
ਕਰਤਾਰਪੁਰ ਸਾਹਿਬ ਸਿਰਫ਼ ਇਕ ਗੁਰਦੁਆਰਾ ਹੀ ਨਹੀਂ, ਦੈਵੀ ਕੀਮਤਾਂ 'ਤੇ ਆਧਾਰਤ ਸਿੱਖੀ ਦਾ ਕੇਂਦਰੀ ਸਥਾਨ ਵੀ
ਅਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਖੇ ਗੁਰੂ ਨਾਨਕ ਸਾਹਿਬ ਜੀ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਲੈਕਚਰ ਲੜੀ ਤਹਿਤ ਅੱਜ ਸਿੱਖ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਸਹਿ-ਸੰਸਥਾਪਕ ਹਰਿੰਦਰ ਸਿੰਘ ਯੂ.ਐਸ.ਏ ਨੇ 'ਕਰਤਾਰਪੁਰਿ ਕਰਤਾ ਵਸੈ' ਸਬੰਧੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਪ੍ਰਸ਼ਨ ਰੂਪ ਵਿਚ ਕੁੱਝ ਮੁੱਦੇ ਊਭਾਰੇ ਜਿਵੇਂ ਕਰਤਾਰਪੁਰ ਸਾਹਿਬ ਵਿਚ ਕੀ ਹੋਇਆ ਸੀ?
Harjinder Singh
16ਵੀਂ ਸਦੀ ਦੇ ਅਰੰਭ ਵਿਚ ਕਿਵੇਂ ਇਹ ਨਗਰ ਗੁਰੂ ਨਾਨਕ ਸਾਹਿਬ ਦੇ ਪੈਰਾਡਾਈਮ ਇਕ ਓਅੰਕਾਰ-ਇਕ ਫ਼ੋਰਸ ਦਾ ਦੋ ਦਹਾਕਿਆਂ ਵਿਚ ਮੁੱਖ ਕੇਂਦਰ ਬਣ ਗਿਆ? ਇਨ੍ਹਾਂ ਮੁੱਦਿਆਂ ਬਾਰੇ ਹਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਭਾਈ ਗੁਰਦਾਸ ਦੀਆਂ ਵਾਰਾਂ ਤੇ ਹੋਰ ਸਿੱਖ ਸਰੋਤਾਂ ਵਿਚ ਉਪਰੋਕਤ ਪ੍ਰਸ਼ਨਾਂ ਦੇ ਪ੍ਰਾਪਤ ਉਤਰਾਂ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਪੁਰਾਤਨ ਸ੍ਰੋਤਾਂ ਵਿਚ ਮਿਲਦੇ ਇਹ ਵੇਰਵੇ ਵੀ ਸਾਂਝੇ ਕੀਤੇ ਕਿ ਸਨ 1515 ਵਿਚ ਸਥਾਪਤ ਹੋਇਆ ਕਰਤਾਰਪੁਰ ਨਗਰ 1518 ਵਿਚ ਕਿਵੇਂ ਪਹਿਲਾਂ ਇਕ ਪਵਿੱਤਰ ਅਸਥਾਨ ਅਤੇ ਅੰਤ ਵਿਚ ਪੰਥ ਦਾ ਮੁੱਖ ਕੇਂਦਰ ਬਣ ਗਿਆ।
Kartarpur corridor
ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੋਲ੍ਹੇ ਜਾ ਰਹੇ ਲਾਂਘੇ ਨੂੰ ਦਖਣੀ ਏਸ਼ੀਆ ਖਿੱਤੇ ਵਿਚ ਇਸ ਦੇ ਪੈਣ ਵਾਲੇ ਪ੍ਰਭਾਵ ਤੇ ਭਾਰਤ ਅਤੇ ਪਾਕਿਸਤਾਨ ਦੀ ਅਜੋਕੀ ਰਾਜਨੀਤੀ ਦੇ ਪ੍ਰਸੰਗ ਵਿਚ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਅੰਤਲੇ ਸਮੇਂ ਵਿਚ ਬਿਤਾਏ ਪਲਾਂ ਦੀਆਂ ਯਾਦਾਂ ਤਕ ਹੀ ਸੀਮਤ ਇਕ ਨਗਰ ਨਹੀਂ ਸਗੋਂ ਇਹ ਗੁਰੂ ਸਾਹਿਬ ਦੁਆਰਾ ਅਪਣੀ ਵਿਚਾਰਧਾਰਾ ਤੇ ਨਾਮ ਸਭਿਆਚਾਰ ਨੂੰ ਵਿਵਹਾਰਕ ਰੂਪ ਪ੍ਰਦਾਨ ਕਰਨ ਵਾਲਾ ਸਿੱਖੀ ਦਾ ਮੁਢਲਾ ਕੇਂਦਰ ਸੀ।
Kartarpur Sahib Gurudwara-2
ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਅਪਣੇ ਜੀਵਨ ਵਿਚ ਅਪਨਾਉਣ ਵਾਲੇ ਇਸ ਨਗਰ ਦੇ ਵਾਸੀ ਬਣੇ ਸਨ ਤੇ ਕਰਤਾਰਪੁਰ ਸਾਹਿਬ ਨੂੰ ਇਸੇ ਪ੍ਰਸੰਗ ਵਿਚ ਮੁੜ ਮਿਸਾਲੀ ਰੂਪ ਵਿਚ ਪੁਨਰ-ਸਥਾਪਤ ਕਰਨ ਦੀ ਲੋੜ ਹੈ। ਇਸ ਮੌਕੇ ਡਾ. ਜਸਵੰਥ ਸਿੰਘ ਸਿੰਘਾਪੁਰ, ਕੇਂਦਰ ਦੇ ਪ੍ਰੋ. ਅਮਰ ਸਿੰਘ, ਗੁਰੂ ਨਾਨਕ ਅਧਿਐਨ ਵਿਭਾਗ ਦੇ ਡਾ. ਭਾਰਤਵੀਰ ਕੌਰ ਸੰਧੂ, ਡਾ. ਮੁਹੱਬਤ ਸਿੰਘ ਤੋਂ ਇਲਾਵਾ ਸਕਾਲਰ ਅਤੇ ਵਿਦਿਆਰਥੀ ਹਾਜ਼ਰ ਸਨ ਜਿਨ੍ਹਾਂ ਨੇ ਦਿੱਤੇ ਵਖਿਆਨ ਬਾਰੇ ਹੋਈ ਚਰਚਾ ਵਿਚ ਭਰਵੀਂ ਸ਼ਮੂਲੀਅਤ ਕੀਤੀ। ਅੰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਅਮਰਜੀਤ ਸਿੰਘ ਨੇ ਆਏ ਹੋਏ ਦੋਵੇਂ ਮਹਿਮਾਨਾਂ ਅਤੇ ਸਾਰੇ ਸਰੋਤਿਆਂ ਦਾ ਧਨਵਾਦ ਕੀਤਾ।