
ਸ਼੍ਰੋਮਣੀ ਕਮੇਟੀ ਦਰਸ਼ਨੀ ਡਿਉਢੀ ਦੇ ਇਤਿਹਾਸਕ ਹੋਣ ਦੇ ਸਬੂਤ ਪੇਸ਼ ਕਰੇ ਨਹੀਂ ਤਾਂ ਮਾਮਲਾ ਪੁੱਜੇਗਾ ਹਾਈ ਕੋਰਟ
ਤਰਨਤਾਰਨ : ਬੀਤੇ ਦਿਨੀਂ ਸ੍ਰੀ ਦਰਬਾਰ ਸਹਿਬ ਤਰਨਤਾਰਨ ਦੀ ਦਰਸ਼ਨੀ ਡਿਉਢੀ ਨੂੰ ਕਾਰਸੇਵਾ ਵਾਲੇ ਬਾਬੇ ਜਗਤਾਰ ਸਿੰਘ ਵਲੋਂ ਦੇਰ ਰਾਤ ਲਾਈਟਾਂ ਬੰਦ ਕਰ ਕੇ ਢਾਏ ਜਾਣ 'ਤੇ ਸਿੱਖ ਸੰਗਤਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ ਸੀ ਕਿ ਇਹ ਇਤਿਹਾਸਕ ਡਿਉਢੀ ਮਹਾਰਾਜਾਂ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਦੁਆਰਾ ਬਣਾਈ ਗਈ ਸੀ ਜਿਸ ਨੂੰ ਬੇ-ਬੁਨਿਆਦ ਦਸਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਸਕੱਤਰ ਅਵਤਾਰ ਸਿੰਘ ਦਿਉਲ ਨੇ ਕਿਹਾ ਕਿ ਕੰਵਰ ਨੌਨਿਹਾਲ ਸਿੰਘ ਵਲੋਂ ਇਸ ਦਰਸ਼ਨੀ ਡਿਉਢੀ ਨੂੰ ਬਣਾਏ ਜਾਣ ਸਬੰਧੀ ਕੋਈ ਇਤਿਹਾਸਕ ਸਬੂਤ ਨਹੀਂ ਹਨ।
Darshani Deori
ਉਨ੍ਹਾਂ ਕਿਹਾ ਕਿ ਸਿੱਖ ਰਾਜ 1850 ਈ: ਵਿਚ ਖ਼ਤਮ ਹੋ ਗਿਆ ਸੀ। ਸਿੱਖ ਰਾਜ ਦੇ ਖ਼ਤਮ ਹੋਣ ਤੋਂ ਕਰੀਬ 22 ਸਾਲ ਬਾਅਦ ਸ੍ਰੀ ਦਰਬਾਰ ਸਹਿਬ ਦੀ ਲੋਕਲ ਕਮੇਟੀ ਵਲੋਂ ਆਮ ਸੰਗਤ ਦੇ ਸਹਿਯੋਗ ਨਾਲ ਇਹ ਦਰਸ਼ਨੀ ਡਿਉਢੀ ਬਣਾਈ ਗਈ ਸੀ ਜਿਸ ਦੀ 1955 ਵਿਚ ਮੁਰੰਮਤ ਵੀ ਹੋ ਚੁਕੀ ਹੈ। ਦਿਉਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੇ 1839 ਈ: ਵਿਚ ਸ੍ਰੀ ਦਰਬਾਰ ਸਹਿਬ ਵਿਚ ਇਕ ਸੋ 56 ਫੁੱਟ 6 ਇੰਚ, ਦਾ ਨਾਨਕ ਸ਼ਾਹੀ ਇੱਟਾਂ ਨਾਲ ਮੀਨਾਰ ਬਣਵਾਇਆ ਸੀ। ਇਸ ਮੀਨਾਰ ਉਪਰ ਕਵਰ ਨੌਨਿਹਾਲ ਸਿੰਘ ਸੇਵਾ ਕਰਾਏ ਜਾਣ ਬਾਰੇ ਲਿਖਿਆ ਹੋਇਆ ਹੈ। ਜਦਕਿ ਦਰਸ਼ਨੀ ਡਿਉਢੀ ਨੂੰ ਬਣਵਾਏ ਜਾਣ ਸਬੰਧੀ ਕੋਈ ਸਿੱਲ (ਪੱਥਰ) ਨਹੀਂ ਲੱਗੀ ਹੋਈ ਹੈ ਅਤੇ ਨਾ ਹੀ ਸਿੱਖ ਇਤਿਹਾਸ ਵਿਚ ਇਸ ਬਾਰੇ ਕੁੱਝ ਵੀ ਦਰਜ ਹੈ।
Darshani deori tarn tarn sahib
ਉਨ੍ਹਾਂ ਕਿਹਾ ਕਿ ਐਸ.ਜੀ.ਪੀ ਸੀ ਵਲੋਂ ਸੰਗਤਾਂ ਨੂੰ ਇਸ ਡਿਉਢੀ ਸਬੰਧੀ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਐਸਜੀਪੀਸੀ ਵਲੋਂ ਵਾਰ-ਵਾਰ ਮਤੇ ਬਦਲਣਾ ਵੀ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦਰਸ਼ਨੀ ਡਿਉਢੀ ਦੇ ਸਿੱਖ ਇਤਿਹਾਸ ਨਾਲ ਜੁੜੇ ਇਤਿਹਾਸਕ ਸਬੂਤ ਜਨਤਾ ਸਾਹਮਣੇ ਪੇਸ਼ ਕਰੇ। ਜੇਕਰ ਸਬੂਤ ਪੇਸ਼ ਨਾ ਕੀਤੇ ਗਏ ਤਾਂ ਇਹ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਲੈ ਕਿ ਜਾਇਆ ਜਾਵੇਗਾ।