
ਟਕਸਾਲੀ ਅਕਾਲੀਆਂ ਨੂੰ ਹੋਣ ਲੱਗੈ ਬਾਦਲਾਂ ਦੀਆਂ ਕਰਤੂਤਾਂ ਦਾ ਅਹਿਸਾਸ : ਦਾਦੂਵਾਲ
ਕੋਟਕਪੂਰਾ : ਇਨਸਾਫ਼ ਮੋਰਚੇ ਦੇ 158ਵੇਂ ਦਿਨ ਭਾਵੇਂ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਰਾਜਾ ਰਾਜ ਸਿੰਘ ਮਾਨਸਾ, ਬੂਟਾ ਸਿੰਘ ਰਣਸੀਂਹ ਅਤੇ ਪਰਮਿੰਦਰ ਸਿੰਘ ਬਾਲਿਆਂਵਾਲੀ ਸਮੇਤ ਹੋਰ ਵੀ ਅਨੇਕਾਂ ਬੁਲਾਰਿਆਂ ਨੇ ਪੰਥ ਦੇ ਵਰਤਮਾਨ ਸਰੋਕਾਰਾਂ ਦੀ ਗੱਲ ਕੀਤੀ ਪਰ ਅਪਣੇ ਸੰਬੋਧਨ ਦੌਰਾਨ ਜਦੋਂ ਧਰਮੀ ਫ਼ੌਜੀ ਬਲਦੇਵ ਸਿੰਘ ਗੁਰਦਾਸਪੁਰ ਨੇ ਜੂਨ 84 'ਚ ਗੁਰਦਵਾਰਿਆਂ 'ਤੇ ਚੜ੍ਹੀਆਂ ਫ਼ੌਜਾਂ, ਨਿਰਦੋਸ਼ ਸੰਗਤਾਂ 'ਚ ਸ਼ਾਮਲ ਮਰਦ/ਔਰਤਾਂ, ਨੌਜਵਾਨਾਂ ਸਮੇਤ ਮਾਸੂਮ ਬੱਚਿਆਂ ਦੇ ਕਤਲੇਆਮ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਤਾਂ ਅੱਖਾਂ 'ਚੋਂ ਅੱਥਰੂ ਵਹਿ ਤੁਰਨੇ ਸਭਾਵਕ ਸਨ।
ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਿੱਖ ਕੌਮ ਜੂਨ 84 ਅਤੇ ਨਵੰਬਰ 84 ਦੇ ਘੱਲੂਘਾਰਿਆਂ ਮੌਕੇ ਸਿਰਜੋੜ ਬੈਠਦੀ, ਸਿੱਖ ਬੁੱਧੀਜੀਵੀਆਂ ਤੇ ਪੰਥਕ ਵਿਦਵਾਨਾਂ ਦੀ ਸਲਾਹ ਨਾਲ ਸਮੇਂ ਦੀਆਂ ਸਰਕਾਰਾਂ ਨੂੰ ਜਵਾਬਦੇਹ ਬਣਾਉਂਦੀ ਤਾਂ ਅੱਜ ਬੇਅਦਬੀ ਅਤੇ ਗੋਲੀਕਾਂਡ ਵਾਲੀਆਂ ਘਟਨਾਵਾਂ ਨਹੀਂ ਸਨ ਵਾਪਰਨੀਆਂ। ਉਨ੍ਹਾਂ ਕਿਹਾ ਕਿ ਦੁਨੀਆਂ ਭਰ 'ਚ ਇਕ ਵੀ ਮਿਸਾਲ ਅਜਿਹੀ ਨਹੀਂ ਮਿਲਦੀ ਕਿ ਸਜ਼ਾਵਾਂ ਪੂਰੀਆਂ ਕਰ ਲੈਣ ਤੋਂ ਬਾਅਦ ਵੀ ਕਿਸੇ ਕੈਦੀ ਨੂੰ ਜੇਲ 'ਚ ਬੰਦ ਰਖਿਆ ਜਾਵੇ ਪਰ ਦੇਸ਼ ਦੀ ਆਜ਼ਾਦੀ ਅਤੇ ਤਰੱਕੀ ਲਈ ਅਨੇਕਾਂ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨਾਲ ਹੋ ਰਹੀ
ਵਿਤਕਰੇਬਾਜ਼ੀ ਰੋਕਣ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੀਆਂ ਜਥੇਬੰਦੀਆਂ ਕਿਉਂ ਚੁੱਪ ਹਨ? ਉਨ੍ਹਾਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਤਤਕਾਲੀਨ ਬਾਦਲ ਸਰਕਾਰ ਨੇ ਗਊਆਂ ਦੀ ਸਾਂਭ ਸੰਭਾਲ ਲਈ ਤਾਂ ਕਰੋੜਾਂ-ਅਰਬਾਂ ਰੁਪਏ ਖ਼ਰਚ ਦਿਤੇ ਪਰ ਧਰਮੀ ਫ਼ੌਜੀਆਂ ਅਤੇ 84 ਦੇ ਪੀੜਤ ਪਰਵਾਰਾਂ ਦੀ ਸਾਰ ਲੈਣ ਦੀ ਜ਼ਰੂਰਤ ਹੀ ਨਾ ਸਮਝੀ। ਉਨ੍ਹਾਂ ਦਸਿਆ ਕਿ ਪੰਜਾਬ ਭਰ ਦੇ ਧਰਮੀ ਫ਼ੌਜੀ ਅੱਜ ਵੱਡੇ ਕਾਫ਼ਲੇ ਦੇ ਰੂਪ 'ਚ ਇਨਸਾਫ਼ ਮੋਰਚੇ ਨੂੰ ਸਮਰਥਨ ਦੇਣ ਲਈ ਪੁੱਜੇ ਹਨ ਤੇ ਜੇਕਰ ਕੁਰਬਾਨੀਆਂ ਦੀ ਲੋੜ ਪਈ ਤਾਂ ਧਰਮੀ ਫ਼ੌਜੀ ਕੁਰਬਾਨੀਆਂ ਦੇਣ ਤੋਂ ਗੁਰੇਜ਼ ਨਹੀਂ ਕਰਨਗੇ।
ਭਾਈ ਬਲਜੀਤ ਸਿੰਘ ਦਾਦੂਵਾਲ ਨੇ ਭਾਰਤੀ ਫ਼ੌਜ ਦੇ ਮੁਖੀ ਦੇ ਬਿਆਨ 'ਤੇ ਇਤਰਾਜ਼ ਪ੍ਰਗਟਾਉਂਦਿਆਂ ਆਖਿਆ ਕਿ ਇਸ ਵਿਚ ਸਿੱਖ ਨੌਜਵਾਨਾਂ 'ਤੇ ਤਸ਼ੱਦਦ ਢਾਹੁਣ ਦੀ ਵਿਉਂਤਬੰਦੀ ਕਰਨ ਦਾ ਸ਼ੱਕ ਉਜਾਗਰ ਹੋ ਗਿਆ ਹੈ ਕਿਉਂਕਿ ਫ਼ੌਜ ਦੇ ਮੁਖੀ ਦਾ ਕੰਮ ਫ਼ਜ਼ੂਲ ਦੀ ਬਿਆਨਬਾਜ਼ੀ ਕਰਨ ਦੀ ਬਜਾਇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੁੰਦਾ ਹੈ। ਭਾਈ ਦਾਦੂਵਾਲ ਨੇ ਆਖਿਆ ਕਿ ਪਹਿਲਾਂ ਇਨਸਾਫ਼ ਮੋਰਚੇ ਦੀਆਂ ਮੰਗਾਂ ਨਾਲ ਬਾਦਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਹਿਮਤੀ ਪ੍ਰਗਟਾਈ ਸੀ
ਤੇ ਹੁਣ ਬਾਦਲਾਂ ਤੋਂ ਬਾਗ਼ੀ ਹੋ ਕੇ ਢੀਂਡਸਾ, ਸੇਖਵਾਂ, ਬ੍ਰਹਮਪੁਰਾ ਅਤੇ ਅਜਨਾਲਾ ਨੇ ਵੀ ਇਨਸਾਫ਼ ਮੋਰਚੇ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਉਨ੍ਹਾਂ ਦਾ ਸਮਰਥਨ ਕਰ ਦਿਤਾ ਹੈ। ਉਨ੍ਹਾਂ ਆਖਿਆ ਕਿ ਹੁਣ ਟਕਸਾਲੀ ਅਕਾਲੀ ਆਗੂਆਂ ਨੂੰ ਵੀ ਸੌਦਾ ਸਾਧ ਨੂੰ ਮਾਫ਼ ਕਰਨ, ਮਾਫ਼ੀ ਨੂੰ ਸਹੀ ਸਾਬਤ ਕਰਨ ਲਈ 95 ਲੱਖ ਰੁਪਏ ਦਾ ਨੁਕਸਾਨ ਕਰਨ ਅਤੇ ਸੌਦਾ ਸਾਧ ਦੇ ਪ੍ਰੇਮੀਆਂ ਨਾਲ ਬੇਅਦਬੀ ਦੇ ਮੁੱਦੇ 'ਤੇ ਨਰਮਾਈ ਵਰਤਣ ਵਾਲੀਆਂ ਬਾਦਲਾਂ ਦੀਆਂ ਕਰਤੂਤਾਂ ਦਾ ਅਹਿਸਾਸ ਹੋਣ ਲੱਗ ਪਿਆ ਹੈ।