
ਹੁਣ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਸਿੱਖ ਵੋਟਰਾਂ ਵਿਚ ‘ਟੋਕਰੀ’ ਚੋਣ ਨਿਸ਼ਾਨ ਨੂੰ ਉਭਾਰਨ ਲਈ ਜ਼ੋਰ ਲਾ ਰਿਹਾ ਹੈ।
Shiromani Akali Dal News: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਵਿਚ ਸਜਾਏ ਗਏ ਵੱਡੇ ਨਗਰ ਕੀਰਤਨ ਵਿਚ ਵੱਖ-ਵੱਖ ਅਕਾਲੀ ਦਲਾਂ ਦੀ ਹੋਰਡਿੰਗ ਨੀਤੀ ਤੋਂ ਇਨ੍ਹਾਂ ਦੀ ਮਾਂ ਬੋਲੀ ਪੰਜਾਬੀ ਪ੍ਰਤੀ ਅਸਲ ਨੀਤੀ ਉੱਘੜ ਕੇ ਸਾਹਮਣੇ ਆਉਂਦੇ ਦੇਰ ਨਹੀਂ ਲਗਦੀ ਜਿਸ ਦਿੱਲੀ ਸਿੱਖ ਗੁਰਦਵਾਰਾ ਐਕਟ-1971 ਅਧੀਨ ਇਹ ਸਾਰੇ ਅਕਾਲੀ ਦਲ ਆਦਿ ਦਿੱਲੀ ਕਮੇਟੀ ਦੀਆਂ ਚੋਣਾਂ ਲੜਦੇ ਹਨ, ਉਸ ਵਿਚ ਦਿੱਲੀ ਕਮੇਟੀ ਮੈਂਬਰ, ਦਿੱਲੀ ਵਿਚ ਪੰਜਾਬੀ/ਗੁਰਮੁਖੀ ਲਿਪੀ ਤੇ ਪ੍ਰਚਾਰ ਪਾਸਾਰ ਲਈ ਵੀ ਪਾਬੰਦ ਹਨ, ਪਰ ਅੱਜ ਦੀਵਾਰਾਂ, ਚੌਰਾਹਿਆਂ ਤੇ ਹੋਰ ਥਾਂਵਾਂ ’ਤੇ ਜੰਮ ਕੇ ਲਾਏ ਗਏ ਪੋਸਟਰ-ਹੋਰਡਿੰਗ ਦਿੱਲੀ ਵਿਚ ਪੰਜਾਬੀ ਬੋਲੀ ਪ੍ਰਤੀ ਅਕਾਲੀ ਦਲਾਂ ਦੇ ਸਟੈਂਡ ਨੂੰ ਵੀ ਸਪੱਸ਼ਟ ਕਰਦੇ ਹਨ।
ਬਾਦਲਾਂ ਤੋਂ ਬਾਗ਼ੀ ਹੋ ਕੇ ਬਣੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ), (ਜੋ ਦਿੱਲੀ ਕਮੇਟੀ ਦਾ ਪ੍ਰਬੰਧ ਸੰਭਾਲ ਰਿਹਾ ਹੈ), ਨੇ ਨਗਰ ਕੀਰਤਨ ਦੇ ਰਾਹ ਵਿਚ 99 ਫ਼ੀ ਸਦੀ ਪੰਜਾਬੀ ਵਿਚ ਹੋਰਡਿੰਗ ਲਾਏ ਸਨ, ਜਿਨ੍ਹਾਂ ’ਤੇ ਜਿੱਤੇ ਤੇ ਹਾਰੇ ਹੋਏ ਮੈਂਬਰਾਂ ਦੀਆਂ ਫ਼ੋਟੋਆਂ, ਚੋਣ ਵਾਰਡ ਦੇ ਨਾਲ ਵਿਸ਼ੇਸ਼ ਤੌਰ ’ਤੇ ਚੋਣ ਨਿਸ਼ਾਨ ‘ਟੋਕਰੀ’ ਵੀ ਲੱਗਾ ਹੋਇਆ ਸੀ ਜਿਸ ਤੋਂ ਸਪਸ਼ਟ ਹੈ ਕਿ ਦਿੱਲੀ ਦੇ ਜਿੰਨੇ ਕੁ ਵੀ ਸਿੱਖ ਵੋਟਰ ਹਨ, ਉਨ੍ਹਾਂ ਦੇ ਮਨਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਚੋਣ ਨਿਸ਼ਾਨ ‘ਬਾਲਟੀ’, ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਚੋਣ ਨਿਸ਼ਾਨ ‘ਕਾਰ’ ਪ੍ਰਚਲਤ ਹਨ।
ਹੁਣ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਸਿੱਖ ਵੋਟਰਾਂ ਵਿਚ ‘ਟੋਕਰੀ’ ਚੋਣ ਨਿਸ਼ਾਨ ਨੂੰ ਉਭਾਰਨ ਲਈ ਜ਼ੋਰ ਲਾ ਰਿਹਾ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ 30 ਫ਼ੀ ਸਦੀ ਹੋਰਡਿੰਗ ਪੰਜਾਬੀ ਵਿਚ ਅਤੇ 70 ਫ਼ੀ ਸਦੀ ਹਿੰਦੀ (ਦੇਵਨਾਗਰੀ) ਵਿਚ ਲੱਗੇ ਹੋਏ ਹਨ, ਜਿਨ੍ਹਾਂ ’ਤੇ ਸੁਖਬੀਰ ਸਿੰਘ ਬਾਦਲ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ ਤੇ ਹੋਰ ਮੈਂਬਰਾਂ ਦੀਆਂ ਫ਼ੋਟੋਆਂ ਲੱਗੀਆਂ ਹੋਈਆਂ ਹਨ।
ਸ਼ਾਇਦ ਹੁਣ ਵੱਖ-ਵੱਖ ਅਕਾਲੀ ਦਲਾਂ ਦੀ ਇਹ ਮਜਬੂਰੀ ਬਣ ਚੁਕੀ ਹੈ ਕਿ ਦਿੱਲੀ ਵਰਗੇ ਸ਼ਹਿਰ ਵਿਚ ਹਿੰਦੀ (ਦੇਵਾਨਗਰੀ) ਬਿਨਾਂ ਕੰਮ ਨਹੀਂ ਸਰਨਾ, ਇਸ ਲਈ ਵੀ ਇਹ ਪੰਥਕ ਮੁਹਾਵਰੇ ਦੀ ਥਾਂ ’ਤੇ ਹਿੰਦੀ ਦੇ ਲੜ ਲੱਗ ਰਹੇ ਹਨ। ਉਂਜ ਬਾਦਲਾਂ ਦੀ ਕੁੱਖ ਵਿਚੋਂ ਨਿਕਲ ਕੇ, ਪੱਲੇ ਤੇ ਜਵਾਨ ਹੋਏ ਦਿੱਲੀ ਕਮੇਟੀ ਦੇ ਨਵੇਂ ‘ਤਾਜਦਾਰ’ ਜਿਨ੍ਹਾਂ ਦਾ ਝੁਕਾਅ ਭਾਜਪਾ ਪੱਖੀ ਮੰਨਿਆ ਜਾਂਦਾ ਹੈ, ਉਸ ਵਲੋਂ ਪੰਜਾਬੀ ਅਖ਼ਬਾਰਾਂ ਦੇ ਮੁਕਾਬਲੇ ਹਿੰਦੀ ਅਖ਼ਬਾਰਾਂ ਨੂੂੰ ਦਿਤੇ ਜਾਂਦੇ ਦੁਗਣੇ ਇਸ਼ਤਿਹਾਰਾਂ ਤੋਂ ਇਨ੍ਹਾਂ ਦਾ ਦੇਵਨਾਗਰੀ ਪ੍ਰੇਮ ਨਹੀਂ ਛੁਪਦਾ ਕਿਉਂਕਿ ਸੰਗਤਾਂ ਦੇ ਇਹ ਨੁਮਾਇੰਦੇ ‘ਸੰਗਤਾਂ ਦੇ ਹਿਤ’ ਵਿਚ ਪੰਜਾਬੀ ਅਖ਼ਬਾਰਾਂ ਵਿਚ ਹੁੰਦੀ ਅਪਣੀ ਮੁੱਦੇ ਆਧਾਰਤ ਮਾਮੂਲੀ ਆਲੋਚਨਾ ਵੀ ਜਰ ਸਕਣ ਤੋਂ ਭੱਜਦੇ ਹਨ, ਫਿਰ ਗੁਰਪੁਰਬਾਂ ਮੌਕੇ ਸਟੇਜਾਂ ਤੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਸਬਰ ਸੰਤੋਖ ਦੇ ਉਪਦੇਸ਼ ਮੰਨਣ ਲਈ ਭਾਸ਼ਣ ਕਲਾ ਦੇ ਮਾਹਰ ਬਣ ਜਾਂਦੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।