
ਸਿੱਕਮ ਦੇ ਮੁੱਖ ਮੰਤਰੀ ਨੇ ਸੂਬਾਈ ਰਾਜਨੀਤੀ ਲਈ ਸਿੱਖੀ ਦੀ ਵਿਸ਼ਵ ਪਧਰੀ ਸ਼ਾਨ ਅੱਖੋਂ ਪਰੋਖੇ ਕੀਤੀ : ਗਰੇਵਾਲ
ਚੰਡੀਗੜ੍ਹ, 4 ਅਕਤੂਬਰ (ਸੁਰਜੀਤ ਸਿੰਘ ਸੱਤੀ) : ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮੰਗ ਵਲੋਂ ਗੁਰਦੁਆਰਾ ਡਾਂਗ ਮਾਰ ਸਾਹਿਬ ਦੀ ਇਕ ਇੰਚ ਥਾਂ ਨਾ ਦਿਤੇ ਜਾਣ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਕ ਇੰਚ ਜ਼ਮੀਨ ਨਹੀਂ ਛਡਾਂਗੇ।
ਸਿੱਕਮ ਹਾਈ ਕੋਰਟ ’ਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਕੇਸ ਦਾ ਫ਼ੈਸਲਾ ਰਾਖਵਾਂ ਰੱਖੇ ਹੋਣ ਉਪਰੰਤ ਤਮੰਗ ਵਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਬਾਰੇ ਆਏ ਬਿਆਨ ਨੂੰ ਕੋਰਟ ਦੀ ਉਲੰਘਣਾ ਕਰਾਰ ਦਿੰਦਿਆਂ ਇਥੇ ਚੰਡੀਗੜ੍ਹ ਸਬ ਆਫ਼ਿਸ ਵਿਚ ਇਕ ਪ੍ਰੈਸ ਕਾਨਫ਼ਰੰਸ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਤੇ ਐਡਵੋਕੇਟ ਗੁਰਪ੍ਰੀਤ ਸਿੰਘ ਤਲਵੰਡੀ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਉਮੀਦ ਸੀ ਕਿ ਫ਼ਰਾਖ਼ ਦਿਲੀ ਵਿਖਾਉਂਦਿਆਂ ਸਿੱਕਮ ਦੇ ਮੁੱਖ ਮੰਤਰੀ ਵਲੋਂ ਗੁਰਦੁਆਰਾ ਡਾਂਗਮਾਰ ਸਾਹਿਬ ਲਈ ਥਾਂ ਛੱਡੇ ਜਾਣ ਦਾ ਐਲਾਨ ਕੀਤਾ ਜਾਵੇਗਾ ਪਰ ਇਸ ਦੇ ਉਲਟ ਉਨ੍ਹਾਂ ਹਾਈ ਕੋਰਟ ਵਿਚ ਫ਼ੈਸਲਾ ਰਾਖਵਾਂ ਰੱਖੇ ਹੋਣ ਦੇ ਬਾਵਜੂਦ ਕਥਿਤ ਉਲੰਘਣਾ ਮਈ ਬਿਆਨ ਵਿਚ ਜ਼ਮੀਨ ਨਾ ਦਿਤੇ ਜਾਣ ਦੀ ਗੱਲ ਕਹਿ ਦਿਤੀ।
ਗਰੇਵਾਲ ਤੇ ਤਲਵੰਡੀ ਨੇ ਕਿਹਾ ਕਿ ਮੁੱਖ ਤਮੰਗ ਨੇ ਸੂਬਾਈ ਰਾਜਨੀਤੀ ਲਈ ਕੌਮਾਂਤਰੀ ਪੱਧਰ ’ਤੇ ਮੰਨੇ ਜਾਣ ਵਾਲੇ ਸਿੱਖ ਧਰਮ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਪਰੋਕਤ ਨੇ ਦਸਿਆ ਕਿ ਗੁਰਦੁਆਰਾ ਡਾਂਗ ਮਾਰ ਸਾਹਿਬ ਭਾਰਤੀ ਫ਼ੌਜ ਦੇ ਅਖ਼ਤਿਆਰ ਵਾਲੇ ਖੇਤਰ ਵਿਚ ਪੈਂਦਾ ਹੈ ਤੇ ਸਾਲ 2017 ਵਿਚ ਗੁਰਦੁਆਰਾ ਡਾਂਗ ਮਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਟਾ ਦਿਤਾ ਗਿਆ ਤੇ ਜਦੋਂ ਸ਼੍ਰੋਮਣੀ ਕਮੇਟੀ ਨੇ ਕੋਰਟ ਕੇਸ ਕੀਤਾ ਤਾਂ ਸਥਿਤੀ ਜਿਉਂ ਦੀ ਤਿਉਂ ਰੱਖ ਦਿਤੀ ਗਈ। ਪੰਜ ਸਤੰਬਰ ਨੂੰ ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ। ਗਰੇਵਾਲ ਤੇ ਤਲਵੰਡੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਵਿਸ਼ੇ ਵਿਚ ਜੋ ਵੀ ਕਾਨੂੰਨੀ ਚਾਰਾਜੋਈ ਹੋਵੇਗੀ, ਜ਼ਰੂਰ ਕਰੇਗੀ ਪਰ ਗੁਰਦੁਆਰਾ ਸਾਹਿਬ ਦੀ ਇਕ ਇੰਚ ਜ਼ਮੀਨ ਨਹੀਂ ਛਡੇਗੀ।