆ। ਇੱਥੇ ਮਾਤਾ ਜੀ ਸਵਾ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨ ਪਿੱਛੋਂ ਨਿਤਨੇਮ ਕਰਦੇ ਅਤੇ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਦੇ ਸਨ। ਕੀਰਤਨ ਦੀ ਸਮਾਪਤੀ ਪਿੱਛੋਂ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਗੁਰੂ ਜੀ ਨੇ ਆਪਣਾ ਪ੍ਰਲੋਕ ਗਮਨ ਦਾ ਸਮਾਂ ਨੇੜੇ ਵੇਖ ਕੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਭੇਜਣ ਦਾ ਸੰਕਲਪ ਬਣਾਇਆ ਅਤੇ ਉਨ੍ਹਾਂ ਨੂੰ ਆਪਣੇ ਕਮਰਕਸੇ ਵਿੱਚੋਂ ਪੰਜ ਸ਼ਸਤਰ (ਖੜਗ, ਦੋਧਾਰੀ ਖੰਡਾ, ਖੰਜਰ ਅਤੇ ਦੋ ਕਟਾਰਾਂ) ਪ੍ਰਦਾਨ ਕੀਤੇ।

ਦਿੱਲੀ ਜਿੱਥੇ ਕਿ ਅੱਜ ਕਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਸੁਸ਼ੋਭਿਤ ਹੈ, ਇੱਥੇ ਆਪ ਸ਼ਸਤਰਾਂ ਦੀ ਸੇਵਾ ਕਰਦੇ ਰਹੇ। ਨਿਤਨੇਮ ਤੇ ਸ਼ਸਤਰਾਂ ਦੇ ਦਰਸ਼ਨ ਕਰਕੇ ਮਾਤਾ ਜੀ ਲੰਗਰ ਛਕਦੇ ਸਨ। ਹਕੂਮਤ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ ਜਿਸ ਕਾਰਨ ਦੋਵੇਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਛੱਡ ਕੇ ਮਥੁਰਾ ਅਤੇ ਭਰਤਪੁਰ ਵਿਖੇ ਚਲੇ ਗਏ। ਸੰਨ 1719 ਈਸਵੀ ਵਿੱਚ ਸੰਗਤਾਂ ਦੇ ਸੱਦੇ ਉੱਤੇ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰੀ ਜੀ ਫਿਰ ਦਿੱਲੀ ਵਾਪਸ ਆ ਗਏ।

 

A severe fire in shops in Sri Anandpur Sahib Sri Anandpur Sahib

ਸ੍ਰੀ ਕਲਗੀਧਰ ਜੀ ਦੇ ਜੋਤੀ ਜੋਤਿ ਸਮਾਉਣ ਮਗਰੋਂ ਮਾਤਾ ਸਾਹਿਬ ਕੌਰ ਜੀ ਨੇ ਸੰਗਤਾਂ ਪ੍ਰਤੀ ਹੁਕਮਨਾਮੇ ਜਾਰੀ ਕੀਤੇ, ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਚਾਲੂ ਰੱਖ ਕੇ ਖ਼ਾਲਸਾ ਪੰਥ ਦੀ ਅਗਵਾਈ ਕੀਤੀ। ਮਾਤਾ ਸਾਹਿਬ ਕੌਰ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਵੀ ਜਾਰੀ ਕੀਤੇ, ਜਿਨ੍ਹਾਂ ਵਿੱਚੋਂ ਨੌਂ ਹੁਕਮਨਾਮਿਆਂ ਦਾ ਵੇਰਵਾ ਉਪਲਬਧ ਹੈ। ਮਾਤਾ ਸਾਹਿਬ ਕੌਰ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਇਆ ਵੇਖ ਕੇ ਮਾਤਾ ਸੁੰਦਰੀ ਜੀ ਨੂੰ ਇਸ ਬਾਰੇ ਦੱਸਿਆ। ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸ਼ਸਤਰ ਅਬਿਚਲਨਗਰ ਤੋਂ ਤੁਰਨ ਵੇਲੇ ਮਾਤਾ ਸਾਹਿਬ ਕੌਰ ਜੀ ਦੇ ਸਪੁਰਦ ਕੀਤੇ ਸਨ, ਉਹ ਪੰਜੇ ਸ਼ਸਤਰ ਉਨ੍ਹਾਂ ਨੇ ਮਾਤਾ ਸੁੰਦਰੀ ਜੀ ਦੇ ਸਪੁਰਦ ਕਰ ਦਿੱਤੇ।

15 ਅਕਤੂਬਰ 1731 ਈ: ਦਿਨ ਸੁੱਕਰਵਾਰ ਨੂੰ ਮਾਤਾ ਸਾਹਿਬ ਕੌਰ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਪਿੱਛੋਂ ਨਿਤਨੇਮ ਕੀਤਾ ਅਤੇ ਗੁਰੂ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਨ ਉਪਰੰਤ ਆਪਣਾ ਸਰੀਰ ਤਿਆਗ ਦਿੱਤਾ। ਮਾਤਾ ਜੀ ਨੇ ਕੁੱਲ ਸੰਸਾਰਿਕ ਯਾਤਰਾ ਲਗਭਗ 50 ਸਾਲ ਭੋਗੀ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਂ ਜਾਣ ਉਪਰੰਤ ਲਗਭਗ 23 ਸਾਲ ਖਾਲਸਾ ਕੌਮ ਦੀ ਸਫਲ ਕੀਤੀ ਗਈ ਅਗਵਾਈ ਵੀ ਸ਼ਾਮਲ ਹੈ। ਮਾਤਾ ਜੀ ਦੀ ਇੱਛਾ ਮੁਤਾਬਕ ਆਪ ਦਾ ਸਸਕਾਰ ਬਾਲਾ ਸਾਹਿਬ (ਦਿੱਲੀ) ਵਿਖੇ ਕੀਤਾ ਗਿਆ।

ਮਾਤਾ ਸਾਹਿਬ ਕੌਰ ਜੀ ਵੱਲੋਂ ਮਿਲੇ ਪੰਜੇ ਸ਼ਸਤਰ ਮਾਤਾ ਸੁੰਦਰ ਕੌਰ ਜੀ ਨੇ ਆਪਣੇ ਦੇਹਾਂਤ (ਸੰਨ 1747) ਸਮੇਂ ਆਪਣੇ ਸੇਵਕ ਜੀਵਨ ਸਿੰਘ ਜੀ ਨੂੰ ਦੇ ਕੇ ਅਦਬ ਨਾਲ ਰੱਖਣ ਦੀ ਆਗਿਆ ਦਿੱਤੀ। ਜੀਵਨ ਸਿੰਘ ਨੇ ਆਪਣੇ ਪੁੱਤਰ ਬਖ਼ਤਾਵਰ ਸਿੰਘ ਨੂੰ; ਉਸ ਨੇ ਅੱਗੋਂ ਆਪਣੇ ਪੁੱਤਰ ਮਿੱਠੂ ਸਿੰਘ ਨੂੰ; ਉਸ ਨੇ ਆਪਣੇ ਪੁੱਤਰ ਸੇਵਾ ਸਿੰਘ; ਉਸ ਨੇ ਆਪਣੇ ਪੁੱਤਰ ਭਾਨ ਸਿੰਘ ਨੂੰ ਸੌਂਪੇ ਜਿਸ ਨੇ ਇਨ੍ਹਾਂ ਸ਼ਸਤਰਾਂ ਨੂੰ ਆਪਣੇ ਘਰ ਸੰਭਾਲ਼ ਕੇ ਰੱਖਿਆ।

ਅੱਗੋਂ ਭਾਨ ਸਿੰਘ ਨੇ ਆਪਣੇ ਮਤਬੰਨੇ ਪੁੱਤਰ ਆਤਮਾ ਸਿੰਘ ਨੂੰ ਸੌਂਪੇ ਜਿਸ ਨੇ ਪੰਥ ਦੀ ਇੱਛਾ ਅਨੁਸਾਰ ਗੁਰਦੁਆਰਾ ਰਕਾਬ ਗੰਜ ਦਿੱਲੀ ਵਿਖੇ ਅਸਥਾਪਨ ਕਰ ਦਿੱਤੇ। ਮਾਤਾ ਸਾਹਿਬ ਕੌਰ ਜੀ ਦੀ ਪਾਵਨ ਯਾਦ ਵਿਚ ਨਾਂਦੇੜ (ਮਹਾਰਾਸਟਰ) ਵਿਚ ਹੀਰਾ ਘਾਟ ਦੇ ਕੋਲ ਗੁਰਦੁਆਰਾ ਮਾਤਾ ਸਾਹਿਬ ਕੌਰ, ਤਖਤ ਸ੍ਰੀ ਦਮਦਮਾ ਸਾਹਿਬ ਅਤੇ ਗੁਰਦੁਆਰਾ ਬਾਲਾ ਸਾਹਿਬ (ਦਿੱਲੀ) ਵਿਖੇ ਸੁਸ਼ੋਭਿਤ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement