
ਤਰਨਤਾਰਨ ਸਥਿਤ ਇਤਿਹਾਸਕ ਦਰਸ਼ਨੀ ਡਿਉਢੀ ਢਾਹਣ ਦੇ ਮਾਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ...
ਅੰਮ੍ਰਿਤਸਰ : ਤਰਨਤਾਰਨ ਸਥਿਤ ਇਤਿਹਾਸਕ ਦਰਸ਼ਨੀ ਡਿਉਢੀ ਢਾਹਣ ਦੇ ਮਾਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਕਾਰਵਾਈ ਕਰਦੇ ਹੋਏ ਸਿੱਖ ਹੈਰੀਟੇਜ ਕਮਿਸ਼ਨ ਦੇ ਗਠਨ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਚੱਲਦੇ ਦੁਨੀਆਂ ਵਿਚ ਕਿਸੇ ਗੁਰਦੁਆਰੇ ਤੇ ਸਿੱਖ ਪੰਥ ਨਾਲ ਸਬੰਧਤ ਇਮਾਰਤ ਦੀ ਮੁਰੰਮਤ ਕਰਨ ਤੋਂ ਪਹਿਲਾਂ ਸਿੱਖ ਹੈਰੀਟੇਜ ਕਮਿਸ਼ਨ ਦੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ।
Darshani Deori
ਇਸ ਕਮਿਸ਼ਨ ਵਿਚ ਦੋ ਸਿੱਖ ਇਤਿਹਾਸਕਾਰ ਦੋ ਆਰਕੀਟੈਕਟ ਅਤੇ ਇਕ ਸਿੱਖ ਵਿਦਵਾਨ ਜਾਂ ਹੋਰ ਮਾਹਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਤਰਨਤਾਰਨ ਦੇ ਸ਼੍ਰੀ ਦਰਬਾਰ ਸਾਹਿਬ ਗੁਰਦੁਆਰੇ ਦੀ ਇਤਿਹਾਸਕ ਦਰਸ਼ਨੀ ਡਿਉਢੀ ਢਾਹਣ ਤੋਂ ਬਾਅਦ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਸੀ ਤੇ ਸਿੱਖ ਪੰਥ ਵਿਚ ਜਿਸ ਤਰ੍ਹਾਂ ਇਸ ਦਾ ਵਿਰੋਧ ਹੋਇਆ ਸੀ, ਇਸ ਲਈ ਇਸ ਤਰ੍ਹਾਂ ਦੇ ਕਮਿਸ਼ਨ ਦੀ ਜਰੂਰਤ ਮਹਿਸੂਸ ਹੋਈ ਹੈ।
Akal Takht
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੱਸਿਆ ਕਿ 60 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਜਾਂ ਪੰਥ ਨਾਲ ਸਬੰਧਤ ਇਮਾਰਤ ਦੀ ਮੁਰੰਮਤ ਕਰਨ ਲਈ ਇਸ ਕਮਿਸ਼ਨ ਤੋਂ ਇਜਾਜ਼ਤ ਲੈਣੀ ਪਵੇਗੀ। ਦੂਜੇ ਪਾਸੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਦਰਸ਼ਨੀ ਡਿਉਢੀ ਢਾਹਣ ਦੀ ਘਟਨਾ ਨਾਲ ਸਿੱਖ ਕੌਮ ਵਿਚ ਗੁੱਸੇ ਦੀ ਲਹਿਰ ਹੈ ਅਤੇ ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਜਾਂਚ ਦੀ ਮੰਗ ਕੀਤੀ ਹੈ।