Panthak News: ਤਖ਼ਤਾਂ ਦੇ ਜਥੇਦਾਰ ਅਤੇ SGPC ਪ੍ਰਧਾਨ ਦੀ ਬਿਆਨਬਾਜ਼ੀ ਖ਼ੂਬ ਸ਼ੋਰ ਪੈਦਾ ਕਰਦੀ ਹੈ, ਫਿਰ ਸੱਭ ਕੁੱਝ ਭੁਲਾ ਦਿਤਾ ਜਾਂਦਾ ਹੈ
Published : Feb 9, 2024, 7:43 am IST
Updated : Feb 9, 2024, 7:43 am IST
SHARE ARTICLE
 Sachkhand Sri Hazur Abchalnagar Sahib
Sachkhand Sri Hazur Abchalnagar Sahib

ਮਾਮਲਾ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ’ਚ ਦਖ਼ਲਅੰਦਾਜ਼ੀ ਦਾ

Panthak News: ‘ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ’ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਗੁਰਦਵਾਰਾ ਪ੍ਰਬੰਧਕੀ ਬੋਰਡ ਐਕਟ ਵਿਚ ਐਸਜੀਪੀਸੀ ਨਾਲ ਸਲਾਹ ਮਸ਼ਵਰਾ ਕੀਤੇ ਤੋਂ ਬਿਨਾਂ ਕੀਤੀ ਸੋਧ ਦੇ ਵਿਰੋਧ ਵਿਚ ਲਿਖੇ ਪੱਤਰ ਵਿਚ ਭਾਵੇਂ ਸਖ਼ਤ ਇਤਰਾਜ਼ ਵੀ ਪ੍ਰਗਟਾਇਆ ਹੈ ਅਤੇ ਸ਼੍ਰੋਮਣੀ ਕਮੇਟੀ ਵਫ਼ਦ ਨੂੰ ਮਿਲਣ ਲਈ ਮੁੱਖ ਮੰਤਰੀ ਮਹਾਰਾਸ਼ਟਰ ਤੋਂ ਸਮੇਂ ਦੀ ਮੰਗ ਵੀ ਕੀਤੀ ਹੈ ਪਰ ਪੰਥਕ ਹਲਕਿਆਂ ਵਿਚ ਇਸ ਗੱਲ ਦਾ ਡਰ ਅਤੇ ਖਦਸ਼ਾ ਹੈ ਕਿ ਕਿਤੇ ਪਹਿਲਾਂ ਦੀ ਤਰ੍ਹਾਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਇਹ ਕਾਰਵਾਈ ਮਹਿਜ ਬਿਆਨਬਾਜ਼ੀ ਤਕ ਹੀ ਸੀਮਤ ਹੋ ਕੇ ਨਾ ਰਹਿ ਜਾਵੇ ਕਿਉਂਕਿ ਪਹਿਲਾਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਹੇਠੋਂ ਨਿਕਲ ਕੇ ਭਾਜਪਾ ਦੇ ਪ੍ਰਭਾਵ ਵਿਚ ਚਲੇ ਜਾਣ ਅਤੇ ਭਾਜਪਾ ਦੀ ਅਧੀਨਗੀ ਕਬੂਲ ਲੈਣ ਵਾਲੀਆਂ ਘਟਨਾਵਾਂ ਨੂੰ ਪੰਥ ਦਾ ਜਾਗਰੂਕ ਤਬਕਾ ਤਿੱਖੀ ਨਜ਼ਰ ਨਾਲ ਵਾਚ ਰਿਹਾ ਹੈ।

ਜ਼ਿਕਰਯੋਗ ਹੈ ਕਿ ਜਦੋਂ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦਾ ਹਵਾਲਾ ਦੇ ਕੇ ਸ਼੍ਰੋਮਣੀ ਕਮੇਟੀ ਨੇ 1999 ਦੇ 300 ਸਾਲਾ ਖ਼ਾਲਸਾ ਜਨਮ ਦਿਹਾੜੇ ਮੌਕੇ ਸਾਰੀ ਕੌਮ ਨੂੰ ਅੰਮ੍ਰਿਤਧਾਰੀ ਬਣਾਉਣ ਦਾ ਦਾਅਵਾ ਕੀਤਾ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਹੇਠਲੀ ਪਾਕਿਸਤਾਨ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਖੁਸ ਗਈ, ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰਾਂ ਨੇ ਖ਼ੂਬ ਬਿਆਨਬਾਜ਼ੀ ਕੀਤੀ ਕਿ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਪਰ ਸਾਲ 2010 ਵਿਚ ਸ਼੍ਰੋਮਣੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਹਰ ਗੁਰਪੁਰਬ ਅਤੇ ਇਤਿਹਾਸਕ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ ਦਾ ਐਲਾਨ ਕਰ ਦਿਤਾ ਤੇ ਉਸ ਤੋਂ ਬਾਅਦ ਦੋਹਾਂ ਵਿਚ ਦੂਰੀਆਂ ਵੱਧ ਗਈਆਂ, ਹੌਲੀ ਹੌਲੀ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਜਾਂ ਮੈਂਬਰਾਂ ਦੀ ਬਿਆਨਬਾਜ਼ੀ ਨੂੰ ਵੀ ਵਿਰਾਮ ਲੱਗ ਗਿਆ।

ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਉਪਰ ਅਪਣਾ ਦਾਅਵਾ ਜਤਾਉਣ ਵਾਲੀ ਸ਼੍ਰੋਮਣੀ ਕਮੇਟੀ ਦੇ ਹੱਥੋਂ ਅਕਾਲੀ ਦਲ ਬਾਦਲ ਦੀ ਉਂਗਲ ਫੜ ਕੇ ਸਿਆਸਤ ਵਿਚ ਆਏ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਖੋਹ ਲਈ, ਬਾਦਲ ਪਿਉ-ਪੁੱਤ ਸਮੇਤ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਮਲਾਵਰ ਰੁਖ਼ ਅਪਣਾਅ ਕੇ ਧੂੰਆਂ ਧਾਰ ਬਿਆਨਬਾਜ਼ੀ ਕਰਨ ਲੱਗੇ। ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਦਾ ਪੱਲਾ ਫੜ ਲਿਆ ਅਤੇ ਦਿੱਲੀ ਕਮੇਟੀ ਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਬਣਾ ਦਿਤਾ ਜਿਸ ਨੇ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਨਾਲੋਂ ਮੁਕੰਮਲ ਨਾਤਾ ਤੋੜ ਲਿਆ, ਉਸ ਸਮੇਂ ਵੀ ਬਾਦਲਾਂ ਸਮੇਤ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਬਿਆਨਬਾਜ਼ੀ ਤਿੱਖੀ ਪੜ੍ਹਨ ਸੁਣਨ ਨੂੰ ਮਿਲੀ। ਅਸੀਂ ਸਿੱਖ ਮਾਮਲਿਆਂ ਵਿਚ ਭਾਜਪਾ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ ਪਰ ਹੁਣ ਦਿੱਲੀ ਕਮੇਟੀ ਭਾਜਪਾ ਦੇ ਪੂਰੀ ਤਰ੍ਹਾਂ ਅਧੀਨ ਹੋ ਜਾਣ ਤੋਂ ਬਾਅਦ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੇ ਚੁੱਪੀ ਵੱਟਣ ਵਿਚ ਹੀ ਭਲਾਈ ਸਮਝੀ।

ਹਰਿਆਣਾ ਗੁਰਦਵਾਰਾ ਕਮੇਟੀ ਦੇ ਵੱਖ-ਵੱਖ ਹੋਣ ਸਮੇਂ ਵੀ ਬਾਦਲਾਂ ਸਮੇਤ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਭਾਜਪਾ ਦੀਆਂ ਹਰਿਆਣੇ ਅਤੇ ਕੇਂਦਰ ਦੀਆਂ ਸਰਕਾਰਾਂ ਉਪਰ ਦੂਸ਼ਣਬਾਜ਼ੀ ਕਰਦਿਆਂ ਚਿਤਾਵਨੀ ਦਿਤੀ ਕਿ ਭਾਜਪਾ ਦੀ ਸਿੱਖ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਜਪਾ ਦੀ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਅਪਣੀ ਮਰਜ਼ੀ ਦਾ ਹਰਿਆਣਾ ਗੁਰਦਵਾਰਾ ਕਮੇਟੀ ਦਾ ਪ੍ਰਧਾਨ ਥਾਪਣ ਮੌਕੇ ਵੀ ਧੂੰਆਂਧਾਰ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਹੋਈ ਪਰ ਹੌਲੀ ਹੌਲੀ ਉਕਤ ਜਥੇਦਾਰਾਂ ਦਾ ਹਮਲਾਵਰ ਰੁਖ਼ ਮੱਠਾ ਪੈ ਗਿਆ ਅਤੇ ਤਿੱਖੀ ਸ਼ਬਦਾਵਲੀ ਦੀ ਸੁਰ ਵੀ ਨਰਮ ਹੁੰਦੀ ਗਈ। ਹੁਣ ਹਰਿਆਣਾ ਗੁਰਦਵਾਰਾ ਕਮੇਟੀ ਦੀਆਂ 6 ਮਾਰਚ ਨੂੰ ਹੋਣ ਵਾਲੀਆਂ ਆਮ ਚੋਣਾਂ ਕਰਵਾਉਣ ਦੇ ਜਾਰੀ ਹੋਏ ਨੋਟੀਫ਼ੀਕੇਸ਼ਨ ਤੋਂ ਬਾਅਦ ਅਕਾਲੀ ਦਲ ਬਾਦਲ ਅਤੇ ਉਸ ਦੇ ਪ੍ਰਭਾਵ ਵਾਲੀਆਂ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਹੁਣ ਹਰਿਆਣੇ ਦੀਆਂ ਗੁਰਦਵਾਰਾ ਚੋਣਾਂ ਵਿਚ ਅਪਣੇ ਉਮੀਦਵਾਰ ਖੜੇ ਕਰਨ ਦੀ ਰਣਨੀਤੀ ਬਣਾ ਰਹੀਆਂ ਹਨ ਕਿਉਂਕਿ 9 ਫ਼ਰਵਰੀ ਤੋਂ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ।

ਕਿਸੇ ਸਮੇਂ ਪੰਜ ਤਖ਼ਤਾਂ ਦੇ ਜਥੇਦਾਰਾਂ ਦੀਆਂ ਮੀਟਿੰਗਾਂ ਦੌਰਾਨ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਜਥੇਦਾਰਾਂ ਨੂੰ ਨਾ ਬੁਲਾਉਣ ਜਾਂ ਉਨ੍ਹਾਂ ਵਲੋਂ ਉਕਤ ਮੀਟਿੰਗਾਂ ਵਿਚ ਸ਼ਮੂਲੀਅਤ ਨਾ ਕਰਨ ਦੀਆਂ ਖ਼ਬਰਾਂ ਅਕਸਰ ਪੜ੍ਹਨ ਸੁਣਨ ਨੂੰ ਮਿਲਦੀਆਂ ਰਹੀਆਂ ਤੇ ਦੋਸ਼ ਲੱਗੇ ਕਿ ਆਰਐਸਐਸ ਜਾਂ ਇਸ ਤਰ੍ਹਾਂ ਦੀਆਂ ਪੰਥਵਿਰੋਧੀ ਸ਼ਕਤੀਆਂ ਜਾਣ-ਬੁੱਝ ਕੇ ਸਿੱਖ ਮਾਮਲਿਆਂ ਵਿਚ ਸਿੱਧਾ ਦਖ਼ਲ ਦੇ ਰਹੀਆਂ ਹਨ, ਉਸ ਸਮੇਂ ਅਕਾਲੀ-ਭਾਜਪਾ ਗਠਜੋੜ ਹੋਣ ਅਰਥਾਤ ਭਾਈਵਾਲੀ ਕਰ ਕੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬਾਦਲਾਂ ਵਲੋਂ ਭਾਜਪਾ ਜਾਂ ਆਰਐਸਐਸ ਵਿਰੁਧ ਕੋਈ ਵੀ ਬਿਆਨ ਦੇਣ ਦੀ ਸਖ਼ਤ ਮਨਾਹੀ ਸੀ ਪਰ ਸਿੱਖ ਚਿੰਤਕ, ਪੰਥਕ ਵਿਦਵਾਨ ਅਤੇ ਪੰਥਦਰਦੀ ਆਰਐਸਐਸ ਜਾਂ ਕਿਸੇ ਵੀ ਹੋਰ ਪੰਥਵਿਰੋਧੀ ਸ਼ਕਤੀ ਦੇ ਉਕਤ ਦਖ਼ਲ ਦਾ ਵਿਰੋਧ ਜ਼ਰੂਰ ਕਰਦੇ ਸਨ ਤੇ ਹੁਣ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਐਕਟ ਵਿਚ ਮਹਾਰਾਸ਼ਟਰ ਸਰਕਾਰ ਵਲੋਂ ਕੀਤੀ ਗਈ ਤਬਦੀਲੀ ਦਾ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਖ਼ਤ ਨੋਟਿਸ ਲਿਆ ਹੈ, ਜਦਕਿ ਤਖ਼ਤ ਸ਼੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਜਥੇਦਾਰਾਂ ਨੇ ਇਸ ਮਾਮਲੇ ਵਿਚ ਚੁੱਪੀ ਧਾਰੀ ਹੋਈ ਹੈ। ਦਿੱਲੀ, ਹਰਿਆਣਾ, ਪਾਕਿਸਤਾਨ ਦੀਆਂ ਗੁਰਦਵਾਰਾ ਕਮੇਟੀਆਂ ਦੇ ਵੱਖ ਹੋਣ ਸਮੇਂ ਦੀ ਤਰ੍ਹਾਂ ਇਕ ਵਾਰ ਫਿਰ ਬਾਦਲਾਂ ਸਮੇਤ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਧੂੰਆਂਧਾਰ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਕਰ ਕੇ ਮਹਾਰਾਸ਼ਟਰ ਸਰਕਾਰ ’ਤੇ ਅਨੇਕਾਂ ਦੋਸ਼ ਲਾਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement