
ਕੀ ਕੁਰਬਾਨੀ, ‘ਸਰਬਤ ਖ਼ਾਲਸਾ’, ਗੁਰਮਤਾ ਤੇ ਆਮ ਸਿੱਖ ਨਾਲੋਂ ਸਿੱਖ ਲੀਡਰਾਂ ਨੂੰ ‘ਕੁਰਸੀ’ ਵੱਧ ਪਿਆਰੀ ਹੈ?
ਨਵੀਂ ਦਿੱਲੀ (ਅਮਨਦੀਪ ਸਿੰਘ): ਸ਼ਾਇਦ ਇਤਿਹਾਸ ਨੇ ਦਿੱਲੀ ਦੇ ਸਰਨਾ ਭਰਾਵਾਂ ਨੂੰ ਇਸ ਮੋੜ ’ਤੇ ਲਿਆ ਖੜਾ ਕਰ ਦਿਤਾ ਹੈ ਕਿ ਉਨ੍ਹਾਂ ਨੂੰ ਅਪਣੇ ਧੁਰ ਵਿਰੋਧੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ.ਸੁਖਬੀਰ ਸਿੰਘ ਬਾਦਲ ਨਾਲ ਹੱਥ ਮਿਲਾਉਣਾ ਪੈ ਰਿਹਾ ਹੈ। ਦਿੱਲੀ ਗੁਰਦਵਾਰਾ ਕਮੇਟੀ ਵਿਚ ਬਾਦਲਾਂ ਦਾ ਤਖ਼ਤਾ ਪਲਟ ਹੋਣ ਪਿਛੋਂ ਤੇ ਸ.ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਵਫ਼ਾਦਾਰ ਰਹੇ ਤਖ਼ਤ ਸ੍ਰੀ ਹਰਿੰਮਦਰ ਜੀ, ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਅਵਤਾਰ ਸਿੰਘ ਹਿਤ ਦੀ ਮੌਤ ਪਿਛੋਂ ਬਾਦਲਾਂ ਕੋਲ ਦਿੱਲੀ ਵਿਚ ਅਜਿਹਾ ਕੋਈ ਬੰਦਾ ਨਹੀਂ ਰਿਹਾ ਜੋ ਦਿੱਲੀ ਗੁਰਦਵਾਰਾ ਕਮੇਟੀ ਤੇ ਕੇਂਦਰ ਸਰਕਾਰ ਨਾਲ ਟੱਕਰ ਲੈ ਸਕਣ ਦੀ ਹਿੰਮਤ ਰਖਦਾ ਹੋਵੇ।
ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਜਿਨ੍ਹਾਂ ਨੂੰ ਬਾਦਲਾਂ ਨੇ ਜ਼ਲੀਲ ਕਰ ਕੇ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਸੀ, ਤਕ ਵੀ ਬਾਦਲਾਂ ਨੇ ਪਹੁੰਚ ਕੀਤੀ ਸੀ, ਪਰ ਉਨ੍ਹਾਂ ਇਸ ਪੇਸ਼ਕਸ਼ ਨੂੰ ਪ੍ਰਵਾਨ ਨਹੀਂ ਕੀਤਾ। ਇਸ ਲਈ ਸਰਨਾ ਨੂੰ ਸੁਖਬੀਰ ਸਿੰਘ ਬਾਦਲ ਦੀ ਸ਼ਤਰੰਜ ਦਾ ਨਵਾਂ ਮੋਹਰਾ ਮੰਨਿਆ ਜਾ ਰਿਹਾ ਹੈ। ਕੀ ਇਸ ਪਿਛੋਂ ਸੁਖਬੀਰ ਸਿੰਘ ਬਾਦਲ ਦਿੱਲੀ ਕਮੇਟੀ ਦੇ ਮੌਜੂਦਾ ਕਈ ਮੈਂਬਰ, ਜੋ ਸੰਤੁਸ਼ਟ ਨਹੀਂ ਹਨ, ਨੂੰ ਤੋੜ ਕੇ, ਦਿੱਲੀ ਕਮੇਟੀ ਹਥਿਆ ਸਕਣਗੇ, ਇਹ ਤਾਂ ਵੇਲਾ ਹੀ ਦੱਸੇਗਾ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸ.ਸੁਖਬੀਰ ਸਿੰਘ ਬਾਦਲ 9 ਅਕਤੂਬਰ ਐਤਵਾਰ ਨੂੰ ਦੁਪਹਿਰੇ 3 ਵਜੇ ਪੰਜਾਬੀ ਬਾਗ਼ ਵਿਖੇ ਸਰਨਿਆਂ ਦੇ ਘਰ ਪੁੱਜ ਕੇ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੂੰ ‘ਗੱਲਵੜੀ’ ਪਾ ਕੇ, ‘ਪੰਥਕ ਏਕਤਾ’ (ਅਸਲ ’ਚ ਲੀਡਰਾਂ ਦੀ ਕੁਰਸੀ ਵਾਲੀ ਏਕਤਾ) ਹੋਣ ਦਾ ਸੁਨੇਹਾ ਦੇ ਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਿੱਖਾਂ ਨਾਲ ਆਢਾ ਨਾ ਲਾਉਣ ਦਾ ਸੁਨੇਹਾ ਦੇਣਗੇ। ਸਰਨਾ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੇ ਪ੍ਰਧਾਨ ਦਾ ਅਹੁਦਾ ਦੇਣ ਦੀ ਚਰਚਾ ਹੈ।
ਬਾਦਲ ਪਾਰਟੀ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਹਾਲ ਹੀ ਵਿਚ ਅਪਣੇ ਦਿੱਲੀ ਦੌਰਿਆਂ ਵਿਚ ਸ.ਸੁਖਬੀਰ ਸਿੰਘ ਬਾਦਲ ਨੇ ਅਪਣੀ ਪਾਰਟੀ ਦੇ ਵਫ਼ਾਦਾਰਾਂ ਨਾਲ ਇਸ ਬਾਰੇ ਅਖ਼ੀਰਲੀ ਗੱਲਬਾਤ ਵੀ ਮੁੱਕਾ ਲਈ ਹੈ ਕਿ ਸਰਨਿਆਂ ਦਾ ਵਖਰਾ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਆਪਣੀ ਹੋਂਦ ਖ਼ਤਮ ਕਰ ਦੇਵੇਗਾ ਤੇ ਆਉਂਦੀਆਂ 2025 ਦੀਆਂ ਦਿੱਲੀ ਗੁਰਦਵਾਰਾ ਚੋਣਾਂ ਇਕਮੁਠ ਹੋ ਕੇ ਲੜੀਆਂ ਜਾਣਗੀਆਂ। ਸਰਨਾ ਪਾਰਟੀ ਵਿਚਲੇ ਸੂਤਰਾਂ ਨੇ ‘ਸਪੋਕਸਮੈਨ’ ਨੂੰ ਦਸਿਆ ਕਿ ਸਤੰਬਰ ਦੇ ਅਖ਼ੀਰਲੇ ਹਫ਼ਤੇ ਅਪਣੀ ਰਿਹਾਇਸ਼ ਪੰਜਾਬੀ ਬਾਗ਼ ਵਿਖੇ ਸਰਨਾ ਨੇ ਅਪਣੀ ਪਾਰਟੀ ਤੋਂ ਜਿੱਤੇ ਹੋਏ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰਾਂ ਸਣੇ ਪਾਰਟੀ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਸੱਦ ਕੇ, ਬਾਦਲਾਂ ਦੀ ‘ਰਲ ਕੇ ਨਾਲ ਤੁਰਨ ਦੀ’ ਪੇਸ਼ਕਸ਼ ਬਾਰੇ ਰਾਏ ਵੀ ਲਈ ਸੀ ਤੇ ਸੱਭ ਨੂੰ ਇਹ ਭਰੋਸਾ ਦਿਤਾ ਸੀ ਕਿ, ‘ਕਦੋਂ ਤਕ ਬਾਦਲਾਂ ਨੂੰ ਭੰਡਦੇ ਰਹਾਂਗੇ।
ਉਨ੍ਹਾਂ ਵਿਚ ਜਾ ਕੇ, ਗ਼ਲਤ ਪੰਥਕ ਫ਼ੈਸਲਿਆਂ ਨੂੰ ਬਦਲਵਾਉਣ ਦਾ ਹੀਆ ਤਾਂ ਕਰੀਏ।’ ਇਸੇ ਸਾਲ 22 ਜਨਵਰੀ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਵੇਲੇ ਤੋਂ ਹੀ ਸਰਨਿਆਂ ਦੀ ਬਾਦਲਾਂ ਨਾਲ ਸਾਂਝ ਪੈਣੀ ਸ਼ੁਰੂ ਹੋਈ ਤੇ ਵਾਇਆ ਅਵਤਾਰ ਸਿੰਘ ਹਿਤ ਇਹ ਸਾਂਝ ਪੈਂਦੀ ਚਲੀ ਗਈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਨਿਆਂ ਤੇ ਬਾਦਲਾਂ ਦਾ ਇਹ ਗਠਜੋੜ ਕਿੰਨਾ ਕੁ ਪੰਥ ਤੇ ਕੌਮ ਦੇ ਭਲੇ ਲਈ ਹੋਵੇਗਾ, ਪਰ ਇਸ ਨਾਲ ਇਹ ਤਾਂ ਸਪਸ਼ਟ ਹੋ ਹੀ ਗਿਆ ਹੈ ਕਿ ਸਿੱਖਾਂ ਦੇ ਕਹੇ ਜਾਂਦੇ ਲੀਡਰਾਂ ਦੇ ਸਿਧਾਂਤਕ ਸਟੈਂਡ ਕੀ ਹਨ। ਉਹ ਕੁਰਬਾਨੀ, ‘ਸਰਬਤ ਖ਼ਾਲਸਾ’, ‘ਗੁਰਮਤਾ’ ਤੇ ‘ਸਿੱਖ ਅਵਾਮ’ ਨੂੰ ਕੀ ਸਮਝਦੇ ਹਨ।