
ਡੇਰਾ ਸਿਰਸਾ ਵਿਚਲਾ ਜ਼ਮੀਨੀ ਮਾਮਲਾ ਵੀ ਹੈਰਾਨੀਜਨਕ ਪ੍ਰਗਟਾਵੇ ਕਰੇਗਾ
ਸਿਰਸਾ : ਸੌਦਾ ਸਾਧ ਅਪਣੇ ਅਪਰਾਧਾਂ ਕਾਰਨ ਮਾਨਯੋਗ ਕੋਰਟ ਦੇ ਹੁਕਮਾਂ 'ਤੇ 20 ਸਾਲ ਲਈ ਰੋਹਤਕ ਦੀ ਸੁਨਾਰੀਆ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਡੇਰਾ ਮੁਖੀ ਦੇ ਜੇਲ ਜਾਣ ਉਪਰੰਤ ਡੇਰਾ ਸਿਰਸਾ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਉਸ ਸਮੇਂ ਹੋਇਆ ਜਦੋਂ ਡੇਰੇ ਨੂੰ ਮਿਲੀ ਦਾਨ ਦੀ ਜ਼ਮੀਨ ਦੀ ਜਾਂਚ ਆਮਦਨ ਕਰ ਵਿਭਾਗ ਵਲੋਂ ਸ਼ੁਰੂ ਕਰ ਦਿਤੀ ਗਈ। ਹੁਣ ਆਮਦਨ ਕਰ ਵਿਭਾਗ ਨੇ ਡੇਰੇ ਨੂੰ ਜ਼ਮੀਨ ਦਾਨ ਦੇਣ ਵਾਲੇ ਦਾਨੀਆਂ ਨੂੰ ਨੋਟਿਸ ਜਾਰੀ ਕਰ ਦਿਤੇ ਹਨ। ਹਾਈ ਕੋਰਟ ਦੇ ਹੁਕਮਾਂ 'ਤੇ ਡੇਰੇ ਦੀ ਕਮਾਈ ਦੇ ਸਰੋਤਾਂ ਦੀ ਜਾਂਚ ਸ਼ੁਰੂ ਹੈ ਤੇ ਉਸੇ ਅਧੀਨ ਹੁਣ ਡੇਰੇ ਨੂੰ ਮਿਲੀਆਂ ਚਲ-ਅਚਲ ਜਾਇਦਾਦਾਂ ਦੇ ਦਸਤਾਵੇਜ਼ ਜਾਂਚੇ ਜਾ ਰਹੇ ਹਨ।
Punjab and Haryana High Court
ਡੇਰਾ ਸਿਰਸਾ ਨੂੰ ਜ਼ਮੀਨ ਕਿੰਨਾਂ ਸਰੋਤਾਂ ਤੋਂ ਅਤੇ ਕਿਵੇਂ ਮਿਲੀ ਇਸ ਦੀ ਜਾਂਚ ਅੱਗੇ ਵਧੀ ਤਾਂ ਅਜਿਹੇ ਗ਼ੈਰ ਕਾਨੂੰਨੀ ਦਸਤਾਵੇਜ਼ ਮਿਲੇ ਹਨ। ਜਿਨ੍ਹਾਂ ਵਿਚ ਅਨੇਕਾਂ ਲੋਕਾਂ ਦੇ ਡੇਰੇ ਨੂੰ ਜ਼ਮੀਨ ਦਾਨ ਦੇਣ ਦੀ ਗੁਪਤ ਜਾਣਕਰੀ ਹੈ। ਇਸੇ ਆਧਾਰ 'ਤੇ ਆਮਦਨ ਕਰ ਵਿਭਾਗ ਨੇ ਜ਼ਮੀਨਾਂ ਤੋਹਫ਼ੇ ਕਰਨ ਵਾਲੇ ਸਬੰਧਤ ਲੋਕਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕਰ ਦਿਤੇ ਹਨ। ਭਰੋਸੇਯੋਗ ਸੂਤਰਾਂ ਅਨੁੰਸਾਰ ਚੰਡੀਗੜ੍ਹ ਤੋਂ ਵਿਭਾਗ ਦੀ ਇਕ ਟੀਮ ਸਿਰਸਾ ਆਈ ਹੋਈ ਹੈ ਜੋ ਈ.ਡੀ ਵਲੋਂ ਆਏ ਦਸਤਾਵੇਜ਼ ਦੇ ਆਧਾਰ 'ਤੇ ਸਬੰਧਤ ਲੋਕਾਂ ਨੂੰ ਨੋਟਿਸ ਜਾਰੀ ਕਰ ਕੇ ਜਾਂਚ ਕਰ ਰਹੇ ਹਨ। ਸੂਤਰ ਦਸਦੇ ਹਨ ਕਿ 120 ਤੋਂ ਜ਼ਿਆਦਾ ਨੋਟਿਸ ਜਾਰੀ ਹੋਏ ਹਨ ਅਤੇ ਉਨ੍ਹਾਂ ਵਿਚੋਂ ਕਈਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।
Dera Sirsa
ਸਬੰਧਤ ਵਿਅਕਤੀਆਂ ਵਲੋਂ ਟੀਮ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਜ਼ਮੀਨ ਗਿਫ਼ਟ ਵੀ ਕੀਤੀ ਗਈ ਸੀ ਜਾਂ ਵੇਚੀ ਗਈ ਸੀ । ਇਕ ਅਧਿਕਾਰੀ ਅਨੁਸਾਰ ਤਕਰੀਬਨ ਵੀਹ ਸਾਲ ਪਹਿਲਾਂ ਤੋਹਫ਼ੇ ਵਜੋਂ ਦਿਤੀ ਜ਼ਮੀਨ ਦੀ ਵੀ ਪੜਤਾਲ ਸ਼ੁਰੂ ਹੋਈ ਸੀ ਪਰ ਉਹ ਡੇਰਾ ਮੁਖੀ ਦੇ ਰੋਹਬ-ਦਬਾਅ ਦੇ ਚਲਦਿਆਂ ਜਾਂਚ ਨੂੰ ਦਬਾਅ ਦਿਤਾ ਗਿਆ ਸੀ। ਹੁਣ ਵੀਹ ਸਾਲ ਪਹਿਲਾਂ ਅਤੇ ਬਾਅਦ ਵਿਚ ਦਿਤੀ ਜ਼ਮੀਨ ਦੀ ਵੀ ਜਾਂਚ ਹੋ ਰਹੀ ਹੈ। ਜ਼ਮੀਨਾਂ ਨਾਲ ਸਬੰਧਤ ਰੀਕਾਰਡ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਉਸੇ ਆਧਾਰ 'ਤੇ ਜ਼ਮੀਨਾਂ ਤੋਹਫ਼ੇ ਵਜੋਂ ਦੇਣ ਵਾਲੇ ਕੋਲੋਂ ਸਵਾਲ ਜਵਾਬ ਕੀਤੇ ਜਾ ਰਹੇ ਹਨ । ਦਸਿਆ ਜਾ ਰਿਹਾ ਹੈ ਹਾਈ ਕੋਰਟ ਦੇ ਹੁਕਮਾਂ 'ਤੇ ਡੇਰਾ ਸਿਰਸਾ ਵਿਚਲਾ ਜ਼ਮੀਨੀ ਮਾਮਲਾ ਵੀ ਹੈਰਾਨੀਜਨਕ ਪ੍ਰਗਟਾਵੇ ਕਰੇਗਾ।