
ਮੇਰੇ ਤੋਂ ਲਿਖ ਕੇ ਲੈ ਲਵੋ ਕਿ ਧਰਮ ਪ੍ਰੀਵਰਤਨ ਵਿਚ ਆਉਣ ਵਾਲੇ ਦਸ ਸਾਲਾਂ ਵਿਚ ਮਾਝੇ ਵਾਂਗ ਮਾਲਵੇ ਨੂੰ ਇਸਾਈਮਤ ਅਪਣੇ ਕਲਾਵੇ ਵਿਚ ਲੈ ਲਵੇਗਾ : ਢਡਰੀਆਂ ਵਾਲੇ
Panthak News: ਮੇਰੇ ਤੋਂ ਲਿਖ ਕੇ ਲੈ ਲਵੋ ਤੇ ਭਾਵੇਂ ਮੇਰੀ ਅੱਜ ਦੀ ਰਿਕਾਰਡਿੰਗ ਸਾਂਭ ਕੇ ਰੱਖ ਲਵੋ ਕਿ ਜਿਸ ਤਰ੍ਹਾਂ ਸਿੱਖੀ ਦੇ ਘਰ ਮਾਝੇ ਵਿਚ ਲੋਕ ਧਰਮ ਤਬਦੀਲ ਕਰ ਕੇ ਇਸਾਈ ਬਣਦੇ ਜਾ ਰਹੇ ਹਨ ਅਤੇ ਆਉਣ ਵਾਲੇ ਦਸ ਸਾਲਾਂ ਵਿਚ ਪਟਿਆਲਾ ਸਮਾਣਾ ਅਤੇ ਮਾਲਵੇ ਦਾ ਹਾਲ ਵੀ ਉਹੀ ਹੋ ਜਾਣਾ ਏ। ਅੱਜ ਬਾਰਡਰ ਏਰੀਏ ਦੇ ਪਿੰਡਾਂ ਵਿਚ ਤਿੰਨ-ਤਿੰਨ ਚਰਚਾਂ ਦੇ ਮੁਕਾਬਲੇ ਗੁਰਦੁਆਰਾ ਇਕ ਇਕ ਹੀ ਰਹਿ ਗਿਆ ਹੈ, ਸੱਚ ਜਾਣੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੰਜਾਬ ਵਿਚ ਸਿੱਖੀ ਦਾ ਇਹ ਹਾਲ ਹੁੰਦਾ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਦੂਜਿਆਂ ਦੇ ਮੁਕਾਬਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਜ਼ਮੀਨ ਅਸਮਾਨ ਦੇ ਫ਼ਰਕ ਰਖਦਾ ਹੈ। ਇਹ ਖਦਸ਼ਾ ਪ੍ਰਮੇਸ਼ਰਦੁਆਰ ਵਿਖੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਮਹੀਨਾਵਾਰੀ ਸਮਾਗਮ ਸਮੇਂ ਸੰਗਤਾਂ ਦੇ ਵਿਸ਼ਾਲ ਇਕੱਠ ਨਾਲ ਸਾਂਝਾ ਕਰਦਿਆਂ ਜ਼ਾਹਰ ਕੀਤਾ।
ਉਨ੍ਹਾਂ ਕਿਹਾ ਕਿ ਹੁਣ ਇਸਾਈਮਤ ਲਈ ਪ੍ਰਚਾਰ ਕਰਨਾ ਸੌਖਾ ਹੋ ਗਿਆ ਕਿਉਂਕਿ ਮੈਦਾਨ ਖ਼ਾਲੀ ਹੈ ਤੇ ਉਹ ਦੋ ਚਾਰ ਜ਼ਿਲ੍ਹਿਆਂ ਵਿਚੋਂ ਵੱਡਾ ਇਕੱਠ ਕਰ ਕੇ ਲੋਕਾਂ ਨੂੰ ਭਰਮਾ ਰਹੇ ਹਨ, ਜਦੋਂ ਕਿ ਸਾਡੇ ਸ਼੍ਰੋਮਣੀ ਕਮੇਟੀ ਵਾਲੇ, ਪ੍ਰਚਾਰ ਦੀ ਬਜਾਏ ਸਿਰਫ਼ ਗੋਲਕਾਂ ਸੰਭਾਲਣ ਅਤੇ ਲੀਡਰ ਅਪਣੀ ਲੀਡਰੀ ਚਮਕਾਉਣ ਵਲ ਕੇਂਦਰਤ ਹਨ, ਲਗਦਾ ਉਨ੍ਹਾਂ ਨੂੰ ਧਰਮ ਨਾਲੋਂ ਵੋਟਾਂ ਦੀ ਜ਼ਿਆਦਾ ਲੋੜ ਹੈ ਜਿਸ ਤਰ੍ਹਾਂ ਸਿੱਖੀ ਦੇ ਗੜ੍ਹ ਮਾਝੇ ਅਤੇ ਦੁਆਬੇ ਵਿਚ ਹੀ ਧਰਮ ਪ੍ਰੀਵਰਤਨ ਕਰਵਾ ਕੇ ਸਿੱਖਾਂ ਨੂੰ ਇਸਾਈ ਬਣਾਇਆ ਜਾ ਰਿਹਾ ਹੈ, ਉਹ ਦਿਨ ਦੂਰ ਨਹੀਂ ਜਦੋਂ ਮਾਲਵੇ ਨੂੰ ਵੀ ਇਹ ਅਪਣੀ ਜਕੜ ਵਿਚ ਲੈ ਲਵੇਗਾ ਤੇ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ 2034 ਤਕ ਕੁੱਝ ਨੌਜਵਾਨੀ ਦੇਸ਼ ਛੱਡ ਜਾਵੇਗੀ ਅਤੇ ਅੱਧੀ ਮੁਫ਼ਤ ਆਟਾ- ਦਲ, ਸਫ਼ਰ ਅਤੇ ਬਿਜਲੀ ਮੁਫ਼ਤ ਅਤੇ ਬਾਕੀ ਇਲਾਜ ਅਤੇ ਪੜ੍ਹਾਈ ਮੁਫ਼ਤ ਦੇ ਚੱਕਰਾਂ ਵਿਚ ਇਸਾਈ ਬਣ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਸਿੱਧੇ ਸ਼ਬਦਾਂ ਵਿਚ ਕਹਾਂ ਕਿ ਸਿੱਖਾਂ ਤੇ ਗੁੱਸਾ ਨਾ ਕਰਿਆ ਕਰੋ, ਇਨ੍ਹਾਂ ਨੂੰ ਕਰਮਕਾਂਡ ਕਰਦਿਆਂ ਦੇਖ ਤਰਸ ਕਰ ਕੇ ਅਰਦਾਸ ਕਰਿਆ ਕਰੋ ਕਿਉਂਕਿ ਸਿੱਖ ਇਕ ਜਜ਼ਬਾਤੀ ਤੇ ਭੋਲੀ ਕੌਮ ਹੈ, ਇਨ੍ਹਾਂ ਨੂੰ ਕਦੇ ਕੋਈ ਮੂਰਖ ਬਣਾ ਕੇ ਜਜ਼ਬਾਤਾਂ ਨਾਲ ਖੇਡ ਜਾਂਦਾ ਹੈ ਅਤੇ ਕਦੇ ਕੋਈ। ਉਨ੍ਹਾਂ ਕਿਹਾ ਕਿ ਕੁੱਝ ਸਿੱਖੀ ਦਾ ਦਰਦ ਰੱਖਣ ਵਾਲੇ ਪ੍ਰਚਾਰਕ ਇਨ੍ਹਾਂ ਹਾਲਾਤ ਤੋਂ ਚਿੰਤਤ ਹਨ, ਪਰ ਬਹੁਤੀ ਸੰਗਤ ਦਾ ਸਹਿਯੋਗ ਨਾ ਮਿਲਣ ਕਰ ਕੇ ਬੇਵੱਸ ਦਿਖਾਈ ਦੇ ਰਹਿ ਹਨ ਤੇ ਕੁੱਝ ਕੁ ਪ੍ਰਚਾਰਕ ਇਨ੍ਹਾਂ ਲੱਠਮਾਰਾਂ ਦੇ ਸਤਾਏ ਗੁਰੂ ਪੰਥ ਨੂੰ ਛੱਡ ਸੰਪਰਦਾਵਾਂ (ਸ੍ਰੀ ਚੰਦ ਆਦਿ) ਵਲ ਖਿੱਚੇ ਜਾ ਰਹੇ ਹਨ ਕਿਉਂਕਿ ਉਧਰ ਕੋਈ ਮਰਿਆਦਾ ਦਾ ਡੰਡਾ ਨਹੀਂ ਜਿਸ ਕਰ ਕੇ ਇਸ ਇਲਾਮਤ ਨੂੰ ਠੱਲ ਪੈਂਦੀ ਦਿਖਾਈ ਨਹੀਂ ਦੇ ਰਹੀ।
ਉਨਾਂ ਕਿਹਾ ਕਿ ਉਨ੍ਹਾਂ ਦੇ ਵੱਡੇ ਵੱਡੇ ਦੇਸ਼ ਹਨ ਅਤੇ ਬੇਅਥਾਹ ਪੈਸਾ ਆਉਣਾ ਜਦੋਂ ਕਿ ਸਾਡੇ ਵਾਲਿਆਂ ਨੇ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਬਹੁਤ ਸੋਹਣੀ ਹੈ, ਮੇਰੇ ਕੋਲੇ ਚੰਗੀ ਕੋਠੀ ਕਾਰਾਂ, ਇੱਜ਼ਤ ਅਤੇ ਦੇਸ਼ ਵਿਦੇਸ਼ ਘੁੰਮਣ ਦੀਆਂ ਸਹੂਲਤਾਂ ਵੀ ਹਨ, ਪਰ ਮੇਰੇ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਆਨੰਦਪੁਰ ਸਾਹਿਬ ਅਤੇ ਸਿੱਖੀ ਨੂੰ ਖ਼ਤਮ ਹੁੰਦਾ ਦੇਖਿਆ ਨਹੀਂ ਜਾ ਸਕਦਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।