
ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਦਿਤੀ ਗਈ ਮੁਆਫ਼ੀ ਦਾ ਜਿੰਨ ਇਕ ਵਾਰ...
ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਦਿਤੀ ਗਈ ਮੁਆਫ਼ੀ ਦਾ ਜਿੰਨ ਇਕ ਵਾਰ ਫਿਰ ਬੋਤਲ ਵਿਚੋਂ ਬਾਹਰ ਕੱਢ ਕੇ ਸਾਥੀ ਰਹੇ ਜਥੇਦਾਰਾਂ ਅਤੇ ਮੌਜੂਦਾ ਜਥੇਦਾਰਾਂ ਨੂੰ ਡਰਾਉਣਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਵਿਚ ਮਾਹਰ ਗਿਆਨੀ ਇਕਬਾਲ ਸਿੰਘ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਲਈ ਉਤਾਵਲਾ ਜਥੇਦਾਰ ਪਹਿਲਾਂ ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਤਲਬ ਕਰੇ।
Giani Iqbal Singhਉਨ੍ਹਾਂ ਸਾਥੀ ਜਥੇਦਾਰਾਂ ਅਤੇ ਮੌਜੂਦਾ ਜਥੇਦਾਰਾਂ ਨੂੰ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਤੇ ਜਾਂਚ ਕਰ ਰਹੀ ਸਿਟ(ਵਿਸ਼ੇਸ਼ ਜਾਂਚ ਟੀਮ) ਅਗੇ ਪੇਸ਼ ਹੋ ਸਕਦੇ ਹਨ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਿਰਦੋਸ਼ ਸਿੰਘਾਂ ਦੀ ਸ਼ਹੀਦੀ ਦਾ ਸੱਚ ਸਾਹਮਣੇ ਆ ਸਕੇ ਤੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ। ਸੌਦਾ ਸਾਧ ਨੂੰ ਮਾਫ਼ੀ ਮਾਮਲੇ ਤੇ ਸੱਚ ਬੋਲਣ ਲਈ 4 ਸਾਲ ਦਾ ਸਮਾਂ ਲਗ ਜਾਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਹ ਹਰ ਮੀਟਿੰੰਗ ਵਿਚ ਸਵਾਲ ਕਰਦੇ ਸਨ ਪਰ ਹਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁਪਰੀਮ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਚੁੱਪ ਕਰਵਾ ਦਿਤਾ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਨੇ ਮੁਆਫ਼ੀ ਕਾਂਡ ਦਾ ਕਚਾ ਚਿੱਠਾ ਸੰਗਤਾਂ ਦੇ ਸਾਹਮਣੇ ਪੇਸ਼ ਕਰ ਦਿਤਾ ਸੀ ਪਰ ਕੁੱਝ ਸਵਾਲ ਹਾਲੇ ਵੀ ਹਨ ਜਿਨਾਂ ਦਾ ਜਵਾਬ ਸੰਗਤ ਉਡੀਕ ਰਹੀ ਹੈ। ਇਸ ਤੋ ਇਲਾਵਾ ਅੱਜ ਇਕ ਬਿਆਨ ਜਾਰੀ ਕਰਕੇ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਮੈ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਦਾ ਸੱਚ ਸਾਹਮਣੇ ਲਿਆਉਣ ਕਾਰਨ ਪੰਥਕ ਅਤੇ ਰਾਜਨੀਤਕ ਆਗੂਆਂ ਦੀ ਕਰੋਪੀ ਦਾ ਸ਼ਿਕਾਰ ਹੋਇਆ ਹਾਂ। ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਰਾਮ ਰਹੀਮ ਨੂੰ ਮੁਆਫ਼ੀਨਾਮੇ ਵਾਲੀ ਚਿੱਠੀ ਦੀ ਹੇਰਾਫੇਰੀ ਕਿਸ ਤਰ੍ਹਾਂ ਕੀਤੀ, ਇਹ ਚਿੱਠੀ ਕਿਸੇ ਤਰ੍ਹਾਂ ਪੁਜੀ, ਮੁਆਫ਼ੀ ਦੇ ਹੁਕਮ ਕਿਸ ਨੇ ਦਿਤੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਨ੍ਹਾਂ ਦੋਹਾਂ ਨੂੰ ਤਲਬ ਕੀਤਾ ਜਾਵੇ।
ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਨੂੰ ਸੰਤਬਰ 2015 ਵਿਚ ਬਿਨਾ ਮੰਗੇ ਮੁਆਫ਼ੀ ਦਿਤੀ, ਉਸ ਦਾ ਸੱਚ ਸੰਗਤਾਂ ਨੂੰ ਦੱਸਣ ਕਾਰਨ ਅਖੌਤੀ ਪੰਥਕ ਅਤੇ ਰਾਜਨੀਤਕ ਆਗੂਆਂ ਦੀ ਪੋਲ ਖੁਲ੍ਹ ਗਈ ਤੇ ਉਨ੍ਹਾਂ ਰਲ ਕੇ ਮੇਰੇ ਵਿਰੁਧ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਚਿੱਠੀ ਕਿਵੇਂ ਪੁਜੀ, ਕੌਣ ਲਿਆਇਆ, ਮੁਆਫ਼ੀ ਦੇ ਹੁਕਮ ਕਿਸ ਨੇ ਦਿਤੇ,ਚਿੱਠੀ ਦੀ ਅਦਲਾ ਬਦਲੀ ਕਿਵੇਂ ਹੋਈ, ਇਹ ਸੱਭ ਕੁੱਝ ਸੰਗਤਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਤਲਬ ਕਰਨ ਅਤੇ ਜਾਂਚ ਕਮੇਟੀ ਬਣਾ ਕੇ ਕਾਰਵਾਈ ਕਰਨ।