
321 ਸਾਲ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਹੁਕਮਨਾਮਾ, ਵਸਤਰ ਤੇ ਸ਼ਸਤਰ ਦੀ ਸੇਵਾ ਸੰਭਾਲ ਕਰਨ ਵਾਲਾ ਪਰਵਾਰ
ਪਟਿਆਲਾ (ਅਵਤਾਰ ਗਿੱਲ) : ਇਕ ਅਜਿਹਾ ਖੁਸ਼ ਨਸੀਬ ਪਰਿਵਾਰ ਜਿਸ ਦੀ 15ਵੀਂ ਪੀੜ੍ਹੀ 321 ਸਾਲਾਂ ਤੋਂ ਸਾਹਿਬ ਏ ਕਮਾਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Guru Gobind Singh Ji) ਦੇ ਹੱਥੀ ਸੌਂਪੇ 12 ਸ਼ਸ਼ਤਰ ਅਤੇ 12 ਵਸਤਰ ਦੀ ਤਨੋ ਮਨੋ ਸੇਵਾ ਕਰ ਰਿਹਾ ਹੈ।
ਜਦੋਂ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜੁਨ ਦੇਵ ਜੀ (Guru Arjan Dev Ji) ਨੇ ਦਸੰਬਰ 1581 ਵਿਚ ਸ੍ਰੀ ਦਰਬਾਰ ਸਾਹਿਬ (Darbar Sahib) ਦੇ ਸਰੋਵਰ ਦੀ ਨੀਂਹ ਰੱਖੀ, ਉਸ ਸਮੇਂ ਇਸ ਪਰਵਾਰ ਦੇ ਵਡੇਰੇ ਭਾਈ ਬਹਿਲੋ ਜੀ (Bhai Behlo Ji) ਨੂੰ ਸਰੋਵਰ ਦਾ ਚੜ੍ਹਦਾ ਪਾਸਾ ਨਿਰਮਾਣ ਕਰਵਾਉਣ ਦਾ ਜਿੰਮਾ ਗੁਰੂ ਸਾਹਿਬ ਵਲੋਂ ਦਿਤਾ ਗਿਆ ਅਤੇ ਉਨ੍ਹਾਂ ਦੀ ਸੇਵਾ ਭਾਵ ਤੋਂ ਖ਼ੁਸ਼ ਹੋ ਕੇ ਕਿਹਾ ਸੀ ਕਿ ‘‘ਸਬ ਸੇ ਪਹਿਲੋ, ਭਾਈ ਬਹਿਲੋ’’ ਉਸੇ ਪਰਵਾਰ ਦੇ ਪੀੜ੍ਹੀ ਦਰ ਪੀੜ੍ਹੀ ਗੁਰੂ ਸਾਹਿਬਾਨਾਂ ਦੀ ਸੇਵਾ, ਭਾਵਨਾ ਤੋਂ ਖੁਸ਼ ਹੋ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਹੱਥੀਂ ਇਸ ਪਰਵਾਰ ਦੇ ਭਾਈ ਦੇਸ ਰਾਜ ਜੀ ਉਤਰਾਅਧਿਕਾਰੀ ਭਾਈ ਬਹਿਲੋ ਨੂੰ ਅਪਣੇ ਹੱਥੀ ਹੁਕਮਨਾਮਾ ਖ਼ੁਦ ਮਿਤੀ ਵਿਸਾਖ 27, ਸੰਮਤ 1765 ਨੂੰ ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਵਿਖੇ ਅਮੁੱਲ ਬਖਸ਼ੀਸ਼ ਕੀਤੇ ਅਤੇ ਕਿਹਾ ਕਿ ਤੁਹਾਡੀਆਂ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ’ਤੇ ਹਮੇਸ਼ਾ ਗੁਰੂ ਸਾਹਿਬ ਦੀ ਕਿਰਪਾ ਬਣੀ ਰਹੇਗੀ।
Darbar Sahib
ਹੋਰ ਪੜ੍ਹੋ: ਖ਼ੁਦ ਨੂੰ ਵਿਸ਼ਣੂ ਦਾ ਅਵਤਾਰ ਦੱਸਣ ਵਾਲੇ ਕਰਮਚਾਰੀ ਦੀ ਧਮਕੀ, 'Gratuity ਦਿਓ ਨਹੀਂ ਤਾਂ ਸੋਕਾ ਲਿਆ ਦੇਵਾਂਗਾ'
ਇਨ੍ਹਾਂ ਵਸਤਰਾਂ ਅਤੇ ਸ਼ਸਤਰਾਂ ਵਿਚ ਗੁਰੂ ਸਾਹਿਬ ਦੀ ਭੰਗਾਣੀ ਦੇ ਯੁੱਧ ਵਿਚ ਟੁੱਟੀ ਤਲਵਾਰ ਦਾ ਮੁੱਠਾ, ਗੁਰੂ ਸਾਹਿਬ ਜੀ ਦੀ ਦਸਤਾਰ, ਗੁਰੂ ਸਾਹਿਬ ਦਾ ਸਿੱਕਾ, ਕਲਮ, ਗੁਰੂ ਸਾਹਿਬ ਦੇ ਦੋ ਪਹਿਨੇ ਹੋਏ ਚੌਲੇ, ਕਟਾਰ, ਗੁਰੂ ਸਾਹਿਬ ਦੀ ਪਹਿਨੀ ਹੋਏ ਜੋੜੇ, ਗੁਰੂ ਸਾਹਿਬ ਦੇ ਬਾਜ ਦੀ ਡੌਰ, ਗੁਰੂ ਸਾਹਿਬ ਦਾ ਮਖਮਲੀ ਰੁਮਾਲ, ਗੁਰੂ ਸਾਹਿਬ ਦੇ ਹੱਥੀ ਲਿਖਿਆ ਹੁਕਮਨਾਮਾ, ਗੁਰੂ ਸਾਹਿਬ ਦੀ ਪਹਿਨੀ ਹੋਈ ਚੂੜੀਦਾਰ ਪਜਾਮੀ, ਇਕ ਮੋਹਰ ਜੋ ਕਿ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਇਸ ਪਰਵਾਰ ਨੂੰ ਹੱਥੀਂ ਅਪਾਰ ਬਖਸ਼ੀਸ਼ ਕੀਤੀ, ਜਿਸ ਦੀ ਸੇਵਾ ਸੰਭਾਲ ਅੱਜ ਵੀ ਪਰਵਾਰ ਬੜੇ ਹੀ ਸਤਿਕਾਰ ਅਤੇ ਤਨੋ-ਮਨੋ ਕਰਦਾ ਹੈ।
Sri Anandpur Sahib
ਹੋਰ ਪੜ੍ਹੋ: ਰਾਫੇਲ ਸੌਦੇ ’ਤੇ ਮਾਇਆਵਤੀ ਦਾ ਬਿਆਨ, ਵਿਵਾਦ ਦਾ ਤਸੱਲੀਬਖਸ਼ ਨਿਪਟਾਰਾ ਕਰੇ ਸਰਕਾਰ
ਕੋਣ ਸਨ ਭਾਈ ਬਹਿਲੋ : ਭਾਈ ਬਹਿਲੋ ਜੀ ਦਾ ਜਨਮ ਈਸਵੀ ਸੰਮਤ 1610 ਵਿਚ ਫਫੜੇ ਭਾਈਕੇ ਜ਼ਿਲ੍ਹਾ ਮਾਨਸਾ ਵਿਖੇ ਹੋਇਆ ਜਦੋਂ ਮੀਰੀ ਅਤੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ (Guru Hargobind Sahib Ji) ਨੇ ਚਾਰ ਜੰਗਾਂ ਲੜੀਆਂ ਅਤੇ ਫ਼ਤਿਹ ਕੀਤੀਆਂ, ਜਿਨ੍ਹਾਂ ਵਿਚ ਤੀਸਰੀ ਜੰਗ ਮਹਿਰਾਜ ਜ਼ਿਲ੍ਹਾ ਬਠਿੰਡਾ ਦੀ ਜੂ ਵਿਚ ਸੰਮਤ 1631 ਈਸਵੀ ਵਿਚ ਕੀਤੀ ਅਤੇ ਲਾਲਾ ਬੇਗ, ਕਮਰ ਬੇਗ, ਕਾਬਲੀ ਖਾਨ ਨੂੰ ਮਾਰ ਮੁਕਾਇਆ ਅਤੇ ਮੁਗ਼ਲ ਫ਼ੌਜ ਦੇ 1600 ਸਿਪਾਹੀ ਇਸ ਜੰਗ ਵਿਚ ਮਾਰੇ ਗਏ ਅਤੇ 1273 ਸਿੱਖ ਸ਼ਹੀਦ ਹੋਏ, ਜਿਨ੍ਹਾਂ ਦੀ ਯਾਦ ਵਿਚ ਗੁਰਦਵਾਰਾ ਸ਼ਹੀਦ ਗੰਜ ਗੁਰੂਸਰ ਵੀ ਬਣਿਆ ਹੋਇਆ ਹੈ, ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਫ਼ੌਜ ਦੀ ਕਮਾਂਡ ਸ. ਜੋਧ ਸ਼ਾਹ ਨੇ ਸੰਭਾਲੀ ਕੁੱਲ ਫੌਜ ਦੀ ਗਿਣਤੀ 3 ਹਜ਼ਾਰ ਸੀ ਅਤੇ ਗੁਰੂ ਸਾਹਿਬ ਦੇ ਹੁਕਮਾਂ ’ਤੇ ਇਸ ਇਲਾਕੇ ਵਿਚ ਨਗਾਰਾ ਵਜਾ ਕੇ ਨੌਜਵਾਨਾਂ ਨੂੰ ਖ਼ਾਲਸਾ ਫ਼ੌਜ ਵਿਚ ਭਰਤੀ ਹੋਣ ਦਾ ਸੱਦਾ ਦਿਤਾ ਗਿਆ।
Guru Hargobind Ji
ਹੋਰ ਪੜ੍ਹੋ: ਪੰਜਾਬ ਤੋਂ ਬਾਅਦ ਹੁਣ ਹਰਿਆਣਾ ਕਾਂਗਰਸ ’ਚ ਵਿਵਾਦ: ਕੁਮਾਰੀ ਸ਼ੈਲਜਾ ਨੂੰ ਹਟਾਉਣ ’ਤੇ ਅੜੇ ਹੁੱਡਾ ਸਮਰਥਕ
ਨਗਾਰਾ ਵਜਦਾ ਸੁਣ ਕੇ ਡਰੌਲੀ ਤੋਂ ਭਾਈ ਕਲਿਆਣੇ ਦੇ ਪੁੱਤਰ ਭਾਈ ਭਗਤਾ ਜੀ ਅਪਣੇ ਸੂਰਮੇ ਲੈ ਕੇ ਸਮੇਤ ਰਸਦਾਂ ਗੁਰੂ ਸਾਹਿਬ ਕੋਲ ਪਹੁੰਚੇ ਅਤੇ ਭਾਈ ਬਹਿਲੋ, ਭਾਈ ਭਗਤੂ, ਭਾਈ ਰੂਪਾ, ਭਾਈ ਪੰਜਾਬਾ ਨੂੰ ਗੁਰੂ ਸਾਹਿਬ ਦੀ ਫ਼ੌਜ ਵਿਚ ਭਰਤੀ ਕੀਤਾ। ਇਸ ਮੁਸ਼ਕਲ ਸਮੇਂ ਵਿਚ ਜਦੋਂ ਬਰਸਾਤਾਂ ਬਹੁਤ ਸੀ ਤਾਂ ਫ਼ੌਜਾਂ ਵਿਚ ਰਸਦ ਪਹੁੰਚਾਉਣ ਦੀ ਜ਼ਿੰਮੇਵਾਰੀ ਭਾਈ ਬਹਿਲੋ ਜੀ ਅਤੇ ਭਾਈ ਰੂਪਾ ਦੇ ਹਿੱਸੇ ਆਈ ਜੋ ਖਿਚੜੀ ਅਤੇ ਦਹੀਂ ਦੇ ਵੱਡੇ ਕੜਾਹੇ ਅਪਣੇ ਸਿਰਾਂ ’ਤੇ ਚੱਕ ਕੇ ਜੰਗਾਂ ਵਿਚ ਸਿੱਖ ਫ਼ੌਜਾਂ ਲਈ ਅਣਥਕ ਅਤੇ ਨਿਸ਼ਕਾਮ ਸੇਵਾ ਕਰਦੇ। ਗੁਰੂ ਸਾਹਿਬ ਦੀ ਜੰਗ ਵਿਚ ਜਦੋਂ ਇਕ ਸਿਪੇਸਲਾਰ ਦੀ ਲੋੜ ਪਈ ਤਾਂ ਭਾਈ ਬਹਿਲੋ ਜੀ ਨੇ ਤੇਗ ਵਹਾਉਣ ਲਈ ਖ਼ੁਦ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਗੁਰੂ ਸਾਹਿਬ ਅੱਗੇ ਕਰ ਦਿਤਾ ਤੇ ਕਈ ਸਿੰਘਾਂ ਨੇ ਕਿਹਾ ਕਿ ਭੁੱਖੇ ਪੇਟ ਤੇਗ ਚਲਾਉਣੀ ਔਖੀ ਹੈ। ਉਸੇ ਸਮੇਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਦੇਗ ਤੇਗ਼ ਫ਼ਤਿਹ ਖ਼ਾਲਸੇ ਤੇ ਆਸ਼ੀਰਵਾਦ ਹੈ। ਇਸ ਤੋਂ ਬਾਅਦ ਬਹੁਤ ਸਾਰੀਆਂ ਜੰਗਾਂ ਵਿਚ ਭਾਈ ਬਹਿਲੋ ਜੀ ਅੱਗੇ ਹੋ ਕੇ ਲੜੇ।
Family blessed by the 5th Guru
ਹੋਰ ਪੜ੍ਹੋ: ਇਸ ਰਾਜ ਵਿਚ ਅੱਜ ਤੋਂ ਖੁੱਲ੍ਹਣਗੇ ਸਿਨੇਮਾ ਹਾਲ, ਜਿੰਮ ਪਰ ਵਿਦਿਅਕ ਅਦਾਰੇ ਰਹਿਣਗੇ ਬੰਦ
ਸੰਮਤੀ 1640 ਵਿਚ ਭਾਈ ਬਹਿਲੋ ਜੀ ਸ੍ਰੀ ਅੰਮ੍ਰਿਤਸਰ ਪੁੱਜੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਗੱਦੀ ’ਤੇ ਬਿਰਾਜਮਾਨ ਸਨ, ਜਿਨ੍ਹਾਂ ਭਾਈ ਬਹਿਲੋ ਜੀ ਨੂੰ ਮੋਢਿਉਂ ਫੜ ਕੇ ਬਿਠਾਇਆ ਅਤੇ ਕਿਹਾ ਕਿ ਤੁਹਾਨੂੰ ਤੇਗ ਮਿਲ ਗਈ ਹੈ ਮਨ ਬੋਲਣੋਂ ਹਟ ਗਿਆ ਹੈ, ਹੁਣ ਤੁਸੀਂ ਗੁਰੂ ਚਰਨਾਂ ਦਾ ਭੌਰਾ ਬਣ ਗਏ ਹੋ ਅਤੇ ਇਕ ਦਿਨ ਗੁਰੂ ਅਰਜਨ ਦੇਵ ਜੀ ਨੇ ਭਾਈ ਬਹਿਲੋ ਨੂੰ ਆਦੇਸ਼ ਦਿਤਾ ਕਿ ਤੁਸੀਂ ਅਪਣੇ ਪਿੰਡ ਫਫੜੇ ਜਾਉ ਸਿੱਖੀ ਦਾ ਪ੍ਰਚਾਰ ਕਰੋ।
ਇਸ ਮਗਰੋਂ ਭਾਈ ਬਹਿਲੋ ਹਮੇਸ਼ਾ ਸੰਗਤਾਂ ਲੈ ਕੇ ਹਰ ਮਹੀਨੇ ਦਰਬਾਰ ਸਾਹਿਬ ਜਾਂਦੇ ਅਤੇ ਗੁਰੂ ਸਾਹਿਬ ਦੇ ਆਦੇਸ਼ ਤੋਂ ਬਾਅਦ ਉਨ੍ਹਾਂ ਦੇ ਪਿੰਡ ਦਾ ਨਾਮ ਫਫੜੇ ਭਾਈਕੇ ਪਾਇਆ ਤੇ ਅਪਣਾ ਸਾਰਾ ਹੀ ਜੀਵਨ ਗੁਰੂ ਸਾਹਿਬ ਦੇ ਲੇਖੇ ਲਾਉਣ ਤੋਂ ਬਾਅਦ ਸੰਮਤ 1700 ਈਸਵੀ ਵਿੱਚ 90 ਸਾਲ ਗੁਰੂ ਸਾਹਿਬਾਨਾਂ ਦੀ ਸੇਵਾ ਕਰਨ ਤੋਂ ਬਾਅਦ ਭਾਈ ਬਹਿਲੋ ਜੀ ਗੁਰੂ ਚਰਨਾਂ ਵਿਚ ਜਾ ਬਿਰਾਜੇ, ਜਿਨ੍ਹਾਂ ਦੀ 15ਵੀਂ ਪੀੜ੍ਹੀ ਅੱਜ ਗੁਰੂ ਸਾਹਿਬਾਨਾਂ ਦੇ ਆਦੇਸ਼ ਮੁਤਾਬਕ ਇਨ੍ਹਾਂ ਵਸਤਰਾਂ ਅਤੇ ਸ਼ਸਤਰਾਂ ਦੀ ਸੇਵਾ ਸੰਭਾਲ ਕਰਦੀ ਹੈ, ਇਨ੍ਹਾਂ ਵਸਤਰਾਂ, ਸ਼ਸਤਰਾਂ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਸਮੇਤ ਤਵਾਰੀਖ ਗੁਰੂ ਖ਼ਾਲਸਾ, ਪੰਥ ਪ੍ਰਕਾਸ਼, ਮਾਲਵਾ ਇਤਿਹਾਸ, ਸੁਖਮਨੀ ਸਾਹਿਬ ਸਟੀਕ ਸਮੇਤ ਤਕਰੀਬਨ 30 ਧਾਰਮਕ ਕਿਤਾਬਾਂ ਵਿਚ ਜ਼ਿਕਰ ਮਿਲਦਾ ਹੈ।
Bhai Behlo Ji
ਹੁਣ ਸੰਗਤਾਂ ਭਾਈ ਬਹਿਲੋ ਜੀ ਦੇ 15ਵੀਂ ਪੀੜ੍ਹੀ ਦੇ ਵੰਸ਼ਜ ਭਾਈ ਉਪਿੰਦਰ ਸਿੰਘ ਢਿੱਲੋਂ ਦੇ ਨਿਵਾਸ ਐਚ.ਆਈ.ਜੀ. 1383, ਫੇਜ਼ -1, ਮਾਡਲ ਟਾਊਨ, ਬਠਿੰਡਾ ਵਿਖੇ ਕਦੇ ਜਾ ਕੇ ਦਰਸ਼ਨ ਕਰ ਸਕਦੇ ਹਨ। ਭਾਈ ਉਪਿੰਦਰ ਸਿੰਘ ਢਿੱਲੋਂ ਨਾਲ ਸੰਗਤਾਂ ਵਲੋਂ ਫੋਨ ਨੰ: 95920-45544 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਭਾਈ ਉਪਿੰਦਰ ਸਿੰਘ ਢਿੱਲੋਂ ਵਲੋਂ ਇਨ੍ਹਾਂ ਵਸਤਰਾਂ ਸ਼ਸਤਰਾਂ ਦੀ ਬਹੁਤ ਹੀ ਸਤਿਕਾਰ ਨਾਲ ਸੰਭਾਲ ਕੀਤੀ ਜਾਂਦੀ ਹੈ ਅਤੇ ਸਮੇਂ ਸਮੇਂ ’ਤੇ ਬੈਂਗਲੋਰ ਦੀ ਇਕ ਕੰਪਨੀ ਇਨ੍ਹਾਂ ਵਸਤਰਾਂ ਸ਼ਸਤਰਾਂ ਨੂੰ ਸੁਰੱਖਿਅਤ ਕਰ ਕੇ ਜਾਂਦੀ ਹੈ, ਜਿਸ ਦਾ ਸਾਰਾ ਖਰਚਾ ਵੀ ਪਰਵਾਰ ਵਲੋਂ ਖ਼ੁਦ ਹੀ ਕੀਤਾ ਜਾਂਦਾ ਹੈ ਅਤੇ ਨਾ ਹੀ ਕੋਈ ਦਾਨ ਤੇ ਚੜ੍ਹਾਵਾ ਲਿਆ ਜਾਂਦਾ ਹੈ। ਗੁਰੂ ਸਾਹਿਬ ਦੇ ਹੁਕਮ ਮੁਤਾਬਕ ਅੱਜ ਵੀ ਸੰਗਤ ਕਿਸੇ ਵੀ ਵੇਲੇ ਇਨ੍ਹਾਂ ਵਸਤਰਾਂ-ਸ਼ਸਤਰਾਂ ਦੇ ਦਰਸ਼ਨ ਕਰ ਸਕਦੀ ਹੈ।