
'ਜਥੇਦਾਰ' ਨੂੰ ਚਾਹੀਦੈ ਉਹ 'ਸਿਆਸੀ ਲੋਕਾਂ' ਦੇ ਦਬਾਅ ਹੇਠ ਗ਼ਲਤ ਤੌਰ 'ਤੇ ਛੇਕੇ ਗਏ ਸਿੱਖਾਂ ਬਾਰੇ ਸਮੁੱਚੇ ਸਿੱਖ ਪੰਥ ਨੂੰ ਅਪਣਾ ਸਟੈਂਡ ਸਪਸ਼ਟ ਕਰਨ
ਨਵੀਂ ਦਿੱਲੀ, 3 ਅਗੱਸਤ (ਅਮਨਦੀਪ ਸਿੰਘ): ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਗਲੇ ਸਾਲ ਮਈ 2021 ਵਿਚ ਆ ਰਹੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਸਨਮੁਖ ਕੀ ਅਕਾਲ ਤਖ਼ਤ ਸਾਹਿਬ ਤੋਂ 'ਸਿਆਸੀ ਲੋਕਾਂ' ਦੇ ਦਬਾਅ ਅਧੀਨ 'ਛੇਕੇ ਗਏ ਸਿੱਖਾਂ' ਨੂੰ ਮੁੜ ਪੰਥ ਵਿਚ ਸ਼ਾਮਲ ਕਰਨ ਦੀ ਕੋਈ ਨੀਤੀ ਘੜੀ ਜਾਵੇਗੀ ਜਾਂ ਨਹੀਂ? ਜਾਂ ਛੇਕੇ ਗਏ 'ਪੰਥ ਸੇਵਕ' ਸਿੱਖਾਂ ਨੂੰ ਵੀ ਗਿਆਨੀ ਦਿਤ ਸਿੰਘ ਤੇ ਪ੍ਰੋ.ਗੁਰਮੁਖ ਸਿੰਘ ਵਾਂਗ ਮਰਨ ਪਿਛੋਂ ਹੀ ਪੰਥ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਜਾਵੇਗਾ?
ਇਹ ਸਵਾਲ ਪੁੱਛਦੇ ਹੋਏ ਇਥੋਂ ਦੀ ਜਥੇਬੰਦੀ ਗੁਰਬਾਣੀ ਵਿਚਾਰ ਕੇਂਦਰ ਦੇ ਮੁਖੀ ਭਾਈ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੂੰ ਚਾਹੀਦਾ ਹੈ ਉਹ 'ਸਿਆਸੀ ਲੋਕਾਂ' ਦੇ ਦਬਾਅ ਹੇਠ ਗ਼ਲਤ ਤੌਰ 'ਤੇ ਛੇਕੇ ਗਏ ਸਿੱਖਾਂ ਬਾਰੇ ਸਮੁੱਚੇ ਸਿੱਖ ਪੰਥ ਨੂੰ ਆਪਣਾ ਸਟੈਂਡ ਸਪਸ਼ਟ ਕਰਨ।
ਭਾਈ ਖ਼ਾਲਸਾ ਨੇ ਕਿਹਾ, “ਅਗਲੇ ਸਾਲ ਹੋਣ ਵਾਲੀਆਂ ਦਿੱਲੀ ਗੁਰਦਵਾਰਾ ਚੋਣਾਂ ਲੜ ਰਹੀਆਂ ਧਾਰਮਕ ਅਖਵਾਉੁਣ ਵਾਲੀਆਂ ਸਾਰੀਆਂ ਪਾਰਟੀਆਂ, (ਜੋ ਹਰ ਗੱਲ 'ਤੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੋਣ ਦਾ ਦਾਅਵਾ ਕਰਦੀਆਂ ਨਹੀਂ ਥੱਕਦੀਆਂ ਤੇ ਹੁਣ ਨਵੀਂਆਂ ਪਾਰਟੀਆਂ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪ੍ਰਵਾਰ ਤੋਂ ਮੁਕਤ ਕਰਵਾਉਣ ਦਾ ਹੋਕਾ ਦੇ ਰਹੀਆਂ ਹਨ), ਨੂੰ ਵੀ ਅਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਗ਼ਲਤ ਤੌਰ 'ਤੇ ਪੰਥ ਵਿਚੋਂ ਛੇਕੇ ਗਏ ਸਿੱਖਾਂ ਬਾਰੇ ਹੁਣ ਤਕ ਹਾਅ ਦਾ ਨਾਹਰਾ ਕਿਉਂ ਨਹੀਂ ਮਾਰ ਸਕੀਆਂ ਜਾਂ ਅਪਣੀ ਕੁਰਸੀ ਪੱਕੀ ਕਰਨਾ ਹੀ ਇਨ੍ਹਾਂ ਲਈ ਸਿੱਖ ਸਿਧਾਂਤ ਨੂੰ ਸਮਰਪਤ ਹੋਣਾ ਹੈ?” ਉਨ੍ਹਾਂ ਕਿਹਾ, “ਪਿਛਲੇ ਦੋ ਦਹਾਕਿਆਂ ਤੋਂ ਚਲ ਰਹੀਆਂ ਗਿਆਨ ਚਰਚਾਵਾਂ ਤੇ ਵਿਦਵਾਨਾਂ ਦੀਆਂ ਕਲਮਾਂ ਨੇ ਦੁਨੀਆਂ ਭਰ ਦੇ ਸਿੱਖਾਂ ਨੂੰ ਇਹ ਸਮਝਾ ਦਿਤਾ ਹੈ ਕਿ ਕਿਹੜੇ ਅਕਾਲੀ ਹੁਕਮਰਾਨ ਦੇ ਪ੍ਰਭਾਵ ਹੇਠ ਅਕਾਲ ਤਖ਼ਤ ਸਾਹਿਬ ਤੋਂ 'ਪੰਥ ਪ੍ਰਸਤ ਸਿੱਖਾਂ' ਨੂੰ ਛੇਕਿਆ ਗਿਆ ਸੀ, ਪਰ ਸਿੱਖ ਮਨਾਂ ਵਿਚ ਇਹ ਸਵਾਲ ਉਠਦੇ ਰਹਿੰਦੇ ਹਨ ਕਿ ਕੀ ਹੁਣ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਈ ਠੋਸ ਫ਼ੈਸਲਾ ਲੈਣ ਦੀ ਹਿੰਮਤ ਕਰਨਗੇ ਜਾਂ ਪਿਛਲੇ 'ਜਥੇਦਾਰਾਂ' ਵਾਂਗ ਹੀ ਸਿਧਾਂਤਕ ਮਸਲਿਆਂ 'ਤੇ ਉਪਰਲਿਆਂ ਦੀਆਂ ਹਦਾਇਤਾਂ ਉਡੀਕਦੇ ਰਹਿਣਗੇ?”