
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਿਤਾ ਬਿਨੈ ਪੱਤਰ, ਮਰਹੂਮ ਬਾਦਲ ਤੋਂ ਫ਼ਖ਼ਰ ਏ ਕੌਮ ਖ਼ਿਤਾਬ ਵਾਪਸ ਲੈਣ ਦੀ ਵੀ ਕੀਤੀ ਮੰਗ
Panthak News: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਕ ਬਿਨੈ ਪੱਤਰ ਦੇ ਕੇ ਪੰਥਕ ਜਥੇਬੰਦੀਆਂ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਡੀਏ ਕਤਲ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰ ਕੇ ਪੰਥਕ ਮਰਿਆਦਾ ਅਨੁਸਾਰ ਬਣਦੀ ਧਾਰਮਕ ਸਜ਼ਾ ਲਗਾਉਣ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿਤੇ ਗਏ ਪੰਥ ਰਤਨ ਅਤੇ ਫ਼ਖ਼ਰੇ- ਕੌਮ ਐਵਾਰਡ ਵਾਪਸ ਲੈਣ ਦੇ ਬੇਨਤੀ ਕੀਤੀ ਹੈ।
ਜਥੇਬੰਦੀਆਂ ਨੇ 9 ਜਨਵਰੀ ਨੂੰ ਅਗਲੇ ਐਕਸ਼ਨ ਪ੍ਰੋਗਰਾਮ ਲਈ ਅੰਮ੍ਰਿਤਸਰ ਵਿਚ ਪੰਥਕ ਇਕੱਤਰਤਾ ਵੀ ਸੱਦੀ ਹੈ। ਪੱਤਰ ਵਿਚ ਜਥੇਦਾਰ ਅਕਾਲ ਤਖ਼ਤ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਗਿਆ ਕਿ 26 ਜਨਵਰੀ 1986 ਸਰਬੱਤ ਖ਼ਾਲਸਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਸੀ ਜਿਨ੍ਹਾਂ ਨੂੰ 1 ਜਨਵਰੀ 1993 ਨੂੰ ਪੰਜਾਬ ਪੁਲਿਸ ਵਲੋਂ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋਣ ਦੀ ਮਨਘੜਤ ਕਹਾਣੀ ਘੜ ਕੇ ਪੁਲਿਸ ਹਿਰਾਸਤ ਵਿਚ ਸ਼ਹੀਦ ਕਰ ਦਿਤਾ ਗਿਆ ਸੀ।
ਪੁਲਿਸ ਅਫ਼ਸਰ ਬੀ ਪੀ ਤਿਵਾੜੀ ਦੇ ਜਾਂਚ ਕਮਿਸ਼ਨ ਦੀ ਜੋ ਰਿਪੋਰਟ ਪਿਛਲੇ ਦਿਨੀਂ ਜਨਤਕ ਹੋਈ ਹੈ ਅਤੇ ਮਨੁੱਖੀ ਅਧਿਕਾਰ ਸੰਗਠਨ ਦੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਵਲੋਂ ਆਪ ਜੀ ਨੂੰ ਸੌਂਪੀ ਗਈ ਹੈ ਆਪ ਜੀ ਨੇ ਉਸ ’ਤੇ ਐਕਸ਼ਨ ਲੈਂਦਿਆਂ ਦੋਸ਼ੀਆਂ ਵਿਰੁਧ ਮੁਕੱਦਮੇ ਦਰਜ ਕਰਵਾਉਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਲਗਾਈ ਹੈ। ਪੰਥਕ ਧਿਰਾਂ ਆਪ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕਰਦੀਆਂ ਹਨ?
ਉਨ੍ਹਾਂ ਅੱਗੇ ਕਿਹਾ ਗਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਜਿਸ ਤਰ੍ਹਾਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਸੀ, ਇਸੇ ਤਰ੍ਹਾਂ 1 ਜਨਵਰੀ 1993 ਨੂੰ ਉਸ ਸਮੇਂ ਦੇ ਪੰਜਾਬ ਦੇ ਜ਼ਕਰੀਆ ਖ਼ਾਂ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੰਜਾਬ ਪੁਲਿਸ ਦੇ ਉਸ ਸਮੇਂ ਦੇ ਮੁਖੀ ਕੇ ਪੀ ਐਸ ਗਿੱਲ ਦੀ ਹਦਾਇਤਾਂ ’ਤੇ ਜਗਰਾਉਂ ਸਵਰਨ ਸਿੰਘ ਘੋਟਣੇ ਨੇ ਉਸੇ ਤਰਜ਼ ਤੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਕੋਹ ਕੋਹ ਕੇ ਸ਼ਹੀਦ ਕਰ ਦਿਤਾ ਤੇ ਸਰੀਰ ਦੇ ਟੋਟੇ ਟੋਟੇ ਕਰ ਕੇ ਦਰਿਆ ਵਿਚ ਰੋੜ੍ਹ ਦਿਤਾ ਗਿਆ। ਇਸ ਕੀਤੇ ਗਏ ਵੱਡੇ ਪਾਪ ਨੂੰ ਲੁਕਾਉਣ ਲਈ ਉਨ੍ਹਾਂ ਦੇ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋਣ ਦੀ ਝੂਠੀ ਮਨਘੜਤ ਕਹਾਣੀ ਪੁਲਿਸ ਵਲੋਂ ਘੜ ਕੇ ਪੇਸ਼ ਕਰ ਦਿਤੀ ਗਈ ਸੀ।
ਬੀ ਪੀ ਤਿਵਾੜੀ ਜਾਂਚ ਕਮਿਸ਼ਨ ਨੇ ਅਪਣੀ ਜਾਂਚ ਮੁਕੰਮਲ ਕਰ ਕੇ ਇਹ ਰਿਪੋਰਟ 1999 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿਤੀ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਦੀਆਂ ਵੋਟਾਂ ਲੈ ਕੇ ਬਣਾਈਆਂ ਅਪਣੀਆਂ ਤਿੰਨ ਅਕਾਲੀ ਸਰਕਾਰਾਂ ਵਿਚ ਇਸ ਜਾਂਚ ਰਿਪੋਰਟ ’ਤੇ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਸਗੋਂ ਇਹ ਤਿਵਾੜੀ ਕਮਿਸ਼ਨ ਦੀ ਰਿਪੋਰਟ 13 ਸਾਲ ਅਪਣੇ ਗੋਡੇ ਥੱਲੇ ਦਬਾਕੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਬਚਾਉਂਦੇ ਤੇ ਲਕਾਉਦੇ ਰਹੇ।
ਪੰਥਕ ਆਗੂਆਂ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਸਾਢੇ ਨੌਂ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਤੇ ਉਸ ਨੇ ਵੀ ਤਿਵਾੜੀ ਕਮਿਸ਼ਨ ਦੀ ਰਿਪੋਰਟ ਅਪਣੇ ਸਰਹਾਣੇ ਥੱਲੇ ਦਬਾਅ ਕੇ ਰੱਖ ਛੱਡੀ ਤੇ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ। ਅਕਾਲ ਤਖ਼ਤ ਦੇ ਜਥੇਦਾਰ ਬਿਨੈਪੱਤਰ ਦੇਣ ਸਮੇਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ, ਭਾਈ ਮਨਜੀਤ ਸਿੰਘ ਭੋਮਾ, ਭਾਈ ਜਸਬੀਰ ਸਿੰਘ ਰੋਡੇ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਗੁਰਦੀਪ ਸਿੰਘ ਬਠਿੰਡਾ,ਭਾਈ ਵਸਣ ਸਿੰਘ ਜਫਰਵਾਲ ਆਦਿ ਆਗੂ ਮੌਜੂਦ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।