
ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਪਟਿਆਲਾ: ਗੁਰਦੁਆਰਾ ਪ੍ਰਮੇਸ਼ਰਦੁਆਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਦੀ ਮਾਤਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦਾ ਅੱਜ ਗੁਰਦੁਆਰਾ ਪ੍ਰਮੇਸ਼ਰਦੁਆਰ ਸੇਖੂਪੁਰਾ ਵਿਖੇ ਅੰਤਮ ਸਸਕਾਰ ਕੀਤਾ ਗਿਆ। ਮਾਤਾ ਦੀ ਚਿਖਾ ਨੂੰ ਅਗਨੀ ਭੇਂਟ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬੜੇ ਹੀ ਭਾਵੁਕ ਹੋ ਗਏ। ਅੰਤਮ ਸਸਕਾਰ ਮੌਕੇ ਸਿਆਸੀ, ਧਾਰਮਕ ਅਤੇ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਨਰਿੰਦਰ ਸਿੰਘ ਸੇਖੋਂ, ਹਰਪਾਲ ਸਿੰਘ ਮਾਂਗਟ, ਪ੍ਰਿੰਸੀਪਲ ਆਸਾ ਸਿੰਘ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਸਾਬਕਾ ਕੈਬਨਿਟ ਮੰਤਰੀ ਵਿਜੈਇੰਗਰ ਸਿੰਗਲਾ ਅਤੇ ਹਰਦਿਆਲ ਸਿੰਘ ਕੰਬੋਜ ਨੇ ਵੀ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸੰਗਤ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਹਰ ਇਨਸਾਨ ਦੀ ਜ਼ਿੰਦਗੀ ’ਚ ਮਾਂ ਬਾਪ ਦਾ ਦਰਜਾ ਸੱਭ ਤੋਂ ਉਪਰ ਹੈ। ਮੈਂ ਅੱਜ ਹਿਸਾਬ ਲਾਇਆ ਕਿ ਜਿੰਨੇ ਮਾਵਾਂ ਨੂੰ ਅਪਣੇ ਜਵਾਨ ਪੁੱਤ ਤੋਰਨੇ ਔਖੇ ਨੇ ਪੁੱਤਾਂ ਨੂੰ ਵੀ ਅਪਣੀਆਂ ਮਾਵਾਂ ਨੂੰ ਤੋਰਨਾ ਉਸ ਤੋਂ ਵੀ ਕਿਤੇ ਜ਼ਿਆਦਾ ਔਖਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਪਣੇ ਅਪਣੇ ਮਾਪਿਆਂ ਦੇ ਜਿਉਂਦੇ ਜੀਅ ਉਨ੍ਹਾਂ ਦੀ ਕਦਰ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਨੂੰ ਉਨ੍ਹਾਂ ਦੀ ਕਿੰਨੀ ਲੋੜ ਹੈ।
Antim Sanskar Mata Parminder Kaur
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਮੈਂ ਅਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਰੋਜ਼ਾਨਾ ਹੀ ਉਸ ਨਾਲ ਫੋਨ ਤੇ ਗੱਲਬਾਤ ਵੀ ਕਰਦਾ ਸੀ। ਪਰ ਮੈਂ ਅਪਣੀ ਮਾਂ ਨੂੰ ਕਦੇ ਵੀ ਅਪਣੀ ਛਾਤੀ ਨਾਲ ਲਗਾ ਕੇ ਇਹ ਨਹੀਂ ਸੀ ਕਿਹਾ ਕਿ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਅੱਜ ਮੇਰੀ ਮਾਂ ਦਾ ਸਰੀਰ ਮੇਰੇ ਸਾਹਮਣੇ ਪਿਆ ਹੈ ਤੇ ਮੈਂ ਇਹ ਕਹਿ ਰਿਹਾ ਹਾਂ। ਪਹਿਲਾਂ ਮੈਨੂੰ ਇਹ ਸੰਗ ਵੀ ਮਾਰ ਗਈ ਕਿ ਲੋਕ ਕੀ ਕਹਿਣਗੇ। ਇਸ ਲਈ ਤੁਸੀਂ ਸੰਗਣਾ ਨਹੀਂ। ਉਨ੍ਹਾਂ ਕਿਹਾ ਕਿ ਤੁਸੀਂ ਬਹੁਤ ਕਰਮਾ ਵਾਲੇ ਹੋ ਜਿਨ੍ਹਾਂ ਦੀਆਂ ਮਾਵਾਂ ਜਿਉਂਦੀਆਂ ਨੇ ਇਸ ਲਈ ਤੁਸੀਂ ਅਪਣੀਆਂ ਮਾਵਾਂ ਨੂੰ ਘੁੱਟ ਕੇ ਅਪਣੀ ਛਾਤੀ ਨਾਲ ਲਗਾ ਕੇ ਇਹ ਜਰੂਰ ਕਹਿਓ ਕਿ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਕਿਉਂਕਿ ਪਤਾ ਨਹੀਂ ਫਿਰ ਜ਼ਿੰਦਗੀ ’ਚ ਇਹ ਸਮਾਂ ਨਾ ਮਿਲੇ। ਅਪਣੇ ਪਿਤਾ ਨੂੰ ਵੀ ਅਪਣੀ ਘੁੱਟ ਕੇ ਅਪਣੀ ਛਾਤੀ ਨਾਲ ਲਗਾ ਕੇ ਇਹ ਕਹਿਓ ਕਿ ਬਾਪੂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਮੈਨੂੰ ਤੇਰੀ ਬਹੁਤ ਲੋੜ ਹੈ।
Antim Sanskar Mata Parminder Kaur
ਉਨ੍ਹਾਂ ਕਿਹਾ ਕਿ ਜਦੋਂ ਮੈਂ ਅੰਮ੍ਰਿਤ ਸੰਚਾਰ ਕਰਕੇ ਅੰਮ੍ਰਿਤ ਛਕਾਉਂਦਾ ਸੀ ਤੇ ਕਿਸੇ ਦੀ ਜ਼ਿੰਦਗੀ ਬਣਾਈ ਤਾਂ ਹਰੇਕ ਨੇ ਕਿਹਾ ਪੁੱਤ ਤੇਰੀ ਮਾਂ ਜਿਉਂਦੀ ਰਵੇ ਜਿਸ ਨੇ ਤੈਨੂੰ ਜਨਮ ਦਿਤਾ। ਇਸ ਤਰ੍ਹਾਂ ਮੇਰੀ ਮਾਂ ਨੂੰ ਤੁਹਾਡੀਆਂ ਬਹੁਤ ਅਸੀਸਾਂ ਮਿਲੀਆਂ ਤੇ ਅੱਜ ਵੀ ਮੇਰੀ ਮਾਂ ਲਈ ਤੁਸੀਂ ਵਾਹਿਗੁਰੂ ਜੀ ਅੱਗੇ ਬਹੁਤ ਅਰਦਾਸਾਂ ਕੀਤੀਆਂ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਜ਼ਿੰਦਗੀ ’ਚ ਮਾਂ ਤੋਂ ਬਾਅਦ ਔਰਤ ਦੇ ਰੂਪ ’ਚ ਰਿਸ਼ਤੇ ’ਚ ਇਕ ਭੈਣ, ਪਤਨੀ ਤੇ ਧੀ ਵੀ ਹੁੰਦੀ ਹੈ। ਪਰ ਅਸੀਂ ਦੋ ਭਰਾ ਹੀ ਹਾਂ ਤੇ ਮੈਂ ਵਿਆਹ ਨਹੀਂ ਕਰਵਾਇਆ ਤੇ ਮੇਰੀ ਜ਼ਿੰਦਗੀ ’ਚ ਕੇਵਲ ਔਰਤ ਦੇ ਰੂਪ ਵਿਚ ਸਿਰਫ਼ ਇਕ ਮਾਂ ਹੀ ਸੀ ਜਿਸ ਨਾਲ ਮੇਰਾ ਖੂਨ ਦਾ ਰਿਸ਼ਤਾ ਸੀ। ਉਨ੍ਹਾਂ ਕਿਹਾ ਕਿ ਮੇਰੀ ਮਾਂ ਅੱਜ ਇਸ ਫਾਨੀ ਸੰਸਾਰ ਤੋਂ ਚਲੀ ਗਈ ਹੈ ਤੇ ਮੇਰੀ ਮਾਂ ਨੂੰ ਜਨਮ ਦੇਣ ਵਾਲੀ ਮੇਰੀ ਨਾਨੀ ਅੱਜ ਵੀ ਜਿਉਂਦੀ ਹੈ।