
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਅੱਜ ਬਾਦਲਾਂ ਤੇ ਉਨ੍ਹਾਂ ਦੀ ਮਲਕੀਅਤ ਵਾਲੇ ਨਿਜੀ ਪੰਜਾਬੀ ਚੈਨਲ ਨੂੰ ਤਾੜਨਾ ਕੀਤੀ ....
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਅੱਜ ਬਾਦਲਾਂ ਤੇ ਉਨ੍ਹਾਂ ਦੀ ਮਲਕੀਅਤ ਵਾਲੇ ਨਿਜੀ ਪੰਜਾਬੀ ਚੈਨਲ ਨੂੰ ਤਾੜਨਾ ਕੀਤੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਲੈਣ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ ਲੱਗੇ ਹੋਏ ਸਿੱਖ ਜਥੇਬੰਦੀਆਂ ਦੇ ਮੋਰਚੇ ਦੇ ਮੁੱਦੇ 'ਤੇ ਸਿੱਖਾਂ ਵਿਚ ਵੰਡੀਆਂ ਪਾਉਣ ਤੋਂ ਬਾਜ਼ ਆਵੇ।
ਸਰਨਾ ਨੇ ਕਿਹਾ ਕਿ ਜਦ ਤੋਂ ਪਰਮਜੀਤ ਸਿੰਘ ਸਰਨਾ ਅਪਣੇ ਸਾਥੀਆਂ ਨਾਲ ਬਰਗਾੜੀ ਵਿਖੇ ਮੋਰਚੇ ਦੀ ਹਮਾਇਤ ਲਈ ਹੋ ਕੇ ਆਏ ਹਨ, ਉਦੋਂ ਤੋਂ ਬਾਦਲਾਂ ਅਤੇ ਇਨ੍ਹਾਂ ਦੇ ਚੈਨਲ ਨੇ ਇਹ ਭੰਡੀ ਪ੍ਰਚਾਰ ਅਰੰਭ ਦਿਤਾ ਹੈ ਕਿ ਕਾਂਗਰਸ ਸਰਕਾਰ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰ ਰਹੀ ਹੈ। ਦੂਜੇ ਪਾਸੇ ਸਰਨਾ ਨੇ ਅਫ਼ਗਾਨਿਸਤਾਨ ਵਿਚ ਮਾਰੇ ਗਏ ਸਿੱਖਾਂ ਤੇ ਹਿੰਦੂਆਂ ਬਾਰੇ ਹਮਦਰਦੀ ਪ੍ਰਗਟਾਉਂਦੇ ਹੋਏ ਕਿਹਾ ਹੈ
ਕਿ ਪਾਕਿਸਤਾਨ ਤੇ ਅਫ਼ਗ਼ਾਨੀਸਤਾਨ ਦੇ ਅਤਿਵਾਦੀ ਪ੍ਰਭਾਵਤ ਇਲਾਕਿਆਂ ਵਿਚ ਸਿੱਖਾਂ 'ਤੇ ਹੋਰ ਰਹੇ ਹਮਲਿਆਂ ਪਿਛੋਂ ਇਹ ਖ਼ਦਸ਼ਾ ਹੈ ਕਿ ਭਾਰਤ ਵਿਚ ਵੀ ਘੱਟ-ਗਿਣਤੀਆਂ ਨੂੰ ਫ਼ਿਰਕਾਪ੍ਰਸਤ ਤਾਕਤਾਂ ਨਿਸ਼ਾਨਾ ਬਣਾ ਸਕਦੀਆਂ ਹਨ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ।