
ਲੋਕਾਂ ਤੋਂ ਮੰਗਿਆ ਸਹਿਯੋਗ
ਫਰੀਦਕੋਟ - ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਅੱਜ ਇਕ ਪੋਸਟਰ ਜਾਰੀ ਕੀਤਾ ਹੈ। ਜਿਸ ਵਿਚ ਉਸ ਸ਼ੱਕੀ ਵਿਅਕਤੀ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ ਜਿਸ ਨੂੰ 2015 ਵਿਚ ਧਰਨਾ ਦੇ ਰਹੀ ਸੰਗਤ ਤੇ ਪੁਲਿਸ ਵਿਚਕਾਰ ਘੁੰਮਦੇ ਦੇਖਿਆ ਗਿਆ ਸੀ। ਜਾਂਚ ਟੀਮ ਨੇ ਪੋਸਟਰ ਜਾਰੀ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਅਕਤੀ ਬਾਰੇ ਜੇ ਕਿਸੇ ਕੋਲ ਕੋਈ ਵੀ ਜਾਣਕਾਰੀ ਹੈ ਤਾਂ ਸਾਂਝੀ ਕੀਤੀ ਜਾਵੇ।
ਇਸ ਦੇ ਨਾਲ ਪੋਸਟਰ ਵਿਚ ਉਹ ਸਾਰੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਜਿੱਥੇ ਨੌਜਵਾਨ ਨੂੰ ਘੁੰਮਦੇ ਦੇਖਿਆ ਗਿਆ ਸੀ। ਜ਼ਿਕਰਯੋਗ ਹੈ ਕਿ 2015 ਦੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਹੁਤ ਜਲਦ ਇਸ ਕੇਸ ’ਚ ਚੌਥਾ ਚਲਾਨ ਪੇਸ਼ ਕਰਨ ਜਾ ਰਹੀ ਹੈ। ਇਸ ਦੌਰਾਨ ਸਪੋਕਸਮੈਨ ਟੀ.ਵੀ. ਵੱਲੋਂ ਇਸ ਗੋਲੀਕਾਂਡ ਬਾਰੇ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਗੋਲੀਕਾਂਡ ਪਿੱਛੇ ਅਸਲ ਸ਼ਖਸ, ਜਿਸ ਨੇ ਉਸ ਸਮੇਂ ਬੈਠੇ ਲੋਕਾਂ ਨੂੰ ਉਕਸਾਉਣ ਦਾ ਕੰਮ ਕੀਤਾ ਸੀ ਦਾ ਚਿਹਰਾ ਸਾਹਮਣੇ ਆ ਚੁੱਕਾ ਹੈ।
ਦਰਅਸਲ ਇਕ ਵੀਡੀਓ ਸਾਹਮਣੇ ਆਈ ਹੈ ਜੋ ਉਸ ਸਮੇਂ ਦੀ ਹੈ ਜਦੋਂ ਕੋਟਕਪੂਰਾ ਵਿਚ ਸੰਗਤਾਂ ਸ਼ਾਂਤੀ ਨਾਲ ਬੈਠ ਕੇ ਧਰਨਾ ਦੇ ਰਹੀਆਂ ਸਨ ਤੇ ਪਾਠ ਕਰ ਰਹੀਆਂ ਹਨ। ਸੰਗਤ ਦਾ ਸਿਰਫ਼ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਹੀ ਬਾਕੀ ਸੀ ਕਿ ਪੁਲਿਸ ਨੇ ਸੰਗਤ 'ਤੇ ਹਮਲਾ ਕਰ ਦਿੱਤਾ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਜੋ ਸ਼ਕਲ ਤੋਂ ਨਾ ਤਾਂ ਸਿੱਖ ਲੱਗ ਰਿਹਾ ਸੀ ਤੇ ਨਾ ਹੀ ਜਾਪ ਕਰ ਰਹੀ ਸੰਗਤ ਦਾ ਅੰਗ ਲੱਗ ਰਿਹਾ ਸੀ।
ਇਹ ਨੌਜਵਾਨ ਲਗਾਤਾਰ ਸਿਰਫ਼ ਪੁਲਿਸ ਦੇ ਵਿਚਕਾਰ ਹੀ ਡੰਡਾ ਲੈ ਕੇ ਘੁੰਮ ਰਿਹਾ ਸੀ ਜਿੱਥੇ ਸੰਗਤ ਦੇ ਆਸ-ਪਾਸ ਸਾਰੀ ਪੁਲਿਸ ਤਾਇਨਾਤ ਸੀ ਤੇ ਇਸ ਟੀਮ ਵਿਚ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ। ਇਸ ਵੀਡੀਓ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਪੁਲਿਸ ਨੂੰ ਇੰਨੀ ਕਿੰਨੀ ਕੁ ਜਲਦੀ ਸੀ ਕਿ ਪੁਲਿਸ ਨੇ ਸੰਗਤ ਦਾ 15 ਮਿੰਟ ਵੀ ਇੰਤਜ਼ਾਰ ਨਹੀਂ ਕੀਤਾ ਤੇ ਪਾਠ ਕਰਦੀ ਸੰਗਤ 'ਤੇ ਧਾਵਾ ਬੋਲ ਦਿੱਤਾ।
ਇਸ ਤੋਂ ਇਹ ਜਾਪਦਾ ਹੈ ਕਿ ਇਹ ਸਭ ਕੁੱਝ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ ਸਾਰੀ ਸਕਰਿਪਟ ਪਹਿਲਾਂ ਤੋਂ ਹੀ ਤਿਆਰ ਕੀਤੀ ਗਈ ਹੋਵੇ।
ਜੋ ਨੌਜਵਾਨ ਵੀਡੀਓ ਵਿਚ ਸੀ ਉਸ ਨੂੰ ਨਾ ਤਾਂ ਜਾਂਚ ਏਜੰਸੀਆਂ ਨੇ ਅਪਣੀ ਜਾਂਚ ਵਿਚ ਸ਼ਾਮਲ ਕੀਤਾ ਤੇ ਨਾ ਹੀ ਕੋਈ ਖੁਲਾਸਾ ਕੀਤਾ ਜਿਸ ਤੋਂ ਇਹ ਜਾਪਦਾ ਹੈ ਕਿ ਸ਼ਾਇਦ ਇਸ ਨੌਜਵਾਨ ਨੂੰ ਕਿਸੇ ਨੇ ਤਿਆਰ ਕੀਤਾ ਹੋਵੇ ਤੇ ਸੀਨੀਅਰ ਅਧਿਕਾਰੀਆਂ ਦਾ ਇਸ 'ਤੇ ਥਾਪੜਾ ਹੋਵੇ।
ਇਸ ਨੌਜਵਾਨ ਦੇ ਹੱਥ ਵਿਚ ਬੇਸਬਾਲ ਦਾ ਡੰਡਾ ਸੀ ਤੇ ਉਸ ਨੇ ਇਸ ਨਾਲ ਪੁਲਿਸ ਦੀ ਟੁਕੜੀ 'ਤੇ ਹਮਲਾ ਕੀਤਾ ਜਿਸ ਤੋਂ ਬਾਅਦ ਉਸ ਨੂੰ ਕਾਰਨ ਬਣਾਉਂਦੇ ਹੋਏ ਪੁਲਿਸ ਨੇ ਪਾਠ ਕਰ ਰਹੀ ਸੰਗਤ 'ਤੇ ਹਮਲਾ ਕਰ ਦਿੱਤਾ।ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਪਰਮਰਾਜ ਸਿੰਘ ਉਮਰਾਨੰਗਲ ਵਰਗੇ ਹੋਰ ਸੀਨੀਅਰ ਅਧਿਕਾਰੀ ਜਦੋਂ ਉੱਥੇ ਤੈਨਾਤ ਸਨ ਤਾਂ ਫਿਰ ਇਕ ਨੌਜਵਾਨ ਪੁਲਿਸ ਟੁਕੜੀ ਦੇ ਵਿਚ ਡੰਡਾ ਲੈ ਕੇ ਘੁੰਮਦਾ ਦਿਖਾਈ ਦੇ ਰਿਹਾ ਹੋਵੇ ਤਾਂ ਕੋਈ ਸਵਾਲ ਕਿਉਂ ਨਹੀਂ ਹੋਇਆ?
ਇਹ ਨੌਜਵਾਨ ਅਜੇ ਤੱਕ ਇਕ ਵਾਰ ਵੀ ਸਾਹਮਣੇ ਨਹੀਂ ਆਇਆ ਤੇ ਇਸ ਦੀ ਜਾਤ ਤੇ ਧੜਮ ਤਾਂ ਇਸ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਹੁਣ ਪਤਾ ਨਹੀਂ ਕਿ ਇਹ ਫੜਿਆ ਵੀ ਜਾਵੇਗਾ ਜਾਂ ਨਹੀਂ ਕਿਉਂਕਿ ਜਾਂਚ ਚੱਲਦੀ ਨੂੰ 8 ਸਾਲ ਬੀਤ ਗਏ ਹਨ ਤੇ ਚੌਥਾ ਚਾਲਾਨ ਪੇਸ਼ ਕਰਨ ਦੀ ਤਿਆਰੀ ਹੈ ਪਰ ਇਸ ਨੌਜਵਾਨ ਬਾਰੇ ਇਕ ਵਾਰ ਵੀ ਗੱਲ ਨਹੀਂ ਕੀਤੀ ਗਈ। ਇਸ ਨੌਜਵਾਨ ਪਿੱਛੇ ਕੀ ਸਿਆਸੀ ਸ਼ੈਅ ਸੀ ਜਾਂ ਫਿਰ ਪੁਲਿਸ ਦੀ ਮਨਸ਼ਾ ਸਹੀ ਨਹੀਂ ਸੀ ਤੇ ਜਾਂਚ ਵਿਚ ਇਸ ਨੂੰ ਕਿਉਂ ਨਹੀਂ ਲਿਆ ਗਿਆ ਇਸ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ।