
ਗੁਰਦੇਵ ਸਿੰਘ ਬਰਾੜ ਨੇ ਹਾਕੀ ਕੋਚ ਵਜੋਂ ਉਲੰਪਿਕ ਜਾਣਾ ਸੀ, ਇਸ ਲਈ ਮੈਨੂੰ ਡਿਪਟੀ ਕਮਿਸ਼ਨਰ ਲਗਾਇਆ ਗਿਆ, ਗੁਰਦੇਵ ਸਿੰਘ ਨੇ ਪਹਿਲਾਂ ਦੋ ਨੂੰ ਕਰਫ਼ਿਊ ਲਾ ਦਿਤਾ ਸੀ
Ramesh Inder Singh: ਸ੍ਰੀ ਦਰਬਾਰ ਸਾਹਿਬ ਵਿਚ ਫ਼ੌਜ ਵੜਨ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ ਤੇ ਸੇਵਾਮੁਕਤ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ ਨੇ ਸਾਕਾ ਨੀਲਾ ਤਾਰਾ, ਉਸ ਤੋਂ ਪਹਿਲਾਂ ਤੇ ਬਾਅਦ ਦੇ ਹਾਲਾਤ ’ਤੇ ਲਿਖੀ ਅਪਣੀ ਪੁਸਤਕ ‘ਦਿ ਟਰਮਾਇਲ ਆਫ਼ ਪੰਜਾਬ’ ਦੇ ਪੰਜਾਬੀ ਅਨੁਵਾਦ ‘ਪੰਜਾਬ ਦਾ ਦੁਖਾਂਤ’ ਦੇ ਰਿਲੀਜ਼ ਸਮਾਗਮ ਮੌਕੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਦੇ ਵੀ ਖ਼ਾਲਿਸਤਾਨ ਦੀ ਮੰਗ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਉਸ ਵੇਲੇ ਦੇ ਹਾਲਾਤ ਵਿਚਰਦਿਆਂ ਉਹ ਜਾਣਦੇ ਹਨ ਕਿ ਸੰਤ ਭਿੰਡਰਾਂਵਾਲੇ ਦੋ ਗੱਲਾਂ ਕਹਿੰਦੇ ਸਨ ਕਿ ਉਹ ਖ਼ਾਲਿਸਤਾਨ ਦੀ ਮੰਗ ਨਹੀਂ ਕਰਦੇ ਪਰ ਜੇਕਰ ਸਰਕਾਰ ਦੇਣਾ ਚਾਹੇ ਤਾਂ ਇਸ ਤੋਂ ਮਨਾਹੀ ਨਹੀਂ ਹੈ ਤੇ ਦੂਜਾ ਜੇਕਰ ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਤਾਂ ਇਸ ਨਾਲ ਖ਼ਾਲਿਸਤਾਨ ਦੀ ਮੰਗ ਦਾ ਨੀਂਹ ਪੱਥਰ ਰਖਿਆ ਜਾਵੇਗਾ। ਰਮੇਸ਼ ਇੰਦਰ ਸਿੰਘ ਨੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਤੋਂ ਪਹਿਲਾਂ ਸਿਰਫ਼ ਗੰਗਾ ਸਿੰਘ ਢਿੱਲੋਂ ਤੇ ਜਗਜੀਤ ਸਿੰਘ ਚੌਹਾਨ ਇੱਕਲਿਆਂ ਨੇ ਹੀ ਵਖਰੇ ਸਿੱਖ ਰਾਜ ਦੀ ਗੱਲ ਕੀਤੀ ਪਰ ਅਸਲ ਵਿਚ ਸਾਕਾ ਨੀਲਾ ਤਾਰਾ ਖ਼ਤਮ ਹੋਣ ’ਤੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੇ ਪਹਿਲੀ ਵਾਰ ਖ਼ਾਲਿਸਤਾਨ ਦੀ ਮੁਹਿੰਮ ਸ਼ੁਰੂ ਕੀਤੀ।
ਉਨ੍ਹਾਂ ਨੇ ਜਥੇਦਾਰ ਕਾਉਂਕੇ ਦੇ ਗ਼ਾਇਬ ਹੋਣ ਤੇ ਮੌਤ ਸਬੰਧੀ ਸੁਆਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਕਿ ਕਾਉਂਕੇ ਦੀ ਮੌਤ ਸਬੰਧੀ ਕੋਈ ਜਾਂਚ ਖੋਲ੍ਹੀ ਗਈ ਹੋਵੇ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਫ਼ਾਈਲ ਉਨ੍ਹਾਂ ਦੇ ਮੁੱਖ ਸਕੱਤਰ ਜਾਂ ਪ੍ਰਮੁੱਖ ਸਕੱਤਰ ਹੁੰਦਿਆਂ ਉਨ੍ਹਾਂ ਕੋਲੋਂ ਅਜਿਹੀ ਕੋਈ ਫ਼ਾਈਲ ਨਹੀਂ ਨਿਕਲੀ। ਉਨ੍ਹਾਂ ਕਿਹਾ ਕਿ ਉਹ ਕਿਸੇ ਪਾਰਟੀ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਤੇ ਉਹ ਸਿਰਫ਼ ਇਕ ਅਫ਼ਸਰ ਵਜੋਂ ਵਿਚਰੇ ਹਨ। ਉਨ੍ਹਾਂ ਕਿਹਾ ਕਿ ਉਹ ਪਛਮੀ ਬੰਗਾਲ ਤੋਂ ਬਦਲ ਕੇ ਪੰਜਾਬ ਆਏ ਤਾਂ ਏਡੀਸੀ ਫ਼ਰੀਦਕੋਟ ਲੱਗੇ ਤੇ ਇਥੇ ਸਿਮਰਨਜੀਤ ਸਿੰਘ ਮਾਨ ਐਸਐਸਪੀ ਸਨ, ਜਿਨ੍ਹਾਂ ਨੇ ਪਹਿਲੀ ਵਾਰ ਸੰਤ ਭਿੰਡਰਾਂਵਾਲਿਆਂ ਨੂੰ ਮੁਲਾਕਾਤ ਲਈ ਭੇਜਿਆ ਅਤੇ ਸੰਤ ਭਿੰਡਰਾਂਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਨੌਜਵਾਨਾਂ ਦੇ ਲਾਇਸੰਸ ਨਹੀਂ ਬਣ ਰਹੇ।
ਪ੍ਰਧਾਨ ਮੰਤਰੀ ਦੇ ਹੁਕਮ ਨਾਲ ਸ਼ੁਰੂ ਹੋਇਆ ਸੀ ਆਪ੍ਰੇਸ਼ਨ
ਰਮੇਸ਼ ਇੰਦਰ ਸਿੰਘ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਰਾਜਪਾਲ ਨੂੰ ਦਿੱਲੀ ਬੁਲਾ ਕੇ ਗੁਪਤ ਮੀਟਿੰਗ ਕੀਤੀ ਤੇ ਤੁਰਤ ਦਰਬਾਰ ਸਾਹਿਬ ਵਿਚ ਫ਼ੌਜ ਵਾੜਨ ਦਾ ਹੁਕਮ ਦਿਤਾ, ਹਾਲਾਂਕਿ ਉਸ ਵੇਲੇ ਪ੍ਰਣਬ ਮੁਖਰਜੀ ਨੇ ਇਸ ਨੂੰ ਜਾਇਜ਼ ਨਹੀਂ ਮੰਨਿਆ ਸੀ। ਰਮੇਸ਼ ਇੰਦਰ ਸਿੰਘ ਮੁਤਾਬਕ ਇਸ ਉਪਰੰਤ ਰਾਜਪਾਲ ਨੇ ਤੱਤਕਾਲੀ ਗ੍ਰਹਿ ਸਕੱਤਰ ਅਮਰੀਕ ਸਿੰਘ ਪੂਨੀ ਨੂੰ ਬੁਲਾ ਕੇ ਦਰਬਾਰ ਸਾਹਿਬ ਵਿਚ ਫ਼ੌਜ ਵਾੜਨ ਦਾ ਨੋਟੀਫ਼ੀਕੇਸ਼ਨ ਜਾਰੀ ਕਰਵਾਇਆ ਤੇ ਫ਼ੌਜ ਵਾੜਨ ਦਾ ਹੁਕਮ ਕੇਂਦਰ ਦਾ ਸੀ। ਰਮੇਸ਼ ਇੰਦਰ ਸਿੰਘ ਨੇ ਇਹ ਗੱਲ ਉਨ੍ਹਾਂ ’ਤੇ ਲਗਦੇ ਰਹੇ ਦੋਸ਼ਾਂ ਬਾਰੇ ਸਪਸ਼ਟ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਇਕ ਜੂਨ ਨੂੰ ਅਚਾਨਕ ਮੁੱਖ ਸਕੱਤਰ ਕੇ. ਡੀ ਵਾਸੁਦੇਵ ਨੇ ਉਨ੍ਹਾਂ ਨੂੰ ਬੁਲਾ ਕੇ ਪੰਜ ਜੂਨ ਤੋਂ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਲਗਾ ਦਿਤਾ, ਕਿਉਂਕਿ ਹਾਕੀ ਕੋਚ ਵਜੋਂ ਸੱਤ ਜੂਨ ਨੂੰ ਤੱਤਕਾਲੀ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਨੇ ਅਮਰੀਕਾ ਓਲੰਪਿਕ ਵਿਚ ਜਾਣਾ ਸੀ।
ਰਮੇਸ਼ ਇੰਦਰ ਸਿੰਘ ਨੇ ਕਿਹਾ ਕਿ ਬਰਾੜ ਨੇ ਦੋ ਤਰੀਕ ਨੂੰ ਅੰਮ੍ਰਿਤਸਰ ਵਿਚ ਕਰਫ਼ਿਊ ਦਾ ਹੁਕਮ ਦਿਤਾ ਸੀ। ਰਮੇਸ਼ ਇੰਦਰ ਸਿੰਘ ਨੇ ਕਿਹਾ ਕਿ ਮੁੱਖ ਸਕੱਤਰ ਨੇ ਉਨ੍ਹਾਂ ਨੂੰ ਤਿੰਨ ਜੂਨ ਨੂੰ ਹੀ ਅੰਮ੍ਰਿਤਸਰ ਜੁਆਇੰਨ ਕਰਨ ਲਈ ਕਿਹਾ ਤੇ ਅਚਾਨਕ ਉਪਰੋਂ ਫ਼ੌਜ ਵਾੜਨ ਦਾ ਹੁਕਮ ਆ ਗਿਆ ਤੇ ਉਨ੍ਹਾਂ ਨੇ ਇਕ ਦਿਨ ਦੀ ਮੌਹਲਤ ਲੈ ਕੇ ਦਰਬਾਰ ਸਾਹਿਬ ਦਾ ਚੌਗਿਰਦਾ ਖ਼ਾਲੀ ਕਰਵਾਉਣ ਦੀ ਮੁਨਾਦੀ ਕੀਤੀ ਤੇ ਕੇਂਦਰੀ ਫ਼ੌਜ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ। ਰਮੇਸ਼ ਇੰਦਰ ਸਿੰਘ ਨੇ ਦਸਿਆ ਕਿ ਅੰਮ੍ਰਿਤਸਰ ਦੇ ਦੋ ਸ਼ਮਸ਼ਾਨ ਘਾਟਾਂ ਵਿਚ ਹੋਏ ਸਸਕਾਰਾਂ ਤੇ ਸਿਟੀ ਡੀਐਸਪੀ ਅਪਾਰ ਸਿੰਘ ਦੇ ਹਿਸਾਬ ਨਾਲ ਸਰਕਾਰੀ ਰਿਕਾਰਡ ਵਿਚ ਸਾਕਾ ਨੀਲਾ ਤਾਰਾ ਦੌਰਾਨ ਦਰਬਾਰ ਸਾਹਿਬ ਵਿਚ 717 ਆਮ ਲੋਕ ਮਾਰੇ ਗਏ ਤੇ ਡੇਢ ਸੌ ਦੇ ਕਰੀਬ ਜ਼ਖ਼ਮੀ ਹੋਏ, ਜਿਨ੍ਹਾਂ ਵਿਚੋਂ ਕੁੱਝ ਕੁ ਦੀ ਬਾਅਦ ਵਿਚ ਮੌਤ ਹੋ ਗਈ ਤੇ 22 ਵਿਅਕਤੀ ਦਰਬਾਰ ਸਾਹਿਬ ਦੇ ਬਾਹਰ ਮਾਰੇ ਗਏ। ਸ਼ਹੀਦਾਂ ਤੇ ਚਾਟੀਵਿੰਡ ਦੇ ਸ਼ਮਸ਼ਾਨ ਘਾਟਾਂ ਵਿਚ 783 ਵਿਅਕਤੀਆਂ ਦਾ ਸਸਕਾਰ ਕੀਤਾ ਗਿਆ।
ਸੁਰਜੀਤ ਸਿੰਘ ਬਰਨਾਲਾ ਨੇ ਦਰਬਾਰ ਸਾਹਿਬ ’ਤੇ ਗੋਲੀ ਚਲਾਉਣ ਤੋਂ ਰੋਕਿਆ
ਰਮੇਸ਼ ਇੰਦਰ ਸਿੰਘ ਨੇ ਕਿਹਾ ਕਿ ਜਦੋਂ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸਨ, ਉਦੋਂ ਕੇਂਦਰ ਨੇ ਅੰਮ੍ਰਿਤਸਰ ਵਿਚ ਐਨਐਸਜੀ ਭੇਜੀ ਤਾਂ ਬਰਨਾਲਾ ਨੇ ਸਾਫ਼ ਮਨ੍ਹਾ ਕਰ ਦਿਤਾ ਕਿ ਜੋ ਮਰਜ਼ੀ ਕਰੋ ਪਰ ਦਰਬਾਰ ਸਾਹਿਬ ’ਤੇ ਗੋਲੀ ਨਹੀਂ ਚਲਣੀ ਚਾਹੀਦੀ ਤੇ ਐਨਐਸਜੀ ਦੇ ਅਫ਼ਸਰਾਂ ਨਾਲ ਗੱਲਬਾਤ ਹੋਈ ਤਾਂ ਤੱਤਕਾਲੀ ਡੀਜੀਪੀ ਪੀਸੀ ਡੋਗਰਾ ਨੇ ਵੀ ਮਨ੍ਹਾ ਕਰ ਦਿਤਾ ਤੇ ਜਦੋਂ ਐਨਐਸਜੀ ਨਹੀਂ ਮੰਨੀ ਤਾਂ ਉਸ ਨੂੰ ਵਾਪਸ ਭੇਜ ਦਿਤਾ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।