
ਕਿਹਾ - ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਕਿ ਦੇਸ਼ ਦੀਆਂ ਫ਼ੌਜਾਂ ਨੇ ਅਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਧਾਰਮਕ ਸਥਾਨਾਂ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਲਈ ਭਾਰਤ ਸਰਕਾਰ ਸੰਸਦ ਵਿਚ ਮਾਫ਼ੀ ਮੰਗੇ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਕਿ ਦੇਸ਼ ਦੀਆਂ ਫ਼ੌਜਾਂ ਨੇ ਅਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਧਾਰਮਕ ਸਥਾਨਾਂ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਤੇ ਅਣਮਨੁਖੀ ਤਸੀਹੇ ਦੇ ਕੇ ਕਤਲ ਕੀਤਾ।
Giani Harpreet Singh
'ਜਥੇਦਾਰ' ਨੇ ਕਿਹਾ ਕਿ ਇਸ ਲਈ ਭਾਰਤ ਸਰਕਾਰ ਨੂੰ ਬਿਨਾਂ ਸ਼ਰਤ ਤੇ ਭਾਰਤੀ ਸੰਸਦ ਵਿਚ ਸਿੱਖਾਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਮੈਂਬਰ ਪਾਰਲੀਮੈਂਟ ਵੀ ਜੂਨ 84 ਦੇ ਹਮਲੇ ਲਈ ਭਾਰਤੀ ਸਰਕਾਰ ਦੀ ਮਾਫ਼ੀ ਦੇ ਮਤੇ ਲਈ ਸਹਿਯੋਗ ਕਰਨ। 6 ਜੂਨ ਦੇ ਸਬੰਧ ਵਿਚ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਇਹ ਦਿਹਾੜਾ ਬੇਹਦ ਸ਼ਰਧਾ, ਸਤਿਕਾਰ ਤੇ ਭਾਵਨਾਂ ਨਾਲ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਵੱਡੀ ਗਿਣਤੀ ਵਿਚ ਬੇਦੋਸ਼ੇ ਸਿੰਘਾਂ, ਸਿੰਘਣੀਆਂ ਤੇ ਭੁੰਝਗੀਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸੀ। ਇਸ ਲਈ ਸਾਨੂੰ ਸਾਰਿਆਂ ਨੂੰ 6 ਜੂਨ ਦਾ ਦਿਹਾੜਾ ਬੇਹਦ ਸ਼ਾਂਤੀ ਪੂਰਵਕ ਮਨਾਇਆ ਜਾਣਾ ਚਾਹੀਦਾ ਹੈ।
1984 Darbar Sahib
ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਸਲਾਹ ਕਰ ਕੇ ਭਵਿੱਖ ਵਿਚ 1 ਜੂਨ ਤੋਂ 10 ਜੂਨ ਤਕ ਵੱਖ ਵੱਖ ਗੁਰਧਾਮਾਂ ਵਿਚ ਇਹ ਦਿਨ ਮਨਾਉਣ ਲਈ ਯੋਜਨਾ ਤਿਆਰ ਕਰਨ ਲਈ ਯਤਨ ਕਰਨਗੇ। ਇਸ ਮੌਕੇ ਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗੰਥੀ ਗਿਆਨੀ ਮਲਕੀਤ ਸਿੰਘ ਵੀ ਹਾਜ਼ਰ ਸਨ।