
ਧਾਰੀਵਾਲ : ਜੂਨ 1984 ਵਿਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ ਨਿੰਦਾ ਹਰ ਕੋਈ ਕਰਦਾ ਹੈ ਪਰ ਉਸ ਬਾਰੇ ਅਸਲੀ ਤੱਥ ਸਾਹਮਣੇ ਲਿਆਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ...
ਧਾਰੀਵਾਲ : ਜੂਨ 1984 ਵਿਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ ਨਿੰਦਾ ਹਰ ਕੋਈ ਕਰਦਾ ਹੈ ਪਰ ਉਸ ਬਾਰੇ ਅਸਲੀ ਤੱਥ ਸਾਹਮਣੇ ਲਿਆਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਰਜਿ. ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਧਾਰੀਵਾਲ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।
Baldev Singhਉਨ੍ਹਾਂ ਕਿਹਾ ਕਿ ਜੇਕਰ ਜਲ੍ਹਿਆਂਵਾਲੇ ਬਾਗ਼ 'ਚ ਵਾਪਰੇ ਦੁਖਾਂਤ ਦੇ 100 ਸਾਲ ਬਾਅਦ ਵੀ ਦਸਤਾਵੇਜ਼ਾਂ 'ਤੇ ਬਹਿਸ ਕਰਦਿਆਂ ਸਹੀ ਅੰਕੜੇ ਪੇਸ਼ ਕੀਤੇ ਜਾ ਸਕਦੇ ਹਨ ਤਾਂ ਜੂਨ 1984 ਵਿਚ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ, ਟੈਂਕਾਂ ਅਤੇ ਗੋਲਾ ਬਰੂਦ ਨਾਲ ਕੀਤੇ ਹਮਲੇ ਦੇ ਤੱਥ ਵੀ ਸਾਹਮਣੇ ਆਉਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਵਿਚ ਦੋ ਸਿੰਘਾਂ ਦੀ ਸ਼ਹਾਦਤ 'ਤੇ ਵੀ ਵਿਧਾਨ ਸਭਾ ਅੰਦਰ ਬਹਿਸ ਹੋਈ ਅਤੇ ਐਸ.ਆਈ.ਟੀ. ਦਾ ਗਠਨ ਹੋਇਆ ਪਰ ਜੂਨ 1984 ਵਿਚ ਵਾਪਰੇ ਦੁਖਾਂਤ ਬਾਰੇ ਕਿਸੇ ਵੀ ਸਿਆਸੀ ਪਾਰਟੀ ਨੇ ਵਿਧਾਨ ਸਭਾ ਵਿਚ ਸੋਕ ਮਤਾ ਪੇਸ਼ ਨਹੀਂ ਕੀਤਾ ਅਤੇ ਨਾ ਹੀ ਇਸ ਹਮਲੇ ਬਾਰੇ ਪਿਛਲੀ ਸਰਕਾਰਾਂ ਅਤੇ ਮੌਜੂਦਾ ਸਰਕਾਰ ਨੇ ਸਿੱਖ ਕੌਮ ਦੇ ਦਰਦ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਕੈਸ਼ੀਅਰ ਸੁਖਦੇਵ ਸਿੰਘ, ਸੁਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਗੁਲਜ਼ਾਰ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਆਦਿ ਹਾਜ਼ਰ ਸਨ।