
ਜਗਰਾਉਂ ਸੀ.ਆਈ.ਏ. ਸਟਾਫ਼ ਵਿਚ ਢਾਹੇ ਗਏ ਅੰਨ੍ਹੇ ਤਸ਼ੱਦਦ ਬਾਰੇ ਕੀਤੇ ਅਹਿਮ ਪ੍ਰਗਟਾਵੇ
Panthak News: ਕਿਹਾ, ਐਸ.ਐਸ.ਪੀ. ਸਵਰਨ ਸਿੰਘ ਘੋਟਣਾ ਨੇ ਮੇਰੇ ਸਾਹਮਣੇ ਭਾਈ ਕਾਉਂਕੇ ਨੂੰ ਖ਼ੁਦ ਗੋਲੀ ਮਾਰੀ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਸਤਲੁਜ ਦਰਿਆ ’ਤੇ ਲਿਜਾ ਕੇ ਟੋਟੇ ਟੋਟੇ ਕਰ ਕੇ ਰੋੜ੍ਹ ਦਿਤਾ ਗਿਆ
ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਹਿਰਾਸਤ ਵਿਚ ਉਸ ਸਮੇਂ ਦੇ ਐਸ.ਐਸ.ਪੀ. ਸਵਰਣ ਸਿੰਘ ਘੋਟਣਾ ਵਲੋਂ ਗੋਲੀ ਮਾਰ ਕੇ ਖ਼ਤਮ ਕਰਨ ਅਤੇ ਅੰਨ੍ਹੇ ਪੁਲਿਸ ਤਸ਼ੱਦਦ ਨੂੰ ਅੱਖੀਂ ਵੇਖਣ ਵਾਲਾ ਮੌਕੇ ਦਾ ਗਵਾਹ ਸਾਹਮਣੇ ਆਇਆ ਹੈ। ਗੱਲਬਾਤ ਕਰਦੇ ਹੋਏ ਉਸ ਸਮੇਂ ਜਗਰਾਉਂ ਸਿਟੀ ਥਾਣੇ ਵਿਚ ਤੈਨਾਤ ਸਿਪਾਹੀ ਦਰਸ਼ਨ ਸਿੰਘ ਨੇ ਅਹਿਮ ਪ੍ਰਗਟਾਵੇ ਕੀਤੇ ਹਨ। ਦਰਸ਼ਨ ਸਿੰਘ ਇਕ ਸਾਬਕਾ ਫ਼ੌਜੀ ਹੈ ਅਤੇ ਸੇਵਾਮੁਕਤੀ ਬਾਅਦ ਪੁਲਿਸ ਵਿਚ ਭਰਤੀ ਹੋਇਆ ਸੀ। ਉਸ ਨੇ ਦਸਿਆ ਕਿ ਜਗਰਾਉਂ ਦੇ ਥਾਣਾ ਸਿਟੀ ਤੇ ਸਦਰ ਉਸ ਸਮੇਂ ਇਕੋ ਵਿਹੜੇ ਵਿਚ ਹੀ ਸਨ ਜਿਸ ਕਰ ਕੇ ਇਕ ਦੂਜੇ ਥਾਣੇ ਵਿਚ ਹੁੰਦੀ ਕਾਰਵਾਈ ਦੋਵੇਂ ਪਾਸੇ ਦਿਸਦੀ ਸੀ। ਭਾਈ ਕਾਉਂਕੇ ਨੂੰ ਥਾਣਾ ਸਦਰ ਲਿਆਂਦਾ ਗਿਆ ਸੀ।
ਉਸ ਨੇ ਦਸਿਆ ਕਿ 25 ਦਸੰਬਰ ਨੂੰ ਜਥੇਦਾਰ ਕਾਉੁਂਕੇ ਨੂੰ ਘਰੋਂ ਲਿਆਂਦਾ ਗਿਆ ਸੀ ਅਤੇ ਥਾਣੇ ਵਿਚ ਪਹੁੰਚੇ ਐਸ.ਐਸ.ਪੀ. ਘੋਟਣਾ ਨੇ ਉਸ ਨੂੰ ਸੀ.ਆਈ.ਏ. ਸਟਾਫ਼ ਕੋਲ ਲਿਆਉਣ ਲਈ ਕਿਹਾ ਜਿਥੇ ਏ.ਐਸ.ਆਈ. ਹਰਭਗਵਾਨ ਸੋਢੀ ਸੀ ਜੋ ਇੰਨਾ ਜ਼ਾਲਮ ਸੀ ਕਿ ਉਸ ਨੇ ਛੋਟੇ ਬੱਚਿਆਂ ਤਕ ਨੂੰ ਵੀ ਨਹੀਂ ਬਖ਼ਸ਼ਿਆ। ਦਰਸ਼ਨ ਸਿੰਘ ਨੇ ਅੱਗੇ ਦਸਿਆ ਕਿ ਉਸ ਸਮੇਂ ਮੈਂ ਭਾਈ ਕਾਉਂਕੇ ਦੇ ਸਕੇ ਸਬੰਧੀਆਂ ਨੂੰ ਗ੍ਰਿਫ਼ਤਾਰ ਕਰ ਕੇ ਲਿਆਉਣ ਦੀ ਕਾਰਵਾਈ ਤਹਿਤ ਦੋ ਵਿਅਕਤੀਆਂ ਨੂੰ ਉਥੇ ਲਿਆਇਆ ਸੀ। ਉਸ ਨੇ ਪ੍ਰਗਟਾਵਾ ਕੀਤਾ ਕਿ ਅੱਖੀਂ ਦੇਖਿਆ ਕਿ ਜਥੇਦਾਰ ਕਾਉਂਕੇ ਤਫ਼ਤੀਸ਼ੀ ਰੂਮ ਵਿਚ ਨਿਰਵਸਤਰ ਕਰ ਕੇ ਬਿਠਾਏ ਗਏ ਸੀ ਅਤੇ ਬਾਂਹਾਂ ਪਿਛੇ ਬੰਨ੍ਹ ਕੇ ਪੁੱਠਾ ਲਮਕਾਇਆ ਹੋਇਆ ਸੀ ਅਤੇ ਉਸ ਤੋਂ ਬਾਅਦ 27, 28 ਨੂੰ ਮੈਂ ਫਿਰ ਦੇਖਿਆ ਕਿ ਉਹ ਉਸੇ ਹੀ ਹਾਲਤ ਵਿਚ ਭਾਰੀ ਠੰਢ ਦੇ ਬਾਵਜੂਦ ਨਿਰਵਸਤਰ ਹੀ ਸਨ। 30 ਦਸੰਬਰ ਨੂੰ ਸਿਪਾਹੀ ਉਸ ਦੀਆਂ ਲੱਤਾਂ ਵਿਚ ਲੱਤਾਂ ਪਾ ਕੇ ਚੱਡੇ ਪਾੜ ਰਹੇ ਸਨ। ਉਸ ਦਾ ਕਹਿਣਾ ਹੈ ਕਿ 31 ਦਸੰਬਰ ਦੀ ਸ਼ਾਮ ਨੂੰ ਭਾਈ ਕਾਉਂਕੇ ਨੂੰ ਸੀ.ਆਈ.ਏ. ਸਟਾਫ਼ ਸਦਰ ਥਾਣੇ ਦੇ ਬਰਾਂਡੇ ਵਿਚ ਲਿਆਂਦਾ ਗਿਆ ਅਤੇ ਏ.ਐਸ.ਆਈ. ਗੁਰਮੀਤ ਸਿੰਘ ਨੇ ਗੱਦਾ ਵਿਛਾ ਕੇ ਉਸ ਕੋਲ ਹੀਟਰ ਲਗਾਇਆ। ਐਸ.ਐਸ.ਪੀ. ਸਵਰਣ ਸਿੰਘ ਘੋਟਣਾ ਉਥੇ ਆਇਆ ਅਤੇ ਗੱਦਾ ਅਤੇ ਹੀਟਰ ਵੇਖ ਕੇ ਗੁੱਸੇ ਵਿਚ ਆ ਗਿਆ ਅਤੇ ਗੁਰਮੀਤ ਸਿੰਘ ਦੀ ਮਾਂ ਭੈੈਣ ਇਕ ਕਰ ਦਿਤੀ। ਹੀਟਰ ਨੂੰ ਠੁੱਡਾ ਮਾਰ ਕੇ ਵਗਾਹ ਮਾਰਿਆ।
ਉਸ ਨੇ ਹੋਰ ਵੀ ਦਰਦਨਾਕ ਦ੍ਰਿਸ਼ ਬਿਆਨ ਕਰਦੇ ਹੋਏ ਕਿਹਾ ਕਿ ਤਸ਼ੱਦਦ ਦਾ ਸ਼ਿਕਾਰ ਜਥੇਦਾਰ ਕਾਉਂਕੇ ਉਥੇ ਨਿੰਮ ਨਾਲ ਬੈਠੇ ਸਨ ਅਤੇ ਉਸ ਸਮੇਂ ਪੁਲਿਸ ਦੇ ਵਹਿਸ਼ੀਆਨਾ ਅਤਿਆਚਾਰ ਨਾਲ ਉਸ ਦੀ ਇਕ ਅੱਖ ਨਿਕਲ ਚੁੱਕੀ ਸੀ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਸ ਨੂੰ ਸਤਲੁਜ ਦਰਿਆ ’ਤੇ ਲਿਜਾ ਕੇ ਉਸ ਦੀ ਲਾਸ਼ ਨੂੰ ਟੋਟੇ ਟੋਟੇ ਕਰ ਕੇ ਰੋੜ੍ਹ ਦਿਤਾ ਗਿਆ।
ਥਾਣੇ ਵਿਚ ਜਦ ਤਰਸੇਮ ਸਿੰਘ ਨਾਮ ਦਾ ਮੇਰਾ ਸਾਥੀ ਪੁਲਿਸ ਵਾਲਾ ਪਹੁੰਚਿਆ ਤਾਂ ਉਸ ਦੇ ਖ਼ੂਨ ਲੱਗਿਆ ਹੋਇਆ ਸੀ ਜਦ ਮੈਂ ਪੁਛਿਆ ਤਾਂ ਉਸ ਨੇ ਦਸਿਆ ਕਿ ਉਸ ਦੀ ਲਾਸ਼ ਨੂੰ ਅਸੀ ਸੁੱਟ ਆਏ ਹਾਂ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ 1998 ਤਕ ਉਸ ਨੇ ਕਿਸੇ ਨੂੰ ਕੁੱਝ ਨਹੀਂ ਦਸਿਆ ਅਤੇ ਉਸ ਤੋਂ ਬਾਅਦ ਕੁੱਕੀ ਅਤੇ ਸੁੱਖੀ ਗਿੱਲ ਦੇ ਵਕੀਲ ਕੋਲ ਇਕੱਠੇ ਹੋਏ ਲੋਕਾਂ ਦੇ ਸਾਹਮਣੇ ਇਸ ਕਹਾਣੀ ਦਾ ਬਿਆਨ ਕੀਤਾ ਅਤੇ ਇਸ ਤੋਂ ਬਾਅਦ ਉਹ ਚੰਡੀਗੜ੍ਹ ਜਸਟਿਸ ਅਜੀਤ ਸਿੰਘ ਬੈਂਸ ਦੇ ਘਰ ਵੀ ਗਿਆ ਅਤੇ ਉਸ ਦੇ ਬੇਟੇ ਆਰ.ਐਸ. ਬੈਂਸ ਦੀ ਮੌਜੂਦਗੀ ਵਿਚ ਸਾਰਾ ਬਿਆਨ ਲਿਖਾਇਆ। ਉਸ ਸਮੇਂ ਮਨੁੱਖੀ ਅਧਿਕਾਰ ਕਾਰਕੁਨ ਆਰ.ਐਨ ਸਿੰਘ ਵੀ ਉਥੇ ਮੌਜੂਦ ਸਨ। ਇਸ ਤੋਂ ਬਾਅਦ ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲਿਆ ਸੀ। ਵੀ.ਪੀ.ਤਿਵਾੜੀ ਕੋਲ ਜਾਂਚ ਸਮੇਂ ਵੀ ਬਿਆਨ ਦਰਜ ਕਰਵਾਇਆ ਹੈ। ਉਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇਸ ਮਾਮਲੇ ਬਾਰੇ ਜਦੋਂ ਜਾਂਚ ਲਈ ਦੂਜੀ ਸਿੱਟ ਉਸ ਸਮੇਂ ਦੇ ਐਸ.ਐਸ.ਪੀ. ਐਮ.ਐਸ. ਛੀਨਾ ਦੀ ਅਗਵਾਈ ਹੇਠ ਬਣੀ ਤਾਂਉਸ ਨੇ ਮੈਨੂੰ ਬਿਆਨ ਦੇਣ ਲਈ ਸੱਦਿਆ ਪਰ ਮੈਂ ਨਹੀਂ ਗਿਆ ਪਰ ਬਾਅਦ ਵਿਚ ਕੁੱਝ ਪੁਲਿਸ ਵਾਲਿਆਂ ਦੇ ਬੇਨਤੀ ਕਰਨ ’ਤੇ ਉਸ ਕੋਲ ਗਿਆ ਤਾਂ ਉਥੇ ਮੇਰੀ ਮਾਂ ਭੈਣ ਇਕ ਕਰ ਦਿਤੀ ਪਰ ਮੈਂ ਕੁੱਝ ਵੀ ਨਹੀਂ ਬੋਲਿਆ ਅਤੇ ਮੈਂ ਚੁੱਪ ਚਾਪ ਵਾਪਸ ਆ ਗਿਆ ਸੀ। ਉਸ ਤੋਂ ਬਾਅਦ ਅੱਜ ਤਕ ਮੇਰੇ ਕੋਲੋਂ ਪੁਛ ਪੜਤਾਲ ਨਹੀਂ ਕੀਤੀ।
ਹੋਰ ਅਧਿਕਾਰੀਆਂ ਵਲੋਂ ਗੋਲੀ ਨਾ ਮਾਰਨ ’ਤੇ ਖ਼ੁਦ ਸਵਰਣ ਸਿੰਘ ਘੋਟਣਾ ਨੇ ਮਾਰੀ ਗੋਲੀ
ਅੱਖੀਂ ਵੇਖੇ ਦ੍ਰਿਸ਼ਾਂ ਨੂੰ ਵਰਨਣ ਕਰਦਿਆਂ ਉਸ ਨੇ ਅੱਗੇ ਦਸਿਆ ਕਿ ਘੋਟਣਾ ਨੇ ਖ਼ੁਦ ਗਾਲੀ ਗਲੋਚ ਕਰਦਿਆਂ ਜਥੇਦਾਰ ਦੇ ਚੱਡਿਆਂ ਵਿਚ ਠੁੱਡੇ ਮਾਰੇ ਅਤੇ ਸਿਪਾਹੀਆਂ ਨੂੰ ਕਹਿ ਰਿਹਾ ਸੀ ਕਿ ਵੇਖੋ ਜਥੇਦਾਰ ਦਾ ‘ਮੂਤ’ ਨਿਕਲ ਰਿਹਾ ਹੈ ਪਰ ਉਸ ਨੂੰ ਸਿਪਾਹੀਆਂ ਨੇ ਦਸਿਆ ਕਿ ਜਨਾਬ ਮੂਤ ਨਹੀਂ ਖ਼ੂਨ ਨਿਕਲ ਰਿਹਾ ਹੈ। ਇਸ ਤੋਂ ਬਾਅਦ ਘੋਟਣਾ ਨੇ ਉਸ ਨੂੰ ਗੋਲੀ ਮਾਰਨ ਦਾ ਹੁਕਮ ਦੇ ਦਿਤਾ ਤਾਂ ਇਸ ਮੌਕੇ ਪੁਲਿਸ ਦੇ ਦੂਜੇ ਅਧਿਕਾਰੀਆਂ ਨੇ ਕਿਹਾ ਕਿ ਜਰਨੈਲ ਨੂੰ ਜਰਨੈਲ ਹੀ ਗੋਲੀ ਮਾਰ ਸਕਦਾ ਹੈ। ਇਸ ਤੋਂ ਬਾਅਦ ਖ਼ੁਦ ਹੀ ਘੋਟਣਾ ਨੇ ਕਾਉਂਕੇ ਨੂੰ ਗੋਲੀ ਮਾਰ ਦਿਤੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।