
ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਜਨਰਲ ਇਜਲਾਸ ਹੋਇਆ।
SGPC President Election Result News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਅੱਜ ਐਸਜੀਪੀਸੀ ਪ੍ਰਧਾਨ ਦੀ ਚੋਣ ਹੋਈ। ਇਸ ਮੌਕੇ ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਕਮੇਟੀ ਦੇ ਪ੍ਰਧਾਨ ਬਣੇ ਹਨ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਜਨਰਲ ਇਜਲਾਸ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਵਫ਼ਾਦਾਰੀ ਬਦਲੇ ਐਡਵੋਕੇਟ ਧਾਮੀ ਨੂੰ ਤੀਜੀ ਵਾਰ ਉਮੀਦਵਾਰ ਐਲਾਨਿਆ ਇਹ ਸੀ। ਧਾਮੀ ਸਾਹਮਣੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਉਮੀਦਵਾਰ ਵਜੋਂ ਬਾਬਾ ਬਲਬੀਰ ਸਿੰਘ ਘੁੰਨਸ ਦੇ ਨਾਂਅ ਦਾ ਐਲਾਨ ਕੀਤਾ ਸੀ। ਚੋਣ ਦੌਰਾਨ ਕੁੱਲ 137 ਵੋਟਾਂ ਪਈਆਂ, ਜਿਸ ਵਿਚੋਂ ਐਡਵੋਕੇਟ ਧਾਮੀ ਨੂੰ 118 ਵੋਟਾਂ ਮਿਲੀਆਂ ਜਦਕਿ ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਪਈਆਂ। ਇਸ ਦੌਰਾਨ ਦੋ ਵੋਟਾਂ ਰੱਦ ਹੋ ਗਈਆਂ।
ਹਰਭਜਨ ਸਿੰਘ ਮਸਾਣਾ-ਸੀਨੀਅਰ ਮੀਤ ਪ੍ਰਧਾਨ
ਗੁਰਬਖ਼ਸ਼ ਸਿੰਘ ਖ਼ਾਲਸਾ- ਜੂਨੀਅਰ ਮੀਤ ਪ੍ਰਧਾਨ
ਰਜਿੰਦਰ ਸਿੰਘ ਮਹਿਤਾ- ਜਨਰਲ ਸਕੱਤਰ
ਅੰਤ੍ਰਿੰਗ ਕਮੇਟੀ ਮੈਂਬਰ
1 - ਸ. ਮੋਹਣ ਸਿੰਘ ਬੰਗੀ
2 - ਸ. ਰਘਬੀਰ ਸਿੰਘ ਸਹਾਰਰਮਾਜਰਾ
3 - ਸ. ਜਸਮੇਰ ਸਿੰਘ ਲਾਛੜੂ
4 - ਸ. ਖੁਸ਼ਵਿੰਦਰ ਸਿੰਘ ਭਾਟੀਆ
5 - ਬੀਬੀ ਹਰਦੀਪ ਕੌਰ ਖੋਖ
6 - ਸ. ਇੰਦਰਮੋਹਣ ਸਿੰਘ ਲਖਮੀਰਵਾਲਾ
7- ਸ. ਗੁਰਪ੍ਰੀਤ ਸਿੰਘ ਝੱਬਰ
8- ਬੀਬੀ ਮਲਕੀਤ ਕੌਰ ਕਮਾਲਪੁਰ
9 - ਸ. ਅਮਰਜੀਤ ਸਿੰਘ ਭਲਾਈਪੁਰ
10 - ਬੀਬੀ ਜਸਪਾਲ ਕੌਰ
11 - ਸ. ਜਸਵੰਤ ਸਿੰਘ ਪੁੜੈਣ
ਸੁਖਬੀਰ ਬਾਦਲ ਨੇ ਦਿਤੀ ਵਧਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ, “ਮਹਾਨ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਪ੍ਰਣਾਈ ਖ਼ਾਲਸਾ ਪੰਥ ਦੀ ਬੇਦਾਗ਼ ਸਖਸ਼ੀਅਤ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਦੇ ਖ਼ਾਲਸਾ ਪੰਥ ਦੀ ਸੁਪਰੀਮ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਮੁੜ ਚੁਣੇ ਜਾਣ 'ਤੇ ਮੈਂ ਉਹਨਾਂ ਨੂੰ ਸਮੂਹ ਪੰਥ ਪ੍ਰਸਤ ਸੰਸਥਾਵਾਂ ਅਤੇ ਜਥੇਬੰਦੀਆਂ ਤੇ ਸਮੁੱਚੇ ਖ਼ਾਲਸਾ ਪੰਥ ਵੱਲੋਂ ਦਿਲੋਂ ਵਧਾਈ ਦਿੰਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਯੁਗੋ ਯੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਅਤੇ ਓਟ ਆਸਰਾ ਲੈਕੇ ਉਹ ਕੌਮ ਦੀ ਚੜ੍ਹਦੀ ਕਲਾ ਲਈ ਅਤੇ ਪਾਵਨ ਬਾਣੀ ਦੇ ਅਦੁੱਤੀ ਸੰਦੇਸ਼ ਨੂੰ ਦੁਨੀਆ ਦੇ ਕੋਨੇ ਕੋਨੇ ਫੈਲਾਉਣ ਲਈ ਪਹਿਲਾਂ ਤੋਂ ਵੀ ਵੱਧ ਦ੍ਰਿੜਤਾ, ਸਮਰਪਣ ਭਾਵਨਾ ਅਤੇ ਦੂਰ ਅੰਦੇਸ਼ੀ ਨਾਲ ਗੁਰੂ ਪੰਥ ਦੀ ਸੇਵਾ ਕਰਦੇ ਰਹਿਣਗੇ ਤੇ ਗੁਰੂ ਕ੍ਰਿਪਾ ਸਦਕਾ ਪੰਥਕ ਸੋਚ ਨੂੰ ਹੋਰ ਵੀ ਬੁਲੰਦੀਆਂ 'ਤੇ ਲੈ ਜਾਣ ਲਈ ਦਿਨ ਰਾਤ ਯਤਨ ਜਾਰੀ ਰੱਖਣਗੇ। ਪੰਥ ਦੀ ਵਾਹਿਦ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਵੱਜੋ ਮੈਂ ਉਹਨਾਂ ਨੂੰ ਵਧਾਈ ਅਤੇ ਸ਼ੁਭ ਇੱਛਾਵਾਂ ਪੇਸ਼ ਕਰਦਾ ਹਾਂ।”
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਸੰਖੇਪ ਜਾਣਕਾਰੀ
ਸ਼੍ਰੋਮਣੀ ਕਮੇਟੀ ਦੇ ਤੀਸਰੀ ਵਾਰ ਲਗਾਤਾਰ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲੰਮੇ ਅਰਸੇ ਤੋਂ ਸਿੱਖ ਸੰਸਥਾ ਨਾਲ ਜੁੜੇ ਹੋਏ ਹਨ। 1956 ਵਿਚ ਜਨਮੇ ਐਡਵੋਕੇਟ ਹਰਜਿੰਦਰ ਸਿੰਘ ਬੀਏ, ਐਲਐਲਬੀ ਪਾਸ ਹਨ ਅਤੇ ਚਾਰ ਦਹਾਕਿਆਂ ਤੋਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਹਨ। ਉਹ 1996 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਅਤੇ ਉਦੋਂ ਤੋਂ ਹੁਣ ਤਕ ਲਗਾਤਾਰ ਮੈਂਬਰ ਬਣਦੇ ਰਹੇ। ਉਹ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਰਹੇ ਅਤੇ ਅੰਤਿ੍ਰੰਗ ਮੈਂਬਰ ਵੀ ਬਣੇ। ਐਡਵੋਕੇਟ ਧਾਮੀ 2019 ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ ਜਿਸ ਮਗਰੋਂ 2020 ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਪ੍ਰਬੰਧਕੀ ਅਹੁਦੇ ’ਤੇ ਸੇਵਾ ਨਿਭਾਈ। ਉਸ ਮਗਰੋਂ ਨਵੰਬਰ 2021 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ ਹੁਣ ਇਸ ਅਹੁਦੇ ਉੱਤੇ ਲਗਾਤਾਰ ਤੀਸਰੀ ਵਾਰ ਚੁਣੇ ਗਏ ਹਨ। ਉਹ ਸਿੱਖ ਸਰੋਕਾਰਾਂ ਦੀ ਡੂੰਘੀ ਪਕੜ ਰਖਦੇ ਹਨ ਅਤੇ ਇਕ ਦਿਆਨਤਦਾਰ ਆਗੂ ਵਜੋਂ ਜਾਣੇ ਜਾਂਦੇ ਹਨ। ਸਿੱਖ ਸੰਘਰਸ਼ ਦੇ ਯੋਧਿਆਂ ਦੇ ਕੇਸਾਂ ਦੀ ਪੈਰਵਾਈ ਵੀ ਕਰਦੇ ਰਹੇ ਹਨ। ਐਡਵੋਕੇਟ ਧਾਮੀ ਦੇ ਮੁੱਖ ਸਕੱਤਰ ਅਤੇ ਪ੍ਰਧਾਨ ਹੁੰਦਿਆਂ ਕਈ ਸ਼ਤਾਬਦੀਆਂ ਵੀ ਮਨਾਈਆਂ ਗਈਆਂ ਹਨ।
ਕਿਵੇਂ ਹੁੰਦੀ ਹੈ ਪ੍ਰਧਾਨ ਦੀ ਚੋਣ
ਸਲਾਨਾ ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਸਦਨ ਵਿਚ ਕੁੱਲ 191 ਮੈਂਬਰ ਹੁੰਦੇ ਹਨ, ਪਰ ਵੋਟ ਦਾ ਹੱਕ 185 ਕੋਲ ਹੁੰਦਾ ਹੈ। ਮੌਜੂਦਾ ਸਮੇਂ ਵਿਚ 151 ਮੈਂਬਰਾਂ 'ਚੋਂ 4 ਮੈਬਰਾਂ ਨੇ ਅਸਤੀਫਾ ਦੇ ਦਿਤਾ ਹੈ। ਵੋਟਿੰਗ ਮੌਕੇ ਇਜਲਾਸ ਵਿਚ 137 ਮੈਂਬਰ ਹਾਜ਼ਰ ਹੋਏ ਹਨ।
170 ਮੈਂਬਰ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਰਾਜਾਂ ਵਿਚੋਂ ਵੋਟਿੰਗ ਰਾਹੀ ਚੁਣੇ ਜਾਂਦੇ ਹਨ ਹਾਲਾਂਕਿ 15 ਮੈਂਬਰ ਦੇਸ਼ ਭਰ ਵਿਚੋਂ ਨਾਮਜ਼ਦ ਕੀਤੇ ਜਾਂਦੇ ਹਨ।
(For more news apart from SGPC President Election Result News Punjabi, stay tuned to Rozana Spokesman)