
ਸੰਗਤ ਵਲੋਂ ਸਮੁੱਚੀ ਕਮੇਟੀ ਤੇ ਹੁੱਲੜਬਾਜ਼ਾਂ ਨੂੰ ਪੰਥ ਵਿਚੋਂ ਛੇਕਣ ਦੀ ਮੰਗ
ਲੰਡਨ, ਪੰਥ ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਸਿੰਘ ਸਭਾ ਸਾਊਥਾਲ ਦੇ ਗੁਰਦਵਾਰੇ ਅੰਦਰ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਦਸਤਾਰ ਲਾਹ ਦਿਤੀ ਗਈ। ਸੰਗਤ ਤੇ ਸਿੱਖ ਜਥੇਬੰਦੀਆਂ ਵਲੋਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਲੋਂ ਘਟਨਾ ਦੀ ਨਿਖੇਧੀ ਕੀਤੀ ਗਈ ਹੈ।
ਕੁੱਟਮਾਰ ਦੇ ਸ਼ਿਕਾਰ ਹੋਏ ਭਾਈ ਅਮਰੀਕ ਸਿੰਘ ਨੇ ਦਸਿਆ ਕਿ ਉਹ ਕਥਾ ਕਰਨ ਲਈ ਗੁਰਦੁਆਰਾ ਸਾਹਿਬ ਗਏ ਸਨ। ਜਿਉਂ ਹੀ ਕਥਾ ਸ਼ੁਰੂ ਕਰਨ ਦਾ ਸਮਾਂ ਹੋਇਆ ਤਾਂ ਕੁੱਝ ਲੋਕ ਵਿਰੋਧ ਕਰਨ ਲੱਗੇ। ਬਾਅਦ ਵਿਚ ਗੁਰੂ ਘਰ ਦੇ ਸਟੇਜ ਸਕੱਤਰ ਗੁਰਸ਼ਰਨ ਸਿੰਘ ਮੰਡ ਨੇ ਸੰਗਤ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਪ੍ਰਬੰਧਕਾਂ ਨਾਲ ਫ਼ੈਸਲਾ ਕੀਤਾ ਕਿ ਭਾਈ ਅਮਰੀਕ ਸਿੰਘ, ਪ੍ਰਬੰਧਕ ਕਮੇਟੀ ਅਤੇ ਵਿਰੋਧ ਕਰ ਰਹੇ ਸਿੰਘਾਂ 'ਚੋਂ 5 ਸਿੰਘ ਕਮੇਟੀ ਕਮਰੇ ਵਿਚ ਬੈਠ ਕੇ ਵਿਚਾਰਾਂ ਕਰਨਗੇ। ਭਾਈ ਅਮਰੀਕ ਸਿੰਘ ਦੇ ਦੱਸਣ ਅਨੁਸਾਰ ਜਿਉਂ ਹੀ ਉਹ ਦਰਬਾਰ ਹਾਲ 'ਚੋਂ ਬਾਹਰ ਆ ਕੇ ਕਮੇਟੀ ਕਮਰੇ ਵਲ ਜਾਣ ਲੱਗੇ ਤਾਂ ਕੁੱਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ ਜਿਸ ਨਾਲ ਦਸਤਾਰ 'ਤੇ ਸਿਰ ਗੰਭੀਰ ਸੱਟਾਂ ਮਾਰੀਆਂ ਗਈਆਂ। ਘਟਨਾ ਵਿਚ ਕਮੇਟੀ ਦੀ ਮਿਲੀਭੁਗਤ ਹੋਣ ਦਾ ਦਾਅਵਾ ਕਰਦੇ ਸੂਤਰਾਂ ਨੇ ਦਸਿਆ ਕਿ ਕਮੇਟੀ ਮੈਂਬਰਾਂ ਨੂੰ ਇਸ ਘਟਨਾ ਹੋਣ ਬਾਰੇ ਜਾਣਕਾਰੀ ਸੀ।
Bhai Amrik Singh
ਇਸ ਮੰਦਭਾਗੀ ਘਟਨਾ ਸਬੰਧੀ ਗੁਰੂ ਘਰ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਸੂਤਰਾਂ ਨੇ ਕਿਹਾ ਕਿ ਬਿਨਾਂ ਕਮੇਟੀ ਦੀ ਮਿਲੀਭੁਗਤ ਤੋਂ ਕਿਸੇ ਦੀ ਵੀ ਦਸਤਾਰ ਨੂੰ ਹੱਥ ਪਾਉਣਾ ਕੋਈ ਸੌਖਾ ਕੰਮ ਨਹੀ ਹੈ ਜਦਕਿ ਲਗਾਤਾਰ ਤਿੰਨ ਦਿਨ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਵਿਖੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਲੋਂ ਗੁਰਮਤਿ ਚੇਤਨਾ ਸਮਾਗਮਾਂ ਵਿਚ ਹਾਜ਼ਰੀ ਭਰੀ ਜਾਂਦੀ ਰਹੀ ਹੈ। ਭਾਵੇਂ ਪ੍ਰਬੰਧਕਾਂ ਵਲੋਂ ਇਸ ਘਟਨਾ ਤੋਂ ਅਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਸਭਾ ਦੇ ਕਿਸੇ ਮੈਂਬਰ ਵਲੋਂ ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਾਮਲ ਨਾ ਕਰਨਾ ਦਾਲ ਵਿਚ ਕਾਲਾ ਦੱਸ ਰਿਹਾ ਹੈ। ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੇ ਮੁਖੀ ਜੋਗਿੰਦਰ ਸਿੰਘ ਬੱਲ, ਬ੍ਰਿਟਿਸ਼ ਸਿੱਖ ਕੌਂਸਲ ਦੇ ਜਨਰਲ ਸਕੱਤਰ ਤਰਸੇਮ ਸਿੰਘ ਦਿਉਲ, ਭਾਈ ਕੁਲਵੰਤ ਸਿੰਘ ਢੇਸੀ ਨੇ ਇਸ ਘਟਨਾ ਦਾ ਵਿਰੋਧ ਕੀਤਾ ਹੈ। ਸੰਗਤ ਨੇ ਮੰਗ ਕੀਤੀ ਕਿ ਇਸ ਘਟਨਾ ਦੇ ਵਿਰੋਧ ਵਿਚ ਸਮੂਹ ਕਮੇਟੀ ਅਤੇ ਸ਼ਰਾਰਤੀ ਅਨਸਰਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ।