
ਬਾਦਲਾਂ 'ਤੇ ਡੇਰਾ ਮੁਖੀ ਵਿਰੁਧ ਕੋਈ ਵੀ ਟਿਪਣੀ ਨਾ ਕਰਨ ਦੇ ਲਾਏ ਦੋਸ਼
ਕੋਟਕਪੂਰਾ : 'ਸਿੱਖ ਤਾਲਮੇਲ ਮਿਸ਼ਨ' ਨੇ ਪੰਜਾਬ ਦੇ ਵੋਟਰਾਂ ਨੂੰ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਦਾ ਸਫਾਇਆ ਕਰਨ ਦੀ ਅਪੀਲ ਕੀਤੀ ਹੈ। ਮਿਸ਼ਨ ਨੇ ਪ੍ਰਕਾਸ਼ ਸਿੰਘ ਬਾਦਲ 'ਤੇ ਪੰਜਾਬੀਆਂ ਦੀ ਨਸਲਕੁਸ਼ੀ ਕਰਨ ਅਤੇ ਸਿੱਖਾਂ ਦੇ ਹਿਤ ਆਰਐਸਐਸ ਦੀ ਝੋਲੀ ਪਾਉਣ ਦੇ ਦੋਸ਼ ਲਾਏ। ਉਨ੍ਹਾਂ ਬਾਦਲ-ਮੋਦੀ ਜੋੜੀ ਨੂੰ ਛੱਡ ਕੇ ਵੋਟਰਾਂ ਨੂੰ ਹੋਰ ਕਿਸੇ ਵੀ ਸਿਆਸੀ ਧਿਰ ਦੇ ਉਮੀਦਵਾਰ ਨੂੰ ਵੋਟ ਦੇਣ ਦੀ ਖੁੱਲ੍ਹੀ ਛੁੱਟੀ ਦਿਤੀ ਹੈ। ਉਨ੍ਹਾਂ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਪੀਡੀਏ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਦੀ ਮਦਦ ਕਰਨ ਲਈ ਆਖਿਆ ਹੈ।
Protest against Sukhbir Badal
ਤਾਲਮੇਲ ਮਿਸ਼ਨ ਅਤੇ ਭਰਾਤਰੀ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਇਥੇ ਪ੍ਰੈਸ ਕਾਨਫ਼ਰੰਸ ਕੀਤੀ ਗਈ ਜਿਸ ਦੌਰਾਨ ਮਿਸ਼ਨ ਦੇ ਮੁਖੀ ਮਾਸਟਰ ਸੰਤੋਖ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ 'ਤੇ ਮੁੱਖ ਮੰਤਰੀ ਹੁੰਦਿਆਂ ਨਕਸਲਬਾੜੀ ਵਿਚਾਰਧਾਰਾ ਦੇ ਮੁਦਈ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਰਵਾਉਣ ਦਾ ਦੋਸ਼ ਲਾਇਆ। ਮਿਸ਼ਨ ਦੇ ਆਗੂ ਅੰਮ੍ਰਿਤਪਾਲ ਸਿੰਘ ਨੇ ਮੋਦੀ 'ਤੇ ਵਿਅੰਗ ਕਸਿਆ ਕਿ ਜਿਸ ਦੇਸ਼ ਦੇ ਸਾਢੇ 19 ਕਰੋੜ ਲੋਕ ਭੁੱਖੇ ਸੌਂਦੇ ਹੋਣ ਅਤੇ ਉਨ੍ਹਾਂ ਨੂੰ ਸਰੀਰ ਢੱਕਣ ਲਈ ਸਾਲ 'ਚ ਇਕ ਨਵਾਂ ਕਪੜਾ ਨਾ ਜੁੜਦਾ ਹੋਵੇ, ਜੇ ਉਸ ਮੁਲਕ ਦਾ ਪ੍ਰਧਾਨ ਮੰਤਰੀ 90 ਲੱਖ ਦੀਆਂ ਜਪਾਨੀ ਖੁੰਭਾਂ ਖਾਂਦਾ ਅਤੇ 12 ਲੱਖ ਦਾ ਸੂਟ ਪਹਿਨਦਾ ਹੈ ਤਾਂ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ।
Parkash Singh Badal and Sukbir Badal
ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਨੇ ਬਾਦਲ ਪਰਵਾਰ 'ਤੇ ਸੁਆਲ ਉਠਾਇਆ ਕਿ ਹੁਣ ਜਦ ਬੇਅਦਬੀ ਮਾਮਲੇ 'ਚ ਡੇਰੇ ਦੀ ਭੂਮਿਕਾ ਸਾਫ਼ ਹੋ ਚੁਕੀ ਹੈ ਤਾਂ ਬਾਦਲ ਪਿਉ-ਪੁੱਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਟਿਪਣੀ ਕਰਨ ਲਈ ਮੂੰਹ ਕਿਉਂ ਨਹੀਂ ਖੋਲ੍ਹਦੇ? ਬਹਿਬਲ ਕਲਾਂ ਗੋਲੀਕਾਂਡ 'ਚ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਵੋਟਰਾਂ ਨੂੰ ਵੋਟਾਂ ਮੰਗਣ ਆਉਂਦੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਘੇਰ ਕੇ ਬੇਅਦਬੀ ਬਾਰੇ ਸਵਾਲ ਕੀਤੇ ਜਾਣ ਲਈ ਆਖਿਆ।